ਛੋਟੇ-ਛੋਟੇ ਰੇਲ ਹਾਦਸੇ ਦੇ ਰਹੇ ਵੱਡੇ ਖ਼ਤਰੇ ਦੀ ਚਿਤਾਵਨੀ

01/22/2023 4:25:49 AM

ਭਾਰਤੀ ਰੇਲ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਹਾਲਾਂਕਿ 14 ਜਨਵਰੀ, 2021 ਨੂੰ ਪੱਛਮੀ ਬੰਗਾਲ ’ਚ ਬੀਕਾਨੇਰ ਐਕਸਪ੍ਰੈੱਸ ਰੇਲ ਹਾਦਸੇ ’ਚ 9 ਯਾਤਰੀਆਂ ਦੀ ਮੌਤ ਅਤੇ ਲੱਗਭਗ 40 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਘਟਨਾ ਤੋਂ ਬਾਅਦ ਕੋਈ ਵੱਡਾ ਰੇਲ ਹਾਦਸਾ ਨਹੀਂ ਹੋਇਆ ਪਰ ਇਸ ਦਰਮਿਆਨ ਲਗਾਤਾਰ ਹੋ ਰਹੇ ਇੱਕਾ-ਦੁੱਕਾ ਹਾਦਸੇ ਦੂਜਾ ਹੀ ਇਸ਼ਾਰਾ ਕਰ ਰਹੇ ਹਨ ਕਿ ਭਾਰਤੀ ਰੇਲ ’ਚ ਸਭ ਠੀਕ ਨਹੀਂ ਹੈ :

* 2 ਜਨਵਰੀ ਪਾਲੀ (ਰਾਜਸਥਾਨ) ’ਚ ਜੋਧਪੁਰ ਮੰਡਲ ਦੇ ‘ਰਾਜਕਿਆਵਾਸ ਬੋਮਦਰਾ’ ਸੈਕਸ਼ਨ ਦੇ ਦਰਮਿਆਨ ‘ਬਾਂਦ੍ਰਾ ਟਰਮੀਨਸ-ਜੋਧਪੁਰ ਸੂਰੀਆ ਨਗਰੀ ਐਕਸਪ੍ਰੈੱਸ’ ਗੱਡੀ ਦੇ 11 ਡੱਬੇ ਪੱਟੜੀ ਤੋਂ ਉਤਰ ਗਏ, ਜਿਸ ਨਾਲ ਕਈ ਯਾਤਰੀ ਜ਼ਖ਼ਮੀ ਹੋ ਗਏ।

* 15 ਜਨਵਰੀ ਨੂੰ ਰੋਹਤਕ-ਜੀਂਦ (ਹਰਿਆਣਾ) ਰੇਲ ਮਾਰਗ ’ਤੇ ‘ਸਮਰ ਗੋਪਾਲਪੁਰ’ ਪਿੰਡ ਦੇ ਨੇੜੇ ਇਕ ਮਾਲਗੱਡੀ ਦੇ 6 ਡੱਬੇ ਪੱਟੜੀ ਤੋਂ ਉਤਰ ਗਏ।

* 16 ਜਨਵਰੀ ਨੂੰ ਜਗਦਲਪੁਰ (ਮੱਧ ਪ੍ਰਦੇਸ਼) ’ਚ ਕਿਰੰਦੁਲ-ਕੋਤਾਵਾਲਸਾ’ ਰੇਲ ਲਾਈਨ ’ਤੇ ਵਿਸ਼ਾਖਾਪਟਨਮ ਤੋਂ ਕਿਰੰਦੁਲ ਜਾ ਰਹੀ ਪੈਸੇਜਰ ਸਪੈਸ਼ਲ ਟ੍ਰੇਨ ਦੀ ਇਕ ਬੋਗੀ ਸ਼ਿਵਲਿੰਗਪੁਰਮ (ਆਂਧਰਾ ਪ੍ਰਦੇਸ਼) ਸਟੇਸ਼ਨ ਯਾਰਡ ’ਚ ਪੱਟੜੀ ਤੋਂ ਉਤਰ ਗਈ।

* 18 ਜਨਵਰੀ ਨੂੰ ਸਵਾਈ ਮਾਧੋਪੁਰ (ਰਾਜਸਥਾਨ) ’ਚ ਕੋਟਾ-ਸਵਾਈ ਮਾਧੋਪੁਰ ਰੇਲ ਸੈਕਸ਼ਨ ’ਤੇ ਸਥਿਤ ‘ਆਮਲੀ’ ਸਟੇਸ਼ਨ ਯਾਰਡ ’ਚ ਰੇਲ ਪੱਟੜੀ ਅਚਾਨਕ ਟੁੱਟ ਗਈ ਜਿਸ ਦਾ ਸਮਾਂ ਰਹਿੰਦੇ ਪਤਾ ਲੱਗ ਜਾਣ ’ਤੇ ਵੱਡਾ ਹਾਦਸਾ ਟਲ ਗਿਆ।

* 18 ਜਨਵਰੀ ਨੂੰ ਮੁਰੈਨਾ (ਮੱਧ ਪ੍ਰਦੇਸ਼) ਜ਼ਿਲੇ ਦੇ ‘ਹੇਤਮਪੁਰ’ ਰੇਲਵੇ ਸਟੇਸ਼ਨ ’ਤੇ ਅਚਾਨਕ ‘ਤੇਲੰਗਾਨਾ ਐਕਸਪ੍ਰੈੱਸ’ ਦੇ ਏ. ਸੀ. ਕੋਚ ਦੇ ਕਪਲਿੰਗ ਟੁੱਟ ਗਏ। ਰੇਲਵੇ ਸਟਾਫ ਨੇ ਕਿਸੇ ਤਰ੍ਹਾਂ ਕਪਲਿੰਗ ਜੋੜਿਆ ਪਰ ਮੁਰੈਨਾ ਸਟੇਸ਼ਨ ’ਤੇ ਦੁਬਾਰਾ ਕਪਲਿੰਗ ਟੁੱਟ ਜਾਣ ਨਾਲ ਗੱਡੀ ਦੋ ਹਿੱਸਿਆਂ ’ਚ ਵੰਡ ਗਈ। ਰਫਤਾਰ ਮੱਠੀ ਹੋਣ ਦੇ ਕਾਰਨ ਹਾਦਸਾ ਟਲ ਗਿਆ ਨਹੀਂ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ।

ਪਿਛਲੇ ਸਿਰਫ 19 ਦਿਨਾਂ ’ਚ ਹੋਏ ਰੇਲ ਹਾਦਸੇ ਸਪੱਸ਼ਟ ਪ੍ਰਮਾਣ ਹਨ ਕਿ ਭਾਰਤੀ ਰੇਲ ਗੱਡੀਆਂ ਕਿਸ ਕਦਰ ਵੱਡੇ ਜੋਖਮ ਦੇ ਕੰਢੇ ’ਤੇ ਹਨ। ਇਕ ਪਾਸੇ ਦੇਸ਼ ’ਚ ਤੇਜ਼ ਰਫਤਾਰ ਰੇਲ ਗੱਡੀਆਂ ਚਲਾਉਣ ਦੀ ਕਵਾਇਦ ਜਾਰੀ ਹੈ ਤਾਂ ਦੂਜੇ ਪਾਸੇ ਲਗਾਤਾਰ ਰੇਲ ਹਾਦਸੇ ਹੋ ਰਹੇ ਹਨ। ਇਸ ਲਈ ਕੋਈ ਅਣਹੋਣੀ ਸਥਿਤੀ ਪੈਦਾ ਨਾ ਹੋਵੇ ਇਸ ਦੇ ਲਈ ਇਨ੍ਹਾਂ ਦੇ ਪ੍ਰਬੰਧਨ ਅਤੇ ਰੱਖ-ਰਖਾਅ ’ਚ ਤੁਰੰਤ ਬਹੁਆਯਾਮੀ ਸੁਧਾਰ ਲਿਆਉਣ ਦੀ ਲੋੜ ਹੈ।

–ਵਿਜੇ ਕੁਮਾਰ


Manoj

Content Editor

Related News