ਅਲਮਾਰੀ ਡਿੱਗਣ ਕਾਰਨ ਬੱਚੇ ਦੀ ਦਰਦਨਾਕ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Thursday, Jan 09, 2025 - 03:05 PM (IST)
ਡੇਰਾਬੱਸੀ (ਵਿਕਰਮਜੀਤ) : ਇੱਥੋਂ ਦੇ ਦਾਦਪੁਰਾ ਮੁਹੱਲੇ 'ਚ 2 ਸਾਲ ਦੇ ਬੱਚੇ 'ਤੇ ਅਲਮਾਰੀ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਸੌਰਭ ਸੈਣੀ ਪੁਰਾਣੀ ਅਨਾਜ ਮੰਡੀ ਰੋਡ 'ਤੇ ਬਿਜਲੀ ਦੇ ਸਾਮਾਨ ਦੀ ਦੁਕਾਨ ਕਰਦਾ ਹੈ ਅਤੇ ਨਾਲ ਲੱਗਦੇ ਦਾਦਪੁਰਾ ਮੁਹੱਲੇ 'ਚ ਪਰਿਵਾਰ ਨਾਲ ਰਹਿੰਦਾ ਹੈ। ਉਸ ਦਾ 2 ਸਾਲ ਦਾ ਪੁੱਤਰ ਪਰਵ ਸੈਣੀ ਆਪਣੇ ਘਰ ਖੇਡ ਰਿਹਾ ਸੀ ਕਿ ਅਚਾਨਕ ਇੱਕ ਅਲਮਾਰੀ ਉਸ ਉੱਪਰ ਡਿੱਗ ਗਈ, ਜਿਸ ਕਾਰਨ ਬੱਚਾ ਜ਼ਖਮੀ ਹੋ ਗਿਆ।
ਜ਼ਖਮੀ ਬੱਚੇ ਨੂੰ ਤੁਰੰਤ ਡੇਰਾਬੱਸੀ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਸੈਕਟਰ-32 ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਬੱਚੇ ਦੀ ਮੌਤ ਦੀ ਸੂਚਨਾ ਮਿਲਣ 'ਤੇ ਦਾਦਪੁਰਾ ਮੁਹੱਲੇ ਦਾ ਮਾਹੌਲ ਗ਼ਮਗੀਨ ਹੋ ਗਿਆ। ਬੱਚੇ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ।