ਅੰਦੋਲਨਕਾਰੀ ਪਹਿਲਵਾਨਾਂ ਦੇ ਮਾਮਲੇ ’ਚ ਸ਼ਾਂਤਾ ਕੁਮਾਰ ਜੀ ਦਾ ਸਪੱਸ਼ਟ ਰੁਖ

Wednesday, Dec 27, 2023 - 06:02 AM (IST)

ਅੰਦੋਲਨਕਾਰੀ ਪਹਿਲਵਾਨਾਂ ਦੇ ਮਾਮਲੇ ’ਚ ਸ਼ਾਂਤਾ ਕੁਮਾਰ ਜੀ ਦਾ ਸਪੱਸ਼ਟ ਰੁਖ

ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਵਿਰੁੱਧ 7 ਮਹਿਲਾ ਪਹਿਲਵਾਨਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫਤਾਰੀ ਲਈ ਇਸ ਸਾਲ 18 ਜਨਵਰੀ 2023 ਤੋਂ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੂਨੀਆ ਵਰਗੇ ਵੱਡੇ ਪਹਿਲਵਾਨਾਂ ਦਾ ਅੰਦੋਲਨ ਜਾਰੀ ਹੈ। ਅਜੇ ਤੱਕ ਇਸ ਵਿਵਾਦ ਦਾ ਫੈਸਲਾ ਨਹੀਂ ਹੋਇਆ ਅਤੇ ਬ੍ਰਿਜਭੂਸ਼ਨ ਸਿੰਘ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲੀ ਹੋਈ ਹੈ।

21 ਜਨਵਰੀ, 2023 ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਤੋਂ ਬਾਅਦ ਪਹਿਲਵਾਨਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ ਸੀ ਪਰ 23 ਜਨਵਰੀ, 2023 ਨੂੰ ਦੋਸ਼ਾਂ ਦੀ ਜਾਂਚ ਲਈ ‘ਮੈਰੀ ਕਾਮ’ ਦੀ ਅਗਵਾਈ ’ਚ 5 ਮੈਂਬਰੀ ਨਿਗਰਾਨੀ ਕਮੇਟੀ ਦੇ ਗਠਨ ਤੋਂ ਨਾਰਾਜ਼ ਪਹਿਲਵਾਨ ਫਿਰ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਲਈ ਮੁੜ ਆਏ।

ਇਸ ਦੌਰਾਨ ਖੇਡ ਮੰਤਰਾਲਾ ਨੇ 7 ਮਈ, 2023 ਨੂੰ ਹੋਣ ਵਾਲੀ ਕੁਸ਼ਤੀ ਮਹਾਸੰਘ ਦੀ ਚੋਣ ਰੋਕ ਦਿੱਤੀ ਅਤੇ 25 ਅਪ੍ਰੈਲ, 2023 ਨੂੰ ਪਹਿਲਵਾਨਾਂ ਨੇ ਬ੍ਰਿਜਭੂਸ਼ਨ ਸ਼ਰਨ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਨ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।

ਆਪਣੀਆਂ ਮੰਗਾਂ ਪ੍ਰਤੀ ਸਰਕਾਰ ਦਾ ਰੁੱਖਾ ਰਵੱਈਆ ਦੇਖਦੇ ਹੋਏ ਪਹਿਲਵਾਨ 30 ਮਈ ਨੂੰ ਆਪਣੇ ਤਮਗੇ ਗੰਗਾ ’ਚ ਵਹਾਉਣ ਲਈ ਹਰਿਦੁਆਰ ਪਹੁੰਚ ਗਏ ਪਰ ਕਿਸਾਨ ਨੇਤਾ ਨਰੇਸ਼ ਟਿਕੈਤ ਨੇ ਉਨ੍ਹਾਂ ਤੋਂ ਤਮਗਿਆਂ ਦੀ ਪੋਟਲੀ ਲੈ ਲਈ।

7 ਜੂਨ, 2023 ਨੂੰ ਅਨੁਰਾਗ ਠਾਕੁਰ ਵੱਲੋਂ ਇਹ ਭਰੋਸਾ ਦੇਣ ਤੋਂ ਬਾਅਦ ਵਿਰੋਧ ਰੁਕਿਆ ਕਿ ਬ੍ਰਿਜਭੂਸ਼ਨ ਵਿਰੁੱਧ ਜਾਂਚ ਪੂਰੀ ਹੋ ਜਾਵੇਗੀ ਅਤੇ ਕੁਸ਼ਤੀ ਮਹਾਸੰਘ ਦੀਆਂ ਚੋਣਾਂ 30 ਜੁਲਾਈ, 2023 ਤੱਕ ਕਰਵਾ ਦਿੱਤੀਆਂ ਜਾਣਗੀਆਂ ਪਰ ਚੋਣਾਂ ਕਈ ਤਰੀਕਾਂ ਤੈਅ ਹੋਣ ਤੋਂ ਬਾਅਦ ਲਟਕਦੀਆਂ ਚਲੀਆਂ ਗਈਆਂ ਅਤੇ 23 ਅਗਸਤ, 2023 ਨੂੰ ਵਿਸ਼ਵ ’ਚ ਕੁਸ਼ਤੀ ਦੀ ਸੰਚਾਲਨ ਸੰਸਥਾ ‘ਯੂਨਾਈਟਿਡ ਵਰਲਡ ਰੈਸਲਿੰਗ’ (ਯੂ. ਡਬਲਿਊ. ਡਬਲਿਊ.) ਨੇ ਸਮੇਂ ’ਤੇ ਚੋਣਾਂ ਨਾ ਕਰਵਾਉਣ ’ਤੇ ਭਾਰਤੀ ਕੁਸ਼ਤੀ ਮਹਾਸੰਘ ਨੂੰ ਸਸਪੈਂਡ ਕਰ ਦਿੱਤਾ।

ਆਖਿਰਕਾਰ 21 ਦਸੰਬਰ, 2023 ਨੂੰ ਚੋਣਾਂ ਪੂਰੀਆਂ ਹੋਈਆਂ ਜਿਸ ’ਚ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਨੇੜਲੇ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਮਹਾਸੰਘ ਦਾ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਦੀ ਟੀਮ ਨੇ ਜ਼ਿਆਦਾਤਰ ਅਹੁਦਿਆਂ ’ਤੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ।

ਸੰਜੇ ਸਿੰਘ ਨੂੰ ਜੇਤੂ ਐਲਾਨ ਕਰਨ ਨਾਲ ਪਹਿਲਵਾਨਾਂ ’ਚ ਰੋਸ ਫੈਲ ਗਿਆ। ਰੋਸ ਵਜੋਂ ਉਸੇ ਦਿਨ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਅਗਲੇ ਦਿਨ 22 ਦਸੰਬਰ, 2023 ਨੂੰ ਬਜਰੰਗ ਪੂਨੀਆ ਨੇ ਆਪਣਾ ਪਦਮਸ਼੍ਰੀ ਸਨਮਾਨ ਮੋੜ ਦਿੱਤਾ ਅਤੇ ਹੁਣ 26 ਦਸੰਬਰ, 2023 ਨੂੰ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀ ਆਪਣੇ ‘ਖੇਡ ਰਤਨ’ ਅਤੇ ‘ਅਰਜੁਨ ਐਵਾਰਡ’ ਮੋੜਨ ਦਾ ਐਲਾਨ ਕਰ ਦਿੱਤਾ ਹੈ।

ਅਜਿਹੇ ਘਟਨਾਕ੍ਰਮ ਵਿਚਾਲੇ 24 ਦਸੰਬਰ ਨੂੰ ਖੇਡ ਮੰਤਰਾਲਾ ਨੇ ਭਾਰਤੀ ਕੁਸ਼ਤੀ ਮਹਾਸੰਘ ਨੂੰ ਸਸਪੈਂਡ ਕਰ ਦਿੱਤਾ। ਬ੍ਰਿਜਭੂਸ਼ਨ ਨੇ ਇਸ ’ਤੇ ਕਿਹਾ ਕਿ ‘‘ਮੇਰਾ ਹੁਣ ਕੁਸ਼ਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਾਕਸ਼ੀ ਨੇ ਕੁਸ਼ਤੀ ਤੋਂ ਸੰਨਿਆਸ ਲਿਆ ਤਾਂ ਮੈਂ ਵੀ ਲੈ ਲਿਆ।’’

ਇਸ ਦੌਰਾਨ ਸੀਨੀਅਰ ਭਾਜਪਾ ਨੇਤਾ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਸ਼ਾਂਤਾ ਕੁਮਾਰ ਜੋ ਕੇਂਦਰ ਸਰਕਾਰ ’ਚ ਮੰਤਰੀ ਰਹਿਣ ਤੋਂ ਇਲਾਵਾ ਐਮਰਜੈਂਸੀ ਦੌਰਾਨ 19 ਮਹੀਨੇ ਜੇਲ ’ਚ ਰਹਿ ਚੁੱਕੇ ਹਨ, ਨੇ ਅਨੁਰਾਗ ਠਾਕੁਰ ਵੱਲੋਂ ਭਾਰਤੀ ਕੁਸ਼ਤੀ ਮਹਾਸੰਘ ਨੂੰ ਸਸਪੈਂਡ ਕਰਨ ’ਤੇ ਉਨ੍ਹਾਂ ਦੀ ਪਿੱਠ ਥਾਪੜੀ ਹੈ ਅਤੇ ਕਿਹਾ :

‘‘ਮੇਰੇ ਹਿਮਾਚਲ ਦੇ ਪਿਆਰੇ ਨੌਜਵਾਨ ਮੰਤਰੀ ਅਨੁਰਾਗ ਠਾਕੁਰ ਨੂੰ ਬਹੁਤ-ਬਹੁਤ ਵਧਾਈ ਪਰ ਉਹ ਯਾਦ ਰੱਖਣ ਕਿ ਪੂਰੀ ਵਧਾਈ ਉਦੋਂ ਦੇਵਾਂਗਾ ਜਦ ਸਾਕਸ਼ੀ ਮਲਿਕ ਵਰਗੀ ਹੋਣਹਾਰ ਪਹਿਲਵਾਨ ਅਖਾੜੇ ’ਚ ਹੋਵੇਗੀ ਅਤੇ ਸੈਕਸ ਸ਼ੋਸ਼ਣ ਦਾ ਦੋਸ਼ੀ ਬ੍ਰਿਜਭੂਸ਼ਨ ਸ਼ਰਨ ਸਿੰਘ ਸਲਾਖਾਂ ਦੇ ਪਿੱਛੇ ਹੋਵੇਗਾ। ਅਨੁਰਾਗ ਠਾਕੁਰ ਨੇ ਇਕ ਅਤਿ ਮਹੱਤਵਪੂਰਨ ਸ਼ਲਾਘਾਯੋਗ ਕੰਮ ਕੀਤਾ ਹੈ।’’

ਸ਼੍ਰੀ ਸ਼ਾਂਤਾ ਕੁਮਾਰ ਨੇ ਅਨੁਰਾਗ ਠਾਕੁਰ ਜੋ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਪ੍ਰੇਮ ਕੁਮਾਰ ਧੂਮਲ ਦੇ ਸਪੁੱਤਰ ਹਨ, ਨੂੰ ਬੇਬਾਕੀ ਨਾਲ ਸਲਾਹ ਿਦੱਤੀ ਹੈ। ਕਿਉਂਕਿ ਭਾਜਪਾ ਸੰਸਦ ਮੈਂਬਰ ਹੋਣ ਤੋਂ ਇਲਾਵਾ ਬ੍ਰਿਜਭੂਸ਼ਨ ਸਿੰਘ ਦਾ ਆਪਣੇ ਹਲਕੇ ’ਚ ਪ੍ਰਭਾਵ ਹੈ ਅਤੇ ਉਹ ਪਾਰਟੀ ਨੂੰ ਚੋਣਾਂ ’ਚ ਸੀਟਾਂ ਜਿਤਵਾਉਣ ’ਚ ਭੂਮਿਕਾ ਨਿਭਾਉਂਦਾ ਹੈ, ਇਸ ਕਾਰਨ ਪਾਰਟੀ ਵੱਲੋਂ ਉਸ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਇਸ ਨਾਲ ਪਾਰਟੀ ਦੀ ਬਦਨਾਮੀ ਹੋ ਰਹੀ ਹੈ।

ਲੱਗਦਾ ਹੈ ਕਿ ਸ਼ਾਂਤਾ ਜੀ ਨੇ ਭਾਜਪਾ ਦੀ ਇੱਜ਼ਤ ਬਚਾਉਣ ਲਈ ਇਹ ਸਟੈਂਡ ਲਿਆ ਹੈ। ਪਾਰਟੀ ਦੇ ਹੋਰ ਨੇਤਾ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹੋਣਗੇ ਪਰ ਉਹ ਬੋਲ ਨਹੀਂ ਪਾ ਰਹੇ। ਅਨੁਰਾਗ ਠਾਕੁਰ ਨੇ ਖੇਡ ਮਹਾਸੰਘ ਨੂੰ ਸਸਪੈਂਡ ਕਰਨ ਦੀ ਹਿੰਮਤ ਕੀਤੀ ਹੈ। ਪਾਰਟੀ ਨੂੰ ਅੱਗੇ ਦੀ ਕਾਰਵਾਈ ’ਤੇ ਵਿਚਾਰ ਕਰ ਕੇ ਛੇਤੀ ਤੋਂ ਛੇਤੀ ਪਹਿਲਵਾਨਾਂ ਨੂੰ ਨਿਆਂ ਦਿਵਾਉਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਓਲੰਪਿਕ ਖੇਡਾਂ ’ਚ ਹਾਕੀ ਤੋਂ ਬਾਅਦ ਜੇ ਸਾਡੇ ਖਿਡਾਰੀਆਂ ਨੇ ਕਿਸੇ ਹੋਰ ਖੇਡ ’ਚ ਸਭ ਤੋਂ ਵੱਧ ਤਮਗੇ ਜਿੱਤੇ ਹਨ ਤਾਂ ਉਹ ਕੁਸ਼ਤੀ ਹੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੌਮਾਂਤਰੀ ਮੰਚ ’ਤੇ ਭਾਰਤ ਨੂੰ ਸਨਮਾਨ ਦਿਵਾਉਣ ’ਚ ਸਾਡੇ ਪਹਿਲਵਾਨਾਂ ਦਾ ਕਿੰਨਾ ਵੱਡਾ ਯੋਗਦਾਨ ਹੈ।

- ਵਿਜੇ ਕੁਮਾਰ


author

Anmol Tagra

Content Editor

Related News