ਸ਼ਿਵ ਸੈਨਾ ਹੋਈ ਭਾਜਪਾ ਨਾਲੋਂ ਅੱਡ ਰਾਜਪਾਲ ਨੇ ਦਿੱਤਾ ਰਾਕਾਂਪਾ ਨੂੰ ਸਰਕਾਰ ਬਣਾਉਣ ਦਾ ਸੱਦਾ

11/12/2019 1:26:05 AM

ਆਖਿਰ ਕਾਂਗਰਸ ਵਲੋਂ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਨੂੰ ਬਾਹਰੋਂ ਸ਼ਰਤਾਂ ਸਮੇਤ ਹਮਾਇਤ ਦੇਣ ਦੀ ਚਿੱਠੀ ਤੋਂ ਬਾਅਦ ਸੂਬੇ ’ਚ ਸਰਕਾਰ ਬਣਾਉਣ ਲਈ ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਚੱਲ ਰਹੀ ਖਿੱਚੋਤਾਣ ਗੱਠਜੋੜ ਟੁੱਟਣ ਦੇ ਨਾਲ ਹੀ ਖਤਮ ਹੋ ਗਈ ਸੀ ਅਤੇ ਰਾਕਾਂਪਾ ਤੇ ਕਾਂਗਰਸ ਦੇ ਸਮਰਥਨ ਨਾਲ ਸ਼ਿਵ ਸੈਨਾ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਹੋ ਗਿਆ ਸੀ।

ਪਰ ਬਾਅਦ ’ਚ ਸ਼ਿਵ ਸੈਨਾ ਨੇ ਰਾਜਪਾਲ ਨਾਲ ਮੁਲਾਕਾਤ ਦੌਰਾਨ ਬਹੁਮਤ ਜੁਟਾਉਣ ਲਈ ਦੋ ਦਿਨਾਂ ਦਾ ਸਮਾਂ ਮੰਗਿਆ ਤਾਂ ਰਾਜਪਾਲ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਰਾਕਾਂਪਾ ਨੂੰ ਮੰਗਲਵਾਰ ਸ਼ਾਮ 8 ਵਜੇ ਤਕ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ।

ਇਸ ਤੋਂ ਪਹਿਲਾਂ ਮਹਾਰਾਸ਼ਟਰ ’ਚ ਸੱਤਾ ਦੀ ਵੰਡ ਦੇ ਸਵਾਲ ’ਤੇ ਸ਼ਿਵ ਸੈਨਾ-ਭਾਜਪਾ ਵਿਚਾਲੇ ਦੋ ਹਫਤਿਆਂ ਤੋਂ ਚੱਲ ਰਹੀ ਖਿੱਚੋਤਾਣ ਦਰਮਿਆਨ 8 ਨਵੰਬਰ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਅਸਤੀਫੇ ਪਿੱਛੋਂ 9 ਨਵੰਬਰ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ 105 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ।

ਭਾਜਪਾ ਵਲੋਂ 10 ਨਵੰਬਰ ਨੂੰ ਸਰਕਾਰ ਬਣਾਉਣ ਦਾ ਦਾਅਵਾ ਕਰਨ ਤੋਂ ਇਨਕਾਰ ਕਰਨ ’ਤੇ ਰਾਜਪਾਲ ਨੇ ਦੂਜੀ ਵੱਡੀ ਪਾਰਟੀ ਸ਼ਿਵ ਸੈਨਾ (56) ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦਿਆਂ ਸੋਮਵਾਰ 11 ਨਵੰਬਰ ਨੂੰ ਸ਼ਾਮ ਸਾਢੇ ਸੱਤ ਵਜੇ ਤਕ ਇਸ ’ਤੇ ਸਹਿਮਤੀ ਮੰਗੀ।

ਤੇਜ਼ੀ ਨਾਲ ਬਦਲਦੀਆਂ ਘਟਨਾਵਾਂ ’ਚ ਸ਼ਿਵ ਸੈਨਾ ਵਲੋਂ ਰਾਕਾਂਪਾ ਅਤੇ ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾਉਣ ਦੀ ਪਹਿਲਾਂ ਤੋਂ ਹੀ ਚੱਲ ਰਹੀ ਚਰਚਾ ਦਰਮਿਆਨ ਰਾਕਾਂਪਾ ਨੇ 10 ਨਵੰਬਰ ਨੂੰ ਸ਼ਿਵ ਸੈਨਾ ਨੂੰ ਕੁਝ ਸ਼ਰਤਾਂ ਸਮੇਤ ਸਮਰਥਨ ਦੇਣ ਦੀ ਗੱਲ ਕਹੀ, ਬਸ਼ਰਤੇ ਕਿ ਰਾਕਾਂਪਾ ਦੇ ਗੱਠਜੋੜ ਸਹਿਯੋਗੀ ਇਸ ਦੇ ਲਈ ਸਹਿਮਤ ਹੋ ਜਾਣ।

ਰਾਕਾਂਪਾ ਨੇ ਕਿਹਾ ਕਿ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ, ਕੇਂਦਰੀ ਭਾਜਪਾ-ਸ਼ਿਵ ਸੈਨਾ ਗੱਠਜੋੜ ਸਰਕਾਰ ’ਚ ਸ਼ਿਵ ਸੈਨਾ ਦੇ ਇਕੋ-ਇਕ ਮੰਤਰੀ ਅਰਵਿੰਦ ਸਾਵੰਤ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪਵੇਗਾ ਅਤੇ ਸ਼ਿਵ ਸੈਨਾ ਨੂੰ ਭਾਜਪਾ ਦੀ ਅਗਵਾਈ ਵਾਲੇ ਰਾਜਗ ਨਾਲੋਂ ਗੱਠਜੋੜ ਤੋੜਨਾ ਪਵੇਗਾ।

ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਵਲੋਂ ਇਸ ਬਾਰੇ ਤਿਆਰ ਕੀਤੇ ਗਏ ਪਲਾਨ ’ਚ ਜੈਯੰਤ ਪਾਟਿਲ ਜਾਂ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਹਿਣ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇ ਕਾਂਗਰਸ ਸਰਕਾਰ ’ਚ ਸ਼ਾਮਲ ਹੋਵੇ ਤਾਂ ਉਸ ਦਾ ਵੀ ਇਕ ਉਪ ਮੁੱਖ ਮੰਤਰੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕਾਂਗਰਸ ਨੂੰ ਵਿਧਾਨ ਸਭਾ ’ਚ ਸਪੀਕਰ ਦਾ ਅਹੁਦਾ ਦੇਣ ਦੀ ਵੀ ਤਜਵੀਜ਼ ਰੱਖੀ ਗਈ।

11 ਨਵੰਬਰ ਨੂੰ ਜਿਥੇ ਅਰਵਿੰਦ ਸਾਵੰਤ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ, ਉਥੇ ਹੀ ਉਨ੍ਹਾਂ ਕਿਹਾ ਕਿ ‘‘ਅਮਿਤ ਸ਼ਾਹ ਅਤੇ ਊਧਵ ਠਾਕਰੇ ਵਿਚਾਲੇ ਸੱਤਾ ਦੀ 50-50 ਹਿੱਸੇਦਾਰੀ ’ਤੇ ਸਹਿਮਤੀ ਬਣੀ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਦੇ ਗਠਨ ਨੂੰ ਲੈ ਕੇ ਇਕ ਫਾਰਮੂਲਾ ਤੈਅ ਹੋਇਆ ਸੀ ਪਰ ਹੁਣ ਭਾਜਪਾ ਵਲੋਂ ਇਸ ਨੂੰ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।’’

ਇਹ ਪੁੱਛਣ ’ਤੇ ਕਿ ਕੀ ਸ਼ਿਵ ਸੈਨਾ ਰਾਜਗ ਨਾਲੋਂ ਅੱਡ ਹੋ ਗਈ ਹੈ, ਅਰਵਿੰਦ ਸਾਵੰਤ ਨੇ ਜਵਾਬ ਦਿੱਤਾ, ‘‘ਜਦ ਮੈਂ ਮੰਤਰੀ ਅਹੁਦੇ ਤੋਂ ਅਸਤੀਫਾ ਹੀ ਦੇ ਦਿੱਤਾ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਇਸ ਦਾ ਮਤਲਬ ਕੀ ਹੈ?’’

ਰਾਕਾਂਪਾ ਦੇ ਬੁਲਾਰੇ ਨਵਾਬ ਮਲਿਕ ਨੇ ਕਿਹਾ ਹੈ ਕਿ ਰਾਕਾਂਪਾ ਸ਼ਿਵ ਸੈਨਾ ਦਾ ਸਮਰਥਨ ਕਰ ਲਈ ਤਿਆਰ ਹੈ ਪਰ ਇਸ ਤੋਂ ਪਹਿਲਾਂ ਉਹ ਆਪਣੀ ਗੱਠਜੋੜ ਸਹਿਯੋਗੀ ਕਾਂਗਰਸ ਦੇ ਫੈਸਲੇ ਦੀ ਉਡੀਕ ਕਰੇਗੀ।

ਰਾਕਾਂਪਾ ਚਾਹੁੰਦੀ ਸੀ ਕਿ ਕਾਂਗਰਸ ਵੀ ਸਰਕਾਰ ’ਚ ਸ਼ਾਮਲ ਹੋਵੇ, ਜਦਕਿ ਕਾਂਗਰਸ ਦਾ ਇਕ ਧੜਾ ਸ਼ਿਵ ਸੈਨਾ ਸਰਕਾਰ ਨੂੰ ਬਾਹਰੋਂ ਸਮਰਥਨ ਦੇਣ ਅਤੇ ਦੂਜਾ ਧੜਾ ਸਰਕਾਰ ਵਿਚ ਸ਼ਾਮਲ ਹੋਣ ਦੇ ਪੱਖ ’ਚ ਸੀ।

ਸ਼ਿਵ ਸੈਨਾ ਨੇਤਾ ਸੰਜੇ ਰਾਊਤ ਦਾ ਕਹਿਣਾ ਹੈ ਕਿ ਜੇ ਭਾਜਪਾ ਜੰਮੂ-ਕਸ਼ਮੀਰ ’ਚ ਪੀ. ਡੀ. ਪੀ. ਨਾਲ ਸਰਕਾਰ ਬਣਾ ਸਕਦੀ ਹੈ ਤਾਂ ਸ਼ਿਵ ਸੈਨਾ ਰਾਕਾਂਪਾ ਅਤੇ ਕਾਂਗਰਸ ਨਾਲ ਕਿਉਂ ਨਹੀ? ਉਨ੍ਹਾਂ ਇਹ ਵੀ ਕਿਹਾ ਕਿ ਰਾਜਪਾਲ ਨੇ ਭਾਜਪਾ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ 72 ਘੰਟੇ ਦਿੱਤੇ, ਜਦਕਿ ਸਾਨੂੰ ਸਿਰਫ 24 ਘੰਟੇ ਹੀ ਦਿੱਤੇ ਗਏ।

ਆਖਿਰ 11 ਨਵੰਬਰ ਦੀ ਸ਼ਾਮ ਨੂੰ ਮਹਾਰਾਸ਼ਟਰ ਦੀ ਸਿਆਸਤ ’ਚ 15 ਦਿਨਾਂ ਤੋਂ ਜਾਰੀ ਡੈੱਡਲਾਕ ਖਤਮ ਹੋ ਗਿਆ ਲੱਗਦਾ ਸੀ, ਜਦੋਂ ਇਹ ਸੁਣਨ ’ਚ ਆਇਆ ਕਿ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਵੱਲੋਂ ਸੋਨੀਆ ਗਾਂਧੀ ਨਾਲ ਫੋਨ ’ਤੇ ਲੰਮੀ ਗੱਲਬਾਤ ਤੋਂ ਬਾਅਦ ਸੋਨੀਆ ਗਾਂਧੀ ਸਪੀਕਰ ਦੇ ਅਹੁਦੇ ਨਾਲ ਸ਼ਰਤਾਂ ਸਮੇਤ ਸਮਰਥਨ ਦੇਣ ਲਈ ਰਾਜ਼ੀ ਹੋ ਗਈ ਹੈ ਪਰ ਰਾਜਪਾਲ ਨਾਲ ਮੁਲਾਕਾਤ ਦੌਰਾਨ ਆਦਿੱਤਿਆ ਠਾਕਰੇ ਨੇ ਸਰਕਾਰ ਦੇ ਗਠਨ ਲਈ ਬਹੁਮਤ ਜੁਟਾਉਣ ਵਾਸਤੇ 2 ਦਿਨਾਂ ਦਾ ਸਮਾਂ ਮੰਗਿਆ ਪਰ ਰਾਜਪਾਲ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਰਾਜਪਾਲ ਨੇ ਮੰਗਲਵਾਰ ਸ਼ਾਮ 8 ਵਜੇ ਤੱਕ ਸਰਕਾਰ ਬਣਾਉਣ ਦਾ ਰਾਕਾਂਪਾ ਨੂੰ ਸੱਦਾ ਦੇ ਦਿੱਤਾ।

ਹੁਣ ਜਦੋਂ ਗੇਂਦ ਸ਼ਿਵ ਸੈਨਾ ਦੇ ਹੱਥੋਂ ਨਿਕਲ ਕੇ ਰਾਕਾਂਪਾ ਦੇ ਵਿਹੜੇ ’ਚ ਆ ਗਈ ਹੈ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮਹਾਰਾਸ਼ਟਰ ਦੀ ਭਵਿੱਖੀ ਸਰਕਾਰ ਦਾ ਕੀ ਸਰੂਪ ਬਣਦਾ ਹੈ ਅਤੇ ਇਹ ਕਦੋਂ ਤੱਕ ਚੱਲਦੀ ਹੈ।

-ਵਿਜੇ ਕੁਮਾਰ\\\


Bharat Thapa

Content Editor

Related News