ਸ਼ੋਅ ਬਿਜ਼ਨੈੱਸ ਨਾਲ ਜੁੜੇ ਲੋਕਾਂ ’ਚ ਵੀ ਵਧ ਰਿਹਾ ਖੁਦਕੁਸ਼ੀ ਕਰਨ ਦਾ ਰੁਝਾਨ

Friday, Nov 10, 2023 - 03:37 AM (IST)

ਲੋਕਾਂ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ’ਚ ਡਿਪ੍ਰੈਸ਼ਨ, ਨਸ਼ਾ, ਗੰਭੀਰ ਜਾਂ ਲੰਬੀ ਬੀਮਾਰੀ, ਕੰਮ ਨਾ ਮਿਲਣਾ, ਪਾਰਟਨਰ ਨਾਲ ਅਣਬਣ, ਜਬਰ-ਜ਼ਨਾਹ, ਸੈਕਸ ਅਤੇ ਸਰੀਰਕ ਹਿੰਸਾ ਆਦਿ ਦੇ ਨਤੀਜੇ ਵਜੋਂ ਜ਼ਿੰਦਗੀ ’ਚ ਪੈਦਾ ਹੋਣ ਵਾਲੀ ਟ੍ਰਾਮੈਟਿਕ ਸਟ੍ਰੈੱਸ (ਸਦਮਾ) ਆਦਿ ਸ਼ਾਮਲ ਹਨ ਅਤੇ ਤੜਕ-ਭੜਕ ਵਾਲੇ ਮਨੋਰੰਜਨ ਜਗਤ ਨਾਲ ਜੁੜੇ ਲੋਕ ਵੀ ਇਨ੍ਹਾਂ ਸਮੱਸਿਆਵਾਂ ਤੋਂ ਮੁਕਤ ਨਹੀਂ ਹਨ।

* 30 ਅਕਤੂਬਰ, 2023 ਨੂੰ ਕਈ ਫਿਲਮਾਂ ਅਤੇ ਟੀ. ਵੀ. ਸੀਰੀਅਲਾਂ ਦਾ ਹਿੱਸਾ ਰਹੀ ਮਲਿਆਲਮ ਅਦਾਕਾਰਾ ‘ਰੇਂਜੁਸ਼ਾ ਮੈਨਨ’ ਨੇ ਕੰਮ ਨਾ ਮਿਲਣ ਦੇ ਤਣਾਅ ਕਾਰਨ ਤਿਰੂਵਨੰਤਪੁਰਮ ਸਥਿਤ ਆਪਣੇ ਕਿਰਾਏ ਦੇ ਮਕਾਨ ’ਚ ਆਪਣੀ ਸਾੜ੍ਹੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿੱਥੇ ਉਹ ਕੁਝ ਸਮੇਂ ਤੋਂ ਆਪਣੇ ਅਦਾਕਾਰ ਪਤੀ ਮਨੋਜ ਅਤੇ ਬੱਚਿਆਂ ਨਾਲ ਰਹਿ ਰਹੀ ਸੀ।

* 1 ਸਤੰਬਰ, 2023 ਨੂੰ ਮਲਿਆਲਮ ਫਿਲਮਾਂ ਦੀ ਅਭਿਨੇਤਰੀ ‘ਅਪਰਨਾ ਪੀ. ਨਾਇਰ’ ਨੇ ਤਿਰੂਵਨੰਤਪੁਰਮ ਸਥਿਤ ਆਪਣੇ ਮਕਾਨ ਦੇ ਬੈੱਡਰੂਮ ’ਚ ਸਾੜ੍ਹੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਅਪਰਨਾ ਦੀ ਮਾਂ ਨੇ ਇਸ ਲਈ ਉਸ ਦੇ ਪਤੀ ‘ਸੰਜੀਤ’ ਨੂੰ ਜ਼ਿੰਮੇਵਾਰ ਠਹਿਰਾਇਆ।

* 2 ਅਗਸਤ, 2023 ਨੂੰ ‘ਲਗਾਨ’ ਅਤੇ ‘ਜੋਧਾ ਅਕਬਰ’ ਵਰਗੀਆਂ ਫਿਲਮਾਂ ਦੇ ਆਰਟ ਡਾਇਰੈਕਟਰ ਅਤੇ 4 ਰਾਸ਼ਟਰੀ ਪੁਰਸਕਾਰ ਜੇਤੂ ‘ਨਿਤਿਨ ਦੇਸਾਈ’ ਨੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ। ਉਹ ਕਰਜਤ ਸਥਿਤ ਇਕ ਸਟੂਡੀਓ ’ਚ ਮ੍ਰਿਤ ਮਿਲੇ।

* 14 ਜੂਨ, 2023 ਨੂੰ ‘ਜੂਨੀਅਰ ਨਾਨਾ ਪਾਟੇਕਰ’ ਅਖਵਾਉਣ ਵਾਲੇ ਅਤੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਰਹਿ ਚੁੱਕੇ ਅਦਾਕਾਰ ‘ਤੀਰਥਾਨੰਦ ਰਾਓ’ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਦਾ ਯਤਨ ਕੀਤਾ, ਜਿਸ ਲਈ ਉਸ ਨੇ ਲਿਵ ਇਨ ’ਚ ਰਹਿਣ ਵਾਲੀ ਇਕ ਔਰਤ ਨੂੰ ਜ਼ਿੰਮੇਵਾਰ ਠਹਿਰਾਇਆ, ਜੋ ਇਮੋਸ਼ਨਲ ਬਲੈਕਮੇਲ ਕਰ ਕੇ ਉਸ ਕੋਲੋਂ ਜਬਰੀ ਪੈਸਾ ਵਸੂਲ ਕਰ ਰਹੀ ਸੀ।

* 24 ਮਈ, 2023 ਨੂੰ ਤਮਿਲ ਟੀ. ਵੀ. ਸੀਰੀਅਲਾਂ ਦੀ ਪ੍ਰਸਿੱਧ ਅਦਾਕਾਰਾ ‘ਪ੍ਰਿਆ’ ਨੇ ਆਪਣੇ ਪਤੀ ਨਾਲ ਹੋਏ ਵਿਵਾਦ ਤੋਂ ਬਾਅਦ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ।

* 24 ਅਪ੍ਰੈਲ, 2023 ਨੂੰ ਕੰਨੜ ਫਿਲਮਾਂ ਦੇ ਪ੍ਰਸਿੱਧ ਅਦਾਕਾਰ ‘ਸੰਪਤ ਜੇ. ਰਾਮ.’ ਨੇ ਖੁਦਕੁਸ਼ੀ ਕਰ ਲਈ। ਉਸ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਕੁਝ ਸਮੇਂ ਤੋਂ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ। ਪਰਿਵਾਰ ਦੀ ਤੰਗੀ ਦੇਖ ਕੇ ਵਧੇ ਤਣਾਅ ਅਤੇ ਦਬਾਅ ਦੇ ਪ੍ਰਭਾਵ ਅਧੀਨ ਉਸ ਨੇ ਇਹ ਕਦਮ ਉਠਾਇਆ।

* 26 ਮਾਰਚ, 2023 ਨੂੰ ਉੜੀਆ ਗਾਇਕਾ ਅਤੇ ਅਦਾਕਾਰਾ ‘ਰੁਚੀ ਸਮਿਤਾ ਗੁਰੂ’ ਨੇ ‘ਸੁਧਾਪੇਟਾ’ ਸਥਿਤ ਆਪਣੇ ਚਾਚੇ ਦੇ ਘਰ ’ਚ ਖੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਇਹ ਕਦਮ ਉਠਾਉਣ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਦਾ ਆਪਣੀ ਮਾਂ ਨਾਲ ਝਗੜਾ ਹੋਇਆ ਸੀ। ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ।

* 26 ਮਾਰਚ, 2023 ਨੂੰ ਇਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ’ਚ ਵਾਰਾਣਸੀ ਆਈ ਹੋਈ ਭੋਜਪੁਰੀ ਫਿਲਮਾਂ ਦੀ ਅਦਾਕਾਰਾ ‘ਅਕਾਂਕਸ਼ਾ ਦੂਬੇ’ ਇਕ ਹੋਟਲ ’ਚ ਮ੍ਰਿਤ ਮਿਲੀ। ਦੱਸਿਆ ਜਾਂਦਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਸੀ। ਪੁਲਸ ਨੇ ਇਸ ਘਟਨਾ ਦੇ ਸਬੰਧ ’ਚ ‘ਸਮਰ ਸਿੰਘ’ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

* 23 ਜਨਵਰੀ, 2023 ਨੂੰ ਅਦਾਕਾਰ ‘ਸੁਧੀਰ ਵਰਮਾ’ ਨੇ ਵਿਸ਼ਾਖਾਪਟਨਮ ਸਥਿਤ ਆਪਣੇ ਘਰ ’ਚ ਖੁਦਕੁਸ਼ੀ ਕਰ ਕੇ ਆਪਣੇ 10 ਸਾਲਾਂ ਦੇ ਫਿਲਮੀ ਕਰੀਅਰ ਦਾ ਅੰਤ ਕਰ ਦਿੱਤਾ। ਫਿਲਮਾਂ ’ਚ ਚੰਗੇ ਆਫਰ ਨਾ ਮਿਲਣ ਕਾਰਨ ਉਹ ਕੁਝ ਸਮੇਂ ਤੋਂ ਤਣਾਅ ’ਚ ਰਹਿ ਰਹੇ ਸਨ।

* 18 ਸਤੰਬਰ, 2022 ਨੂੰ ‘ਦੀਪਾ’ ਦੇ ਨਾਂ ਨਾਲ ਮਸ਼ਹੂਰ ਤਮਿਲ ਅਦਾਕਾਰਾ ‘ਪਾਲਿਨ ਜੈਸਿਕਾ’ ਨੇ ਚੇਨਈ ’ਚ ਖੁਦਕੁਸ਼ੀ ਕਰ ਲਈ। ਉਹ ਇਕ ਨੌਜਵਾਨ ਨਾਲ ਪਿਆਰ ਕਰਦੀ ਸੀ, ਜਿਸ ਨਾਲ ਉਸ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਸੀ।

* 18 ਮਈ, 2022 ਨੂੰ ਦੱਖਣ ਭਾਰਤੀ ਫਿਲਮਾਂ ਦੀ ਟ੍ਰਾਂਸ ਵੂਮੈਨ ਅਭਿਨੇਤਰੀ ‘ਸੇਲਿਨ ਮੈਥਿਊ’ ਐਰਨਾਕੁਲਮ ਜ਼ਿਲੇ ’ਚ ਆਪਣੇ ਕਿਰਾਏ ਦੇ ਅਪਾਰਟਮੈਂਟ ’ਚ ਮ੍ਰਿਤ ਮਿਲੀ। ਇਕ ਵਿਅਕਤੀ ਨਾਲ ਵੀਡੀਓ ਚੈਟਿੰਗ ਦੌਰਾਨ ਹੀ ਉਸ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਅਤੇ ਕੁਝ ਦਿਨਾਂ ਤੋਂ ਉਦਾਸੀ ਮਹਿਸੂਸ ਕਰ ਰਹੀ ਸੀ।

* 24 ਦਸੰਬਰ, 2022 ਨੂੰ ਟੀ. ਵੀ. ਅਦਾਕਾਰਾ ‘ਤੁਨਿਸ਼ਾ ਸ਼ਰਮਾ’ ਨੂੰ ਉਸ ਦੇ ਟੀ. ਵੀ. ਸੀਰੀਅਲ ‘ਅਲੀ ਬਾਬਾ ਦਾਸਤਾਨ-ਏ-ਕਾਬੁਲ’ ਦੇ ਸੈੱਟ ’ਤੇ ਸਟੂਡੀਓ ਦੇ ਟਾਇਲੈਟ ’ਚ ਮ੍ਰਿਤ ਪਾਇਆ ਗਿਆ। ਇਸ ਦੇ ਅਗਲੇ ਦਿਨ ‘ਤੁਨਿਸ਼ਾ’ ਦੀ ਮਾਂ ਦੀ ਸ਼ਿਕਾਇਤ ’ਤੇ ਉਸ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਉਸ ਦੇ ਪਹਿਲੇ ਬੁਆਏਫ੍ਰੈਂਡ ‘ਸ਼ਿਜਾਨ ਖਾਨ’ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਚਮਕ-ਦਮਕ ਦੀ ਦੁਨੀਆ ਨਾਲ ਜੁੜੇ ਲੋਕ ਵੀ ਜ਼ਿੰਦਗੀ ’ਚ ਆਉਣ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਮਾਮਲੇ ’ਚ ਓਨੇ ਹੀ ਕਮਜ਼ੋਰ ਹਨ ਜਿੰਨੇ ਕਿ ਹੋਰ ਲੋਕ।

- ਵਿਜੇ ਕੁਮਾਰ


Anmol Tagra

Content Editor

Related News