‘ਉਡਾਣਾਂ ਦੇ ਦੌਰਾਨ ਜਹਾਜ਼ਾਂ ’ਚ ਆ ਰਹੀਆਂ ਤਕਨੀਕੀ ਖਰਾਬੀਆਂ ਭਾਰੀ ਚਿੰਤਾ ਦਾ ਵਿਸ਼ਾ’

Sunday, Feb 12, 2023 - 03:03 AM (IST)

‘ਉਡਾਣਾਂ ਦੇ ਦੌਰਾਨ ਜਹਾਜ਼ਾਂ ’ਚ ਆ ਰਹੀਆਂ ਤਕਨੀਕੀ ਖਰਾਬੀਆਂ ਭਾਰੀ ਚਿੰਤਾ ਦਾ ਵਿਸ਼ਾ’

ਅੱਜ ਦੀ ਅਤੀ ਰੁੱਝੀ ਜ਼ਿੰਦਗੀ ’ਚ ਲੋਕਾਂ ਦੇ ਕੋਲ ਸਮਾਂ ਬੇਹੱਦ ਘੱਟ ਰਹਿ ਗਿਆ ਹੈ ਅਤੇ ਸਮਾਂ ਬਚਾਉਣ ਲਈ ਲੋਕ ਰੇਲ ਜਾਂ ਬੱਸ ਯਾਤਰਾ ਦੀ ਤੁਲਨਾ ’ਚ ਜਹਾਜ਼ ਯਾਤਰਾ ਨੂੰ ਤਰਜੀਹ ਦੇਣ ਲੱਗੇ ਹਨ। ਇਸ ਕਾਰਨ ਜਹਾਜ਼ ਯਾਤਰੀਆਂ ਦੀ ਿਗਣਤੀ ’ਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ।

ਦੇਸ਼ ’ਚ ਘਰੇਲੂ ਜਹਾਜ਼ ਯਾਤਰੀਆਂ ਦੀ ਗਿਣਤੀ ’ਚ ਰੇਲ ਅਤੇ ਸੜਕ ਯਾਤਰੀਆਂ ਦੇ ਮੁਕਾਬਲੇ ਸਾਲ 2021 ਦੀ ਤੁਲਨਾ ’ਚ ਸਾਲ 2022 ’ਚ 47.05 ਫੀਸਦੀ ਦਾ ਵਾਧਾ ਹੋਇਆ। ਸ਼ਹਿਰੀ ਹਵਾਬਾਜ਼ੀ ਮਹਾਨਿਰਦੇਸ਼ਕ (ਡੀ. ਜੀ. ਸੀ. ਏ.) ਦੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ 2021 ’ਚ ਘਰੇਲੂ ਜਹਾਜ਼ ਯਾਤਰੀਆਂ ਦੀ ਗਿਣਤੀ ਲਗਭਗ 838 ਲੱਖ ਸੀ ਜੋ 2022 ’ਚ ਵਧ ਕੇ 1232 ਲੱਖ ਤੋਂ ਵੱਧ ਹੋ ਗਈ। ਡੀ. ਜੀ. ਸੀ. ਏ. ਦੇ ਅਨੁਸਾਰ ਦਸੰਬਰ 2022 ’ਚ ਘਰੇਲੂ ਜਹਾਜ਼ ਸੇਵਾਵਾਂ ਨੂੰ ਯਾਤਰੀਆਂ ਤੋਂ ਰਿਫੰਡ ਅਤੇ ਉਡਾਣ ਨਾਲ ਸਬੰਧਤ 408 ਸ਼ਿਕਾਇਤਾਂ ਮਿਲੀਆਂ।

ਯਾਤਰੀਆਂ ਅਤੇ ਉਡਾਣਾਂ ਦੀ ਗਿਣਤੀ ’ਚ ਵਾਧੇ ਦੇ ਨਾਲ-ਨਾਲ ਘਰੇਲੂ ਉਡਾਣਾਂ ਦੇ ਦੌਰਾਨ ਜਹਾਜ਼ਾਂ ’ਚ ਤਕਨੀਕੀ ਖਰਾਬੀਆਂ ’ਚ ਵੀ ਭਾਰੀ ਵਾਧਾ ਹੋਇਆ ਹੈ।

ਇਸ ਦੀ ਨਵੀਂ ਉਦਾਹਰਣ 10 ਫਰਵਰੀ ਨੂੰ ਸਾਹਮਣੇ ਆਈ ਜਦੋਂ ‘ਏਅਰ ਇੰਡੀਆ’ ਦੀ ਮੁੰਬਈ ਤੋਂ ਦੁਬਈ ਜਾਣ ਵਾਲੀ ਇਕ ਉਡਾਣ ’ਚ ਤਕਨੀਕੀ ਖਰਾਬੀ ਆ ਜਾਣ ਦੇ ਕਾਰਨ 13 ਘੰਟਿਆਂ ਦੀ ਦੇਰੀ ਹੋਈ। ਵਰਨਣਯੋਗ ਹੈ ਕਿ ਇਸ ਜਹਾਜ਼ ਨੇ 9 ਫਰਵਰੀ ਨੂੰ ਤੜਕੇ 3 ਵਜੇ ਉਡਾਣ ਭਰਨੀ ਸੀ ਪਰ ਇਸ ਨੇ 10 ਫਰਵਰੀ ਨੂੰ ਤੜਕੇ 4 ਵਜੇ ਉਡਾਣ ਭਰੀ।

ਇਸੇ ਬਾਰੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਰਿ.) ਵੀ. ਕੇ. ਸਿੰਘ ਨੇ 9 ਫਰਵਰੀ ਨੂੰ ਰਾਜ ਸਭਾ ’ਚ ਦੱਸਿਆ ਕਿ ਨਿਯਮਾਂ ਅਨੁਸਾਰ ਜਹਾਜ਼ ਸੇਵਾਵਾਂ ਦੇ ਲਈ ਆਪਣੇ ਸਿਸਟਮ ਅਤੇ ਯੰਤਰ ਸਬੰਧੀ ਖਰਾਬੀਆਂ ਦੀ ਸੂਚਨਾ ਦੇਣੀ ਲਾਜ਼ਮੀ ਹੈ ਜਿਸ ਦੇ ਅਨੁਸਾਰ ਘਰੇਲੂ ਜਹਾਜ਼ ਸੇਵਾਵਾਂ ਨੇ ਪਿਛਲੇ 5 ਸਾਲਾਂ ਦੇ ਦੌਰਾਨ ਆਪਣੇ ਜਹਾਜ਼ਾਂ ’ਚ 2613 ਤਕਨੀਕੀ ਖਰਾਬੀਆਂ ਦੀ ਸੂਚਨਾ ਦਿੱਤੀ ਹੈ।

ਸ਼੍ਰੀ ਵੀ. ਕੇ. ਸਿੰਘ ਦੇ ਅਨੁਸਾਰ ਉਕਤ ਅਰਸੇ ਦੇ ਦੌਰਾਨ ਜਹਾਜ਼ ਸੇਵਾ ‘ਇੰਡੀਗੋ’ ਦੇ ਜਹਾਜ਼ਾਂ ’ਚ 885 ਤਕਨੀਕੀ ਖਰਾਬੀਆਂ ਦੇ ਇਲਾਵਾ ‘ਸਪਾਈਸ ਜੈੱਟ’ (691), ‘ਵਿਸਤਾਰਾ’ (444), ‘ਏਅਰ ਇੰਡੀਆ’ (399), ‘ਏਅਰ ਏਸ਼ੀਆ (ਇੰਡੀਆ) ਲਿਮਟਿਡ’ (79), ‘ਗੋ ਏਅਰ’ (54), ‘ਟੂ ਜੈੱਟ (30), ‘ਅਲਾਇੰਸ ਏਅਰ’ (13), ‘ਬਲਿਊ ਡਾਰਟ ਏਵੀਏਸ਼ਨ’ (7), ‘ਅਕਾਸਾ ਏਅਰ’ (6) ਅਤੇ ‘ਫਲਾਈ ਬਿੱਗ’ (5) ਦੇ ਜਹਾਜ਼ਾਂ ’ਚ ਤਕਨੀਕੀ ਖਰਾਬੀਆਂ ਦੀ ਸੂਚਨਾ ਇਨ੍ਹਾਂ ਦੀ ਮੈਨੇਜਮੈਂਟ ਨੇ ਦਿੱਤੀ ਹੈ।

ਇਸ ਤੋਂ ਪਹਿਲਾਂ 2 ਫਰਵਰੀ ਨੂੰ ਜਨਰਲ ਵੀ. ਕੇ. ਸਿੰਘ ਨੇ ਦੱਸਿਆ ਕਿ ਇਕੱਲੇ ਸਾਲ 2022 ’ਚ ੇਦੇਸ਼ ’ਚ ਵੱਖ-ਵੱਖ ਜਹਾਜ਼ ਸੇਵਾਵਾਂ ਦੇ ਜਹਾਜ਼ਾਂ ’ਚ 545 ਤਕਨੀਕੀ ਖਰਾਬੀਆਂ ਆਈਆਂ ਜਿਨ੍ਹਾਂ ’ਚੋਂ ਸਭ ਤੋਂ ਵੱਧ 215 ਖਰਾਬੀਆਂ ‘ਇੰਡੀਗੋ ਏਅਰਲਾਈਨਜ਼’ ਦੇ ਜਹਾਜ਼ਾਂ ’ਚ ਆਈਆਂ, ਜਦਕਿ ‘ਸਪਾਈਸ ਜੈੱਟ’ ਅਤੇ ‘ਵਿਸਤਾਰਾ’ ਕ੍ਰਮਵਾਰ 147 ਅਤੇ 97 ਤਕਨੀਕੀ ਖਰਾਬੀਆਂ ਨਾਲ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।

ਖਰਾਬੀ ਦੀ ਗੰਭੀਰਤਾ ਦੇ ਆਧਾਰ ’ਤੇ ਜਹਾਜ਼ਾਂ ਦੀ ਜਾਂਚ ਹਵਾਬਾਜ਼ੀ ਮਹਾਨਿਰਦੇਸ਼ਾਲਿਆ ਦੀ ਨਿਗਰਾਨੀ ’ਚ ਜਾਂ ਹਵਾਬਾਜ਼ੀ ਮਹਾਨਿਰਦੇਸ਼ਾਲਿਆ ਵੱਲੋਂ ਜਹਾਜ਼ ਹਾਦਸਿਆਂ ਨਾਲ ਸਬੰਧਤ ਨਿਯਮਾਂ ਦੇ ਅਧੀਨ ਕੀਤੀ ਜਾਂਦੀ ਹੈ।

ਇਹ ਪੁੱਛਣ ’ਤੇ ਕਿ ਕੀ ਪੁਰਾਣੇ ਜਹਾਜ਼ਾਂ ਦੀ ਵਰਤੋਂ ਜਹਾਜ਼ਾਂ ’ਚ ਖਰਾਬੀਆਂ ਦਾ ਮੁੱਖ ਕਾਰਨ ਹੈ, ਸ਼੍ਰੀ ਵੀ. ਕੇ. ਸਿੰਘ ਨੇ ਨਾਂਹ ’ਚ ਕਿਹਾ ਕਿ ਕਿਸੇ ਵੀ ਜਹਾਜ਼ ਨੂੰ ਉਸ ਦੇ ਨਿਰਮਾਤਾ ਵਲੋਂ ਨਿਰਧਾਰਿਤ ਸ਼ਡਿਊਲ ਦੇ ਪਾਲਣ ਅਤੇ ਨਿਰਮਾਤਾ ਵੱਲੋਂ ਲਗਾਤਾਰ ਮੇਨਟੀਨੈਂਸ ਸਪੋਰਟ ਦੇਣ ਦਾ ਸਰਟੀਫਿਕੇਟ ਦੇਣ ’ਤੇ ਹੀ ਉਡਾਣ ਭਰਨ ਯੋਗ ਮੰਨਿਆ ਜਾਂਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਜਹਾਜ਼ ਨੂੰ ਡੀ. ਜੀ. ਸੀ.ਏ. ਦੀ ਉਡਾਣ ਸਮਰੱਥਾ ਮੁੜ ਨਿਰੀਖਣ ਕਮੇਟੀ ਵੱਲੋਂ ਜਾਰੀ ਸਰਟੀਫਿਕੇਟ ਦੇ ਬਿਨਾਂ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਇੰਨੀ ਸਾਵਧਾਨੀ ਵਰਤਣ ਦੇ ਬਾਵਜੂਦ ਜਹਾਜ਼ਾਂ ’ਚ ਉਡਾਣਾਂ ਦੇ ਦੌਰਾਨ ਖਰਾਬੀਆਂ ਪੈਦਾ ਹੋਣੀਆਂ ਬੜਾ ਹੀ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਨਾ ਸਿਰਫ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਗੋਂ ਕਦੀ-ਕਦੀ ਅਜਿਹੀਆਂ ਘਟਨਾਵਾਂ ਦਾ ਨਤੀਜਾ ਦੁਖਦਾਈ ਰੂਪ ’ਚ ਵੀ ਨਿਕਲ ਸਕਦਾ ਹੈ।

ਇਸ ਲਈ ਜਿੱਥੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੂੰ ਜਹਾਜ਼ਾਂ ਦੇ ਨਿਰੀਖਣ ਸਬੰਧੀ ਨਿਯਮ ਵੱਧ ਸਖਤ ਬਣਾਉਣ ਦੀ ਲੋੜ ਹੈ, ਉੱਥੇ ਹੀ ਜਹਾਜ਼ ਸੇਵਾਵਾਂ ਦੀ ਮੈਨੇਜਮੈਂਟ ਨੂੰ ਵੀ ਆਪਣੇ ਤਕਨੀਕੀ ਸਟਾਫ ਨੂੰ ਵੱਧ ਮੁਸਤੈਦ ਕਰਨ ਦੀ ਲੋੜ ਹੈ ਤਾਂ ਕਿ ਉਡਾਣ ਦੇ ਦੌਰਾਨ ਕਿਸੇ ਵੀ ਮਾੜੀ ਸਥਿਤੀ ਤੋਂ ਬਚਾਅ ਯਕੀਨੀ ਹੋ ਸਕੇ।

-ਵਿਜੇ ਕੁਮਾਰ


author

Anmol Tagra

Content Editor

Related News