ਦੂਜਿਆਂ ਦੀ ਜ਼ਿੰਦਗੀ ਬਚਾਉਂਦਾ ਖੁਦ ਮੌਤ ਤੋਂ ਹਾਰਿਆ ਪੰਜਾਬ ਪੁਲਸ ਦਾ ਹਰਸ਼, ਮਾਪਿਆਂ ਦਾ ਇਕਲੌਤਾ ਸਹਾਰਾ ਵੀ ਟੁੱਟਾ
Saturday, Jan 11, 2025 - 06:19 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਭਵਾਨੀਗੜ੍ਹ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਸ ਦੇ ਜਵਾਨ ਹਰਸ਼ਵੀਰ ਸਿੰਘ, ਜੋ ਕਿ ਬੁੱਧਵਾਰ ਰਾਤ ਡਿਊਟੀ ਦੌਰਾਨ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ ਦੀ ਇਲਾਜ ਦੌਰਾਨ ਮੌਤ ਹੋ ਗਈ। ਵਰਨਣਯੋਗ ਹੈ ਕਿ 25 ਸਾਲਾ ਕਾਂਸਟੇਬਲ ਹਰਸ਼ਵੀਰ ਸਿੰਘ ਵਾਸੀ ਦਸ਼ਮੇਸ਼ ਨਗਰ ਭਵਾਨੀਗੜ੍ਹ ਇਸ ਸਮੇਂ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਭਵਾਨੀਗੜ੍ਹ ਲਈ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਬੀਤੀ ਰਾਤ ਜਦੋਂ ਹਰਸ਼ਵੀਰ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਸਮੇਤ ਐੱਸ.ਐੱਸ.ਐੱਫ ਦੀ ਗੱਡੀ ਵਿਚ ਬੈਠਾ ਬਾਲਦ ਕੈਂਚੀਆਂ ਵਿਖੇ ਡਿਊਟੀ ਕਰ ਰਿਹਾ ਸੀ ਤਾਂ ਸਮਾਣਾ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਦੇ ਚਾਲਕ ਜੋ ਕਿ ਨਸ਼ੇ ਵਿਚ ਧੁੱਤ ਸੀ ਨੇ ਲਾਪਰਵਾਹੀ ਨਾਲ ਆਪਣੀ ਕਾਰ ਐੱਸ.ਐੱਸ.ਐੱਫ ਦੀ ਗੱਡੀ 'ਤੇ ਚੜ੍ਹਾ ਦਿੱਤੀ। ਇਸ ਹਾਦਸੇ ਦੌਰਾਨ ਡਰਾਈਵਰ ਸੀਟ 'ਤੇ ਬੈਠਾ ਹਰਸ਼ਵੀਰ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਹਰਸ਼ਵੀਰ ਸ਼ੁਰੂ ਤੋਂ ਹੀ ਵੈਂਟੀਲੇਟਰ 'ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਪਟਿਆਲਾ ਤੋਂ ਬਾਅਦ ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਸ਼ੁੱਕਰਵਾਰ ਸ਼ਨੀਵਾਰ ਦੀ ਦਰਮਿਆਨੀ ਰਾਤ ਹਰਸ਼ਵੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਪੰਜਾਬ ਰੋਡਵੇਜ਼ ਦੀ ਬੱਸ 'ਤੇ ਹਮਲਾ, ਵਿਚ ਬੈਠੀਆਂ ਸਵਾਰੀਆਂ ਦੇ ਸੁੱਕੇ ਸਾਹ
ਦੂਜਿਆਂ ਦੀ ਜਿੰਦਗੀਆਂ ਬਚਾਉਂਦਾ ਆਪਣੀ ਜ਼ਿੰਦਗੀ ਹਾਰ ਗਿਆ ਹਰਸ਼ਵੀਰ
ਦੱਸ ਦੇਈਏ ਕਿ ਹਰਸ਼ਵੀਰ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ ਜੋ ਹੁਣੇ-ਹੁਣੇ ਸਾਲ 2023 ਦੌਰਾਨ ਪੰਜਾਬ ਪੁਲਸ ਵਿਚ ਭਰਤੀ ਹੋਇਆ ਸੀ। ਹਰਸ਼ਵੀਰ ਦੀ ਮੌਤ ਤੋਂ ਬਾਅਦ ਪਿਤਾ ਸੁਖਬੀਰ ਸਿੰਘ ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ। ਹਰਸ਼ਵੀਰ ਦੀ ਮੌਤ ਨੇ ਹਰ ਇਕ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਹਰ ਵਿਅਕਤੀ ਦੀ ਨਮ ਅੱਖ ਆਖ ਰਹੀ ਸੀ ਕਿ ਲੋਕਾਂ ਦੀ ਜ਼ਿੰਦਗੀ ਬਚਾਉਂਦਾ ਬਚਾਉਂਦਾ ਅੱਜ ਹਰਸ਼ਵੀਰ ਆਪਣੀ ਜ਼ਿੰਦਗੀ ਹਾਰ ਗਿਆ। ਦੂਜੇ ਪਾਸੇ ਸ਼ਨੀਵਾਰ ਦੁਪਹਿਰ ਹਰਸ਼ਵੀਰ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਭਵਾਨੀਗੜ੍ਹ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਜਿੱਥੇ ਡੀਐੱਸਪੀ ਰਾਹੁਲ ਕੌਸ਼ਲ ਦੀ ਅਗਵਾਈ 'ਚ ਥਾਣਾ ਭਵਾਨੀਗੜ੍ਹ ਦੇ ਇੰਚਾਰਜ ਗੁਰਨਾਮ ਸਿੰਘ ਵੱਲੋਂ ਪੁਲਸ ਟੁਕੜੀ ਸਮੇਤ ਮ੍ਰਿਤਕ ਨੂੰ ਅੰਤਿਮ ਸਲਾਮੀ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸੱਤ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ, ਪਵੇਗਾ ਭਾਰੀ ਮੀਂਹ ਅਤੇ ਪੈਣਗੇ ਗੜੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e