‘ਕੋਰੋਨਾ ਖਤਰੇ’ ਦੇ ਸਮੇਂ ’ਚ ਵੀ ਕਈ ਸਰਕਾਰੀ ਕਰਮਚਾਰੀ ਕਰ ਰਹੇ ਵੱਡੀਆਂ ਲਾਪ੍ਰਵਾਹੀਆਂ

03/29/2020 2:26:03 AM

ਇਸ ਸਮੇਂ ਜਦੋਂ ਦੇਸ਼ ਇਕ ਭਿਆਨਕ ਸੰਕਟ ਨਾਲ ਜੂਝ ਰਿਹਾ ਹੈ, ਲੋਕਾਂ ਵਲੋਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹੁਕਮਾਂ ਦੀ ਪਾਲਣਾ ਕਰਨੀ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਆਮ ਲੋਕ ਤਾਂ ਇਕ ਪਾਸੇ, ਕੁਝ ਸਰਕਾਰੀ ਕਰਮਚਾਰੀ ਵੀ ਇਨ੍ਹਾਂ ਦੀ ਉਲੰਘਣਾ ਕਰ ਕੇ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਖਤਰਾ ਬਣ ਰਹੇ ਹਨ। ਹਾਲ ਹੀ ’ਚ ਸਾਹਮਣੇ ਆਈਆਂ ਇਸ ਦੀਆਂ ਕੁਝ ਕੁ ਭਖਦੀਆਂ ਮਿਸਾਲਾਂ ਹੇਠਾਂ ਹਨ :

*25 ਮਾਰਚ ਨੂੰ ਰਾਜਸਥਾਨ ਦੇ ਬਾਲੇਸਰ ’ਚ ਡਿਊਟੀ ਪ੍ਰਤੀ ਲਾਪ੍ਰਵਾਹੀ ਵਰਤਣ ’ਤੇ ਪਟਵਾਰੀ ਅਨੰਤ ਸਿੰਘ ਰਾਜ ਪੁਰੋਹਿਤ ਨੂੰ ਮੁਅੱਤਲ ਕੀਤਾ ਗਿਆ।

*25 ਮਾਰਚ ਨੂੰ ਬਿਲਾਸਪੁਰ ’ਚ ਸਫਾਈ ਦੇ ਕੰਮ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ ’ਚ ਐੈੱਸ. ਡੀ. ਐੈੱਮ. ਨੇ ਇਕ ਸਫਾਈ ਕਰਮਚਾਰੀ ਨੂੰ ਮੁਅੱਤਲ ਕੀਤਾ।

* 26 ਮਾਰਚ ਨੂੰ ਕੰਨੌਜ ’ਚ ਵਿਕਾਸ ਭਵਨ ਦੇ ਕਰਮਚਾਰੀ ਸ਼ੈਲੇਂਦਰ ਕੁਮਾਰ ਨੂੰ ਕੰਟਰੋਲ ਰੂਮ ’ਚ ਕੋਰੋਨਾ ਵਾਇਰਸ ਅਤੇ ਲਾਕਡਾਊਨ ਬਾਰੇ ਜ਼ਰੂਰੀ ਡਾਕ ਦੀ ਵੰਡ ’ਚ ਰੁਕਾਵਟ ਪਾਉਣ, ਆਪਣਾ ਮੋਬਾਇਲ ਬੰਦ ਰੱਖਣ, ਜ਼ਿੰਮੇਵਾਰੀਆਂ ਦੀ ਪਾਲਣਾ ਨਾ ਕਰਨ ਅਤੇ ਉੱਚ ਅਧਿਕਾਰੀਆਂ ਦੇ ਹੁਕਮ ਨਾ ਮੰਨਣ ’ਤੇ ਮੁਅੱਤਲ ਕਰ ਦਿੱਤਾ ਗਿਆ।

* 26 ਮਾਰਚ ਨੂੰ ਰਾਜਨਾਦ ਗਾਂਵ ਦੇ ਸਬਜ਼ੀ ਬਾਜ਼ਾਰ ’ਚ ਤਾਇਨਾਤ ਕੰਠੂਰਾਮ ਯਾਦਵ ਨੂੰ ਡਿਊਟੀ ’ਚ ਕੁਤਾਹੀ ਵਰਤਣ ’ਤੇ ਮੁਅੱਤਲ ਕੀਤਾ ਗਿਆ।

* 27 ਮਾਰਚ ਨੂੰ ਤਰਨਤਾਰਨ ਦੇ ਐੈੱਸ. ਡੀ. ਐੈੱਮ. ਦਫਤਰ ਦੇ ਸੀਨੀਅਰ ਅਸਿਸਟੈਂਟ ਰਾਕੇਸ਼ ਕੁਮਾਰ ਨੂੰ ਕੋਰੋਨਾ ਦੀ ਰੋਕਥਾਮ ਸਬੰਧੀ ਹੁਕਮ ਦੀ ਉਲੰਘਣਾ ਕਰਨ ’ਤੇ ਮੁਅੱਤਲ ਕੀਤਾ ਗਿਆ। ਉਹ ਨਾ ਤਾਂ ਇਸ ਮਹਾਮਾਰੀ ਦੀ ਰੋਕਥਾਮ ਬਾਰੇ ਬੈਠਕ ’ਚ ਸ਼ਾਮਲ ਹੋਇਆ ਸਗੋਂ ਉਸ ਨੇ ਕਰਫਿਊ ਪਾਬੰਦੀਆਂ ਦੀ ਵੀ ਉਲੰਘਣਾ ਕੀਤੀ।

*27 ਮਾਰਚ ਨੂੰ ਹੀ ਕੇਰਲ ਸਰਕਾਰ ਵਲੋਂ ਸਿੰਗਾਪੁਰ ਤੇ ਮਲੇਸ਼ੀਆ ਤੋਂ ਹਨੀਮੂਨ ਮਨਾ ਕੇ ਪਰਤੇ ਕੋਲਾਮ ਦੇ ਸਬ-ਕਲੈਕਟਰ ਅਨੁਪਮ ਮਿਸ਼ਰਾ ਨੂੰ ਹੋਮ ਕੁਆਰੰਟਾਈਨ ’ਚ ਰਹਿਣ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਆਪਣੀ ਪਤਨੀ ਤੇ ਪਰਿਵਾਰ ਦੇ 6 ਮੈਂਬਰਾਂ ਨਾਲ ਉੱਤਰ ਪ੍ਰਦੇਸ਼ ਦੇ ਆਪਣੇ ਘਰ ’ਚ ਜਾ ਕੇ ਲੁਕਣ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ। ਉਨ੍ਹਾਂ ਨੂੰ ਘਰ ’ਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ।

*27 ਮਾਰਚ ਨੂੰ ਛੱਤੀਸਗੜ੍ਹ ਦੇ ਕਾਂਕੇਰ ਦੇ ਸਹਾਇਕ ਲੇਬਰ ਇੰਸਪੈਕਟਰ ਪੰਕਜ ਬਿਜਪੁਰੀਆ ਨੂੰ ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਹੈੱਡਕੁਆਰਟਰ ਨਾ ਛੱਡਣ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਮੁਅੱਤਲ ਕੀਤਾ ਗਿਆ। ਸਾਡੇ ਦੇਸ਼ ’ਚ ਆਮ ਤੌਰ ’ਤੇ ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਫਰਜ਼ਾਂ ਦੀ ਪਾਲਣਾ ’ਚ ਲਾਪ੍ਰਵਾਹੀ ਵਰਤਣ ਦਾ ਦੋਸ਼ੀ ਪਾਏ ਜਾਣ ’ਤੇ ਮੁਅੱਤਲ ਹੀ ਕੀਤਾ ਜਾਂਦਾ ਹੈ ਪਰ ਵਧੇਰੇ ਉਹ ਮੁਅੱਤਲੀ ਰੱਦ ਕਰਵਾ ਕੇ ਬਹਾਲ ਹੋ ਜਾਣ ’ਚ ਸਫਲ ਹੋ ਜਾਂਦੇ ਹਨ। ਮੁਅੱਤਲੀ ਦੌਰਾਨ ਉਨ੍ਹਾਂ ਨੂੰ ਅੱਧੀ ਤਨਖਾਹ ਮਿਲਦੀ ਹੈ ਅਤੇ ਬਹਾਲ ਹੋਣ ਜਾਣ ’ਤੇ ਉਨ੍ਹਾਂ ਨੂੰ ਮੁਅੱਤਲੀ ਦੇ ਸਮੇਂ ਦਾ ਬਕਾਇਆ ਅੱਧੀ ਤਨਖਾਹ ਵੀ ਮਿਲ ਜਾਂਦੀ ਹੈ, ਜਿਸ ਕਾਰਣ ਉਨ੍ਹਾਂ ਨੂੰ ਸਜ਼ਾ ਦੇਣ ਦਾ ਮਕਸਦ ਹੀ ਖਤਮ ਹੋ ਜਾਂਦਾ ਹੈ ਅਤੇ ਇਸੇ ਬਹਾਨੇ ਉਹ ਛੁੱਟੀਆਂ ਮਨਾ ਲੈਂਦੇ ਹਨ ਵੱਖਰੀਆਂ। ਲਿਹਾਜ਼ਾ ਅਜਿਹੇ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀ ਨੂੰ ਮੁਅੱਤਲ ਕਰਨ ਦੀ ਬਜਾਏ ਉਨ੍ਹਾਂ ਨੂੰ ਤੱਤਕਾਲ ਜਾਂਚ ਕਰ ਕੇ ਦੋਸ਼ ਸਿੱਧ ਹੋਣ ’ਤੇ ਬਰਖਾਸਤ ਹੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਦੂਸਰਿਆਂ ਨੂੰ ਨਸੀਹਤ ਮਿਲੇਗੀ।

–ਵਿਜੇ ਕੁਮਾਰ\\\


Bharat Thapa

Content Editor

Related News