ਇਜ਼ਰਾਈਲ-ਹਮਾਸ ਯੁੱਧ ਖਤਮ ਹੋਣ ਦੇ ਸੰਕੇਤ, ਰੂਸ ਵੀ ਹੁਣ ਸ਼ਾਂਤੀ ਦਾ ਇੱਛੁਕ
Friday, Nov 24, 2023 - 05:42 AM (IST)
ਇਨ੍ਹੀਂ ਦਿਨੀਂ ਇਕ ਪਾਸੇ ਇਜ਼ਰਾਈਲ ਅਤੇ ਫਿਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਅਤੇ ਦੂਜੇ ਪਾਸੇ ਰੂਸ ਅਤੇ ਯੂਕ੍ਰੇਨ ਦਰਮਿਆਨ ਭਿਆਨਕ ਯੁੱਧ ਜਾਰੀ ਹੈ। ਫਿਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ’ਚ ਯੁੱਧ ਸ਼ੁਰੂ ਹੋ ਗਿਆ ਜੋ 23 ਨਵੰਬਰ ਨੂੰ 48ਵੇਂ ਦਿਨ ਵੀ ਜਾਰੀ ਸੀ।
ਇਸ ਯੁੱਧ ’ਚ ਹੁਣ ਤਕ ਲਗਭਗ 6,000 ਬੱਚਿਆਂ ਸਮੇਤ 14,500 ਤੋਂ ਵੱਧ ਫਿਲਸਤੀਨੀ ਮਾਰੇ ਗਏ ਅਤੇ 24,000 ਤੋਂ ਵੱਧ ਜ਼ਖਮੀ ਹੋਏ ਹਨ। ਦੂਜੇ ਪਾਸੇ ਇਜ਼ਰਾਈਲ ਦੇ ਵੀ 1400 ਤੋਂ ਵੱਧ ਫੌਜੀ ਮਾਰੇ ਗਏ ਅਤੇ ਲਗਭਗ 10,000 ਨਾਗਰਿਕ ਜ਼ਖਮੀ ਹੋਏ ਹਨ।
ਯੁੱਧ ਦੇ ਕਾਰਨ ਗਾਜ਼ਾ ’ਚ 2 ਲੱਖ ਤੋਂ ਵੱਧ ਮਕਾਨ ਤਬਾਹ ਹੋ ਗਏ ਹਨ ਅਤੇ ਉੱਥੋਂ 15 ਲੱਖ ਫਿਲਸਤੀਨੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਹੈ ਜਦਕਿ ਲਗਭਗ ਢਾਈ ਲੱਖ ਇਜ਼ਰਾਈਲੀ ਨਾਗਰਿਕ ਘਰੋਂ ਬੇਘਰ ਹੋਏ ਹਨ।
ਇਸ ਤੋਂ ਪਹਿਲਾਂ 24 ਫਰਵਰੀ, 2022 ਤੋਂ ਜਾਰੀ ਰੂਸ-ਯੂਕ੍ਰੇਨ ਯੁੱਧ ’ਚ ਰੂਸ ਦੇ 1,20,000 ਫੌਜੀਆਂ ਅਤੇ ਨਾਗਰਿਕਾਂ ਦੀ ਮੌਤ ਅਤੇ 1,70,000 ਤੋਂ 1,80,000 ਲੋਕ ਜ਼ਖਮੀ ਹੋਏ ਜਦਕਿ ਯੂਕ੍ਰੇਨ ਦੇ 70,000 ਫੌਜੀਆਂ ਅਤੇ ਆਮ ਨਾਗਰਿਕਾਂ ਦੀ ਮੌਤ ਅਤੇ ਲਗਭਗ 10,000 ਤੋਂ 1,20,000 ਲੋਕ ਜ਼ਖਮੀ ਹੋਏ ਹਨ।
ਰੂਸ-ਯੂਕ੍ਰੇਨ ਯੁੱਧ ਦੌਰਾਨ ਬੀਤੀ ਜੂਨ ’ਚ ਅਚਾਨਕ ਪੁਤਿਨ ਲਈ ਕੰਮ ਕਰਨ ਵਾਲੇ ਪ੍ਰਾਈਵੇਟ ਫੌਜੀਆਂ ਦੀ ਫੌਜ ‘ਵੈਗਨਰ ਗਰੁੱਪ’ ਨੇ ਪੁਤਿਨ ਵਿਰੁੱਧ ਬਗਾਵਤ ਕਰ ਦਿੱਤੀ, ਜਿਸ ਨਾਲ ਰੂਸ ’ਚ ਗ੍ਰਹਿ ਯੁੱਧ ਦਾ ਖਤਰਾ ਪੈਦਾ ਹੋ ਗਿਆ ਸੀ ਪਰ ਇਸ ਬਗਾਵਤ ਨੂੰ ਦਬਾ ਦਿੱਤਾ ਗਿਆ ਅਤੇ 23 ਅਗਸਤ ਨੂੰ ਇਕ ਰਹੱਸਮਈ ਜਹਾਜ਼ ਹਾਦਸੇ ’ਚ ‘ਵੈਗਨਰ ਗਰੁੱਪ’ ਦੇ ਸਰਗਣਾ ‘ਯੇਵੇਗਨੀ ਪ੍ਰਿੰਗੋਝਿਨ’ ਦੀ ਮੌਤ ਹੋ ਗਈ।
ਉਕਤ ਘਟਨਾਕ੍ਰਮ ਤੋਂ ਅਜਿਹਾ ਖਦਸ਼ਾ ਸੀ ਕਿ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਜਾਵੇਗਾ ਪਰ ਇਜ਼ਰਾਈਲ ਤੇ ਹਮਾਸ ਨੇ 22 ਨਵੰਬਰ ਨੂੰ ਗਾਜ਼ਾ ’ਚ ਯੁੱਧ ਵਿਰਾਮ ਲਈ ਕਤਰ ਅਤੇ ਤੁਰਕੀ ਦੀ ਵਿਚੋਲਗੀ ਵਾਲੇ ਮਤੇ ’ਤੇ ਸਮਝੌਤੇ ਦੀ ਪੁਸ਼ਟੀ ਕਰ ਦਿੱਤੀ।
ਇਸ ਅਨੁਸਾਰ ਇਜ਼ਰਾਈਲ ਅਤੇ ਹਮਾਸ 4 ਦਿਨ ਲਈ ਅਸਥਾਈ ਯੁੱਧ ਵਿਰਾਮ ਲਈ ਸਹਿਮਤ ਹੋ ਗਏ ਹਨ। ਇਸ ਦੇ ਅਧੀਨ ਇਜ਼ਰਾਈਲ ਵੱਲੋਂ 150 ਫਿਲਸਤੀਨੀ ਕੈਦੀਆਂ ਦੀ ਪੜਾਅਵਾਰ ਰਿਹਾਈ ਦੇ ਬਦਲੇ ’ਚ ਹਮਾਸ ਵੱਲੋਂ ਬੰਧਕ ਬਣਾਏ ਗਏ 50 ਇਜ਼ਰਾਈਲੀਆਂ ਨੂੰ ਰਿਹਾਅ ਕੀਤਾ ਜਾਣਾ ਹੈ।
ਦੂਜੇ ਪਾਸੇ 638 ਦਿਨ ਤੋਂ ਜਾਰੀ ਰੂਸ-ਯੂਕ੍ਰੇਨ ਯੁੱਧ ਦੌਰਾਨ ਆਖਿਰ ਪੁਤਿਨ ਨੇ ਵੀ ਚੁੱਪ ਤੋੜ ਕੇ 21 ਨਵੰਬਰ ਨੂੰ ਯੂਕ੍ਰੇਨ ਨਾਲ ਸ਼ਾਂਤੀ ਕਾਇਮ ਕਰਨ ਦੀ ਆਪਣੀ ਇੱਛਾ ਜ਼ਾਹਿਰ ਕਰ ਦਿੱਤੀ ਹੈ ਕਿ ‘‘ਹੁਣ ਯੂਕ੍ਰੇਨ ਨਾਲ ਯੁੱਧ ਖਤਮ ਕਰਨ ਦਾ ਸਮਾਂ ਆ ਗਿਆ ਹੈ ਅਤੇ ਅਸੀਂ ਗੱਲਬਾਤ ਲਈ ਤਿਆਰ ਹਾਂ।’’
ਹਾਲਾਂਕਿ ਤਾਜ਼ਾ ਖਬਰਾਂ ਅਨੁਸਾਰ ਫਿਲਸਤੀਨ ਵੱਲੋਂ ਸਮਝੌਤੇ ਦੀਆਂ ਕੁਝ ਸ਼ਰਤਾਂ ’ਤੇ ਸਹਿਮਤੀ ਨਾ ਬਣਨ ਕਾਰਨ 23 ਨਵੰਬਰ ਨੂੰ ਸਮਝੌਤਾ ਲਾਗੂ ਨਹੀਂ ਹੋ ਸਕਿਆ ਅਤੇ ਇਸ ਦੇ 24 ਨਵੰਬਰ ਨੂੰ ਅਮਲ ’ਚ ਆਉਣ ਦੀ ਆਸ ਹੈ।
ਇਸ ਲਈ ਜਦੋਂ ਤੱਕ ਇਜ਼ਰਾਈਲ ਅਤੇ ਹਮਾਸ ਵਿਚਾਲੇ ਅਸਥਾਈ ਯੁੱਧਬੰਦੀ ਸਮਝੌਤੇ ’ਤੇ ਅਮਲ ਨਹੀਂ ਹੁੰਦਾ ਅਤੇ ਰੂਸ ਅਤੇ ਯੂਕ੍ਰੇਨ ਦਰਮਿਆਨ ਸ਼ਾਂਤੀ ਨਹੀਂ ਹੁੰਦੀ ਉਦੋਂ ਤੱਕ ਇਨ੍ਹਾਂ ਦਰਮਿਆਨ ਟਕਰਾਅ ਤਾਂ ਹੁੰਦਾ ਰਹੇਗਾ ਪਰ ਇਨ੍ਹਾਂ ਕਾਰਨ ਪ੍ਰਮਾਣੂ ਯੁੱਧ ਜਾਂ ਤੀਜਾ ਵਿਸ਼ਵ ਯੁੱਧ ਭੜਕਣ ਦਾ ਜੋ ਖਤਰਾ ਪ੍ਰਗਟ ਕੀਤਾ ਜਾ ਰਿਹਾ ਸੀ, ਉਹ ਕਿਸੇ ਹੱਦ ਤੱਕ ਟਲ ਗਿਆ ਲੱਗਦਾ ਹੈ ਜੋ ਦੁਨੀਆ ਲਈ ਇਕ ਖੁਸ਼ਖਬਰੀ ਹੈ, ਜਿਸ ਦਾ ਸਿਹਰਾ ਕਤਰ ਤੇ ਤੁਰਕੀ ਨੂੰ ਜਾਂਦਾ ਹੈ।
ਵਰਨਣਯੋਗ ਹੈ ਕਿ ਅਜੇ ਤੱਕ 2 ਵਿਸ਼ਵ ਯੁੱਧ ਹੋਏ ਹਨ। ਪਹਿਲਾ ਵਿਸ਼ਵ ਯੁੱਧ 28 ਜੁਲਾਈ, 1914 ਤੋਂ 11 ਨਵੰਬਰ, 1918 ਤੱਕ ਚੱਲਿਆ। ਇਸ ’ਚ ਲਗਭਗ 9 ਕਰੋੜ ਸਿਪਾਹੀਆਂ ਤੇ 1.3 ਕਰੋੜ ਨਾਗਰਿਕਾਂ ਦੀ ਮੌਤ ਹੋਈ ਸੀ।
ਦੂਜਾ ਵਿਸ਼ਵ ਯੁੱਧ 1939 ਤੋਂ 1945 ਦਰਮਿਆਨ ਲੜਿਆ ਗਿਆ ਜਿਸ ’ਚ ਮਿੱਤਰ ਦੇਸ਼ ਬਰਤਾਨੀਆ, ਅਮਰੀਕਾ, ਸੋਵੀਅਤ ਸੰਘ ਅਤੇ ਫਰਾਂਸ ਇਕ ਪਾਸੇ ਅਤੇ ਜਰਮਨੀ, ਇਟਲੀ ਅਤੇ ਜਾਪਾਨ ਆਦਿ ਦੇਸ਼ ਦੂਜੇ ਪਾਸੇ ਸਨ। ਇਸ ਯੁੱਧ ’ਚ ਮਿੱਤਰ ਧਿਰ ਦੇ 1 ਕਰੋੜ 60 ਲੱਖ ਤੋਂ ਵੱਧ ਫੌਜੀਆਂ ਦੀ ਮੌਤ ਹੋਈ ਜਦਕਿ ਵਿਰੋਧੀ ਦੇਸ਼ਾਂ ਦੇ 80 ਲੱਖ ਤੋਂ ਵੱਧ ਫੌਜੀ ਮਾਰੇ ਗਏ।
ਯੁੱਧ ’ਚ ਮਿੱਤਰ ਦੇਸ਼ਾਂ ਦੀ ਜਿੱਤ ਹੋਈ। ਇਸ ਯੁੱਧ ’ਚ 7 ਦਸੰਬਰ, 1941 ’ਚ ਜਾਪਾਨੀ ਬੰਬ ਵਰ੍ਹਾਉਣ ਵਾਲਿਆਂ ਨੇ ਪਰਲ ਹਾਰਬਰ ਸਥਿਤ ਅਮਰੀਕੀ ਸਮੁੰਦਰੀ ਫੌਜ ਦੇ ਅੱਡੇ ’ਤੇ ਬਿਨਾਂ ਚਿਤਾਵਨੀ ਦਿੱਤੇ ਹਮਲਾ ਕਰ ਕੇ ਅਮਰੀਕਾ ਦੇ 8 ’ਚੋਂ 6 ਜੰਗੀ ਜਹਾਜ਼ ਨਸ਼ਟ ਕਰ ਦਿੱਤੇ ਸਨ।
ਇਸ ਪਿੱਛੋਂ ਅਮਰੀਕਾ ਵੀ ਯੁੱਧ ’ਚ ਕੁੱਦ ਪਿਆ ਅਤੇ ਇਸ ਦਾ ਅੰਜਾਮ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਅਮਰੀਕਾ ਵੱਲੋਂ ਪ੍ਰਮਾਣੂ ਬੰਬ ਹਮਲੇ ਵਜੋਂ ਨਿਕਲਿਆ ਜਿਸ ਦੇ ਨਤੀਜੇ ਵਜੋਂ ਹੀਰੋਸ਼ੀਮਾ ’ਚ 1 ਲੱਖ 35 ਹਜ਼ਾਰ ਤੋਂ ਵੱਧ ਅਤੇ ਨਾਗਾਸਾਕੀ ’ਚ 64,000 ਲੋਕ ਮਾਰੇ ਗਏ ਸਨ।
ਅਸੀਂ ਤਾਂ ਇਹ ਪ੍ਰਾਰਥਨਾ ਹੀ ਕਰ ਸਕਦੇ ਹਾਂ ਕਿ ਹਮਾਸ ਅਤੇ ਇਜ਼ਰਾਈਲ ਅਤੇ ਰੂਸ ਅਤੇ ਯੂਕ੍ਰੇਨ ’ਚ ਸਮਝੌਤੇ ਸਿਰੇ ਚੜ੍ਹ ਜਾਣ ਅਤੇ ਦੁਨੀਆ ਦੇ ਸਿਰ ’ਤੇ ਮੰਡਰਾਅ ਰਿਹਾ ਤੀਜੇ ਵਿਸ਼ਵ ਯੁੱਧ ਦਾ ਖਤਰਾ ਟਲ ਜਾਵੇ ਕਿਉਂਕਿ ਯੁੱਧਾਂ ’ਚ ਆਗੂਆਂ ਦਾ ਤਾਂ ਕੁਝ ਨਹੀਂ ਜਾਂਦਾ, ਯੁੱਧ ਦੀ ਭਿਆਨਕਤਾ ਦਾ ਸ਼ਿਕਾਰ ਤਾਂ ਆਮ ਲੋਕ ਹੀ ਹੁੰਦੇ ਹਨ, ਭਾਵੇਂ ਉਹ ਫੌਜੀ ਹੋਣ ਜਾਂ ਆਮ ਨਾਗਰਿਕ!
- ਵਿਜੇ ਕੁਮਾਰ