‘ਉੱਡਦਾ ਤਾਬੂਤ’ ਬਣੇ ਮਿਗ-21 ਜਹਾਜ਼ਾਂ ਨੂੰ ਕੀ ਜਲਦੀ ਰਿਟਾਇਰ ਨਹੀਂ ਕਰਨਾ ਚਾਹੀਦਾ?

12/26/2021 3:26:30 AM

ਭਾਰਤੀ ਹਵਾਈ ਫੌਜ ’ਚ ਰੂਸ ’ ਚ ਬਣੇ ਮਿਗ-21 ਲੜਾਕੂ ਜਹਾਜ਼ 1964 ’ਚ ਸ਼ਾਮਲ ਕੀਤੇ ਗਏ ਸਨ। ਰੂਸ ਨੇ 11500 ਮਿਗ ਜਹਾਜ਼ ਬਣਾਏ ਸਨ ਜਿਨ੍ਹਾਂ ਨੂੰ 50 ਦੇਸ਼ਾਂ ਨੇ ਆਪਣੀ ਹਵਾਈ ਫੌਜ ’ਚ ਸ਼ਾਮਲ ਕੀਤਾ ਸੀ।

ਤਕਨੀਕੀ ਦ੍ਰਿਸ਼ਟੀ ਤੋਂ ਪੱਛੜ ਜਾਣ ਦੇ ਕਾਰਨ ਹੁਣ ਇਹ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਸਨ। ਕਾਰਗਿਲ ਜੰਗ ਦੇ ਦੌਰਾਨ ਇਕ ਪਾਕਿਸਤਾਨੀ ਨੇ ਮੋਢੇ ਦੀ ਮਿਜ਼ਾਈਲ ਨਾਲ ਹੀ ਇਸ ਨੂੰ ਡੇਗ ਸੁੱਟਿਆ ਸੀ ਜਦਕਿ 2019 ’ਚ ਪਾਕਿਸਤਾਨ ਦੇ ਵਿਰੁੱਧ ਸਰਜੀਕਲ ਸਟ੍ਰਾਈਕ ’ਚ ਵੀ ਵਿੰਗ ਕਮਾਂਡਰ ਅਭਿਨੰਦਨ ਦਾ ਮਿਗ ਪਾਕਿਸਤਾਨੀ ਫੌਜ ਨੇ ਡੇਗ ਸੁੱਟਿਆ ਸੀ।

ਲੰਬੇ ਸਮੇਂ ਤੱਕ ਭਾਰਤੀ ਹਵਾਈ ਫੌਜ ਦੀ ਰੀੜ੍ਹ ਰਿਹਾ ਇਹ ਵੱਖ-ਵੱਖ ਭੂਮਿਕਾਵਾਂ ਨਿਭਾਉਣ ਵਾਲਾ ਜਹਾਜ਼ ਹੈ। ਇਸ ਦਾ ਨਿਰਮਾਣ ਰੂਸ ਨੇ 1955 ’ਚ ਸ਼ੁਰੂ ਕੀਤਾ ਸੀ ਪਰ ਹੁਣ ਇਸ ਦੀ ਤਕਨੀਕ ਕਾਫੀ ਪੁਰਾਣੀ ਹੋ ਜਾਣ ਦੇ ਕਾਰਨ ਸਿਵਾਏ ਤਿੰਨ ਦੇਸ਼ਾਂ ਭਾਰਤ, ਕ੍ਰੋਏਸ਼ੀਆ ਅਤੇ ਰੋਮਾਨੀਆ ਦੇ ਹੋਰਨਾਂ ਸਾਰੇ ਦੇਸ਼ਾਂ ਨੇ ਇਸ ਦੀ ਵਰਤੋਂ ਬੰਦ ਕਰ ਦਿੱਤੀ ਹੈ। ਇਨ੍ਹਾਂ ਦੇ ਪੁਰਾਣੇ ਅਤੇ ਵਿਕਸਿਤ ਵਰਜ਼ਨ ’ਚ ਕਾਫੀ ਸੁਧਾਰ ਵੀ ਨਹੀਂ ਹੋਇਆ ਹੈ।

ਇੱਥੋਂ ਤੱਕ ਕਿ ਇਸ ਜਹਾਜ਼ ਦੇ ਜਨਮਦਾਤਾ ਰੂਸ ਦੇ ਕੋਲ ਹੁਣ ਇਕ ਵੀ ਮਿਗ ਜਹਾਜ਼ ਨਹੀਂ ਹੈ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਤਿੰਨ ਮਿਗ ਜਹਾਜ਼ ਤੋਹਫੇ ਦੇ ਰੂਪ ’ਚ ਲੈ ਕੇ ਇਸ ਨੂੰ ਆਪਣੇ ਪੁਰਾਣੇ ਜਹਾਜ਼ਾਂ ਦੇ ਅਜਾਇਬਘਰ ’ਚ ਰੱਖਿਆ ਹੈ।

ਪਿਛਲੇ 6 ਦਹਾਕਿਆਂ ਦੌਰਾਨ ਭਾਰਤ ’ਚ 400 ਮਿਗ-21 ਜਹਾਜ਼ ਹਾਦਸਿਆਂ ’ਚ 200 ਤੋਂ ਵੱਧ ਪਾਇਲਟਾਂ ਦੀ ਮੌਤ ਹੋ ਚੁੱਕੀ ਹੈ। ਹਾਦਸਾਗ੍ਰਸਤ ਮਿਗ ਜਹਾਜ਼ਾਂ ਦੀ ਇਹ ਗਿਣਤੀ ਹੋਰ ਸਾਰੇ ਲੜਾਕੂ ਜਹਾਜ਼ਾਂ ਦੀ ਗਿਣਤੀ ਤੋਂ ਵੱਧ ਹੈ।

ਪਿਛਲੇ ਪੰਜ ਸਾਲਾਂ ’ਚ ਲਗਭਗ ਇਕ ਦਰਜਨ ਮਿਗ-21 ਜਹਾਜ਼ ਹਾਦਸਾਗ੍ਰਸਤ ਹੋਏ ਹਨ। ਫਿਲਹਾਲ ਦੀ ਗੱਲ ਕਰੀਏ ਤਾਂ ਇਸੇ ਸਾਲ 5 ਮਿਗ ਜਹਾਜ਼ ਹਾਦਸਾਗ੍ਰਸਤ ਹੋ ਚੁੱਕੇ ਹਨ। ਵਾਰ-ਵਾਰ ਹਾਦਸਾਗ੍ਰਸਤ ਹੋ ਰਹੇ ਇਨ੍ਹਾਂ ਜਹਾਜ਼ਾਂ ਦਾ ਨਾਂ ਹੀ ‘ਉੱਡਦਾ ਤਾਬੂਤ’ ਅਤੇ ‘ਵਿਧਵਾ ਬਣਾਉਣ ਵਾਲਾ’ (ਵਿਡੋ ਮੇਕਰ) ਪੈ ਗਿਆ ਹੈ।

* 06 ਜਨਵਰੀ ਨੂੰ ਸੂਰਤਗੜ੍ਹ ਦੇ ਨੇੜੇ ਇਕ ਮਿਗ-21 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਪਰ ਇਸ ਦਾ ਪਾਇਲਟ ਸੁਰੱਖਿਅਤ ਬਾਹਰ ਨਿਕਲ ਆਇਆ ਸੀ।

* 17 ਮਾਰਚ ਨੂੰ ਗਵਾਲੀਅਰ ਏਅਰਬੇਸ ਤੋਂ ‘ਕਾਮਬੈਟ ਟ੍ਰੇਨਿੰਗ ਮਿਸ਼ਨ’ ਦੇ ਲਈ ਰਵਾਨਾ ਹੋਣ ਦੇ ਦੌਰਾਨ ਮਿਗ-21 ਬਾਈਸਨ ਜਹਾਜ਼ ਹਾਦਸਾਗ੍ਰਸਤ ਹੋ ਜਾਣ ਨਾਲ ਹਵਾਈ ਫੌਜ ਦੇ ਇਕ ਗਰੁੱਪ ਕੈਪਟਨ ਏ. ਕੇ. ਗੁਪਤਾ ਦੀ ਜਾਨ ਚਲੀ ਗਈ।

* 21 ਮਈ ਨੂੰ ਮਿਗ-21 ਜਹਾਜ਼ ਦੇ ਮੋਗਾ ਦੇ ਨੇੜੇ ਹਾਦਸਾਗ੍ਰਸਤ ਹੋ ਜਾਣ ਨਾਲ ਹਵਾਈ ਫੌਜ ਦੇ ਪਾਇਲਟ ਅਭਿਨਵ ਚੌਧਰੀ ਮਾਰੇ ਗਏ।

* 25 ਅਗਸਤ ਨੂੰ ਰਾਜਸਥਾਨ ’ਚ ਬਾੜਮੇਰ ਦੇ ਨੇੜੇ ਇਕ ਮਿਗ-21 ਜਹਾਜ਼ ਹਾਦਸਾਗ੍ਰਸਤ ਹੋ ਜਾਣ ਦੇ ਕਾਰਨ ਅੱਗ ਦਾ ਗੋਲਾ ਬਣ ਕੇ ਫਟ ਗਿਆ ਪਰ ਚੰਗੀ ਕਿਸਮਤ ਨਾਲ ਪਾਇਲਟ ਬਚ ਗਿਆ।

* ਅਤੇ ਹੁਣ 24 ਦਸੰਬਰ ਰਾਤ ਨੂੰ ਰਾਜਸਥਾਨ ਦੇ ਜੈਸਲਮੇਰ ਜ਼ਿਲੇ ਦੇ ‘ਸਮ’ ਇਲਾਕੇ ’ਚ ਇਕ ਮਿਗ-21 ਜਹਾਜ਼ ਡਿੱਗ ਗਿਆ ਅਤੇ ਧਮਾਕੇ ਨਾਲ ਉਸ ’ਚ ਅੱਗ ਲੱਗ ਗਈ ਜਿਸ ਦੇ ਨਤੀਜੇ ਵਜੋਂ ਇਸ ਦੇ ਜਵਾਨ ਪਾਇਲਟ ਵਿੰਗ ਕਮਾਂਡਰ ਹਰਸ਼ਤ ਸਿਨ੍ਹਾ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਪਾਇਲਟ ਨੇ ਅਭਿਆਸ ਦੇ ਲਈ ਉਡਾਣ ਭਰੀ ਸੀ।

ਮਿਗ-21 ਜਹਾਜ਼ ਕਿਸ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ? ਕੀ ਇਸ ਦਾ ਕਾਰਨ ਖਰਾਬ ਮੌਸਮ ਰਿਹਾ ਹੈ ਜਾਂ ਤਕਨੀਕੀ ਖਰਾਬੀ ਜਾਂ ਕੁਝ ਹੋਰ ਅਤੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਤਾਂ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਬਾਅਦ ਹੀ ਪਤਾ ਲੱਗੇਗਾ।

ਇਸੇ 8 ਦਸੰਬਰ ਨੂੰ ਅਸੀਂ ਇਕ ਹੈਲੀਕਾਪਟਰ ਹਾਦਸੇ ’ਚ ਸੀ. ਡੀ. ਐੱਸ. ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ ਆਪਣੇ ਅਨੇਕ ਵੀਰਾਂ ਨੂੰ ਗੁਆਇਆ ਹੈ ਜਿਨ੍ਹਾਂ ਦੀ ਯਾਦ ਅਜੇ ਤਾਜ਼ਾ ਹੈ।

ਲਗਭਗ 20 ਸਾਲ ਪਹਿਲਾਂ ਮਿਗ ਜਹਾਜ਼ਾਂ ਨੂੰ ਹਟਾਉਣ ਦੀ ਤਜਵੀਜ਼ ਦਿੱਤੀ ਗਈ ਸੀ ਪਰ ਇਨ੍ਹਾਂ ਦੀ ਥਾਂ ਲੈਣ ਵਾਲੇ ਜਹਾਜ਼ਾਂ ਦੀ ਕਮੀ ਹੋਣ ਦੇ ਕਾਰਨ ਅਜੇ ਤਕ ਅਜਿਹਾ ਨਹੀਂ ਹੋ ਸਕਿਆ। ਇਸ ਲਈ ਨਾ ਸਿਰਫ ਜਿੰਨੀ ਜਲਦੀ ਹੋ ਸਕੇ ਇਨ੍ਹਾਂ ਜਹਾਜ਼ਾਂ ਦਾ ਬਦਲ ਲਿਆ ਕੇ ਇਨ੍ਹਾਂ ਨੂੰ ਰਿਟਾਇਰ ਕਰਨ ਦੀ ਲੋੜ ਹੈ ਤਾਂ ਕਿ ਇਨ੍ਹਾਂ ਨੂੰ ਉਡਾਉਣ ਵਾਲੇ ਸਾਡੇ ਬੇਹੱਦ ਉੱਚ ਸਿੱਖਿਅਤ ਤੇ ਪ੍ਰਤਿਭਾਸ਼ਾਲੀ ਪਾਇਲਟ ਸੁਰੱਖਿਅਤ ਰਹਿਣ ਸਗੋਂ ਇਸ ਦੇ ਨਾਲ ਹੀ ਲੜਾਕੂ ਜਹਾਜ਼ਾਂ ਦੀਆਂ ਲੈਂਡਿੰਗ ਸਹੂਲਤਾਂ ਵਧਾਉਣ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਸੁਧਾਰਨ ਦੀ ਵੀ ਲੋੜ ਹੈ।

ਇਸੇ ਸਾਲ 10 ਸਤੰਬਰ ਨੂੰ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ’ਚ 20 ਥਾਵਾਂ ’ਤੇ ਲੜਾਕੂ ਜੈੱਟ ਜਹਾਜ਼ਾਂ ਦੇ ਲਈ ਐਮਰਜੈਂਸੀ ਲੈਂਡਿੰਗ ਸਹੂਲਤਾਂ ਕਾਇਮ ਕਰਨ ਦੀ ਗੱਲ ਕਹੀ ਹੈ, ਇਸ ਲਈ ਕੀ ਇਹ ਉਚਿਤ ਨਹੀਂ ਹੋਵੇਗਾ ਕਿ ਅਜਿਹਾ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਕਿ ਅਜਿਹੇ ਹਾਦਸਿਆਂ ਤੋਂ ਜਿੰਨਾ ਹੋ ਸਕੇ ਬਚਿਆ ਜਾ ਸਕੇ।


Bharat Thapa

Content Editor

Related News