ਕਸ਼ਮੀਰ ’ਚ ਅੱਤਵਾਦੀਆਂ ਦੀ ਬੰਦ ਹੋਣ ਲੱਗੀ ਲੋਕ ਹਮਾਇਤ, ‘ਪੇਂਡੂਆਂ ਨੇ 2 ਖਤਰਨਾਕ ਅੱਤਵਾਦੀ ਫੜ ਪੁਲਸ ਹਵਾਲੇ ਕੀਤੇ’

07/05/2022 1:44:58 AM

ਅੱਤਵਾਦ ਪੀੜਤ ਜੰਮੂ-ਕਸ਼ਮੀਰ ਨੂੰ 5 ਅਗਸਤ 2019 ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀਆਂ ਧਾਰਾਵਾਂ 370 ਅਤੇ 35-ਏ ਨੂੰ ਰੱਦ ਕਰਨ ਪਿੱਛੋਂ ਇਹ ਉਮੀਦ ਬਣੀ ਸੀ ਕਿ ਕਸ਼ਮੀਰ ਵਾਦੀ ’ਚ ਪਾਈ ਜਾਂਦੀ ਹਿੰਸਾ ਘੱਟ ਹੋਵੇਗੀ ਅਤੇ ਹਾਲਾਤ ਬਦਲਣਗੇ ਪਰ ਪਿਛਲੇ ਕੁਝ ਸਮੇਂ ਤੋਂ ਇਕ ਵਾਰ ਮੁੜ ਉਥੇ ਅੱਤਵਾਦੀ ਘਟਨਾਵਾਂ ਵਧਣ ਲੱਗੀਆਂ ਹਨ। ਅੱਤਵਾਦੀਆਂ ਨੇ ਵਾਦੀ ’ਚ ਲੋਕਾਂ ਨੂੰ ਚੁਣ-ਚੁਣ ਕੇ ਅਤੇ ਨਿਸ਼ਾਨਾ ਬਣਾ ਕੇ ਹੱਤਿਆਵਾਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ’ਚ ਅਧਿਆਪਕ, ਮੁਸਲਿਮ ਪੁਲਸ ਮੁਲਾਜ਼ਮ, ਪ੍ਰਵਾਸੀ ਘੱਟਗਿਣਤੀ ਅਤੇ ਕਸ਼ਮੀਰੀ ਪੰਡਿਤ ਸ਼ਾਮਲ ਹਨ।

ਵਾਦੀ ’ਚ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਲਈ ਜਿਥੇ ਪਹਿਲਾਂ ਸਰਹੱਦ ਪਾਰ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ, ਉਥੇ ਹੁਣ ਇਸ ਲਈ ਉਨ੍ਹਾਂ ਨੂੰ ਆਨਲਾਈਨ ਟ੍ਰੇਨਿੰਗ ਦੇਣ ਤੋਂ ਇਲਾਵਾ ਡਰੋਨ ਆਦਿ ਨਾਲ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਅਜਿਹੇ ਹਾਲਾਤ ’ਚ ਵਾਦੀ ’ਚ ਤਬਦੀਲੀ ਦਾ ਇਕ ਸੰਕੇਤ 3  ਜੁਲਾਈ 2022 ਨੂੰ ਮਿਲਿਆ, ਜਦੋਂ ਰਿਆਸੀ ਜ਼ਿਲ੍ਹੇ ਦੀ ਮਾਹੌਰ ਤਹਿਸੀਲ ਤੋਂ ਲਗਭਗ 25 ਕਿਲੋਮੀਟਰ ਦੂਰ ਤੁਕਸਿਨ ਢੋਕ ਨਾਮੀ ਪਿੰਡ ਦੇ ਵਾਸੀਆਂ ਨੇ ਪਿੰਡ ਦੇ ਜੰਗਲ ’ਚ ਲੁਕਣ ਲਈ ਪਹੁੰਚੇ ਲਸ਼ਕਰ-ਏ-ਤੋਇਬਾ ਦੇ 2 ਲੜੀਂਦੇ ਅੱਤਵਾਦੀਆਂ ਨੂੰ ਫੜ ਕੇ ਰੱਸਿਆਂ ਨਾਲ ਬੰਨ੍ਹ ਕੇ ਮਾਹੌਰ ਖੇਤਰ ਦੀ ਪੁਲਸ ਦੇ ਹਵਾਲੇ ਕਰ ਦਿੱਤਾ।

ਇਨ੍ਹਾਂ ਦੋਵਾਂ ਅੱਤਵਾਦੀਆਂ ਦੀ ਪਛਾਣ ਭਗੌੜਾ ਐਲਾਨੇ ਗਏ ਤਾਲਿਬ ਹੁਸੈਨ ਅਤੇ ਫੈਸਲ ਅਹਿਮਦ ਡਾਰ ਵਜੋਂ ਹੋਈ ਹੈ। ਜੰਮੂ ਖੇਤਰ ਦੇ ਐਡੀਸ਼ਨਲ ਪੁਲਸ ਮੁਖੀ ਮੁਕੇਸ਼ ਸਿੰਘ ਮੁਤਾਬਕ ਉਨ੍ਹਾਂ ਦੇ ਕਬਜ਼ੇ ’ਚੋਂ 2 ਏ.ਕੇ.-47 ਰਾਈਫਲਾਂ, 7 ਗ੍ਰਨੇਡ, 1  ਪਿਸਤੌਲ ਅਤੇ ਭਾਰੀ ਮਾਤਰਾ ’ਚ ਗੋਲਾ ਬਾਰੂਦ ਬਰਾਮਦ ਹੋਇਆ। ਇਸ ਤੋਂ ਅਗਲੇ ਦਿਨ 4 ਜੁਲਾਈ ਨੂੰ ਤਾਲਿਬ ਹੁਸੈਨ ਦੀ ਨਿਸ਼ਾਨਦੇਹੀ ’ਤੇ ਅੱਤਵਾਦੀਆਂ ਦੇ ਟਿਕਾਣੇ ਤੋਂ 6 ਸਟਿਕੀ ਬੰਬ, ਇਕ ਪਿਸਤੌਲ, ਪਿਸਤੌਲ ਦੀਆਂ 3 ਮੈਗਜ਼ੀਨਾਂ, ਪਿਸਤੌਲ ਦੇ ਕਾਰਤੂਸ, ਇਕ ਅੰਡਰ ਬੈਰਲ ਗ੍ਰਨੇਡ ਲਾਂਚਰ, ਇਸ ਦੇ 3 ਗ੍ਰਨੇਡ, ਏ.ਕੇ. ਅਸਾਲਟ ਰਾਈਫਲ ਦੇ 75 ਕਾਰਤੂਸ ਅਤੇ ਐਂਟੀਨਾ ਨਾਲ ਇਕ ਆਈ. ਈ. ਡੀ. ਰਿਮੋਟ ਬਰਾਮਦ ਕੀਤਾ।

ਕਈ ਆਈ. ਈ. ਡੀ. ਧਮਾਕਿਆਂ ਦਾ ਮਾਸਟਰਮਾਈਂਡ ਅਤੇ ਲਸ਼ਕਰ ਦਾ ਪੀਰਪੰਜਾਲ ਖੇਤਰ ਦਾ ਏਰੀਆ ਕਮਾਂਡਰ ਤਾਲਿਬ ਹੁਸੈਨ ਰਾਜੌਰੀ ਦੇ ਦਰਾਜ, ਕੋਟਰੰਕਾ ਦਾ ਰਹਿਣ ਵਾਲਾ ਹੈ। ਦੋਵੇਂ ਗ੍ਰਿਫ਼ਤਾਰ ਅੱਤਵਾਦੀ ਪਾਕਿਸਤਾਨ ਸਥਿਤ ਇਕ ਹੈਂਡਲਰ ਸਲਮਾਨ ਦੇ ਸੰਪਰਕ ’ਚ ਸਨ, ਜਦੋਂ ਕਿ ਤਾਲਿਬ ਹੁਸੈਨ ਲਗਾਤਾਰ ਪਾਕਿਸਤਾਨ ’ਚ ਲਸ਼ਕਰ ਦੇ ਇਕ ਹੋਰ ਹੈਂਡਲਰ ਕਾਸਿਮ ਦੇ ਸੰਪਰਕ ’ਚ ਵੀ ਸੀ। ਤਾਲਿਬ ਨੇ ਰਾਜੌਰੀ ਅਤੇ ਪੁੰਛ ਖੇਤਰ ’ਚ ਅੱਤਵਾਦ ਨੂੰ ਮੁੜ ਜ਼ਿੰਦਾ ਕਰਨ ਦੇ ਮੰਤਵ ਨਾਲ ਇਸ ਸਾਲ ਮਾਰਚ-ਅਪ੍ਰੈਲ ’ਚ ਕੋਟਰੰਕਾ, ਸ਼ਾਹਪੁਰ ਬੁੱਧਲ ’ਚ ਆਈ. ਈ. ਡੀ. ਨਾਲ ਕਈ ਧਮਾਕੇ ਕੀਤੇ ਸਨ। ਪਿਛਲੇ ਮੰਗਲਵਾਰ ਨੂੰ ਉਸ ਦੇ 2 ਸਾਥੀਆਂ ਮੁਹੰਮਦ ਸ਼ਬੀਰ ਅਤੇ ਮੁਹੰਮਦ ਸਾਦਿਕ ਨੂੰ ਸੁਰੱਖਿਆ ਫੋਰਸਾਂ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਵੀ ਵੱਡੀ ਗਿਣਤੀ ’ਚ ਸ਼ਕਤੀਸ਼ਾਲੀ ਵਿਸਫੋਟਕ (ਆਈ. ਈ. ਡੀ.) ਫੜਿਆ ਸੀ।

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਪੇਂਡੂਆਂ ਨੂੰ ਇਨ੍ਹਾਂ ਦੀ ਹਿੰਮਤ ਲਈ 5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਪੇਂਡੂਆਂ ਵਲੋਂ ਦਿਖਾਏ ਗਏ ਦ੍ਰਿੜ੍ਹ ਸੰਕਲਪ ਕਾਰਨ ਉਹ ਦਿਨ ਦੂਰ ਨਹੀਂ ਜਦੋਂ ਜੰਮੂ ਕਸ਼ਮੀਰ ਅੱਤਵਾਦ ਮੁਕਤ ਹੋਵੇਗਾ। ਸੂਬੇ ਦੇ ਪੁਲਸ ਮੁਖੀ ਦਿਲਬਾਗ ਸਿੰਘ ਨੇ ਵੀ ਪੇਂਡੂਆਂ ਨੂੰ 2 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜੰਮੂ ਸਥਿਤ ਫੌਜ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ, "ਸੁਰੱਖਿਆ ਫੋਰਸਾਂ ਪੇਂਡੂਆਂ ਨੂੰ ਦਿਹਾਤੀ ਸੁਰੱਖਿਆ ਕਮੇਟੀਆਂ ਕਾਇਮ ਕਰਨ ’ਚ ਮਦਦ ਦੇ ਰਹੀਆਂ ਹਨ, ਜਿਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ।"

"ਖੇਤਰ ’ਚ ਅੱਤਵਾਦ ਨੂੰ ਮੁੜ ਜ਼ਿੰਦਾ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਲੋਕ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਕੇ ਅੱਤਵਾਦ ਦੇ ਕਾਲੇ ਦੌਰ ਦੀ ਵਾਪਸੀ ਰੋਕਣ ਲਈ ਦ੍ਰਿੜ੍ਹ ਸੰਕਲਪ ਹਨ ਅਤੇ ਖੁਦ ਅੱਤਵਾਦੀਆਂ  ਵਿਰੁੱਧ ਉੱਠ ਖੜ੍ਹੇ ਹੋਏ ਹਨ।" ਹਾਲਾਂਕਿ ਫੜੇ ਗਏ ਅੱਤਵਾਦੀਆਂ ’ਚੋਂ ਇਕ ਤਾਲਿਬ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ, ਜੋ ਇਸੇ ਸਾਲ ਮਈ ’ਚ ਭਾਜਪਾ ਦਾ ਮੈਂਬਰ ਬਣਿਆ ਸੀ ਅਤੇ 27 ਮਈ ਨੂੰ ਉਸ ਨੇ ਪਾਰਟੀ ਛੱਡ ਦਿੱਤੀ। ਭਾਜਪਾ ਦੇ ਸੂਬਾਈ ਪ੍ਰਧਾਨ ਰਵਿੰਦਰ ਰੈਨਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਲੋਂ ਰਚੀ ਗਈ ਸਾਜ਼ਿਸ਼ ਅਧੀਨ ਹੀ ਭਾਜਪਾ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਤਾਲਿਬ ਪਾਰਟੀ ’ਚ ਸ਼ਾਮਿਲ ਹੋਇਆ ਸੀ। 

ਜੋ ਵੀ ਹੋਵੇ, ਪੇਂਡੂਆਂ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ 2 ਖਤਰਨਾਕ ਅੱਤਵਾਦੀਆਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰਨਾ ਜੰਮੂ-ਕਸ਼ਮੀਰ ਦੇ ਲੋਕਾਂ ’ਚ ਵਧ ਰਹੀ ਜਾਗਰੂਕਤਾ ਅਤੇ ਅੱਤਵਾਦੀਆਂ  ਵਿਰੁੱਧ ਨਫ਼ਰਤ ਦਾ ਸਿੱਟਾ ਹੈ।  ਇਸ ਲਈ ਇਹ ਪੇਂਡੂ ਸਾਧੂਵਾਦ ਦੇ ਪਾਤਰ ਹਨ ਅਤੇ ਅੱਤਵਾਦੀਆਂ ਵਿਰੁੱਧ ਜੰਮੂ-ਕਸ਼ਮੀਰ ਦੇ ਲੋਕਾਂ ਦਾ ਜੁੜਨਾ ਸੂਬੇ ’ਚ ਅੱਤਵਾਦ ਦਾ ਦੌਰ ਖਤਮ ਹੋਣ ਦਾ ਸੰਕੇਤ ਹੈ। ਇਤਿਹਾਸ ਗਵਾਹ ਹੈ ਕਿ ਅੱਤਵਾਦ ਦਾ ਖਾਤਮਾ ਸਿਰਫ ਫੌਜ ਦੀ ਕਾਰਵਾਈ ਨਾਲ ਸੰਭਵ ਨਹੀਂ ਹੈ, ਸਗੋਂ ਇਸ ਸੰਗਰਾਮ ’ਚ ਆਮ ਲੋਕਾਂ ਦਾ ਜੁੜਨਾ ਵੀ ਜ਼ਰੂਰੀ ਹੈ।

–ਵਿਜੇ ਕੁਮਾਰ


Mukesh

Content Editor

Related News