ਮੁਰਾਰੀ ਬਾਪੂ ਵਲੋਂ ਸੈਕਸ ਵਰਕਰਾਂ ਦੀ ਭਲਾਈ ਦੇ ਯਤਨ

01/03/2019 7:41:35 AM

ਸੰਤ ਸਮਾਜ ਦੇ ਸੱਚੇ ਮਾਰਗਦਰਸ਼ਕ ਹੁੰਦੇ ਹਨ, ਇਸੇ ਲਈ ਉਨ੍ਹਾਂ ਨੂੰ ਸਮਾਜ ’ਚ ਵਿਸ਼ੇਸ਼ ਸਨਮਾਨ ਦਾ ਦਰਜਾ ਪ੍ਰਾਪਤ ਹੈ। ਉਨ੍ਹਾਂ ਤੋਂ ਇਹੋ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਰਿਆਂ ਨੂੰ ਬਰਾਬਰ ਸਮਝਦੇ ਹੋਏ ਸਮਾਜ ਦੇ ਅਣਗੌਲੇ ਅਤੇ ਸ਼ੋਸ਼ਿਤ ਵਰਗ ਨੂੰ ਗਲੇ ਲਾ ਕੇ ਉਨ੍ਹਾਂ ਦੀ ਭਲਾਈ ਦੇ ਯਤਨ ਕਰ ਕੇ ਸਮਾਜ ਸਾਹਮਣੇ ਇਕ ਮਿਸਾਲ ਪੇਸ਼ ਕਰਨਗੇ।
ਦੇਸ਼-ਵਿਦੇਸ਼ ਦੇ ਲੱਖਾਂ ਲੋਕਾਂ ਨੂੰ ਜੀਵਨ ਦਾ ਸਹੀ ਮਾਰਗ ਦੱਸਣ ਵਾਲੇ ਸ਼੍ਰੀ ਮੁਰਾਰੀ ਬਾਪੂ ਨੇ ਅਣਕਿਆਸੇ ਤੌਰ ’ਤੇ 13 ਦਸੰਬਰ ਨੂੰ ਮੁੰਬਈ ’ਚ ਸੈਕਸ ਵਰਕਰਾਂ ਦੀ ਬਸਤੀ ‘ਕਮਾਠੀਪੁਰਾ’ ਦਾ ਦੌਰਾ ਕੀਤਾ ਅਤੇ ਉਹ ਕਈ ਸੈਕਸ ਵਰਕਰਾਂ ਦੇ ‘ਘਰਾਂ’ ਤਕ ’ਚ ਗਏ ਅਤੇ ਲਗਭਗ 60 ਸੈਕਸ ਵਰਕਰਾਂ ਨਾਲ ਗੱਲਬਾਤ ਕੀਤੀ।
ਬਾਪੂ ਦੇ ਕਮਾਠੀਪੁਰਾ ਆਉਣ ਤੋਂ ਪਹਿਲਾਂ ਇਥੋਂ ਦੀਆਂ ਸੈਕਸ ਵਰਕਰਾਂ ਨੂੰ ਕਿਹਾ ਗਿਆ ਸੀ ਕਿ ‘‘ਇਕ ਭਗਵਾਨ ਦਾ ਆਦਮੀ ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲਾ ਹੈ।’’ ਇਸ ’ਤੇ ਇਕ ਸੈਕਸ ਵਰਕਰ ਮੁਮਤਾਜ਼ ਨੇ ਕਿਹਾ, ‘‘ਭਗਵਾਨ ਦੇ ਆਦਮੀ ਇਥੇ ਨਹੀਂ ਆਉਂਦੇ। ਇਸ ਲਈ ਅਸੀਂ ਜਾਣਨਾ ਚਾਹੁੰਦੀਆਂ ਸੀ ਕਿ ਭਗਵਾਨ ਦਾ ਆਦਮੀ ਕਿਹੋ ਜਿਹਾ ਦਿਸਦਾ ਹੈ।’’
ਬਾਪੂ ਨੂੰ ਮਿਲਣ ਵਾਲੀਆਂ ਸੈਕਸ ਵਰਕਰਾਂ ਨੇ ਉਨ੍ਹਾਂ ਨੂੰ ਆਪਣੀਆਂ ਕਈ ਸਮੱਸਿਆਵਾਂ ਸੁਲਝਾਉਣ ’ਚ ਮਦਦ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ’ਚ ਪੁਲਸ ਵਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ, ਉਨ੍ਹਾਂ ਦੇ ਮਕਾਨਾਂ ਦੀ ਖਸਤਾ ਹਾਲਤ ਅਤੇ ਸਫਾਈ ਦੀ ਘਾਟ ਆਦਿ ਸ਼ਾਮਲ ਹਨ।
ਮੁਰਾਰੀ ਬਾਪੂ ਕਮਾਠੀਪੁਰਾ ’ਚ ਲਗਭਗ ਅੱਧਾ ਘੰਟਾ ਰਹੇ ਪਰ ਇਲਾਕੇ ਦੀਆਂ ਸੈਕਸ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੰਤ ਮੁਰਾਰੀ ਬਾਪੂ ਦਾ ਉਨ੍ਹਾਂ ਦੀ ਬਸਤੀ ’ਚ ਆਉਣਾ ਹਮੇਸ਼ਾ ਯਾਦ ਰਹੇਗਾ। ਅਨੁਸੂਈਆ ਨਾਮੀ ਇਕ ਸੈਕਸ ਵਰਕਰ ਨੇ ਕਿਹਾ :
‘‘ਮੈਂ ਸਾਰਾ ਜੀਵਨ ਇਸ ਧੰਦੇ ’ਚ ਖਪਾ ਦਿੱਤਾ ਪਰ ਇਸ ਤੋਂ ਪਹਿਲਾਂ ਕੋਈ ਅਜਿਹਾ ਵਿਅਕਤੀ ਸਾਡੀ  ਬਸਤੀ ’ਚ ਨਹੀਂ ਆਇਆ। ਉਹ ਖੁਦ ਸਾਡੇ ‘ਘਰ’ ਆਏ ਅਤੇ ਮੈਂ ਉਨ੍ਹਾਂ ਦੇ ਦਰਸ਼ਨਾਂ ਦਾ ਮੌਕਾ ਕਿਸੇ ਵੀ ਕੀਮਤ ’ਤੇ ਗੁਆਉਣਾ ਨਹੀਂ ਚਾਹੁੰਦੀ ਸੀ।’’
ਸੰਤ ਮੁਰਾਰੀ ਬਾਪੂ ਨੇ ਬਾਅਦ ’ਚ ਸੈਕਸ ਵਰਕਰਾਂ ਨੂੰ 22 ਤੋਂ 30 ਦਸੰਬਰ ਤਕ ਅਯੁੱਧਿਆ ’ਚ ਆਯੋਜਿਤ ਰਾਮ ਕਥਾ ’ਚ ਆਉਣ ਲਈ ਸੱਦਿਆ ਅਤੇ ਆਪਣੇ ਸਹਾਇਕਾਂ ਨੂੰ ਅਯੁੱਧਿਆ ਆਉਣ ਦੀਆਂ ਚਾਹਵਾਨ ਸੈਕਸ ਵਰਕਰਾਂ ਦੇ ਮੁਫਤ ਰਹਿਣ ਤੇ ਖਾਣ-ਪੀਣ ਆਦਿ ਦਾ ਪ੍ਰਬੰਧ ਕਰਨ ਲਈ ਕਿਹਾ।
ਉਨ੍ਹਾਂ ਦੇ ਸੱਦੇ ’ਤੇ ਮੁੰਬਈ ਤੋਂ ਇਲਾਵਾ ਸੂਰਤ, ਕੋਲਕਾਤਾ, ਕਾਨਪੁਰ ਅਤੇ ਲਖਨਊ ਤੋਂ 200 ਦੇ ਲਗਭਗ ਸੈਕਸ ਵਰਕਰਾਂ ਅਯੁੱਧਿਆ ਪਹੁੰਚੀਆਂ। ਸੰਤ ਮੁਰਾਰੀ ਬਾਪੂ ਨੇ ਉਨ੍ਹਾਂ ਦੇ ਅਯੁੱਧਿਆ ਆਉਣ ਦੇ ਸਾਰੇ ਖਰਚ ਚੁੱਕਣ ਤੋਂ ਇਲਾਵਾ ਉਨ੍ਹਾਂ ਨੂੰ ਉਨ੍ਹਾਂ ਦੀ 9 ਦਿਨਾਂ ਦੀ ਕਮਾਈ ਦੇ ਬਰਾਬਰ ਨਕਦ ਰਕਮ ਵੀ ਅਯੁੱਧਿਆ ਤੋਂ ਵਿਦਾ ਹੁੰਦੇ ਸਮੇਂ ਦਿਵਾਈ।
ਬਾਪੂ ਨੇ ਆਪਣੀ ਕਥਾ ਦੌਰਾਨ ਸੈਕਸ ਵਰਕਰਾਂ ਦੀ ਭਲਾਈ ਤੇ ਉਨ੍ਹਾਂ ਦਾ ਮਿਆਰ ਉੱਚਾ ਚੁੱਕਣ ਲਈ 3 ਕਰੋੜ ਰੁਪਏ ਇਕੱਠੇ ਕਰਨ ਲਈ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਅਤੇ 11 ਲੱਖ ਰੁਪਏ ਦਾ ਮੁੱਢਲਾ ਯੋਗਦਾਨ ਦੇ ਕੇ ਇਸ ਨੂੰ ਸ਼ੁਰੂ ਕੀਤਾ।
ਸੰਤ ਮੁਰਾਰੀ ਬਾਪੂ ਦੇ ਇਕ ਚੇਲੇ ਅਨੁਸਾਰ ਇਹ ਰਕਮ ਸੈਕਸ ਵਰਕਰਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੀ ਭਲਾਈ ’ਤੇ ਖਰਚ ਕੀਤੀ ਜਾਵੇਗੀ। ਇਸ ’ਚ ਸਿਹਤ ਸਬੰਧੀ ਦੇਖਭਾਲ, ਪੁਰਾਣੇ ਲਟਕਦੇ ਆ ਰਹੇ ਕਰਜ਼ੇ ਨੂੰ ਉਤਾਰਨਾ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਆਦਿ ’ਤੇ ਖਰਚ ਕਰਨਾ ਸ਼ਾਮਲ ਹੈ। ਸੈਕਸ ਵਰਕਰ ਖੁਦ ਆਪਣਾ ਇਕੱਠ ਕਰ ਕੇ ਇਸ ਬਾਰੇ ਫੈਸਲਾ ਕਰਨਗੀਆਂ।
ਸੰਤ ਮੁਰਾਰੀ ਬਾਪੂ ਦਾ ਸੈਕਸ ਵਰਕਰਾਂ ਦੀ ਬਸਤੀ ’ਚ ਜਾਣਾ, ਉਨ੍ਹਾਂ ਨੂੰ ਕਥਾ ਸੁਣਨ ਲਈ ਅਯੁੱਧਿਆ ਸੱਦਣਾ ਅਤੇ ਉਨ੍ਹਾਂ ਦੀ ਭਲਾਈ ਲਈ 3 ਕਰੋੜ ਰੁਪਏ ਇਕੱਠੇ ਕਰਨ ਦਾ ਫੈਸਲਾ ਸ਼ਲਾਘਾਯੋਗ ਅਤੇ ਸੰਤ ਸਮਾਜ ਲਈ ਅਮਲਯੋਗ ਮਿਸਾਲ ਹੈ। ਉਨ੍ਹਾਂ ਤੋਂ ਪਹਿਲਾਂ ਅਜਿਹਾ ਕਿਸੇ ਸੰਤ ਨਹੀਂ ਕੀਤਾ ਹੋਵੇਗਾ। ਸੰਤ ਸਮਾਜ ਨਾਲ ਜੁੜੇ ਹੋਰਨਾਂ ਲੋਕਾਂ ਨੂੰ ਵੀ ਇਸ ਸ਼ੋਸ਼ਿਤ ਅਤੇ ਪੀੜਤ ਵਰਗ ਵੱਲ ਧਿਆਨ ਦੇਣਾ ਚਾਹੀਦਾ ਹੈ।
ਸੰਤਾਂ-ਮਹਾਤਮਾਵਾਂ ਵਲੋਂ ਇਨ੍ਹਾਂ ਦੀਆਂ ਬਸਤੀਆਂ ’ਚ ਜਾ ਕੇ ਆਪਣੇ ਉਪਦੇਸ਼ਾਂ ਤੇ ਪ੍ਰਵਚਨਾਂ ਨਾਲ ਸੈਕਸ ਵਰਕਰਾਂ ਦੀ ਜੀਵਨ ਧਾਰਾ ਨੂੰ ਬਦਲਣ, ਉਨ੍ਹਾਂ ਨੂੰ ਸ਼ੋਸ਼ਣ ਤੋਂ ਮੁਕਤ ਕਰ ਕੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਕੇ ਸਮਾਜ ’ਚ ਸਨਮਾਨਜਨਕ ਢੰਗ ਨਾਲ ਜ਼ਿੰਦਗੀ ਬਿਤਾਉਣ ਦੇ ਸਮਰੱਥ ਬਣਾਉਣ ਦੇ ਯਤਨ ਉਨ੍ਹਾਂ ’ਚ ਆਤਮ-ਵਿਸ਼ਵਾਸ ਜਗਾਉਣ, ਉਨ੍ਹਾਂ ਨੂੰ ਨਰਕ ਵਰਗੀ ਜ਼ਿੰਦਗੀ ’ਚੋਂ ਬਾਹਰ ਕੱਢਣ ਤੇ ਉਨ੍ਹਾਂ ਨੂੰ ਅਧਿਆਤਮ ਵੱਲ ਮੋੜਨ ’ਚ ਸਹਾਈ ਹੋ ਸਕਦੇ ਹਨ।                                

 –ਵਿਜੇ ਕੁਮਾਰ


Related News