ਦੁੱਧ ਦੀ ਕਮੀ ਪੂਰੀ ਕਰਨ ਲਈ ‘ਰਾਸ਼ਟਰੀ ਗੋਪਾਲ ਰਤਨ’ ਬੂਟਾ ਸਿੰਘ ਦਾ ਅਣਮੁੱਲਾ ਸੁਝਾਅ

Tuesday, Apr 11, 2023 - 03:02 AM (IST)

ਦੁੱਧ ਦੀ ਕਮੀ ਪੂਰੀ ਕਰਨ ਲਈ ‘ਰਾਸ਼ਟਰੀ ਗੋਪਾਲ ਰਤਨ’ ਬੂਟਾ ਸਿੰਘ ਦਾ ਅਣਮੁੱਲਾ ਸੁਝਾਅ

ਦੇਸ਼ ’ਚ ਇਸ ਸਮੇਂ ਭੁੱਖ ਦੇ ਕਾਰਨ ਗਾਵਾਂ ਪੇਟ ਭਰਨ ਲਈ ਕੂੜੇ ’ਚ ਸੁੱਟਿਆ ਕਚਰਾ, ਪੋਲੀਥੀਨ ਅਤੇ ਹੋਰ ਨਾ ਖਾਣ ਵਾਲੀਆਂ ਵਸਤੂਆਂ ਭੋਜਨ ਸਮਝ ਕੇ ਖਾ ਲੈਂਦੀਆਂ ਹਨ ਜਿਸ ਦਾ ਉਨ੍ਹਾਂ ਦੇ ਸਰੀਰ ’ਤੇ ਬੇਹੱਦ ਉਲਟ ਪ੍ਰਭਾਵ ਪੈਂਦਾ ਹੈ।

ਇਸ ਨਾਲ ਨਾ ਸਿਰਫ ਉਨ੍ਹਾਂ ਦੇ ਸਰੀਰ ’ਚ ਇਨਫੈਕਸ਼ਨ ਹੋ ਜਾਂਦੀ ਹੈ ਸਗੋਂ ਨਾ ਖਾਣ ਯੋਗ ਪਦਾਰਥ ਖਾਣ ਵਾਲੀਆਂ ਗਾਵਾਂ ਦੇ ਦੁੱਧ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਪ੍ਰਦੂਸ਼ਿਤ ਦੁੱਧ ਅਤੇ ਉਸ ਨਾਲ ਬਣੇ ਉਤਪਾਦਾਂ ਦਾ ਸੇਵਨ ਕਰਨ ਨਾਲ ਲੋਕਾਂ ਨੂੰ ਲਾਭ ਦੀ ਬਜਾਏ ਹਾਨੀ ਹੁੰਦੀ ਹੈ ਅਤੇ ਉਹ ਬੀਮਾਰ ਹੋ ਜਾਂਦੀਆਂ ਹਨ।

ਹਾਲਾਂਕਿ ਕਿਸੇ ਸਮੇਂ ਭਾਰਤ ਵਿਸ਼ਵ ’ਚ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਸੀ ਪਰ ਹੁਣ ਪਿਛਲੇ ਕੁਝ ਸਮੇਂ ਦੌਰਾਨ ਅਨੇਕਾਂ ਕਾਰਨਾਂ ਕਰ ਕੇ ਦੇਸ਼ ’ਚ ਦੁੱਧ ਦਾ ਉਤਪਾਦਨ ਠਹਿਰਾਅ ’ਤੇ ਆ ਗਿਆ ਹੈ ਜਦਕਿ ਵੱਖ-ਵੱਖ ਕੰਪਨੀਆਂ ਵਲੋਂ ਦੁੱਧ ਨਾਲ ਆਈਸਕ੍ਰੀਮ, ਦਹੀਂ ਅਤੇ ਹੋਰ ਉਤਪਾਦ ਬਣਾਉਣੇ ਸ਼ੁਰੂ ਕਰ ਦੇਣ ਕਾਰਨ ਇਸ ਦੀ ਮੰਗ ਵਧ ਗਈ ਹੈ।

ਇਸੇ ਕਾਰਨ ਵੱਖ-ਵੱਖ ਦੁੱਧ ਉਤਪਾਦਕ ਸੋਸਾਇਟੀਆਂ ਦੁੱਧ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਕਰ ਰਹੀਆਂ ਹਨ। ਹਾਲ ਹੀ ਦੇ ਸਮੇਂ ’ਚ ਜਿੰਨੀ ਤੇਜ਼ੀ ਨਾਲ ਦੁੱਧ ਦੀ ਕੀਮਤ ਵਧੀ ਹੈ ਓਨੀ ਤੇਜ਼ੀ ਨਾਲ ਪਿਛਲੇ 6-7 ਸਾਲਾਂ ’ਚ ਨਹੀਂ ਵਧੀ ਸੀ। ਪਿਛਲੇ 10 ਮਹੀਨਿਆਂ ਦੌਰਾਨ ਦੁੱਧ ਉਤਪਾਦਕ ਸੋਸਾਇਟੀਆਂ ਦੁੱਧ ਦੀਆਂ ਕੀਮਤਾਂ 9 ਰੁਪਏ ਪ੍ਰਤੀ ਲਿਟਰ ਵਧਾ ਚੁੱਕੀਆਂ ਹਨ।

ਇਸ ਤਰ੍ਹਾਂ ਦੇ ਮਾਹੌਲ ਦਰਮਿਆਨ ਜ਼ਿਲਾ ਫਿਰੋਜ਼ਪੁਰ ਦੇ ‘ਧੀਰਾ ਪੱਤਰਾ’ ਪਿੰਡ ਦੀ ‘ਫਾਰਮਰਜ਼ ਹੈਲਪ ਸੋਸਾਇਟੀ’ ਦੇ ਸ਼੍ਰੀ ਬੂਟਾ ਸਿੰਘ ਭੁੱਲਰ ਨਾਲ ਸਾਡੀ ਮੁਲਾਕਾਤ ਹੋਈ, ਜਿਨ੍ਹਾਂ ਨੂੰ ਗਊ ਭਰਪੂਰਨ ’ਚ ਉਨ੍ਹਾਂ ਦੇ ਯੋਗਦਾਨ ਲਈ 1 ਜੂਨ, 2017 ਨੂੰ ਕੇਂਦਰ ਸਰਕਾਰ ਨੇ ‘ਰਾਸ਼ਟਰੀ ਗੋਪਾਲ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।

ਇਨ੍ਹਾਂ ਦੱਸਿਆ ਕਿ ਦੇਸੀ ਗਾਵਾਂ ਦੀ ਨਸਲ ’ਚ ਸੁਧਾਰ ਬਾਰੇ ਵਿਸਤਾਰ ਜਾਣਕਾਰੀ ਹਾਸਲ ਕਰਨ ਲਈ ਇਨ੍ਹਾਂ ਨੂੰ ਅਤੇ ਇਨ੍ਹਾਂ ਦੀ ਸੋਸਾਇਟੀ ਦੇ ਇਕ ਹੋਰ ਮੈਂਬਰ ਜਗਦੇਵ ਸਮਰਾ ਨੂੰ ਪੰਜਾਬ ਸਰਕਾਰ ਨੇ ਆਪਣੇ 4 ਅਧਿਕਾਰੀਆਂ ਨਾਲ 2016 ’ਚ ਬ੍ਰਾਜ਼ੀਲ ਭੇਜਿਆ ਸੀ।

ਸ਼੍ਰੀ ਬੂਟਾ ਸਿੰਘ ਭੁੱਲਰ ਮੁਤਾਬਕ ਲਗਭਗ 130 ਸਾਲ ਪਹਿਲਾਂ ਬ੍ਰਾਜ਼ੀਲ ਦੇ ਕਿਸਾਨ ਭਾਰਤੀ (ਦੇਸੀ) ਗਿਰ ਅਤੇ ਹੋਰ ਨਸਲ ਦੀਆਂ ਗਾਵਾਂ ਲੈ ਕੇ ਗਏ ਸਨ, ਜੋ ਹੁਣ ਉੱਥੇ ਵਧੀਆ ਨਸਲ ਸੁਧਾਰ ਦੇ ਕਾਰਨ ਰੋਜ਼ਾਨਾ ਲਗਭਗ 70 ਲਿਟਰ ਤੱਕ ਦੁੱਧ ਦੇ ਰਹੀਆਂ ਹਨ।

ਇਸ ਦੇ ਉਲਟ ਭਾਰਤ ’ਚ ਦੇਸੀ ਨਸਲ ਦੀਆਂ ਗਾਵਾਂ ਇਕ ਦਿਨ ’ਚ ਔਸਤਨ 8 ਤੋਂ 10 ਲਿਟਰ ਦੁੱਧ ਹੀ ਦੇ ਪਾਉਂਦੀਆਂ ਹਨ ਅਤੇ ਬਹੁਤ ਘੱਟ ਗਾਵਾਂ ਹੀ 20 ਲਿਟਰ ਰੋਜ਼ਾਨਾ ਦੁੱਧ ਿਦੰਦੀਆਂ ਹਨ। ਪੰਜਾਬ ਸਰਕਾਰ ਨੇ ਉਥੋਂ ਉੱਨਤ (ਗਿਰ) ਨਸਲ ਦੇ ਸਾਨ੍ਹਾਂ ਦਾ ਸੀਮਨ ਮੰਗਵਾਇਆ ਸੀ, ਜਿਸ ਨੂੰ ਕੁਝ ਗਊ ਪਾਲਕਾਂ ’ਚ ਵੰਡਣ ’ਤੇ ਚੰਗੇ ਨਤੀਜੇ ਮਿਲੇ ਹਨ।

ਉਨ੍ਹਾਂ ਦੱਸਿਆ ਕਿ ਜੇਕਰ ਭਾਰਤੀ ਦੇਸੀ ਗਾਵਾਂ ਦਾ ਉੱਥੋਂ ਮੰਗਵਾਏ ਹੋਏ ਉੱਨਤ ਨਸਲ ਦੇ ਦੇਸੀ (ਗਿਰ) ਸਾਨ੍ਹਾਂ ਦੇ ਸੀਮਨ ਨਾਲ ਗਰਭਧਾਰਨ ਕਰਵਾਇਆ ਜਾਵੇ ਤਾਂ ਭਾਰਤੀ ਦੇਸੀ ਗਾਵਾਂ ਵੀ ਬ੍ਰਾਜ਼ੀਲ ਦੀ ਗਿਰ ਨਸਲ ਦੀਆਂ ਗਾਵਾਂ ਵਾਂਗ ਆਪਣੇ ਜੀਵਨਕਾਲ ’ਚ 17-18 ਵਾਰ ਗਰਭਧਾਰਨ ਕਰ ਕੇ ਓਨੀ ਹੀ ਮਾਤਰਾ ’ਚ ਦੁੱਧ ਅਤੇ ਬੱਚੇ ਦੇ ਸਕਦੀਆਂ ਹਨ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੌਜੂਦਾ ’ਚ ਪੰਜਾਬ ’ਚ ਪਾਲੀਆਂ ਜਾਣ ਵਾਲੀਆਂ ਵਿਦੇਸ਼ੀ ਨਸਲ ਦੀਆਂ ਗਾਵਾਂ 3-4 ਵਾਰ ਗਰਭਧਾਰਨ ਤੋਂ ਬਾਅਦ ਹੀ ਬਾਂਝ ਹੋ ਜਾਣ ਕਾਰਨ ਉਨ੍ਹਾਂ ਦੇ ਮਾਲਕ ਉਨ੍ਹਾਂ ਨੂੰ ਬੇਸਹਾਰਾ ਛੱਡ ਦਿੰਦੇ ਹਨ।

ਪਰ ਲੰਬੀ ਮਿਆਦ ਤੱਕ ਬਾਂਝ ਹੋਣ ਨਾਲ ਵੀ ਬਚੇ ਰਹਿਣ ਕਾਰਨ ਗਊ ਪਾਲਕਾਂ ਵੱਲੋਂ ਇਨ੍ਹਾਂ ਨੂੰ ਬੇਸਹਾਰਾ ਛੱਡ ਦੇਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਵੇਗੀ। ਇਸ ਨਾਲ ਲੋਕਾਂ ਨੂੰ ਸੜਕਾਂ ’ਤੇ ਬੇਸਹਾਰਾ ਘੁੰਮਣ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਨ ਵਾਲੇ ਬੇਸਹਾਰਾ ਗਊਵੰਸ਼ ਦੀ ਸਮੱਸਿਆ ਤੋਂ ਵੀ ਮੁਕਤੀ ਮਿਲੇਗੀ।

ਸ਼੍ਰੀ ਭੁੱਲਰ ਦਾ ਇਹ ਵੀ ਕਹਿਣਾ ਹੈ ਕਿ ਸਮਾਂ ਬੀਤਣ ਦੇ ਨਾਲ-ਨਾਲ ਵਿਦੇਸ਼ੀ ਗਿਰ ਸਾਨ੍ਹਾਂ ਦੇ ਸੀਮਨ ਨਾਲ ਉਸੇ ਨਸਲ ਦੇ ਵੱਛੇ ਪੈਦਾ ਹੋਣ ਕਾਰਨ ਵਿਦੇਸ਼ੀ ਸੀਮਨ ਦੀ ਦਰਾਮਦ ’ਚ ਵੀ ਕਮੀ ਆਉਣੀ ਸ਼ੁਰੂ ਹੋ ਜਾਵੇਗੀ।

ਬ੍ਰਾਜ਼ੀਲ ਤੋਂ ਮੰਗਵਾਏ ਹੋਏ ਵੀਰਜ ਨਾਲ ਦੇਸੀ ਗਾਵਾਂ ਨੂੰ ਗਰਭਧਾਰਨ ਕਰਾਉਣ ਨਾਲ ਦੁੱਧ ਦੀ ਕਮੀ ਦੂਰ ਹੋਣ ਤੋਂ ਇਲਾਵਾ ਇਸ ਦੀ ਕੁਆਲਿਟੀ ਤੇ ਫੈਟ ’ਚ ਵੀ ਵਾਧਾ ਹੋਵੇਗਾ। ਇਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ। ਦੁੱਧ ਉਤਪਾਦਕ ਕਿਸਾਨ ਤੇ ਸੋਸਾਇਟੀਆਂ ਵਧੇਰੇ ਸਿਹਤਮੰਦ ਕੈਲਸ਼ੀਅਮ ਭਰਪੂਰ ਦੁੱਧ ਅਤੇ ਹੋਰ ਉਤਪਾਦ ਬਾਜ਼ਾਰ ’ਚ ਦੇ ਸਕਣਗੀਆਂ। ਉੱਨਤ ਨਸਲ ਦੀਆਂ ਇਨ੍ਹਾਂ ਦੇਸੀ ਗਾਵਾਂ ਦੇ ਮੂਤਰ ਅਤੇ ਗੋਹੇ ਨਾਲ ਜ਼ਮੀਨ ਦੀ ਪੈਦਾਵਾਰ ਵੀ ਵਧੇਗੀ।

ਸ਼੍ਰੀ ਭੁੱਲਰ ਦਾ ਕਹਿਣਾ ਹੈ ਕਿ ਗਾਂ ਬਚੇਗੀ ਤਾਂ ਦੇਸ਼ ਬਚੇਗਾ। ਅਜਿਹੀਆਂ ਉੱਨਤ ਨਸਲ ਦੀਆਂ 2-4 ਗਾਵਾਂ ਪਾਲ ਲੈਣ ਨਾਲ ਹੀ ਕਿਸਾਨਾਂ ਦੀ ਆਮਦਨ ਕਾਫੀ ਵਧ ਸਕਦੀ ਹੈ। ਇਸ ਨਾਲ ਦੇਸ਼ ’ਚ ਕੁਦਰਤੀ ਆਫਤਾਂ ਕਾਰਨ ਫਸਲਾਂ ਦੇ ਨਸ਼ਟ ਹੋਣ ’ਤੇ ਕਿਸਾਨਾਂ ਦੀ ਸਰਕਾਰ ’ਤੇ ਨਿਰਭਰਤਾ ਵੀ ਘੱਟ ਹੋਵੇਗੀ ਤੇ ਉਨ੍ਹਾਂ ਨੂੰ ਮੁਆਵਜ਼ੇ ਲਈ ਸਰਕਾਰ ਦਾ ਮੂੰਹ ਨਹੀਂ ਦੇਖਣਾ ਪਵੇਗਾ, ਜਿਵੇਂ ਕਿ ਇਸ ਸਮੇਂ ਪੰਜਾਬ ’ਚ ਗੰਦਮ ਦੀ ਫਸਲ ਨਸ਼ਟ ਹੋਣ ਦੇ ਨਜ਼ਰੀਏ ਨਾਲ ਸੂਬੇ ਦੇ ਕਿਸਾਨ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਦੇਸ਼ ’ਚ ਦੁੱਧ ਦਾ ਉਤਪਾਦਨ ਵਧਾਉਣ ਅਤੇ ਗਊਵੰਸ਼ ਦੀ ਰੱਖਿਆ ਲਈ ਸ਼੍ਰੀ ਭੁੱਲਰ ਦਾ ਸੁਝਾਅ ਚੰਗਾ ਹੈ। ਇਸ ’ਤੇ ਅਮਲ ਕਰਨ ਨਾਲ ਜਿੱਥੇ ਦੇਸ਼ ’ਚ ਦੁੱਧ ਦੀ ਕਮੀ ਦੂਰ ਹੋ ਸਕੇਗੀ, ਉੱਥੇ ਹੀ ਇਸ ਦੀਆਂ ਕੀਮਤਾਂ ’ਚ ਵੀ ਕਮੀ ਆਵੇਗੀ ਤੇ ਲੋਕਾਂ ਨੂੰ ਵਧੀਆ ਗੁਣਵੱਤਾ ਦਾ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਪ੍ਰਾਪਤ ਹੋਣਗੇ।

- ਵਿਜੇ ਕੁਮਾਰ


author

Anmol Tagra

Content Editor

Related News