ਕੁਝ ਹੋਰ ਚੰਗੀਆਂ ਯਾਦਾਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀਆਂ
Thursday, Aug 23, 2018 - 07:21 AM (IST)

ਸ਼੍ਰ੍ਰੀ ਅਟਲ ਬਿਹਾਰੀ ਵਾਜਪਾਈ ਦਾ ਦਿਹਾਂਤ ਹੋਇਆਂ ਅੱਜ 7 ਦਿਨ ਹੋ ਚੁੱਕੇ ਹਨ ਅਤੇ ਦੇਸ਼ ਦੀਆਂ ਨਦੀਆਂ 'ਚ ਉਨ੍ਹਾਂ ਦੀਆਂ ਅਸਥੀਆਂ ਦਾ ਵਿਸਰਜਨ ਜਾਰੀ ਹੈ। ਸ਼ਾਇਦ ਉਹ ਦੇਸ਼ ਦੇ ਇਕੋ-ਇਕ ਰਾਜਨੇਤਾ ਹਨ, ਜਿਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਲੋਕਾਂ ਨੇ ਇਸ ਤਰ੍ਹਾਂ ਸੰਜੋਅ ਕੇ ਰੱਖਿਆ ਹੋਇਆ ਹੈ, ਜੋ ਮੁੜ-ਮੁੜ ਯਾਦ ਆ ਰਹੀਆਂ ਹਨ। ਇਨ੍ਹਾਂ ਦੀਆਂ ਕੁਝ ਹੋਰ ਯਾਦਾਂ ਹੇਠਾਂ ਪੇਸ਼ ਹਨ :
* 1940 ਦੇ ਦਹਾਕੇ 'ਚ ਜਦੋਂ ਅਟਲ ਜੀ ਕਾਨਪੁਰ ਦੇ ਡੀ. ਏ. ਵੀ. ਕਾਲਜ 'ਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਦੇ ਵਿਆਹ ਦੀ ਯੋਜਨਾ ਬਣਾ ਰਹੇ ਹਨ। ਇਹ ਸੁਣਦਿਆਂ ਹੀ ਉਹ ਕਾਨਪੁਰ 'ਚੋਂ 'ਗਾਇਬ' ਹੋ ਗਏ ਅਤੇ ਆਪਣੇ ਮਿੱਤਰ ਸਵ. ਗੋਰੇ ਲਾਲ ਤ੍ਰਿਪਾਠੀ ਦੇ ਪਿੰਡ ਰਾਏਪੁਰ ਜਾ ਪਹੁੰਚੇ।
ਜਦੋਂ ਗੋਰੇ ਲਾਲ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਵਿਆਹ ਤੋਂ ਕਿਉਂ ਭੱਜ ਰਹੇ ਹਨ ਤਾਂ ਅਟਲ ਜੀ ਨੇ ਕਿਹਾ ਕਿ ਉਹ ਆਪਣਾ ਸਾਰਾ ਜੀਵਨ ਰਾਸ਼ਟਰ ਸੇਵਾ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ ਤੇ ਵਿਆਹ ਕਰ ਲੈਣ ਨਾਲ ਇਸ 'ਚ ਰੁਕਾਵਟ ਆਵੇਗੀ।
* 1953 'ਚ ਜਦੋਂ ਅਟਲ ਜੀ ਸਿਆਸਤ ਦੀ ਸ਼ੁਰੂਆਤ ਕਰ ਰਹੇ ਸਨ, ਉਨ੍ਹਾਂ ਨੇ ਮੁੰਬਈ ਦੇ ਕਾਲਬਾ ਦੇਵੀ 'ਚ ਜਨਸੰਘ ਦੀ ਇਕ ਸਭਾ ਨੂੰ ਸੰਬੋਧਨ ਕਰਨਾ ਸੀ। ਜਦੋਂ ਉਹ ਸਭਾ ਲਈ ਤਿਆਰ ਹੋਏ ਤਾਂ ਦੇਖਿਆ ਕਿ ਉਨ੍ਹਾਂ ਦਾ ਪਹਿਨਿਆ ਹੋਇਆ ਕੁੜਤਾ ਬਾਂਹ ਨੇੜਿਓਂ ਫਟਿਆ ਹੋਇਆ ਸੀ। ਉਨ੍ਹਾਂ ਨੇ ਆਪਣਾ ਦੂਜਾ ਕੁੜਤਾ ਕੱਢਿਆ ਤਾਂ ਉਹ ਵੀ ਗਲ਼ੇ ਲਾਗਿਓਂ ਫਟਿਆ ਨਿਕਲਿਆ। ਅਟਲ ਜੀ ਦੋ ਹੀ ਕੁੜਤੇ ਲੈ ਕੇ ਮੁੰਬਈ ਆਏ ਸਨ। ਇਸ ਲਈ ਉਨ੍ਹਾਂ ਨੇ ਫਟੇ ਹੋਏ ਕੁੜਤੇ ਉੱਪਰ ਜੈਕੇਟ ਪਹਿਨ ਲਈ ਅਤੇ ਸਭਾ 'ਚ ਚਲੇ ਗਏ।
* 1995 'ਚ ਪੁਣੇ ਵਿਖੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਹੋਣ ਵਾਲੀ ਸੀ। ਉਥੋਂ ਦੇ ਸ਼੍ਰੇਆਸ ਹੋਟਲ ਦੇ ਮਾਲਕ ਨੇ ਭਾਜਪਾ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਘੱਟੋ-ਘੱਟ ਇਕ ਸਮੇਂ ਦਾ ਭੋਜਨ ਉਨ੍ਹਾਂ ਦੇ ਹੋਟਲ 'ਚ ਜ਼ਰੂਰ ਕਰਨ। ਉਹ 7 ਨਵੰਬਰ ਦਾ ਦਿਨ ਸੀ ਤੇ 8 ਨਵੰਬਰ ਨੂੰ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦਾ ਜਨਮ ਦਿਨ ਸੀ।
ਯੋਜਨਾ ਮੁਤਾਬਕ ਅਟਲ ਜੀ ਨੇ ਅੱਧੀ ਰਾਤ ਦੇ 12 ਵੱਜਦਿਆਂ ਹੀ ਸ਼੍ਰੀ ਅਡਵਾਨੀ ਨੂੰ ਜਨਮ ਦਿਨ ਦੀ ਵਧਾਈ ਦੇਣੀ ਸੀ। ਲਿਹਾਜ਼ਾ ਇਸ ਦੇ ਲਈ ਸਟੇਜ ਬਣਾ ਕੇ ਉਥੇ ਦੋ ਕੁਰਸੀਆਂ ਰੱਖੀਆਂ ਗਈਆਂ। ਭੋਜਨ ਤੋਂ ਬਾਅਦ ਸਾਰੇ ਲੋਕ ਸਟੇਜ 'ਤੇ ਆ ਗਏ ਅਤੇ ਹਰ ਕੋਈ ਉਮੀਦ ਕਰ ਰਿਹਾ ਸੀ ਕਿ ਹੁਣ ਅਡਵਾਨੀ ਜੀ ਅਤੇ ਅਟਲ ਜੀ ਉਨ੍ਹਾਂ ਕੁਰਸੀਆਂ 'ਤੇ ਬੈਠਣਗੇ।
ਪਰ ਅਟਲ ਜੀ ਨੇ ਅਡਵਾਨੀ ਜੀ ਦੇ ਬਰਾਬਰ ਬੈਠਣ ਤੋਂ ਇਨਕਾਰ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਰ ਕਿਸੇ ਦੇ ਚਿਹਰੇ 'ਤੇ ਹੈਰਾਨੀ ਦੀ ਭਾਵਨਾ ਦੇਖ ਕੇ ਉਹ ਬੋਲੇ, ''ਅੱਜ ਇਹ ਕੁਰਸੀ ਕਮਲਾ ਜੀ (ਅਡਵਾਨੀ ਜੀ ਦੀ ਪਤਨੀ) ਲਈ ਹੈ।'' ਉਨ੍ਹਾਂ ਨੇ ਕਮਲਾ ਜੀ ਨੂੰ ਅਡਵਾਨੀ ਜੀ ਦੇ ਨਾਲ ਬਿਠਵਾਇਆ ਅਤੇ ਉਸ ਤੋਂ ਬਾਅਦ ਹੀ ਪ੍ਰੋਗਰਾਮ ਸ਼ੁਰੂ ਹੋਇਆ।
* ਅਟਲ ਜੀ ਪ੍ਰਧਾਨ ਮੰਤਰੀ ਵਜੋਂ 1999 'ਚ ਆਪਣੇ ਜੱਦੀ ਪਿੰਡ ਬਟੇਸ਼ਵਰ ਆਏ ਸਨ। ਉਹ ਇਥੋਂ ਦੇ ਮੰਦਰ 'ਚ ਗਏ ਅਤੇ ਯਮੁਨਾ 'ਚ ਇਸ਼ਨਾਨ ਕੀਤਾ। ਜਦੋਂ ਪਿੰਡ ਵਾਲਿਆਂ ਨੇ ਉਨ੍ਹਾ ਨੂੰ ਪੁੱਛਿਆ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਬਟੇਸ਼ਵਰ ਦਾ ਵਿਕਾਸ ਕਿਉਂ ਨਹੀਂ ਹੋਇਆ ਤਾਂ ਉਨ੍ਹਾਂ ਨੇ ਨਿਮਰਤਾਪੂਰਵਕ ਕਿਹਾ ਕਿ ਸਾਰਾ ਭਾਰਤ ਹੀ ਉਨ੍ਹਾਂ ਦਾ ਪਿੰਡ ਹੈ ਅਤੇ ਉਨ੍ਹਾਂ ਦਾ ਆਪਣਾ ਪਿੰਡ ਬਟੇਸ਼ਵਰ ਉਨ੍ਹਾਂ ਦੀਆਂ ਤਰਜੀਹਾਂ 'ਚ ਸਭ ਤੋਂ ਅਖੀਰ 'ਚ ਹੈ।
* 2001 'ਚ ਮੰੁੰਬਈ ਵਿਚ ਅਟਲ ਜੀ ਦੇ ਗੋਡਿਆਂ ਦਾ ਆਪ੍ਰੇਸ਼ਨ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਆਪਣਾ ਆਪ੍ਰੇਸ਼ਨ ਭਾਰਤ 'ਚ ਹੀ ਕਰਵਾਉਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਭਾਰਤੀ ਡਾਕਟਰਾਂ 'ਤੇ ਭਰੋਸਾ ਸੀ। ਇਕ ਡਾਕਟਰ ਅਨੁਸਾਰ ਅਟਲ ਜੀ ਨੇ ਸਾਫ ਕਹਿ ਦਿੱਤਾ ਸੀ ਕਿ ਉਹ ਆਪ੍ਰੇਸ਼ਨ ਕਰਵਾਉਣ ਅਮਰੀਕਾ ਨਹੀਂ ਜਾਣਗੇ।
* 2001 'ਚ ਹੀ ਰਾਜਧਾਨੀ 'ਚ ਆਯੋਜਿਤ ਇਕ ਸਮਾਗਮ ਦੌਰਾਨ ਚਿੰਨਾ ਪਿੱਲੈ ਨਾਮੀ ਔਰਤ ਨੂੰ ਮਹਿਲਾ ਸਸ਼ਕਤੀਕਰਨ ਦੇ ਖੇਤਰ 'ਚ ਬਿਹਤਰੀਨ ਕੰਮ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਚਿੰਨਾ ਪਿੱਲੈ ਜਦੋਂ ਮੰਚ 'ਤੇ ਆਈ ਤਾਂ ਉਮਰ 'ਚ ਉਸ ਨਾਲੋਂ ਕਾਫੀ ਵੱਡੇ ਹੋਣ ਦੇ ਬਾਵਜੂਦ ਅਟਲ ਜੀ ਨੇ ਉਸ ਦੇ ਪੈਰ ਛੂਹੇ ਤਾਂ ਉਥੇ ਮੌਜੂਦ ਸਾਰੇ ਲੋਕ ਭਾਵੁਕ ਹੋ ਗਏ। ਮਦੁਰਈ 'ਚ 16 ਅਗਸਤ ਨੂੰ ਜਦੋਂ ਚਿੰਨਾ ਪਿੱਲੈ ਨੂੰ ਅਟਲ ਜੀ ਦੇ ਦਿਹਾਂਤ ਦਾ ਪਤਾ ਲੱਗਾ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗੀ।
* ਅਟਲ ਜੀ ਨੇ ਆਪਣੀ ਪਹਿਲੀ ਲੋਕ ਸਭਾ ਚੋਣ 1952 'ਚ ਲਖਨਊ ਤੋਂ ਲੜੀ ਸੀ ਤੇ ਆਖਰੀ ਲੋਕ ਸਭਾ ਚੋਣ ਵੀ 2004 'ਚ ਲਖਨਊ ਤੋਂ ਹੀ ਲੜੀ। 2006 'ਚ ਉਨ੍ਹਾਂ ਨੇ ਲਖਨਊ 'ਚ ਆਪਣੀ ਆਖਰੀ ਰੈਲੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਲੋਕਾਂ ਨੂੰ ਮੇਅਰ ਦੀ ਚੋਣ 'ਚ ਮੌਜੂਦਾ ਉਪ-ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਨੂੰ ਵੋਟ ਦੇਣ ਦੀ ਅਪੀਲ ਆਪਣੇ ਵਿਸ਼ੇਸ਼ ਅੰਦਾਜ਼ 'ਚ ਕਰਦਿਆਂ ਕਿਹਾ, ''ਜੇ ਮੈਂ ਸਿਰਫ ਕੁੜਤਾ ਪਹਿਨਾਂ ਤਾਂ ਕਿਵੇਂ ਲੱਗੇਗਾ?'' ਲੋਕਾਂ ਨੇ ਜਵਾਬ ਦਿੱਤਾ ਕਿ ਚੰਗਾ ਨਹੀਂ ਲੱਗੇਗਾ।
ਇਸ 'ਤੇ ਅਟਲ ਜੀ ਨੇ ਕਿਹਾ ਕਿ ''ਸੰਸਦ ਮੈਂਬਰ ਬਣਾ ਕੇ ਤੁਸੀਂ ਲੋਕਾਂ ਨੇ ਮੈਨੂੰ ਕੁੜਤਾ ਤਾਂ ਪਹਿਨਾ ਦਿੱਤਾ, ਹੁਣ ਪਜਾਮਾ ਨਗਰ ਨਿਗਮ ਦਾ ਹੈ। ਦਿਨੇਸ਼ ਸ਼ਰਮਾ ਨੂੰ ਮੇਅਰ ਬਣਾ ਕੇ ਮੈਨੂੰ ਪਜਾਮਾ ਵੀ ਪਹਿਨਾ ਦਿਓ।'' ਦਿਨੇਸ਼ ਸ਼ਰਮਾ ਦਾ ਕਹਿਣਾ ਹੈ ਕਿ ਅਟਲ ਜੀ ਦੇ ਇਸੇ ਇਕ ਵਾਕ ਨਾਲ ਉਹ ਚੋਣ ਜਿੱਤ ਗਏ ਸਨ।
ਵੱਖ-ਵੱਖ ਲੋਕਾਂ ਦੀਆਂ ਯਾਦਾਂ ਦੇ ਝਰੋਖੇ 'ਚੋਂ ਛਣ ਕੇ ਆਈਆਂ ਉਕਤ ਕੁਝ ਪ੍ਰੇਰਕ ਯਾਦਾਂ ਮਹਾਨ ਆਗੂ ਨੂੰ ਸ਼ਰਧਾਂਜਲੀ ਵਜੋਂ ਅਸੀਂ ਪੇਸ਼ ਕੀਤੀਆਂ ਹਨ, ਜੋ ਦਿਲਚਸਪ ਹੋਣ ਦੇ ਨਾਲ-ਨਾਲ ਪ੍ਰੇਰਨਾਸ੍ਰੋਤ ਵੀ ਹਨ। —ਵਿਜੇ ਕੁਮਾਰ