ਸ਼ਿਵ ਸੈਨਾ ਦਾ ਵਿਵਾਦ ਹੱਲ ਕਰਨ ਦੇ ਨਾਲ ਹੀ ਸੁਪਰੀਮ ਕੋਰਟ ਰਾਊਤ ਦੇ ਦੋਸ਼ਾਂ ਦੀ ਵੀ ਜਾਂਚ ਕਰਵਾਏ

02/21/2023 2:44:46 AM

ਮਹਾਰਾਸ਼ਟਰ ਦੀ ਸਾਬਕਾ ਸ਼ਿਵ ਸੈਨਾ ਸਰਕਾਰ ’ਚ ਮੁੱਖ ਮੰਤਰੀ ਊਧਵ ਠਾਕਰੇ ਪਿੱਛੋਂ ਭਾਜਪਾ ਦੀ ਹਮਾਇਤ ਨਾਲ ਮੁੱਖ ਮੰਤਰੀ ਬਣੇ ਏਕਨਾਥ ਸ਼ਿੰਦੇ ਗਰੁੱਪ ਅਤੇ ਊਧਵ ਠਾਕਰੇ ਗਰੁੱਪ ’ਚ ਬੀਤੇ ਸਾਲ ਤੋਂ ਹੀ ਪਾਰਟੀ ਦੇ ਨਾਂ ਅਤੇ ਚੋਣ ਨਿਸ਼ਾਨ ਬਾਰੇ ਵਿਵਾਦ ਜਾਰੀ ਹੈ।

ਊਧਵ ਠਾਕਰੇ ਦਾ ਕਹਿਣਾ ਹੈ ਕਿ ‘ਸ਼ਿਵ ਸੈਨਾ’ ਉਨ੍ਹਾਂ ਦੇ ਪਿਤਾ ਬਾਲਾ ਸਾਹਿਬ ਠਾਕਰੇ ਦੀ ਬਣਾਈ ਹੋਈ ਪਾਰਟੀ ਹੈ, ਇਸ ਲਈ ਪਾਰਟੀ ਅਤੇ ਚੋਣ ਨਿਸ਼ਾਨ ਦੋਵੇਂ ਹੀ ਉਨ੍ਹਾਂ ਕੋਲ ਰਹਿਣੇ ਚਾਹੀਦੇ ਹਨ ਪਰ 17 ਫਰਵਰੀ 2023 ਨੂੰ ਆਪਣੇ ਫੈਸਲੇ ’ਚ ਚੋਣ ਕਮਿਸ਼ਨ ਨੇ ਸ਼ਿੰਦੇ ਗਰੁੱਪ ਨੂੰ ‘ਅਸਲੀ ਸ਼ਿਵ ਸੈਨਾ’ ਵਜੋਂ ਮਾਨਤਾ ਦੇ ਦਿੱਤੀ।

ਚੋਣ ਕਮਿਸ਼ਨ ਨੇ ਪਾਰਟੀ ਦਾ ਨਾਂ ਅਤੇ ਚੋਣ ਨਿਸ਼ਾਨ ‘ਤੀਰ ਕਮਾਨ’ ਦੋਵੇਂ ਹੀ ਸ਼ਿੰਦੇ ਗਰੁੱਪ ਨੂੰ ਅਲਾਟ ਕਰਨ ਦੇ ਨਾਲ ਹੀ ਊਧਵ ਗਰੁੱਪ ਨੂੰ ਚੋਣ ਨਿਸ਼ਾਨ ‘ਬਲਦੀ ਮਸ਼ਾਲ’ ਰੱਖਣ ਦੀ ਆਗਿਆ ਦਿੱਤੀ ਹੈ।

ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਪਾਰਟੀ ਦੇ ਜੇਤੂ 55 ਵਿਧਾਇਕਾਂ ਦੇ ਹੱਕ ’ਚ ਪਈਆਂ ਵੋਟਾਂ ’ਚੋਂ ਸ਼ਿੰਦੇ ਗਰੁੱਪ ਦੇ ਹਮਾਇਤੀ 40 ਵਿਧਾਇਕਾਂ ਨੂੰ 76 ਫੀਸਦੀ ਵੋਟਾਂ ਪਈਆਂ, ਉਥੇ ਊਧਵ ਗਰੁੱਪ ਦੇ ਵਿਧਾਇਕਾਂ ਨੂੰ ਉਸ ਤੋਂ ਅਤਿਅੰਤ ਘੱਟ ਵੋਟਾਂ ਮਿਲੀਆਂ।

ਇਸ ’ਤੇ 19 ਫਰਵਰੀ ਨੂੰ ਸ਼ਿਵ ਸੈਨਾ ਊਧਵ ਠਾਕਰੇ ਗਰੁੱਪ ਦੇ ਆਗੂ ਅਤੇ ਰਾਜ ਸਭਾ ਦੇ ਮੈਂਬਰ ਸੰਜੇ ਰਾਊਤ ਨੇ ਇਹ ਦੋਸ਼ ਲਾਇਆ ਹੈ ਕਿ ‘‘ਸ਼ਿਵ ਸੈਨਾ ਪਾਰਟੀ ਦਾ ਨਾਂ ਅਤੇ ਚੋਣ ਨਿਸ਼ਾਨ ਖਰੀਦਣ ਲਈ 2000 ਕਰੋੜ ਰੁਪਏ ਦਾ ਸੌਦਾ ਹੋਇਆ ਹੈ ਅਤੇ ਇਹ ਇਸ ਸੌਦੇ ਦਾ ਸ਼ੁਰੂਆਤੀ ਅੰਕੜਾ ਹੈ ਅਤੇ ਇਹ 100 ਫੀਸਦੀ ਸੱਚ ਹੈ।’’

‘‘ਜਦੋਂ ਕੌਂਸਲਰ ਅਤੇ ਸ਼ਿਵ ਸੈਨਾ ਬ੍ਰਾਂਚ ਦੇ ਮੁਖੀ ਲਈ 50 ਲੱਖ ਰੁਪਏ ਤੋਂ ਇਕ ਕਰੋੜ ਰੁਪਏ, ਵਿਧਾਇਕ ਲਈ 50 ਕਰੋੜ ਰੁਪਏ ਅਤੇ ਸੰਸਦ ਮੈਂਬਰ ਲਈ 100 ਕਰੋੜ ਰੁਪਏ ਖਰਚ ਕੀਤੇ ਜਾ ਸਕਦੇ ਹਨ ਤਾਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸ਼ਿਵ ਸੈਨਾ ਨੂੰ ਹਥਿਆਉਣ ਲਈ ਹੁਣ ਤਕ ਕਿੰਨਾ ਪੈਸਾ ਖਰਚ ਕੀਤਾ ਗਿਆ ਹੋਵੇਗਾ।’’

ਦੂਜੇ ਪਾਸੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਦੇ ਵਿਧਾਇਕ ‘ਸਦਾ ਸਰਵਾਕਰ’ ਨੇ ਸੰਜੇ ਰਾਊਤ ਦੇ ਦਾਅਵੇ ਦਾ ਖੰਡਨ ਕਰਦੇ ਹੋਏ ਸਵਾਲ ਕੀਤਾ ਹੈ, ‘‘ਕੀ ਸੰਜੇ ਰਾਊਤ ਖਜ਼ਾਨਚੀ ਹਨ?’’ ਭਾਜਪਾ ਆਗੂ ‘ਸੁਧੀਰ ਮੁਨਗੰਟੀਵਾਰ’ ਅਤੇ ਮੁੰਬਈ ਭਾਜਪਾ ਦੇ ਮੁਖੀ ਆਸ਼ੀਸ਼ ਸ਼ੇਲਾਰ ਦਾ ਕਹਿਣਾ ਹੈ, ‘‘ਸੰਜੇ ਰਾਊਤ ਦੀਆਂ ਅਜਿਹੀਆਂ ਬੇਬੁਨਿਆਦ ਟਿੱਪਣੀਆਂ ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਵਰਗੇ ਆਜ਼ਾਦ ਅਦਾਰਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹਨ। ਇਨ੍ਹਾਂ ਲੋਕਾਂ ਦੇ ਜਾਂ ਤਾਂ ਹੋਸ਼ ਉੱਡ ਗਏ ਹਨ, ਜਾਂ ਉਹ ਪਾਗਲ ਹੋ ਗਏ ਹਨ।’’

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਊਧਵ ਠਾਕਰੇ ਸੱਤਾ ਲਈ ਐੱਨ. ਸੀ. ਪੀ. ਸੁਪਰੀਮੋ ਸ਼ਰਦ ਪਵਾਰ ਦੇ ਚਰਨਾਂ ’ਚ ਬੈਠ ਗਏ ਸਨ ਜਿਸ ਦਾ ਉਨ੍ਹਾਂ ਨੂੰ ਸਬਕ ਮਿਲ ਗਿਆ।

ਸ਼ਰਦ ਪਵਾਰ ਨੇ ਇਸ ਵਿਵਾਦ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਊਧਵ ਠਾਕਰੇ ਨੂੰ ਉਨ੍ਹਾਂ ਪਹਿਲਾਂ ਹੀ ਚੌਕਸ ਕਰ ਕੇ ਨਵਾਂ ਚੋਣ ਨਿਸ਼ਾਨ ਰੱਖਣ ਦੀ ਸਲਾਹ ਦਿੱਤੀ ਸੀ ਕਿਉਂਕਿ ਲੋਕ ਉਨ੍ਹਾਂ ਨੂੰ ਨਵੇਂ ਚੋਣ ਨਿਸ਼ਾਨ ਨਾਲ ਪ੍ਰਵਾਨ ਕਰ ਲੈਣਗੇ। ਮੈਂ ਇਸ ਵਿਵਾਦ ’ਚ ਨਹੀਂ ਪੈਣਾ ਚਾਹੁੰਦਾ। ਸ਼ਿਵ ਸੈਨਾ ਆਪਣਾ ਵਿਵਾਦ ਖੁੱਦ ਹੱਲ ਕਰੇ।’’

ਇਸ ਦੌਰਾਨ ਅਸਲੀ ਸ਼ਿਵ ਸੈਨਾ ਦੇ ਸਵਾਲ ’ਤੇ ਊਧਵ ਠਾਕਰੇ ਗਰੁੱਪ ਨੇ ਸੁਪਰੀਮ ਕੋਰਟ ’ਚ 20 ਫਰਵਰੀ ਨੂੰ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਗਰੁੱਪ ਨੂੰ ਅਸਲੀ ਸ਼ਿਵ ਸੈਨਾ ਮੰਨਣ ਅਤੇ ਚੋਣ ਨਿਸ਼ਾਨ ‘ਤੀਰ ਕਮਾਨ’ ਅਲਾਟ ਕਰਨ ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ।

ਊਧਵ ਗਰੁੱਪ ਨੇ ਇਸ ’ਤੇ ਤੁਰੰਤ ਸੁਣਵਾਈ ਦੀ ਬੇਨਤੀ ਕੀਤੀ ਜਿਸ ਨੂੰ ਅਪ੍ਰਵਾਨ ਕਰਦੇ ਹੋਏ ਸੁਪਰੀਮ ਕੋਰਟ ਨੇ 21 ਫਰਵਰੀ ਨੂੰ ਉਸ ਨੂੰ ਢੁੱਕਵੀਂ ਪ੍ਰਕਿਰਿਆ ਰਾਹੀਂ ਪਟੀਸ਼ਨ ਦਾਖਲ ਕਰਨ ਲਈ ਕਿਹਾ ਅਤੇ ਇਸੇ ਦੌਰਾਨ ਸ਼ਿੰਦੇ ਗਰੁੱਪ ਨੇ ਵਿਧਾਨ ਸਭਾ ’ਚ ਸਥਿਤ ਪਾਰਟੀ ਦੇ ਦਫਤਰ ’ਤੇ ਵੀ ਕਬਜ਼ਾ ਕਰ ਲਿਆ ਹੈ।

ਊਧਵ ਠਾਕਰੇ ਅਤੇ ਸ਼ਿੰਦੇ ਗਰੁੱਪਾਂ ’ਚ ਅਸਲੀ ਸ਼ਿਵ ਸੈਨਾ ਦੀ ਮਲਕੀਅਤ ਨੂੰ ਲੈ ਕੇ ਵਧਦੇ ਜਾ ਰਹੇ ਵਿਵਾਦ ਦਰਮਿਆਨ ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਦਾ ਨਾਂ ਅਤੇ ਚੋਣ ਨਿਸ਼ਾਨ ਸ਼ਿੰਦੇ ਗਰੁੱਪ ਨੂੰ ਮਿਲਣ ਪਿੱਛੋਂ ਹੁਣ ਊਧਵ ਗਰੁੱਪ ਦੇ ਸਾਹਮਣੇ ਆਪਣੇ ਬਚੇ ਹੋਏ ਵਿਧਾਇਕਾਂ, ਸੰਸਦ ਮੈਂਬਰਾਂ, ਮੁੰਬਈ ਦੇ ਕੌਂਸਲਰਾਂ ਅਤੇ ਸ਼ਾਖਾ ਮੁਖੀਆਂ ਦੇ ਵੀ ਛੱਡ ਕੇ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ।

ਇਸ ਸਮੇਂ ਦੋਹਾਂ ਧੜਿਆਂ ਦਰਮਿਆਨ ਵਿਵਾਦ ਸਿਖਰ ’ਤੇ ਹੈ ਅਤੇ ਮਾਮਲਾ ਸੁਪਰੀਮ ਕੋਰਟ ’ਚ ਪਹੁੰਚ ਗਿਆ ਹੈ। ਉਸ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਚੋਣ ਕਮਿਸ਼ਨ ਨੂੰ ਪਾਰਟੀ ਦਾ ਕੰਟਰੋਲ ਊਧਵ ਠਾਕਰੇ ਗਰੁੱਪ ਤੋਂ ਲੈ ਕੇ ਸ਼ਿੰਦੇ ਗਰੁੱਪ ਨੂੰ ਦੇਣ ਦਾ ਅਧਿਕਾਰ ਹੈ ਵੀ ਜਾਂ ਨਹੀਂ। ਇਸ ਦੇ ਨਾਲ ਹੀ ਸੰਜੇ ਰਾਊਤ ਵੱਲੋਂ ਸ਼ਿਵ ਸੈਨਾ ’ਤੇ ਕਬਜ਼ੇ ਲਈ 2000 ਕਰੋੜ ਰੁਪਏ ਦੇ ਸੌਦੇ ਦੇ ਦੋਸ਼ਾਂ ਦੀ ਜਾਂਚ ਵੀ ਕਰਵਾਈ ਜਾਣੀ ਚਾਹੀਦੀ ਹੈ?

–ਵਿਜੇ ਕੁਮਾਰ


Anmol Tagra

Content Editor

Related News