ਪੁਲਸ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਚੰਦ ਮੁਲਾਜ਼ਮ

Sunday, Mar 03, 2024 - 05:41 AM (IST)

ਪੁਲਸ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਚੰਦ ਮੁਲਾਜ਼ਮ

ਹਾਲਾਂਕਿ ਪੁਲਸ ਵਿਭਾਗ ’ਤੇ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਇਸ ਦੇ ਮੁਲਾਜ਼ਮਾਂ ਕੋਲੋਂ ਅਨੁਸ਼ਾਸਿਤ ਅਤੇ ਕਰਤੱਵ ਪਾਲਣ ਵਾਲੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ, ਪਰ ਅੱਜ ਦੇਸ਼ ’ਚ ਕਈ ਪੁਲਸ ਮੁਲਾਜ਼ਮ ਵੱਖ-ਵੱਖ ਅਪਰਾਧਾਂ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਸ ਨਾਲ ਪੂਰੇ ਵਿਭਾਗ ਦੀ ਬਦਨਾਮੀ ਹੋ ਰਹੀ ਹੈ :

* 2 ਜਨਵਰੀ ਨੂੰ ਆਗਰਾ (ਉੱਤਰ ਪ੍ਰਦੇਸ਼) ਦੇ ਬੇਲਨਗੰਜ ’ਚ ਇਕ ਔਰਤ ਨਾਲ ਜਬਰ-ਜ਼ਨਾਹ ਅਤੇ ਉਸਦੀ ਹੱਤਿਆ ਦੇ ਦੋਸ਼ ’ਚ ਕਾਂਸਟੇਬਲ ਰਾਘਵੇਂਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਔਰਤ ਦੀ ਲਾਸ਼ ਉਕਤ ਕਾਂਸਟੇਬਲ ਦੇ ਕਮਰੇ ’ਚ ਫੰਦੇ ਨਾਲ ਲਟਕਦੀ ਮਿਲੀ।

*14 ਫਰਵਰੀ ਨੂੰ ਜੰਮੂ ਖੇਤਰ ਦੇ ਸੰਵੇਦਨਸ਼ੀਲ ‘ਅਰਨੀਆਂ’ ਸੈਕਟਰ ’ਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਇਕ ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ‘ਅਲਾ’ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਰਹਿਮਤ ਅਲੀ ਦਾ ਆਪਣੇ ਕੁਝ ਮਹਿਮਾਨਾਂ ਨਾਲ ਚੌਕੀ ਦੀ ਛੱਤ ’ਤੇ ਬੈਠ ਕੇ ਸ਼ਰਾਬ ਪੀਣ ਦਾ ਵੀਡੀਓ ਵਾਇਰਲ ਹੋਣ ਪਿੱਛੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।

ਰਣਵੀਰ ਸਿੰਘ ਪੁਰਾ ਦੇ ਸਬ-ਡਵੀਜ਼ਨ ਪੁਲਸ ਅਫਸਰ ਨਿਖਿਲ ਗੋਗਨਾ ਅਨੁਸਾਰ, ‘‘ਜਦ ਇਕ ਵਿਅਕਤੀ ਸੜਕ ਹਾਦਸੇ ਦੀ ਸ਼ਿਕਾਇਤ ਲਿਖਵਾਉਣ ਗਿਆ ਤਾਂ ਚੌਕੀ ਦੀ ਛੱਤ ’ਤੇ ਬੈਠ ਕੇ ਆਪਣੇ ਮਹਿਮਾਨਾਂ ਨਾਲ ਸ਼ਰਾਬ ਪੀ ਰਹੇ ਸਹਾਇਕ ਸਬ-ਇੰਸਪੈਕਟਰ ਰਹਿਮਤ ਅਲੀ ਨੇ ਉਸ ਨੂੰ 45 ਮਿੰਟ ਤੋਂ ਵੱਧ ਸਮੇਂ ਤੱਕ ਉਡੀਕ ਕਰਵਾਉਣ ਤੋਂ ਇਲਾਵਾ ਛੱਤ ਤੋਂ ਹੇਠਾਂ ਉਤਰ ਕੇ ਉਸ ਨਾਲ ਬਦਸਲੂਕੀ ਕੀਤੀ ਅਤੇ ਬਾਹਰ ਧੱਕਣ ਦੀ ਕੋਸ਼ਿਸ਼ ਕੀਤੀ।’’

* 18 ਫਰਵਰੀ ਨੂੰ ਜੈਪੁਰ (ਰਾਜਸਥਾਨ) ’ਚ ਪਵਨ ਨਾਂ ਦੇ ਨੌਜਵਾਨ ਅਤੇ ਉਸ ਦੇ ਪੁਲਸ ਮੁਲਾਜ਼ਮ ਜੀਜਾ ਰਤਨ ਨੂੰ 16 ਸਾਲ ਦੀ ਇਕ ਨਾਬਾਲਿਗਾ ਨਾਲ ਪੁਲਸ ਕੁਆਰਟਰ ’ਚ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 24 ਫਰਵਰੀ ਨੂੰ ਅੰਮ੍ਰਿਤਸਰ (ਪੰਜਾਬ) ਦੇ ਥਾਣਾ ਏ ਡਵੀਜ਼ਨ (ਰਾਮਬਾਗ) ਨਾਲ ਸਬੰਧਤ ਪੰਜਾਬ ਪੁਲਸ ਦੇ ਇਕ ਸਬ-ਇੰਸਪੈਕਟਰ ਸਰਵਨ ਸਿੰਘ ਦਾ ਇਕ ਵੀਡੀਓ ਸਾਹਮਣੇ ਆਇਆ। ਇਸ ’ਚ ਜਦ ਕੁਝ ਲੋਕ ਥਾਣੇ ’ਚ ਸ਼ਿਕਾਇਤ ਦੇਣ ਪੁੱਜੇ ਤਾਂ ਉਕਤ ਸਬ-ਇੰਸਪੈਕਟਰ ਸ਼ਰੇਆਮ ਸ਼ਰਾਬ ਦੀ ਬੋਤਲ ਖੋਲ੍ਹ ਕੇ ਅਧੂਰੀ ਵਰਦੀ ’ਚ ਬੈਠਾ ਸ਼ਰਾਬ ਪੀਂਦਾ ਹੋਇਆ ਨਜ਼ਰ ਆ ਰਿਹਾ ਸੀ।

ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਇਕ ਜ਼ਿਲੇ ਦੀ ਅਜਿਹੀ ਹੀ ਇਕ ਹੋਰ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਇਕ ਏ. ਐੱਸ. ਆਈ. ਰੈਂਕ ਦਾ ਮੁਲਾਜ਼ਮ ਜ਼ਬਰਦਸਤ ਨਸ਼ੇ ’ਚ ਝੂਮਦਾ ਨਜ਼ਰ ਆ ਰਿਹਾ ਸੀ।

* 26 ਫਰਵਰੀ ਨੂੰ ਮਥੁਰਾ (ਉੱਤਰ ਪ੍ਰਦੇਸ਼) ’ਚ ਇਕ ਸਬ-ਇੰਸਪੈਕਟਰ ਰਾਜ ਕੁਮਾਰ ਤੇ ਇਸ ਧਰਮਨਗਰੀ ’ਚ ਮੰਦਰਾਂ ਦੇ ਦਰਸ਼ਨ ਕਰਨ ਆਏ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲੇ ਦੇ ਇਕ ਵਿਅਕਤੀ ਰਾਜੇਸ਼ ਕੁਮਾਰ ਪਾਂਡੇ ਅਤੇ ਉਸ ਦੇ ਪਰਿਵਾਰ ’ਤੇ ਹਮਲਾ ਕਰਨ ਦਾ ਦੋਸ਼ ਲੱਗਾ ਹੈ।

ਪੁਲਸ ਸੁਪਰਡੈਂਟ (ਦਿਹਾਤੀ) ‘ਤ੍ਰਿਗੁਣ ਬਿਸੇਨ’ ਦੇ ਅਨੁਸਾਰ, ਰਾਜੇਸ਼ ਕੁਮਾਰ ਪਾਂਡੇ ਨੇ ਦੋਸ਼ ਲਾਇਆ ਕਿ ਸਬ-ਇੰਸਪੈਕਟਰ ਨੇ ਉਨ੍ਹਾਂ ਨਾਲ ਅਤੇ ਉਸ ਦੇ ਪਰਿਵਾਰ ਨਾਲ ਬਦਸਲੂਕੀ ਕੀਤੀ ਅਤੇ ਜਦ ਉਸ ਦੀਆਂ ਬੇਟੀਆਂ ਪ੍ਰਾਚੀ ਅਤੇ ਅਰਚਨਾ ਨੇ ਇੰਸਪੈਕਟਰ ਨੂੰ ਰੋਕਿਆ ਤਾਂ ਇੰਸਪੈਕਟਰ ਨੇ ਉਨ੍ਹਾਂ ਦੋਵਾਂ ਨੂੰ ਵੀ ਕੁੱਟਿਆ ਅਤੇ ਜਦ ਉਨ੍ਹਾਂ ਦਾ ਬੇਟਾ ਆਪਣੀਆਂ ਭੈਣਾਂ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਸਬ-ਇੰਸਪੈਕਟਰ ਨੇ ਉਸ ਨੂੰ ਵੀ ਕੁੱਟ ਦਿੱਤਾ।

ਐੱਸ. ਐੱਸ. ਪੀ. ਸ਼ੈਲੇਸ਼ ਕੁਮਾਰ ਪਾਂਡੇ ਨੇ ਇਸ ਪੂਰੇ ਕਾਂਡ ਪਿੱਛੇ ‘ਗੋਵਰਧਨ’ ਥਾਣੇ ਦੇ ਸਬ-ਇੰਸਪੈਕਟਰ ਰਾਜ ਕੁਮਾਰ ਦੇ ਵਤੀਰੇ ਨੂੰ ਘਟਨਾ ਦਾ ਮੂਲ ਕਾਰਨ ਮੰਨਦੇ ਹੋਏ ਮੁਅੱਤਲ ਕਰ ਦਿੱਤਾ।

* 28 ਫਰਵਰੀ ਨੂੰ ਲਖਨਊ (ਉੱਤਰ ਪ੍ਰਦੇਸ਼) ’ਚ ਡਿਨਰ ਕਰਨ ਗਏ ਵਕੀਲਾਂ ਨੂੰ ਗੋਮਤੀ ਨਗਰ ਦੇ ਵਿਭੂਤੀਖੰਡ ਖੇਤਰ ’ਚ ਬੁਰੀ ਤਰ੍ਹਾਂ ਕੁੱਟਣ, ਸੱਟ ਮਾਰਨ, ਰਾਤ ਭਰ ਪੁਲਸ ਚੌਕੀ ’ਚ ਬਿਠਾ ਕੇ ਰੱਖਣ ਅਤੇ ਝੂਠੇ ਕੇਸ ’ਚ ਫਸਾਉਣ ਦੇ ਦੋਸ਼ ’ਚ 7 ਪੁਲਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ।

* 28 ਫਰਵਰੀ ਨੂੰ ਹੀ ਵਿਜੀਲੈਂਸ ਵਿਭਾਗ ਕੈਥਲ (ਹਰਿਆਣਾ) ਦੀ ਇਕ ਟੀਮ ਨੇ ਗੂਹਲਾ ਥਾਣੇ ’ਚ ਤਾਇਨਾਤ ਹੌਲਦਾਰ ਬਰਜਿੰਦਰ ਸਿੰਘ ਨੂੰ 5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 29 ਫਰਵਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਫੱਗਣਮਾਜਰਾ ਥਾਣਾ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਨਰਾਤਾ ਰਾਮ ਨੂੰ ਸ਼ਿਕਾਇਤਕਰਤਾ ਕੋਲੋਂ 8,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 1 ਮਾਰਚ ਨੂੰ ਲੁਧਿਆਣਾ ਦੇ ਐਡੀਸ਼ਨਲ ਸੈਸ਼ਨ ਜੱਜ ਡਾ. ਅਜੀਤ ਅੱਤਰੀ ਨੇ ਜਗਤਪੁਰੀ ਥਾਣੇ ਦੇ ਏ. ਐੱਸ. ਆਈ. ਗੁਰਵਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ’ਚ 5 ਸਾਲ ਸਖਤ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਸ ਵਿਭਾਗ ਅੱਜ ਕਿਸ ਕਦਰ ਆਪਣੇ ਮਾਰਗ ਤੋਂ ਭਟਕ ਚੁੱਕਾ ਹੈ। ਇਸ ਲਈ ਅਜਿਹੇ ਪੁਲਸ ਮੁਲਾਜ਼ਮਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਉਹ ਆਪਣੀਆਂ ਕਰਤੂਤਾਂ ਤੋਂ ਬਾਜ਼ ਆਉਣ ਅਤੇ ਪੁਲਸ ਵਿਭਾਗ ਬਦਨਾਮੀ ਤੋਂ ਬਚੇ।

- ਵਿਜੇ ਕੁਮਾਰ


author

Anmol Tagra

Content Editor

Related News