ਛੋਟੇ ਜਿਹੇ ਝਗੜੇ ਦਾ ਨਤੀਜਾ ਮੌਤ, ਪਰਿਵਾਰਾਂ ’ਤੇ ਟੁੱਟਿਆ ਦੁੱਖਾਂ ਦਾ ਪਹਾੜ!

Thursday, Jan 04, 2024 - 06:25 AM (IST)

ਅੱਜ ਸਮਾਜ ’ਚ ਅਸਹਿਣਸ਼ੀਲਤਾ ਅਤੇ ਗੁੱਸੇ ’ਚ ਭਾਰੀ ਵਾਧਾ ਹੋ ਰਿਹਾ ਹੈ। ਛੋਟੇ-ਮੋਟੇ ਝਗੜਿਆਂ ਨੂੰ ਪਿਆਰ ਨਾਲ ਸੁਲਝਾਉਣ ਦੀ ਥਾਂ ਲੋਕ ਆਪਸ ’ਚ ਹੀ ਇਕ-ਦੂਜੇ ਨਾਲ ਲੜ ਰਹੇ ਹਨ, ਜਿਸ ਦਾ ਨਤੀਜਾ ਦੁਖਦਾਈ ਘਟਨਾਵਾਂ ’ਚ ਨਿਕਲ ਰਿਹਾ ਹੈ :

1 ਜਨਵਰੀ ਦੀ ਰਾਤ ਨੂੰ ਹਿਮਾਚਲ ਪ੍ਰਦੇਸ਼ ’ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ’ਤੇ ਮੰਡੀ ਦੇ ‘ਬਿੰਦਰਾਬਨੀ’ ’ਚ ਇਕ ਕਾਰ ਦੇ ਮਾਲਕ ਅਤੇ ਹਿਮਾਚਲ ਦੇ ਟੈਕਸੀ ਚਾਲਕ ਦਰਮਿਆਨ ਗੱਡੀ ਨੂੰ ਓਵਰਟੇਕ ਕਰਨ ਨੂੰ ਲੈ ਕੇ ਬਿਆਸ ਨਦੀ ਦੇ ਪੁਲ ’ਤੇ ਸ਼ੁਰੂ ਹੋਇਆ ਬੋਲ-ਬੁਲਾਰਾ ਜ਼ੋਰਦਾਰ ਹੱਥੋਪਾਈ ’ਚ ਬਦਲ ਗਿਆ ਅਤੇ ਇਸ ਦੌਰਾਨ ਉਹ ਰਾਤ ਦੇ ਹਨੇਰੇ ’ਚ ਸੰਤੁਲਨ ਵਿਗੜਨ ਕਾਰਨ 250 ਫੁੱਟ ਹੇਠਾਂ ਬਿਆਸ ਦਰਿਆ ’ਚ ਜਾ ਡਿੱਗੇ।

ਹਨੇਰਾ ਹੋਣ ਕਾਰਨ ਉਸ ਦਿਨ ਸਰਚ ਮੁਹਿੰਮ ਨਾ ਹੋ ਸਕੀ। ਅਗਲੇ ਦਿਨ 2 ਜਨਵਰੀ ਨੂੰ ਐੱਨ.ਡੀ.ਆਰ.ਐੱਫ. ਨੇ ਬਿਆਸ ਦਰਿਆ ’ਚ ਸਰਚ ਮੁਹਿੰਮ ਚਲਾਈ ਪਰ ਉਨ੍ਹਾਂ ਨੂੰ ਲੱਭਣ ’ਚ ਸਫਲਤਾ ਨਹੀਂ ਮਿਲ ਸਕੀ ਅਤੇ 3 ਜਨਵਰੀ ਨੂੰ ਕਾਰ ਦੇ ਮਾਲਕ ਦੀ ਲਾਸ਼ ਤਾਂ ਮਿਲ ਗਈ ਜਦਕਿ ਟੈਕਸੀ ਚਾਲਕ ਦੀ ਭਾਲ ਜਾਰੀ ਸੀ।

ਇਕ ਛੋਟੀ ਜਿਹੀ ਗੱਲ ਨੂੰ ਲੈ ਕੇ ਸ਼ੁਰੂ ਹੋਏ ਝਗੜੇ ਦਾ ਨਤੀਜਾ ਇਕ ਦਰਦਨਾਕ ਹਾਦਸੇ ਦੇ ਰੂਪ ’ਚ ਨਿਕਲਿਆ ਅਤੇ ਦੋਵਾਂ ਦੇ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਹ ਘਟਨਾ ਸਬਕ ਹੈ ਕਿ ਜੇ ਕੋਈ ਝਗੜਾ ਹੋ ਵੀ ਜਾਵੇ ਤਾਂ ਗੁੱਸੇ ’ਚ ਆ ਕੇ ਕੋਈ ਗਲਤ ਕਦਮ ਚੁੱਕਣ ਦਾ ਨਤੀਜਾ ਦੁਖਦਾਈ ਹੋ ਸਕਦਾ ਹੈ।

- ਵਿਜੇ ਕੁਮਾਰ


Anmol Tagra

Content Editor

Related News