ਖੇਡ ਸਟੇਡੀਅਮ ’ਚ ਸੜ ਰਹੇ ‘ਰਾਸ਼ਨ ਦੀ ਬਦਬੂ’ ਖਿਡਾਰੀਆਂ ਦੇ ਅਭਿਆਸ ’ਚ ਬਣੀ ਅੜਿੱਕਾ’
Thursday, Sep 21, 2023 - 02:41 AM (IST)
ਸਮੇਂ-ਸਮੇਂ ’ਤੇ ਦੇਸ਼ ’ਚ ਖਿਡਾਰੀਆਂ ਲਈ ਪ੍ਰੈਕਟਿਸ ਦੀ ਗੈਰ-ਤਸੱਲੀਬਖ਼ਸ਼ ਵਿਵਸਥਾ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸੇ ਸਿਲਸਿਲੇ ’ਚ ਉੱਤਰਾਖੰਡ ’ਚ ਰੁਦਰਪੁਰ ਸਥਿਤ ਮਲਟੀਪਰਪਜ਼ ‘ਮਨੋਜ ਸਰਕਾਰ ਸਟੇਡੀਅਮ’ ਦੀ ਅਣਗਹਿਲੀ ਵਾਲੀ ਹਾਲਤ ਅਤੇ ਉੱਥੇ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਮਾਮਲਾ ਸਾਹਮਣੇ ਆਇਆ ਹੈ।
2 ਸਾਲਾਂ ਤੋਂ ਇਸ ਸਟੇਡੀਅਮ ਦੀ ਮਲਟੀਪਰਪਜ਼ ਬਿਲਡਿੰਗ ’ਤੇ ਸਪਲਾਈ ਵਿਭਾਗ ਨੇ ਕਬਜ਼ਾ ਕਰ ਰੱਖਣ ਅਤੇ ਸਟੇਡੀਅਮ ਦੀ ਹਾਲਤ ਕਾਫੀ ਖਰਾਬ ਹੋਣ ਕਾਰਨ ਕਰਾਟੇ, ਤਾਈਕਵਾਂਡੋ ਅਤੇ ਜੂਡੋ ਦੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਕਾਫੀ ਔਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਕ ਕੌਮੀ ਕਰਾਟੇ ਖਿਡਾਰੀ ਅਨੁਸਾਰ ਸਟੇਡੀਅਮ ’ਚ ਪਏ ਸੜੇ ਰਾਸ਼ਨ ਦੀ ਬਦਬੂ ਹਾਲ ’ਚ ਫੈਲੀ ਰਹਿਣ ਕਾਰਨ ਉਨ੍ਹਾਂ ਨੂੰ ਆਪਣੀ ਟ੍ਰੇਨਿੰਗ ਦੂਜੀ ਜਗ੍ਹਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸ ਸਟੇਡੀਅਮ ’ਚ ਸਾਲ 2021 ਤੋਂ ਹੜ੍ਹ ਪੀੜਤਾਂ ਨੂੰ ਵੰਡਣ ਲਈ ਰੱਖਿਆ ਹੋਇਆ ਕਈ ਕੁਇੰਟਲ ਰਾਸ਼ਨ ਅਧਿਕਾਰੀਆਂ ਦੀ ਲਾਪ੍ਰਵਾਹੀ ਨਾਲ ਸੜ ਜਾਣ ਕਾਰਨ ਉਸ ’ਚੋਂ ਬਦਬੂ ਆਉਣ ਲੱਗੀ ਹੈ ਅਤੇ ਇਹ ਸਥਾਨ ਕੀੜੇ-ਮਕੌੜਿਆਂ ਦਾ ਘਰ ਬਣ ਗਿਆ ਹੈ।
ਇਸ ਨਾਲ ਖਿਡਾਰੀਆਂ ਲਈ ਹਾਲ ’ਚ ਪ੍ਰੈਕਟਿਸ ਕਰਨੀ ਅਸੰਭਵ ਹੋ ਗਈ ਹੈ ਅਤੇ ਉਹ ਸਟੇਡੀਅਮ ਦੇ ਖੁੱਲ੍ਹੇ ਮੈਦਾਨ ’ਚ ਪ੍ਰੈਕਟਿਸ ਕਰਨ ਲਈ ਮਜਬੂਰ ਹੋ ਗਏ ਹਨ।
ਜ਼ਿਲਾ ਖੇਡ ਅਧਿਕਾਰੀ ਗਿਰੀਸ਼ ਕੁਮਾਰ ਅਨੁਸਾਰ ਮਲਟੀਪਰਪਜ਼ ਸਪੋਰਟਸ ਹਾਲ ਦੀ ਹਾਲਤ ਸੜ ਰਹੇ ਰਾਸ਼ਨ ਕਾਰਨ ਖਰਾਬ ਹੋ ਰਹੀ ਹੈ। ਅਸਲ ’ਚ ਇਹ ਦੁਹਰਾ ਨੁਕਸਾਨ ਹੈ। ਇਕ ਪਾਸੇ ਲਾਪ੍ਰਵਾਹੀ ਕਾਰਨ ਰਾਸ਼ਨ ਖਰਾਬ ਹੋ ਰਿਹਾ ਹੈ ਅਤੇ ਦੂਜੇ ਪਾਸੇ ਸੜੇ ਰਾਸ਼ਨ ਦੀ ਬਦਬੂ ਨਾਲ ਖਿਡਾਰੀਆਂ ਦੀ ਖੇਡ ਅਤੇ ਸਿਹਤ ਪ੍ਰਭਾਵਿਤ ਹੋ ਰਹੀ ਹੈ।
ਇਸ ਸਮੇਂ ਜਦਕਿ ਭਾਰਤੀ ਖਿਡਾਰੀ ਵੱਖ-ਵੱਖ ਖੇਡਾਂ ’ਚ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਬਣਾ ਰਹੇ ਹਨ, ਜੇ ਖੇਡ ਪ੍ਰਬੰਧਨ ’ਚ ਇਸ ਤਰ੍ਹਾਂ ਦੀਆਂ ਬੇਨਿਯਮੀਆਂ ਖਤਮ ਕਰ ਕੇ ਸਾਡੇ ਖਿਡਾਰੀਆਂ ਨੂੰ ਤਸੱਲੀਬਖ਼ਸ਼ ਵਾਤਾਵਰਣ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਉਹ ਆਪਣੇ ਪ੍ਰਦਰਸ਼ਨ ’ਚ ਹੋਰ ਵੀ ਸੁਧਾਰ ਕਰ ਕੇ ਦੇਸ਼ ਦਾ ਨਾਂ ਚਮਕਾ ਸਕਦੇ ਹਨ।
- ਵਿਜੇ ਕੁਮਾਰ