ਕੁਝ ਦਿਲਚਸਪੀਆਂ... ‘ਕੋਰੋਨਾ’ ਦੇ ਮਹਾਮਾਰੀ ਦੌਰ ’ਚ

04/12/2020 2:18:06 AM

ਅੱਜ ਜਦਕਿ ਸਮੁੱਚਾ ਵਿਸ਼ਵ ‘ਕੋਰੋਨਾ’ ਦੇ ਪ੍ਰਕੋਪ ਤੋਂ ਪੀੜਤ ਹੈ, ਲਾਕਡਾਊਨ ਕਾਰਣ ਘਰਾਂ ’ਚ ਬੰਦ ਲੋਕ ਇਕ ਹੀ ਤਰ੍ਹਾਂ ਦੀਆਂ ‘ਕੋਰੋਨਾ’ ਪ੍ਰਕੋਪ ਨੂੰ ਡਰਾਉਣ ਵਾਲੀਆਂ ਖਬਰਾਂ ਪੜ੍ਹ-ਸੁਣ ਕੇ ਬੋਰ ਹੋ ਗਏ ਹੋਣਗੇ, ਅਜਿਹੀ ਹਾਲਤ ’ਚ ਪਾਠਕਾਂ ਦਾ ਧਿਆਨ ਹਟਾਉਣ ਲਈ ਅਸੀਂ ਕੁਝ ਵੱਖਰੀ ਹੀ ਕਿਸਮ ਦੀਆਂ ਦਿਲਚਸਪ ਖਬਰਾਂ ਇਥੇ ਪੇਸ਼ ਕਰ ਰਹੇ ਹਾਂ :

* ‘ਲਾਕਡਾਊਨ’ ਕਾਰਣ ਇਨ੍ਹੀਂ ਦਿਨੀਂ ਅਨੇਕਾਂ ਵੱਡੇ ਅਦਾਰਿਆਂ ਨੇ ਆਪਣੇ ਕੁਝ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਘਰ ਬੈਠ ਕੇ ਇੰਟਰਨੈੱਟ ਰਾਹੀਂ ਕੰਮ ਕਰਨ ਦੀ ਸਹੂਲਤ ਮੁਹੱਈਆ ਕੀਤੀ ਹੈ। ਇਸ ਨਾਲ ਨਾ ਸਿਰਫ ਇੰਟਰਨੈੱਟ ’ਤੇ ਬੋਝ ਬਹੁਤ ਵਧ ਗਿਆ ਹੈ ਸਗੋਂ ਕੁਝ ਅਜੀਬ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ।

ਨਵੀਂ ਦਿੱਲੀ ’ਚ ਇਕ ਵੱਡੇ ਅਦਾਰੇ ਦੇ ਉੱਚ ਅਧਿਕਾਰੀ ਆਪਣੀ ਚੋਟੀ ਦੀ ਮੈਨੇਜਮੈਂਟ ਦੇ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਕਰ ਰਹੇ ਸਨ। ਮੀਟਿੰਗ ਸ਼ੁਰੂ ਹੋਣ ਦੇ ਕੁਝ ਹੀ ਮਿੰਟ ਬੀਤੇ ਹੋਣਗੇ ਕਿ ਵੀਡੀਓ ਕਾਨਫਰੰਸ ’ਚ ਸ਼ਾਮਲ ਲੋਕਾਂ ਦੇ ਕੰਪਿਊਟਰਾਂ ਦੀ ਸਕ੍ਰੀਨ ਤੋਂ ਉੱਚ ਅਧਿਕਾਰੀ ਦਾ ਚਿਹਰਾ ਗਾਇਬ ਹੋ ਗਿਆ ਅਤੇ PORN (ਅਸ਼ਲੀਲ ਸਮੱਗਰੀ) ਦਿਖਾਈ ਦੇਣ ਲੱਗੀ, ਜਿਸ ਨਾਲ ਬੜੀ ਦੁਚਿੱਤੀ ਵਾਲੀ ਸਥਿਤੀ ਬਣ ਗਈ ਅਤੇ ਸਾਰੇ ਲੋਕਾਂ ਨੂੰ ਫਟਾਫਟ ਆਪਣੇ ਕੰਪਿਊਟਰ ਬੰਦ ਕਰਨੇ ਪਏ।

* ਸੋਸ਼ਲ ਡਿਸਟੈਂਸਿੰਗ ਬਾਰੇ ਸਰਕਾਰ ਦੀ ਅਪੀਲ ਦਾ ਉੱਤਰ ਪ੍ਰਦੇਸ਼ ’ਚ ਹਾਪੁੜ ਦੇ ਅਸੋਧਾ ਪਿੰਡ ਦੇ ਮੁਕੁਲ ਤਿਆਗੀ ’ਤੇ ਕੁਝ ਅਜਿਹਾ ਅਸਰ ਹੋਇਆ ਕਿ ਉਸ ਨੇ ‘ਕੋਰੋਨਾ’ ਵਾਇਰਸ ਦੀ ਇਨਫੈਕਸ਼ਨ ਤੋਂ ਬਚਣ ਲਈ ਇਕ ਰੁੱਖ ’ਤੇ ਆਪਣਾ ਘਰ ਬਣਾ ਲਿਆ।

* ਜਿਸ ਤਰ੍ਹਾਂ ਐਮਰਜੈਂਸੀ ਅੰਦਰੂਨੀ ਸੁਰੱਖਿਆ ਕਾਨੂੰਨ ‘ਮੀਸਾ’ ਦੇ ਅਧੀਨ ਜੇਲ ’ਚ ਬੰਦ ਲਾਲੂ ਯਾਦਵ ਨੇ ਉਨ੍ਹੀਂ ਦਿਨੀਂ ਜਨਮੀ ਆਪਣੀ ਬੇਟੀ ਦਾ ਨਾਂ ‘ਮੀਸਾ’ (ਭਾਰਤੀ) ਰੱਖ ਦਿੱਤਾ ਸੀ, ਉਸੇ ਤਰ੍ਹਾਂ ਕੁਝ ਜੋੜੇ ਕੋਰੋਨਾ ਇਨਫੈਕਸ਼ਨ ਦੇ ਇਸ ਦੌਰ ’ਚ ਜਨਮੇ ਆਪਣੇ ਬੱਚਿਆਂ ਦੇ ਨਾਂ ‘ਕੋਰੋਨਾ’ ਅਤੇ ‘ਕੋਵਿਡ’ ਰੱਖ ਰਹੇ ਹਨ ਤਾਂ ਕਿ ਉਲਟ ਹਾਲਤਾਂ ’ਚ ਮਿਲੀ ਖੁਸ਼ੀ ਨੂੰ ਯਾਦਗਾਰ ਬਣਾਇਆ ਜਾ ਸਕੇ।

ਬਿਹਾਰ ’ਚ ਗਯਾ ਦੇ ਬਿਗਹਾ ਪਿੰਡ ਅਤੇ ਛੱਤੀਸਗੜ੍ਹ ’ਚ ਰਾਏਪੁਰ ਦੀ ਪੁਰਾਣੀ ਬਸਤੀ ’ਚ 2 ਜੋੜਿਆਂ ਨੇ ਆਪਣੇ ਜੌੜੇ ਬੱਚਿਆਂ (ਦੋਵਾਂ ਦਾ ਹੀ ਇਕ ਬੇਟਾ ਅਤੇ ਇਕ ਬੇਟੀ ਹੈ) ਦੇ ਨਾਂ ‘ਕੋਵਿਡ’ ਅਤੇ ‘ਕੋਰੋਨਾ ਰੱਖੇ ਹਨ। ਇਸ ਤੋਂ ਪਹਿਲਾਂ ਵੀ ਗਯਾ ’ਚ ਇਕ ਵਿਅਕਤੀ ਨੇ ਆਪਣੇ ਬੇਟੇ ਦਾ ਨਾਂ ‘ਕੋਵਿਡ’ ਰੱਖਿਆ ਸੀ।

* 10 ਅਪ੍ਰੈਲ ਨੂੰ ਕਰਨਾਟਕ ਦੇ ਟੁਮਕੁਰ ਜ਼ਿਲੇ ਦੇ ਤੁਰੂਵੇਕੇਰ ’ਚ ਭਾਜਪਾ ਵਿਧਾਇਕ ਐੱਮ. ਜੈਰਾਮ ਨੇ ਆਪਣਾ ਜਨਮ ਦਿਨ ਮਨਾਇਆ, ਜਿਸ ’ਚ ਵੱਡੀ ਗਿਣਤੀ ’ਚ ਸਮਾਜਿਕ ਦੂਰੀ ਬਣਾਈ ਰੱਖਣ ਦੇ ਹੁਕਮ ਦੀਆਂ ਧੱਜੀਆਂ ਉਡਾਉਂਦੇ ਹੋਏ ਉਨ੍ਹਾਂ ਦੇ ਸਮਰਥਕ ਸ਼ਾਮਲ ਹੋਏ। ਇਸ ’ਤੇ ਅਭਿਨੇਤਰੀ ਰਵੀਨਾ ਟੰਡਨ ਨੇ ਆਪਣੇ ਟਵੀਟ ਜ਼ਰੀਏ ਜੈਰਾਮ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ, ‘‘ਬਹੁਤ ਵਧੀਆ। ਮਹਾਰਾਜ ਕੀ ਜੈ ਹੋ। ਕੋਵਿਡ ਈਡੀਅਟਸ।’’

* ‘ਕੋਰੋਨਾ’ ਦੇ ਪ੍ਰਕੋਪ ਨਾਲ ਲੋਕਾਂ ਲਈ ਤਾਂ ਮਾਸਕ ਪਹਿਨਣਾ ਜ਼ਰੂਰੀ ਹੈ ਹੀ ਪਰ ਤੇਲੰਗਾਨਾ ਦੇ ਖੱਮਾਮ ਜ਼ਿਲੇ ’ਚ ਪੇਰੂਵਾਨਾਚਾ ਪਿੰਡ ਦੇ ਵੈਂਕਟੇਸ਼ਵਰ ਰਾਵ ਨਾਂ ਦੇ ਇਕ ਕਿਸਾਨ ਨੇ ਆਪਣੀਆਂ ਪਾਲ਼ੀਆਂ ਹੋਈਆਂ ਸਾਰੀਆਂ ਬੱਕਰੀਆਂ ਨੂੰ ਸੁਰੱਖਿਆਤਮਕ ਮਾਸਕ ਪਹਿਨਾ ਦਿੱਤੇ ਹਨ। ਰਾਵ ਦਾ ਕਹਿਣਾ ਹੈ ਕਿ ਬੱਕਰੀਆਂ ਹੀ ਉਸ ਦੀ ਆਮਦਨ ਦਾ ਇਕੋ-ਇਕ ਸਾਧਨ ਹਨ। ਇਸ ਲਈ ਉਸ ਨੇ ਸੁਰੱਖਿਆ ਲਈ ਇਨ੍ਹਾਂ ਨੂੰ ਮਾਸਕ ਪਹਿਨਾ ਦੇਣਾ ਹੀ ਉਚਿਤ ਸਮਝਿਆ।

* 08 ਅਪ੍ਰੈਲ ਨੂੰ ਹਿਸਾਰ ਪੁਲਸ ਨੇ 6 ਲੋਕਾਂ ਨੂੰ ਐਂਬੂਲੈਂਸ ਵੈਨ ਰਾਹੀਂ ਹੈਰੋਇਨ ਸਮੱਗਲ ਕਰਨ ਦੀ ਕੋਸ਼ਿਸ਼ ਕਰਦਿਆਂ ਫੜਿਆ। ਇਨ੍ਹਾਂ ’ਚੋਂ ਇਕ ਵਿਅਕਤੀ ਰੋਗੀ ਬਣ ਕੇ ਐਂਬੂਲੈਂਸ ’ਚ ਲੇਟਿਆ ਸੀ, ਦੂਜਾ ਡਰਾਈਵਰ ਬਣਿਆ ਹੋਇਆ ਸੀ ਅਤੇ ਹੋਰ 4 ਸਮੱਗਲਰ ਬੀਮਾਰ ਹੋਣ ਦਾ ਨਾਟਕ ਕਰਨ ਵਾਲੇ ਸਮੱਗਲਰ ਦੀ ਦੇਖਭਾਲ ਕਰਨ ਵਾਲੇ ਬਣੇ ਹੋਏ ਸਨ।

* 09 ਅਪ੍ਰੈਲ ਨੂੰ ਯੈੱਸ ਬੈਂਕ ਅਤੇ ਡੀ. ਐੱਚ. ਐੱਲ. ਐੱਫ. ਧੋਖਾਦੇਹੀ ਮਾਮਲੇ ’ਚ ਦੋਸ਼ੀ ਕਪਿਲ ਅਤੇ ਧੀਰਜ ਵਧਾਵਨ ਆਪਣੀ ਉੱਚੀ ਪਹੁੰਚ ਦੇ ਦਮ ’ਤੇ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ (ਵਿਸ਼ੇਸ਼) ਅਤੇ ਏ. ਡੀ. ਜੀ. ਪੀ. ਅਮਿਤਾਭ ਗੁਪਤਾ ਦੀ ਸਹਿਮਤੀ ਨਾਲ ਲਾਕਡਾਊਨ ਤੋੜ ਕੇ ਪਿਕਨਿਕ ਮਨਾਉਣ ਮਹਾਬਲੇਸ਼ਵਰ ਚਲੇ ਗਏ। ਹੁਣ ਕਪਿਲ ਸਮੇਤ 23 ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਇਕਾਂਤਵਾਸ ’ਚ ਅਤੇ ਇਨ੍ਹਾਂ ਦੇ ਮਦਦਗਾਰ ਅਮਿਤਾਭ ਗੁਪਤਾ ਨੂੰ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ।

* ਲਖਨਊ ’ਚ ਦੋ ਨੌਜਵਾਨ ਆਪਣੀ ਨਸ਼ੇ ਦੀ ਤਲਬ ਪੂਰੀ ਕਰਨ ਲਈ ‘ਡਾਕਟਰਾਂ ਦੀ ਪੋਸ਼ਾਕ’ ਵਿਚ ਘਰ ’ਚੋਂ ਬਾਹਰ ਨਿਕਲੇ ਅਤੇ ਜਦੋਂ ਉਹ ਸਮੈਕ ਲੈ ਕੇ ਪਰਤ ਰਹੇ ਸਨ ਤਾਂ ਪੁਲਸ ਦੀ ਪਕੜ ’ਚ ਆ ਗਏ ਅਤੇ ਤਲਾਸ਼ੀ ਲੈਣ ’ਤੇ ਉਨ੍ਹਾਂ ਦੀ ਪੋਲ ਖੁੱਲ੍ਹ ਗਈ।

* 10 ਅਪ੍ਰੈਲ ਨੂੰ ਪੰਜਾਬ ਦੇ ਫਾਜ਼ਿਲਕਾ ’ਚ ਇਕ ਸ਼ਰਾਬ ਕਾਰੋਬਾਰੀ ਦੇ ਕਰਮਚਾਰੀ ਅਤੇ ਉਸ ਦੇ ਸਾਥੀਆਂ ਨੂੰ ‘ਪੁਲਸ ਦੀ ਵਰਦੀ’ ਵਿਚ ਗਰੁੱਪ ਬਣਾ ਕੇ ਨਾਕਾਬੰਦੀ ਕਰ ਕੇ ਲੋਕਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ।

ਅੱਜ ਜਦਕਿ ਵਿਸ਼ਵ ਇਸ ਬਿਨ ਬੁਲਾਈ ਆਫਤ ਕਾਰਣ ਮਹਾਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ, ਇਸ ਤਰ੍ਹਾਂ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਜਿਥੇ ਜ਼ਿਆਦਾਤਰ ਲੋਕ ਇਸ ਆਫਤ ਦਾ ਸਾਹਮਣਾ ਕਰਨ ਦੇ ਮਾਮਲੇ ’ਚ ਪੂਰੀ ਤਰ੍ਹਾਂ ਸਾਵਧਾਨ ਅਤੇ ਸੁਚੇਤ ਹਨ, ਉਥੇ ਹੀ ਕੁਝ ਲੋਕ ਆਪਣੇ ਮੂਰਖਤਾ ਭਰੇ ਕਾਰਿਆਂ ਨਾਲ ਹਾਲਾਤ ਖਰਾਬ ਕਰ ਰਹੇ ਹਨ, ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ।

–ਵਿਜੇ ਕੁਮਾਰ\\\


Bharat Thapa

Content Editor

Related News