‘ਦੇਸ਼ ਦੀ ਸੁਰੱਖਿਆ ਮਜ਼ਬੂਤ ਕਰਨ ਦੇ ਲਈ’ ‘ਸੰਸਦੀ ਕਮੇਟੀ’ ਅਤੇ ‘ਹਵਾਈ ਫੌਜ ਮੁਖੀ’ ਦੇ ਸੁਝਾਅ
Wednesday, Jan 04, 2023 - 01:12 AM (IST)
ਇਸ ਸਮੇਂ ਜਦਕਿ ਵਿਸ਼ਵ ਦੇ ਕਈ ਹਿੱਸਿਆਂ ’ਚ ਅਸ਼ਾਂਤੀ ਅਤੇ ਟਕਰਾਅ ਦਾ ਵਾਤਾਵਰਣ ਬਣਿਆ ਹੋਇਆ ਹੈ, ਭਾਜਪਾ ਸੰਸਦ ਮੈਂਬਰ ‘ਜੁਏਲ ਓਰਾਮ’ ਦੀ ਪ੍ਰਧਾਨਗੀ ਵਾਲੀ ‘ਰੱਖਿਆ ਸਬੰਧੀ ਸੰਸਦੀ ਕਮੇਟੀ’ ਅਤੇ ਹਵਾਈ ਫੌਜ ਦੇ ਮੁਖੀ ਏਅਰਚੀਫ ਮਾਰਸ਼ਲ ਸ਼੍ਰੀ ਵੀ. ਆਰ. ਚੌਧਰੀ ਨੇ ‘ਸੁਰੱਖਿਆ ਬਲਾਂ ’ਚ ਪੈਦਾ ਕੁਝ ਕਮੀਆਂ’ ਵੱਲ ਸਰਕਾਰ ਦਾ ਧਿਆਨ ਦਿਵਾਇਆ ਹੈ :
‘ਰੱਖਿਆ ਸਬੰਧੀ ਸੰਸਦੀ ਕਮੇਟੀ’ ਨੇ ਭਾਰਤ ਦੀ ਲੰਬੀ ਸਮੁੰਦਰੀ ਕੰਢੇ ਦੀ ਰੇਖਾ ਦੇ ਮੱਦੇਨਜ਼ਰ ਦੇਸ਼ ’ਚ 3 ਜਹਾਜ਼ਵਾਹਕ ਬੇੜਿਆਂ ਦੀ ਲੋੜ ’ਤੇ ਜ਼ੋਰ ਦਿੱਤਾ ਹੈ ਜਦਕਿ ਇਸ ਸਮੇਂ ਦੇਸ਼ ਦੇ ਪੂਰਬੀ ਅਤੇ ਪੱਛਮੀ ਸਮੁੰਦਰੀ ਕੰਢਿਆਂ ਦੇ ਦੋਵੇਂ ਪਾਸੇ 2 ਜਹਾਜ਼ਵਾਹਕ ਬੇੜੇ ‘ਵਿਕ੍ਰਾਂਤ’ ਅਤੇ ‘ਵਿਕ੍ਰਮਾਦਿਤਿਆ’ ਹੀ ਕੰਮ ਕਰ ਰਹੇ ਹਨ। ਕਮੇਟੀ ਦਾ ਕਹਿਣਾ ਹੈ ਕਿ ਇਸ ਨਾਲ ਸਮੁੰਦਰੀ ਫੌਜ ਦੀ ਜੰਗੀ ਸਮਰੱਥਾ ’ਚ ਵਾਧਾ ਹੋਵੇਗਾ।
ਰਿਪੋਰਟ ਦੇ ਅਨੁਸਾਰ ਕਮੇਟੀ ਨੇ ਕਿਹਾ ਹੈ ਕਿ ਪਹਿਲੇ 2 ਵਿਸ਼ਾਲ ਜਹਾਜ਼ਵਾਹਕਾਂ ’ਚੋਂ ਕਿਸੇ ਇਕ ਨੂੰ ਮੁਰੰਮਤ ਲਈ ਭੇਜਣ ’ਤੇ ਉਸ ’ਚ ਕਾਫੀ ਸਮਾਂ ਲੱਗ ਜਾਂਦਾ ਹੈ। ਇਕ ਹੀ ਜਹਾਜ਼ਵਾਹਕ ਸੰਚਾਲਨ ’ਚ ਰਹਿ ਜਾਣ ਨਾਲ ਪੈਦਾ ਹੋਈਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਕਿਸੇ ਸੰਭਾਵਿਤ ਔਖੀ ਸਥਿਤੀ ਨਾਲ ਨਜਿੱਠਣ ਲਈ 3 ਜਹਾਜ਼ਵਾਹਕਾਂ ਦੀ ਬੇਹੱਦ ਲੋੜ ਹੈ ਕਿਉਂਕਿ ਹਰ ਸਮੇਂ 2 ਜਹਾਜ਼ਵਾਹਕ ਬੇੜਿਆਂ ਦੀ ਤਾਇਨਾਤੀ ਜ਼ਰੂਰੀ ਹੈ ਅਤੇ ਤੀਜੇ ਦੀ ਮੁਰੰਮਤ ਤੇ ਰੱਖ-ਰਖਾਅ ਦਾ ਕੰਮ ਵੀ ਚੱਲਦਾ ਰਹੇਗਾ।
ਇਸ ਦੇ ਨਾਲ ਹੀ ਕਮੇਟੀ ਨੇ ਅੰਡੇਮਾਨ-ਨਿਕੋਬਾਰ ਦੀਪ ਸਮੂਹਾਂ ਅਤੇ ਲਕਸ਼ਦੀਪ ’ਚ ਮੁੱਢਲਾ ਢਾਂਚਾ ਕਾਇਮ ਕਰਨ ਤੇ ਵਧੀਆ ਏਅਰਫੀਲਡ ਬਣਾਉਣ ਦੀ ਲੋੜ ਵੀ ਪ੍ਰਗਟਾਈ ਹੈ। ਕਮੇਟੀ ਦਾ ਕਹਿਣਾ ਹੈ ਕਿ ਇਸ ਨਾਲ ਸੁਰੱਖਿਆ ਬਲਾਂ ਦੀ ਸੰਚਾਲਨ ਸਮੱਰਥਾ ’ਚ ਵਾਧਾ ਹੋਵੇਗਾ, ਇਸ ਲਈ ਇਸ ਕੰਮ ਨੂੰ ਲੰਬੇ ਸਮੇਂ ਦੀ ਰਣਨੀਤੀ ਦੇ ਆਧਾਰ ’ਤੇ ਹੱਥ ’ਚ ਲਿਆ ਜਾਵੇ।
ਇਹੀ ਨਹੀਂ, ਹਵਾਈ ਫੌਜ ਦੇ ਮੁਖੀ ਵੀ. ਆਰ. ਚੌਧਰੀ ਨੇ ਹਾਲ ਹੀ ’ਚ ਭਾਰਤੀ ਹਵਾਈ ਫੌਜ ’ਚ ਮਹੱਤਵਪੂਰਨ ਕਮੀਆਂ ਵੱਲ ਵੀ ਸਰਕਾਰ ਦਾ ਧਿਆਨ ਦਿਵਾਇਆ ਹੈ।
ਸ਼੍ਰੀ ਚੌਧਰੀ ਦੇ ਅਨੁਸਾਰ ਇਨ੍ਹਾਂ ਕਮੀਆਂ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਤੇ ਭਵਿੱਖ ’ਚ ਜੰਗ ਲੜਣ ਅਤੇ ਜਿੱਤਣ ਦੀ ਸਮਰੱਥਾ ਵਿਕਸਿਤ ਕਰ ਕੇ ‘ਹਵਾ ’ਚ ਇਕ ਸ਼ਕਤੀ’ ਦੇ ਰੂਪ ’ਚ ਖੁਦ ਨੂੰ ਵਿਕਸਿਤ ਕਰਨ ਦੀ ਲੋੜ ਹੈ ਤਾਂ ਕਿ ਹਵਾਈ ਫੌਜ ਦੀ ‘ਲੜਾਕੂ ਬੜ੍ਹਤ’ ਕਾਇਮ ਰਹੇ।
ਨਵੀਂ ਦਿੱਲੀ ’ਚ ਇਕ ਸੈਮੀਨਾਰ ’ਚ ਉਨ੍ਹਾਂ ਨੇ ਕਿਹਾ, ‘‘ਭਾਰਤੀ ਹਵਾਈ ਫੌਜ ਲੜਾਕੂ ਸਕੁਐਡ੍ਰਨ ਅਤੇ ‘ਫੋਰਸ ਮਲਟੀਪਲੇਅਰਾਂ’ ਵਰਗੀਆਂ ਕੁਝ ਸਮੱਸਿਆਵਾਂ ਨਾਲ ਜੂਝ ਰਹੀ ਹੈ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾਣਾ ਚਾਹੀਦਾ ਹੈ।’’
ਉਨ੍ਹਾਂ ਕਿਹਾ ਕਿ 42 ਲੜਾਕੂ ਸਕੁਐਡ੍ਰਨਾਂ ਦੇ ਮੁਕਾਬਲੇ ਹਵਾਈ ਫੌਜ ਇਸ ਸਮੇਂ ਲਗਭਗ 30 ਲੜਾਕੂ ਸਕੁਐਡ੍ਰਨਾਂ ਦਾ ਹੀ ਸੰਚਾਲਨ ਕਰ ਰਹੀ ਹੈ ਤੇ ਇਸ ਦੀ ਸਮਰੱਥਾ ਵਧਾਉਣ ਲਈ ਹਵਾ ’ਚ ਤੇਲ ਭਰਨ ਵਾਲੇ ਅਤੇ ਏਅਰਬੋਰਨ ਵਾਰਨਿੰਗ ਅਤੇ ਕੰਟਰੋਲ ਸਿਸਟਮਾਂ (ਅਵਾਕਸ) ਦੀ ਲੋੜ ਹੈ।
ਸ਼੍ਰੀ ਚੌਧਰੀ ਦੇ ਅਨੁਸਾਰ ਭਾਰਤ ਦਾ ਗੁਆਂਢ ਅਸਥਿਰ ਤੇ ਅਨਿਸ਼ਚਿਤ ਬਣਿਆ ਹੋਇਆ ਹੈ। ਅਜਿਹੇ ’ਚ ਸਾਨੂੰ ਸਮਾਨ ਵਿਚਾਰਾਂ ਵਾਲੇ ਦੇਸ਼ਾਂ ਦੇ ਨਾਲ ਸਾਂਝੇਦਾਰੀ ਕਰ ਕੇ ਆਪਣੀ ਸਮੂਹਿਕ ਸ਼ਕਤੀ ਵਧਾਉਣੀ ਚਾਹੀਦੀ ਹੈ। ਉਨ੍ਹਾਂ ਨੇ ਫੌਜੀ ਯੰਤਰਾਂ ਦੇ ਮਾਮਲੇ ’ਚ ਆਤਮਨਿਰਭਰਤਾ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਅਤੇ ਕਿਹਾ :
‘‘ਸਾਨੂੰ ਵਿਦੇਸ਼ੀ ਯੰਤਰਾਂ ਦੇ ਮਾਮੂਲੀ ਸਵਦੇਸ਼ੀਕਰਨ ’ਤੇ ਨਿਰਭਰ ਰਹਿਣ ਦੀ ਥਾਂ ’ਤੇ ਆਪਣੇ ਖੁਦ ਦੇ ਫੌਜੀ ਯੰਤਰਾਂ ਦੇ ਨਿਰਮਾਣ ਲਈ ਖੋਜ ਅਤੇ ਵਿਕਾਸ ’ਤੇ ਵੱਧ ਧਿਆਨ ਦੇਣ ਦੀ ਲੋੜ ਹੈ।’’
‘ਇੰਡੋ ਪੈਸੇਫਿਕ ਖੇਤਰ’ ’ਚ ਜਾਰੀ ‘ਸ਼ਕਤੀ ਦੀ ਸਿਆਸਤ’ ਦੀ ਚਰਚਾ ਕਰਦੇ ਹੋਏ ਸ਼੍ਰੀ ਚੌਧਰੀ ਨੇ ਇਸ ਤੱਥ ਵੱਲ ਧਿਆਨ ਦਿਵਾਇਆ ਹੈ ਕਿ ਇਕ ਸਥਾਪਿਤ ਵਿਸ਼ਵ ਸ਼ਕਤੀ (ਅਮਰੀਕਾ) ਨੂੰ ਵਿਸ਼ਵ ਪੱਧਰੀ ਖਾਹਿਸ਼ਾਂ ਵਾਲੀ ਇਕ ਖੇਤਰੀ ਸ਼ਕਤੀ (ਚੀਨ) ਦੀ ਚੁਣੌਤੀ ਲਗਾਤਾਰ ਵਧਣ ਨਾਲ ਖੇਤਰ ਦੇ ਸਾਰੇ ਪ੍ਰਮੁੱਖ ਦੇਸ਼ ਪ੍ਰਭਾਵਿਤ ਹੋਣਗੇ।
‘ਰੱਖਿਆ ਸਬੰਧੀ ਸੰਸਦੀ ਕਮੇਟੀ’ ਤੇ ਹਵਾਈ ਫੌਜ ਮੁਖੀ ਸ਼੍ਰੀ ਚੌਧਰੀ ਨੇ ਦੇਸ਼ ਦੀ ਪ੍ਰਤੀਰੱਖਿਆ ਸਮਰੱਥਾ ’ਚ ਵਾਧੇ ਦੇ ਲਈ ਜੋ ਸੁਝਾਅ ਦਿੱਤੇ ਹਨ, ਉਨ੍ਹਾਂ ਨੂੰ ਸਰਵਉੱਚ ਪਹਿਲ ਦੇ ਕੇ ਉਨ੍ਹਾਂ ’ਤੇ ਤੁਰੰਤ ਅਮਲ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਸੁਰੱਖਿਆ ਬਲ ਕਮਜ਼ੋਰ ਨਾ ਹੋਣ ਅਤੇ ਉਹ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਦੀ ਹਰ ਮੁਹਿੰਮ ’ਚ ਜੇਤੂ ਹੋ ਕੇ ਨਿਕਲਣ।
-ਵਿਜੇ ਕੁਮਾਰ