ਸੁਖਬੀਰ ਬਾਦਲ ਕਰਨਗੇ ਪੰਜਾਬ ’ਚ ਪੈਦਲ ਯਾਤਰਾ, ਲੋਕਾਂ ਨੂੰ ਨਾਲ ਲੈਣ ਲਈ ਕੀਤੀਆਂ ਜਾ ਰਹੀਆਂ ਪੈਦਲ ਯਾਤਰਾਵਾਂ

Tuesday, Dec 20, 2022 - 02:25 AM (IST)

ਅੱਜ-ਕੱਲ੍ਹ ਦੇਸ਼ ਵਿਚ ਯਾਤਰਾਵਾਂ ਦਾ ਦੌਰ ਚੱਲ ਰਿਹਾ ਹੈ। ਬੀਤੇ ਸਮੇਂ ’ਚ ਅਜਿਹੀਆਂ ਕਈ ਸਿਆਸੀ ਯਾਤਰਾਵਾਂ ਦਾ ਆਯੋਜਨ ਵੱਖ-ਵੱਖ ਆਗੂਆਂ ਵਲੋਂ ਕੀਤਾ ਗਿਆ, ਜਿਨ੍ਹਾਂ ਦਾ ਮੰਤਵ ਸੱਤਾ ’ਚ ਵਾਪਸੀ ਸੀ ਅਤੇ ਇਸ ਦਾ ਉਨ੍ਹਾਂ ਨੂੰ ਕਾਫੀ ਲਾਭ ਵੀ ਹੋਇਆ। ਮੌਜੂਦਾ ਸਮੇਂ ’ਚ 7 ਸਤੰਬਰ, 2022 ਤੋਂ ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਜਾਰੀ ਹੈ, ਜੋ ਆਪਣੇ 100 ਦਿਨ ਪੂਰੇ ਹੋਣ ਤੋਂ ਬਾਅਦ ਅੱਜਕਲ ਰਾਜਸਥਾਨ ’ਚੋਂ ਲੰਘ ਰਹੀ ਹੈ। ਇਸੇ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਿਸੰਘ ਬਾਦਲ ਜਲਦੀ ਹੀ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕਰਨ ਵਾਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘‘ਇਹ ਉਹ ਪੰਜਾਬ ਨਹੀਂ ਰਿਹਾ ਜੋ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਜਾਨਸ਼ੀਨ ਸਰਕਾਰ ਨੂੰ ਵਿਰਾਸਤ ’ਚ ਦਿੱਤਾ ਗਿਆ ਹੈ, ਜਿਸ ਨੇ ਰਾਜ ’ਚ ਹਮੇਸ਼ਾ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਧਿਆਨ ’ਚ ਰੱਖਿਆ।’’

ਉਂਝ ਭਾਰਤ ’ਚ ਸਿਆਸੀ ਪੈਦਲ ਯਾਤਰਾਵਾਂ ਦਾ ਇਤਿਹਾਸ ਕਾਫੀ ਲੰਬਾ ਹੈ। ਇਨ੍ਹਾਂ ਦੀ ਸ਼ੁਰੂਆਤ 12 ਮਾਰਚ, 1930 ਨੂੰ ਮਹਾਤਮਾ ਗਾਂਧੀ ਦੀ ਪੈਦਲ ਦਾਂਡੀ ਯਾਤਰਾ ਤੋਂ ਮੰਨੀ ਜਾ ਸਕਦੀ ਹੈ। ਇਹ ਯਾਤਰਾ ਜਿਥੇ ਅੰਗਰੇਜ਼ਾਂ ਵਿਰੁੱਧ ਭਾਰਤ ਦੇ ਲੋਕਾਂ ਨੂੰ ਜਗਾਉਣ ਲਈ ਸੀ, ਉਥੇ ਆਜ਼ਾਦ ਭਾਰਤ ’ਚ ਕਈ ਆਗੂਆਂ ਵੱਲੋਂ ਵੱਖ-ਵੱਖ ਰੂਪਾਂ ’ਚ ਯਾਤਰਾਵਾਂ ਕੱਢੀਆਂ ਜਾਂਦੀਆਂ ਰਹੀਆਂ ਹਨ, ਜਿਨ੍ਹਾਂ ਵਿਚੋਂ ਕੁਝ ਹੇਠਾਂ ਦਰਜ ਹਨ :

* 1977 ’ਚ ਐਮਰਜੈਂਸੀ ਹਟਣ ਪਿਛੋਂ ਹੋਈਆਂ ਲੋਕ ਸਭਾ ਦੀਆਂ ਚੋਣਾਂ ’ਚ ਬੁਰੀ ਤਰ੍ਹਾਂ ਹਾਰਨ ਪਿਛੋਂ ਇੰਦਰਾ ਗਾਂਧੀ ਨੇ ਨਸਲੀ ਸੰਘਰਸ਼ ਤੋਂ ਪੀੜਤ ਬਿਹਾਰ ਦੇ ‘ਬੇਲਛੀ’, ਜਿਥੇ 14 ਵਿਅਕਤੀ ਮਾਰੇ ਗਏ ਸਨ, ਦੀ ਯਾਤਰਾ ਕੀਤੀ ਸੀ। ਇਸ ਪਿਛੋਂ ਉਨ੍ਹਾਂ ਨੂੰ 1980 ਦੀਆਂ ਚੋਣਾਂ ’ਚ ਦੁਬਾਰਾ ਜਿੱਤ ਕੇ ਆਪਣੀ ਸਰਕਾਰ ਬਣਾਉਣ ’ਚ ਕਾਫੀ ਮਦਦ ਮਿਲੀ।
* 29 ਮਾਰਚ, 1982 ਨੂੰ ਐੱਨ. ਟੀ. ਰਾਮਾਰਾਓ ਨੇ ਆਂਧਰਾ ਪ੍ਰਦੇਸ਼ ’ਚ ‘ਤੇਲਗੂ ਦੇਸ਼ਮ ਪਾਰਟੀ’ ਬਣਾਉਣ ਪਿਛੋਂ ‘ਚੈਤਨਯ ਰਥਮ ਯਾਤਰਾ’ ਕੱਢੀ। ਇਸ ਦੀ ਸਮਾਪਤੀ ਪਿਛੋਂ ਹੋਈਆਂ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਨੇ 294 ਵਿਚੋਂ 199 ਸੀਟਾਂ ਜਿੱਤੀਆਂ ਸਨ।
* 6 ਜਨਵਰੀ, 1983 ਤੋਂ 25 ਜੂਨ, 1983 ਤਕ ਦੇਸ਼ ਦੀ ਕੌਮੀ ਸਿਆਸਤ ’ਚ ਕਾਂਗਰਸ ਨੂੰ ਚੁਣੌਤੀ ਦੇਣ ਅਤੇ ਫੁੱਟ ਦਾ ਸ਼ਿਕਾਰ ‘ਜਨਤਾ ਪਾਰਟੀ’ ਨੂੰ ਮਜ਼ਬੂਤ ਕਰਨ ਲਈ ਚੰਦਰਸ਼ੇਖਰ ਨੇ ਕੰਨਿਆਕੁਮਾਰੀ ਤੋਂ ਦਿੱਲੀ ਦੇ ਰਾਜਘਾਟ ਤਕ 4260 ਕਿਲੋਮੀਟਰ ਲੰਬੀ ਪੈਦਲ ਯਾਤਰਾ ਕੱਢੀ। ਇਸ ਯਾਤਰਾ ਨੇ ਉਨ੍ਹਾਂ ਦਾ ਸਿਆਸੀ ਕੱਦ ਇੰਨਾ ਵਧਾ ਦਿੱਤਾ ਕਿ ਬਾਅਦ ’ਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤਕ ਪਹੁੰਚੇ।
* 1985 ’ਚ ਇਕ ਪੈਦਲ ਯਾਤਰਾ 1984 ਦੀਆਂ ਲੋਕ ਸਭਾ ਦੀਆਂ ਚੋਣਾਂ ’ਚ 400 ਤੋਂ ਵੱਧ ਸੀਟਾਂ ਜਿੱਤ ਕੇ ਕਾਂਗਰਸ ਦੀ ਸਰਕਾਰ ਬਣਾਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ‘ਸੰਦੇਸ਼ ਯਾਤਰਾ’ ਦੇ ਨਾਂ ਹੇਠ ਕੱਢੀ ਸੀ।
* 25 ਸਤੰਬਰ, 1990 ਨੂੰ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ 10,000 ਕਿਲੋਮੀਟਰ ਲੰਬੀ ‘ਰਾਮ ਰੱਥ ਯਾਤਰਾ’  ਸੋਮਨਾਥ ਤੋਂ ਸ਼ੁਰੂ ਕੀਤੀ, ਜਿਸ ਦੀ ਸਮਾਪਤੀ 30 ਅਕਤੂਬਰ ਨੂੰ ਅਯੁਧਿਆ ਵਿਖੇ ਹੋਣੀ ਸੀ। ਅਯੁਧਿਆ ਵਿਚ ਇਸ ਯਾਤਰਾ ਦੇ ਸਮਾਪਨ ਦਾ ਮੰਤਵ ਰਾਮ ਜਨਮ ਭੂਮੀ ਅਤੇ ਰਾਮ ਮੰਦਰ ਨਿਰਮਾਣ ਦਾ ਪਹਿਲਾ ਪੜਾਅ ਮੰਨਿਆ ਗਿਆ।
ਉਹ ਆਪਣੀ ਯਾਤਰਾ ਅਯੁਧਿਆ ਤਕ ਨਹੀਂ ਲਿਜਾ ਸਕੇ ਕਿਉਂਕਿ ਬਿਹਾਰ ਦੇ ਸਮਸਤੀਪੁਰ ਵਿਖੇ 23 ਅਕਤੂਬਰ ਦੀ   ਸਵੇਰ ਨੂੰ ਉਨ੍ਹਾਂ ਨੂੰ  ਗ੍ਰਿਫਤਾਰ ਕਰ ਕੇ ਬੰਦੀ ਬਣਾ ਲਿਆ ਗਿਆ ਸੀ ਪਰ ਇਸ ਦੀ ਬਦੌਲਤ ਅੱਜ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ।
ਇਸ ਯਾਤਰਾ ਦੌਰਾਨ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਯਾਤਰਾ ਦੇ ਹਿਮਾਚਲ ਪਹੁੰਚਣ ’ਤੇ ਅਡਵਾਨੀ ਜੀ ਦੇ ਸਵਾਗਤ ਲਈ ਸੋਲਨ ਦੇ ਪ੍ਰਸਿੱਧ ਟਮਾਟਰਾਂ ਦਾ ਸਵਾਗਤੀ ਗੇਟ ਬਣਵਾਇਆ।
* 2004 ’ਚ ਕਾਂਗਰਸ ਦੇ ਸੀਨੀਅਰ ਨੇਤਾ ਵਾਈ. ਐੱਸ. ਆਰ. ਰੈੱਡੀ ਨੇ ਆਂਧਰਾ ਪ੍ਰਦੇਸ਼ ਦੇ ‘ਚੇਵੇਲਾ’ ਸ਼ਹਿਰ ਤੋਂ 1400 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਸੀ। ਇਸ ਪਿਛੋਂ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ’ਚ ਕਾਂਗਰਸ ਨੇ 294 ਵਿਚੋਂ 185 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ।
* 2007 ’ਚ ਇਕ ਪੈਦਲ ਯਾਤਰਾ ਨੰਦੀਗ੍ਰਾਮ ਦੀ ਘਟਨਾ, ਜਿਸ ਵਿਚ ਪੁਲਸ ਦੀ ਗੋਲੀ ਨਾਲ 14 ਵਿਅਕਤੀ ਮਾਰ ਗਏ ਸਨ, ਤੋਂ ਬਾਅਦ ਮਮਤਾ ਬੈਨਰਜੀ ਨੇ ਸਿੰਗੂਰ ਤੋਂ ਨੰਦੀਗ੍ਰਾਮ ਤਕ ਕੱਢੀ। ਇਸ ਦਾ ਪੁਰਸਕਾਰ ਉਨ੍ਹਾਂ ਨੂੰ 2011 ’ਚ ਮਿਲਿਆ, ਜਦੋਂ ਉਹ ਪੱਛਮੀ ਬੰਗਾਲ ’ਚ ਖੱਬੇ ਪੱਖੀ ਪਾਰਟੀਆਂ ਦੀ 34 ਸਾਲ ਪੁਰਾਣੀ ਸਰਕਾਰ ਨੂੰ ਸੱਤਾ ਤੋਂ ਲਾਹ ਕੇ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਬਣਾਉਣ ’ਚ ਸਫਲ ਹੋਈ।
* 2013 ’ਚ ਤੇਲਗੂ ਦੇਸ਼ਮ ਦੇ ਨੇਤਾ ਚੰਦਰ ਬਾਬੂ ਨਾਇਡੂ ਨੇ, ਜਦੋਂ ਉਹ ਵਿਰੋਧੀ ਧਿਰ ਵਿਚ ਸਨ, 1700 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਸੀ ਅਤੇ 2014 ’ਚ ਉਹ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ।
* 6 ਨਵੰਬਰ, 2017 ਨੂੰ ਵਾਈ. ਐੱਸ. ਆਰ. ਕਾਂਗਰਸ ਦੇ ਨੇਤਾ ਜਗਨਮੋਹਨ ਰੈੱਡੀ ਨੇ ਵੀ 3600 ਕਿਲੋਮੀਟਰ ਲੰਬੀ ‘ਪ੍ਰਜਾ ਸੰਕਲਪ ਯਾਤਰਾ’ ਕੱਢੀ ਜੋ ‘ਕਡੱਪਾ’ ਜ਼ਿਲੇ ਤੋਂ ਸ਼ੁਰੂ ਹੋ ਕੇ 430 ਦਿਨ ਤਕ ਚੱਲੀ ਅਤੇ ‘ਸ਼੍ਰੀਕਾਕੁਲਮ’ ਵਿਖੇ ਖਤਮ ਹੋਈ। ਉਹ 2019 ’ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਅਤੇ ਅਜੇ ਤਕ ਆਪਣੇ ਅਹੁਦੇ ’ਤੇ ਹਨ।
* 9 ਅਗਸਤ, 2022 ਤੋਂ ਸਪਾ ਨੇ ਵੱਖ-ਵੱਖ ਪੜਾਵਾਂ ’ਚ ‘ਦੇਸ਼ ਬਚਾਓ, ਦੇਸ਼ ਬਣਾਓ’ ਯਾਤਰਾ ਸ਼ੁਰੂ ਕੀਤੀ ਹੋਈ ਹੈ।
ਬੀਤੇ ਸਮੇਂ ਦੀਆਂ ਯਾਤਰਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਹੀ ਰਾਹੁਲ ਗਾਂਧੀ ਅਤੇ ਸੁਖਬੀਰ ਬਾਦਲ ਨੇ ਯਾਤਰਾਵਾਂ ਕੱਢਣ ਦਾ ਸਹੀ ਫੈਸਲਾ ਲਿਆ ਹੈ। ਇਨ੍ਹਾਂ ਦਾ ਨਤੀਜਾ ਤਾਂ ਬਾਅਦ ਵਿਚ ਪਤਾ ਲੱਗੇਗਾ ਪਰ ਇਸ ਦੌਰਾਨ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨਾਲ ਮਿਲ ਕੇ ਇਨ੍ਹਾਂ ਨੂੰ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਅਤੇ ਇਹ ਜਾਣਨ ਦਾ ਮੌਕਾ ਜ਼ਰੂਰ ਮਿਲੇਗਾ ਕਿ ਲੋਕ ਉਨ੍ਹਾਂ ਤੋਂ ਕੀ ਉਮੀਦਾਂ ਰੱਖਦੇ ਹਨ।          

 –ਵਿਜੇ ਕੁਮਾਰ


Mandeep Singh

Content Editor

Related News