‘ਨਵੇਂ ਸਾਲ ਦਾ ਆਗਮਨ’ ਦਿਲ ਨੂੰ ਛੂਹਣ ਵਾਲੀਆਂ ਕੁਝ ਖਬਰਾਂ!

Thursday, Jan 01, 2026 - 04:10 PM (IST)

‘ਨਵੇਂ ਸਾਲ ਦਾ ਆਗਮਨ’ ਦਿਲ ਨੂੰ ਛੂਹਣ ਵਾਲੀਆਂ ਕੁਝ ਖਬਰਾਂ!

ਭਾਰੀ ਜਸ਼ਨਾਂ ਵਿਚਾਲੇ ਨਵਾਂ ਸਾਲ 2026 ਨੂੰ ਆਏ ਕੁਝ ਘੰਟੇ ਬੀਤੇ ਚੁੱਕੇ ਹਨ। ਨਵੇਂ ਸਾਲ ਦੀ ਸ਼ੁਰੂਆਤ ਭਗਵਾਨ ਦੇ ਦਰਸ਼ਨਾਂ ਅਤੇ ਆਸ਼ੀਰਵਾਦ ਲੈਣ ਲਈ ਪਵਿੱਤਰ ਧਰਮ ਸਥਾਨਾਂ ’ਤੇ ਵੀ ਵੱਡੀ ਗਿਣਤੀ ’ਚ ਲੋਕ ਪਹੁੰਚੇ ਹਨ। ਅਨੇਕ ਲੋਕਾਂ ਨੇ ਆਪਣੇ-ਆਪਣੇ ਢੰਗ ਨਾਲ ਇਸ ਨੂੰ ਮਨਾਇਆ ਅਤੇ ਵਧਾਈਆਂ ਦਿੱਤੀਆਂ ਅਤੇ ਲਈਆਂ।

ਅਜਿਹੇ ’ਚ ਬੀਤੇ ਸਾਲ ਸਾਹਮਣੇ ਆਈਆਂ ਦਿਲ ਨੂੰ ਸਕੂਨ ਦੇਣ ਵਾਲੀਆਂ ਕੁਝ ਖਬਰਾਂ ਹੇਠਾਂ ਦਰਜ ਹਨ :

* 19 ਫਰਵਰੀ, 2025 ਨੂੰ ‘ਜੈਸਲਮੇਰ’ (ਰਾਜਸਥਾਨ) ’ਚ ਆਈ. ਏ. ਐੱਸ. ਦੀ ਤਿਆਰੀ ਕਰ ਰਹੇ ‘ਪਰਮਵੀਰ ਰਾਠੌਰ’ ਨੇ ‘ਅਦਿਤੀ ਸਿੰਘ’ ਨਾਲ ਆਪਣੇ ਵਿਆਹ ਦੀਆਂ ਰਸਮਾਂ ਦੌਰਾਨ ਦੁਲਹਨ ਪਰਿਵਾਰ ਵਲੋਂ ਦਿੱਤੇ ਗਏ 5.51 ਲੱਖ ਰੁਪਏ ਆਦਰ ਨਾਲ ਵਾਪਸ ਕਰ ਦਿੱਤੇ ਅਤੇ ਸਿਰਫ ਇਕ ਰੁਪਇਆ ਅਤੇ ਨਾਰੀਅਲ ਲੈ ਕੇ ਵਿਆਹ ਸੰਪੰਨ ਕੀਤਾ।

* 12 ਮਈ ਨੂੰ ‘ਅਨੰਤਪੁਰ’ (ਆਂਧਰਾ ਪ੍ਰਦੇਸ਼) ਦੇ ਆਈ. ਐੱਫ. ਐੱਸ. ਅਧਿਕਾਰੀ ਜੋੜੇ ‘ਵਿਨੀਤ ਕੁਮਾਰ’ ਅਤੇ ‘ਰੂਪਕ ਯਾਦਵ’ ਵਲੋਂ ਅਨੰਤਪੁਰ ਜ਼ਿਲੇ ਦੇ ਕੁਝ ਪਿੰਡਾਂ ਦੇ ਲੋਕਾਂ ਵਲੋਂ ਘਾਹ-ਫੂਸ ਅਤੇ ਕੂੜਾ ਆਦਿ ਸੁੱਟ ਕੇ ‘ਲੁਪਤ’ ਕੀਤੇ ਜਾ ਚੁੱਕੇ 11 ਤਾਲਾਬਾਂ ਨੂੰ ਉਨ੍ਹਾਂ ਪਿੰਡ ਵਾਸੀਆਂ ਦੀ ਹੀ ਸਹਾਇਤਾ ਨਾਲ ਸਾਫ ਕਰਵਾ ਕੇ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਉਦਾਹਰਣ ਸਾਹਮਣੇ ਆਈ।

* 23 ਮਈ ਨੂੰ ‘ਸੁਪੌਲ’ (ਬਿਹਾਰ) ਦੇ ‘ਕਟੈਹਰਾ’ ਵਿਚ ‘ਸ਼ਨੀ ਕੁਮਾਰ’ ਦਾ ਵਿਆਹ ‘ਨੀਤੂ ਕੁਮਾਰੀ’ ਨਾਲ ਹੋਇਆ, ਜਿਸ ਦੀ ਪੜ੍ਹਾਈ ਵਿਆਹ ਹੋ ਜਾਣ ਕਾਰਨ ਛੁੱਟ ਗਈ ਸੀ। ‘ਨੀਤੂ’ ਕੁਮਾਰੀ ਦੀ ਸੱਸ ‘ਕਵਿਤਾ ਦੇਵੀ’ ਨੂੰ ਇਹ ਮਨਜ਼ੂਰ ਨਹੀਂ ਸੀ, ਇਸ ਲਈ ਵਿਆਹ ਦੇ ਤੀਜੇ ਦਿਨ ਹੀ ਉਸ ਨੇ ‘ਨੀਤੂ’ ਨੂੰ ਨਜ਼ਦੀਕੀ ਹਾਈ ਸਕੂਲ ’ਚ ਦਾਖਲ ਕਰਵਾ ਦਿੱਤਾ।

* 25 ਅਗਸਤ ਨੂੰ ‘ਪੰਚਕੂਲਾ’ (ਹਰਿਆਣਾ) ਦੇ ਪਿੰਡ ‘ਅਮਰਾਵਤੀ’ ਵਿਚ 2 ਸਾਲ ਦੀ ਉਮਰ ਦਾ ਮਾਸੂਮ ਬੱਚਾ ਖੇਡ-ਖੇਡ ’ਚ ਘਰੋਂ ਲੱਗਭਗ 2 ਕਿਲੋਮੀਟਰ ਦੂਰ ਨਿਕਲ ਗਿਆ। ਕੁਝ ਪੁਲਸ ਕਰਮਚਾਰੀਆਂ ਨੇ ਦੇਖਿਆ ਕਿ ਇਧਰ-ਓਧਰ ਭਟਕ ਰਹੇ ਬੱਚੇ ਦੇ ਨਾਲ ਤਾਂ ਕੋਈ ਵੀ ਨਹੀਂ ਸੀ। ਲਿਹਾਜ਼ਾ ਉਨ੍ਹਾਂ ਨੇ ਬੱਚੇ ਦੇ ਮਾਤਾ-ਪਿਤਾ ਦਾ ਪਤਾ ਲਗਾ ਕੇ ਬੱਚੇ ਨੂੰ ਉਸ ਦੇ ਘਰ ਪਹੁੰਚਾਇਆ।

* 29 ਨਵੰਬਰ ਨੂੰ ‘ਬਾਗਪਤ’ (ਉੱਤਰ ਪ੍ਰਦੇਸ਼) ਦੇ ‘ਬਾਜਿਦਪੁਰ’ ਪਿੰਡ ’ਚ ‘ਰਕਸ਼ਿਤ ਰਾਣਾ’ ਨਾਂ ਦੇ ਨੌਜਵਾਨ ਨੇ ਆਪਣੇ ਤਿਲਕ (ਰੋਕਾ) ਸਮਾਹੋਰ ’ਚ ਮਿਲਿਆ 21 ਲੱਖ ਰੁਪਏ ਦਾ ਚੈੱਕ ਆਪਣੇ ਸਹੁਰੇ ਵਾਲਿਆਂ ਨੂੰ ਵਾਪਸ ਕਰ ਦਿੱਤਾ ਅਤੇ ਸਿਰਫ ਆਪਣੀ ਲਾੜੀ ‘ਦਿਵਿਯਾ’ ਦੇ ਨਾਲ ਘਰ ਪਰਤਿਆ।

* 10 ਦਸੰਬਰ ਨੂੰ ‘ਬੁਲੰਦਸ਼ਹਿਰ’ (ਉੱਤਰ ਪ੍ਰਦੇਸ਼) ’ਚ ਲੜਕੀ ਦੇਖਣ ਗਏ ਨੌਜਵਾਨ ਨੂੰ ਵਿਆਹ ਦੀ ਗੱਲ ਪੱਕੀ ਹੋ ਜਾਣ ’ਤੇ ਲੜਕੀ ਵਾਲਿਆਂ ਨੇ ਸ਼ਗਨ ਦੇ ਰੂਪ ’ਚ 51 ਲੱਖ ਰੁਪਏ ਦੇਣੇ ਚਾਹੇ ਪਰ ਉਸ ਨੇ ਸਿਰਫ ਚਾਂਦੀ ਦਾ ਇਕ ਸਿੱਕਾ ਲਿਆ।

* 26 ਦਸੰਬਰ ਨੂੰ ‘ਸ਼ੁਜਾਲਪੁਰ’ (ਮੱਧ ਪ੍ਰਦੇਸ਼) ’ਚ ‘ਚੈਰੀ’ ਨਾਂ ਦੀ ਵਿਦਿਆਰਥਣ ਦਾ ਸਕੂਲ ਬੈਗ ਘਰ ਪਰਤਦੇ ਸਮੇਂ ਆਟੋ ’ਚ ਹੀ ਰਹਿ ਗਿਆ। ‘ਚੈਰੀ’ ਦੇ ਮਾਪੇ ਉਸ ਨੂੰ ਲੈ ਕੇ ਸਹਾਇਤਾ ਲਈ ਪੁਲਸ ਥਾਣੇ ’ਚ ਪਹੁੰਚੇ ਤਾਂ ‘ਚੈਰੀ’ ਨੇ ਰੋਂਦੇ ਹੋਏ ਥਾਣੇ ਦੇ ਇੰਚਾਰਜ ਨੂੰ ਦੱਸਿਆ ਕਿ ਉਸ ਨੂੰ ਤਾਂ ਹਰ ਹਾਲਤ ’ਚ ਆਪਣਾ ਹੀ ਬੈਗ ਚਾਹੀਦਾ ਹੈ।

ਚੈਰੀ ਦੀ ਜ਼ਿੱਦ ਦੇ ਅੱਗੇ ਝੁਕਦੇ ਹੋਏ ਪੁਲਸ ਨੇ ਪੂਰੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਅਤੇ ਆਟੋ ਚਾਲਕ ਦਾ ਪਤਾ ਲਗਾ ਕੇ ਉਸ ਤੋਂ ਬੈਗ ਲੈ ਕੇ ‘ਚੈਰੀ’ ਨੂੰ ਸੌਂਪ ਦਿੱਤਾ ਜਿਸ ਨਾਲ ਉਸ ਦੀ ਗੁਆਚੀ ਹੋਈ ਮੁਸਕਾਨ ਵਾਪਸ ਆ ਗਈ।

* 26 ਦਸੰਬਰ ਨੂੰ ਹੀ ਫਤਹਿਗੜ੍ਹ (ਪੰਜਾਬ) ਦੇ ‘ਜਖਵਾਲੀ’ ਪਿੰਡ ’ਚ ਇਕ ਬਜ਼ੁਰਗ ਸਿੱਖ ਮਹਿਲਾ ਨੇ ਪਿੰਡ ’ਚ ਮਸਜਿਦ ਬਣਾਉਣ ਲਈ ਪੰਜ ਬਿਸਵਾ ਜ਼ਮੀਨ ਦਾਨ ਕੀਤੀ ਅਤੇ ਹਿੰਦੂ ਪਰਿਵਾਰਾਂ ਨੇ ਇਸ ਦੇ ਲਈ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ।

* ਅਤੇ ਹੁਣ 30 ਦਸੰਬਰ, 2025 ਨੂੰ ‘ਜੈਸਲਮੇਰ’ (ਰਾਜਸਥਾਨ) ਵਿਚ ‘ਵਿਪਨ ਕੁਮਾਰ ਪੁਰੋਹਿਤ’ ਨਾਂ ਦੇ ਵਿਅਕਤੀ ਨੂੰ ‘ਜੈਸਲਮੇਰ’ ਘੁੰਮਣ ਆਏ ‘ਮਨੋਜ ਭਾਈ’ ਨਾਂ ਦੇ ਇਕ ਸੈਲਾਨੀ ਦਾ ਗੁਆਚਿਆ ਹੋਇਆ ਬੈਗ ਮਿਲਿਆ ਜਿਸ ’ਚ 50,000 ਰੁਪਏ ਨਕਦ ਤੋਂ ਇਲਾਵਾ ਹੋਰ ਕੀਮਤੀ ਸਾਮਾਨ ਸੀ। ‘ਵਿਪਿਨ ਕੁਮਾਰ ਪੁਰੋਹਿਤ’ ਨੇ ਸੈਲਾਨੀ ਦਾ ਪਤਾ ਲਗਾ ਕੇ ਉਸ ਦੀ ਅਮਾਨਤ ਉਸ ਨੂੰ ਵਾਪਸ ਕਰ ਦਿੱਤੀ ਅਤੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ।

ਅੱਜ ਦੇ ਰੁਝੇਵੇਂ ਭਰੇ ਦੌਰ ’ਚ ਇਹ ਖਬਰਾਂ ਚੰਗਾ ਸੰਦੇਸ਼ ਦੇਣ ਵਾਲੀਆਂ ਹਨ। ਜੇਕਰ ਸਾਰੇ ਲੋਕ ਇਸ ਤਰ੍ਹਾਂ ਦਾ ਨੇਕ ਆਚਰਣ ਅਪਣਾ ਲੈਣ ਤਾਂ ਸਮਾਜ ’ਚ ਅਨੇਕ ਸਾਕਾਰਾਤਮਕ ਬਦਲਾਅ ਆ ਸਕਦੇ ਹਨ।

ਇਸ ਲਈ ਆਪਣੇ ਪਾਠਕਾਂ ਅਤੇ ਸਰਪ੍ਰਸਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਨਵਾਂ ਸਾਲ ਸਾਰਿਆਂ ਲਈ ਸੁੱਖ, ਖੁਸ਼ਹਾਲੀ, ਵਿਸ਼ਵ ’ਚ ਸ਼ਾਂਤੀ ਅਤੇ ਭਾਈਚਾਰੇ ਨੂੰ ਬੜਾਵਾ ਦੇਣ ਵਾਲਾ ਹੋਵੇ!

- ਵਿਜੇ ਕੁਮਾਰ


author

Rakesh

Content Editor

Related News