ਪ੍ਰਵਾਸੀਆਂ ਦੇ ਜਾਣ ਨਾਲ ਸ਼ੰਘਾਈ ਰੈਂਟਲ ਮਾਰਕੀਟ ਡੁੱਬੀ
Sunday, Jun 11, 2023 - 05:14 PM (IST)

ਚੀਨ ’ਚ ਕੋਵਿਡ ਮਹਾਮਾਰੀ ਨੂੰ ਰੋਕਣ ਲਈ ਸਖ਼ਤ ਨਿਯਮਾਂ ਦੇ ਹਟਣ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਚੀਨ ’ਚ ਪ੍ਰਾਪਰਟੀ ਬਾਜ਼ਾਰ ’ਚ ਇਕ ਵਾਰ ਫਿਰ ਰੌਣਕ ਪਰਤੇਗੀ, ਜਿਸ ਨਾਲ ਚੀਨ ਦੀ ਡੁੱਬਦੀ ਅਰਥਵਿਵਸਥਾ ’ਚ ਇਕ ਵਾਰ ਫਿਰ ਜਾਨ ਪਵੇਗੀ ਪਰ ਚੀਨ ਦੇ ਕਈ ਸ਼ਹਿਰਾਂ ’ਚ ਪ੍ਰਾਪਰਟੀ ਬਾਜ਼ਾਰ ਇਕਦਮ ਮੰਦਾ ਰਿਹਾ ਅਤੇ ਕਿਰਾਏ ’ਤੇ ਮਿਲਣ ਵਾਲੇ ਮਕਾਨਾਂ ਦੀਆਂ ਕੀਮਤਾਂ ’ਚ ਬਹੁਤ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ। 3 ਸਾਲ ਪਹਿਲਾਂ ਕੋਵਿਡ ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਦੀ ਤੁਲਨਾ ’ਚ ਦੂਸਰੀ ਅਤੇ ਤੀਸਰੀ ਸ਼੍ਰੇਣੀ ਦੇ ਸ਼ਹਿਰਾਂ ’ਚ ਮਕਾਨਾਂ ਦੀਆਂ ਕੀਮਤਾਂ ਵੀ ਬਹੁਤ ਘੱਟ ਰਹੀਆਂ। ਇਸ ਸਮੇਂ ਚੀਨ ’ਚ ਕਈ ਵੀਡੀਓ ਵਾਇਰਲ ਹੋ ਰਹੇ ਹਨ ਜੋ ਪ੍ਰਾਪਰਟੀ ਬਾਜ਼ਾਰ ਦੀ ਦੁਰਦਸ਼ਾ ਦੱਸ ਰਹੇ ਹਨ। ਨਾਲ ਹੀ ਕਿਰਾਏ ਦੇ ਮਕਾਨਾਂ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ ਦੀ ਗੱਲ ਵੀ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਅਜਿਹੀ ਹੀ ਵੀਡੀਓ ’ਚ ਇਕ ਪ੍ਰਾਪਰਟੀ ਡੀਲਰ ਸ਼ੰਘਾਈ ਦੀ ਯੋਂਗਆਨ ਰੋਡ ’ਤੇ ਬਣੇ ਵੱਡੇ-ਵੱਡੇ ਮਕਾਨਾਂ ਬਾਰੇ ਦੱਸ ਰਿਹਾ ਹੈ ਕਿ ਇਸ ਸਮੇਂ ਇਨ੍ਹਾਂ ’ਚੋਂ ਇਕ ਮਕਾਨ ਵੀ ਕਿਰਾਏ ’ਤੇ ਨਹੀਂ ਚੜ੍ਹਿਆ ਅਤੇ ਇਹ ਪੂਰਾ ਇਲਾਕਾ ਉਜਾੜ ਹੈ, ਇਸ ਸਮੇਂ ਇੱਥੇ ਕੁਝ ਚੀਨੀ ਲੋਕ ਰਹਿੰਦੇ ਹਨ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਇੱਥੇ ਹਰ ਮਕਾਨ ’ਚ ਵਿਦੇਸ਼ੀ ਲੋਕ ਕਿਰਾਏ ’ਤੇ ਰਹਿੰਦੇ ਸਨ ਅਤੇ ਇਹ ਗਲੀ ਉਨ੍ਹਾਂ ਨਾਲ ਗੁਲਜ਼ਾਰ ਰਿਹਾ ਕਰਦੀ ਸੀ। ਇਸ ਸੜਕ ’ਤੇ ਤੁਹਾਨੂੰ ਸਿਰਫ ਤੇ ਸਿਰਫ ਵਿਦੇਸ਼ੀ ਲੋਕ ਹੀ ਦਿਖਾਈ ਦਿੰਦੇ ਸਨ।
ਇਹ ਵਿਅਕਤੀ ਵੀਡੀਓ ’ਚ ਅੱਗੇ ਕਹਿੰਦਾ ਹੈ ਕਿ ਇਸ ਇਲਾਕੇ ’ਚ ਆਮ ਲੋਕ ਮਕਾਨ ਕਿਰਾਏ ’ਤੇ ਨਹੀਂ ਲੈ ਸਕਦੇ ਸਨ ਕਿਉਂਕਿ ਇਹ ਬਹੁਤ ਮਹਿੰਗਾ ਇਲਾਕਾ ਹੈ ਅਤੇ ਵਿਦੇਸ਼ੀ ਲੋਕਾਂ ਲਈ ਉਨ੍ਹਾਂ ਦੀਆਂ ਕੰਪਨੀਆਂ ਮਕਾਨ ਕਿਰਾਏ ’ਤੇ ਲੈਂਦੀਆਂ ਸਨ, ਉਨ੍ਹਾਂ ਕੋਲ ਬਹੁਤ ਸਾਰਾ ਧਨ ਹੁੰਦਾ ਸੀ। ਸ਼ੰਘਾਈ ਦੇ ਕੁਝ ਖਾਸ ਇਲਾਕੇ ਸਨ ਜਿਨ੍ਹਾਂ ’ਚ ਮਿੰਗਯੁ ਸੇਂਚੁਰੀ ਸਿਟੀ ਚਿਆਲੀ ਗਾਰਡਨ, ਹੁਈਚਿੰਗ ਗਾਰਡਨ ਅਤੇ ਵੂਤੁੰਗ ਗਾਰਡਨ ਸ਼ਾਮਲ ਸਨ ਜਿੱਥੇ ਅਮੀਰ ਵਿਦੇਸ਼ੀ ਲੋਕ ਰਿਹਾ ਕਰਦੇ ਸਨ, ਜਿਹੜੇ ਫਾਰਚੂਨ 500 ਕੰਪਨੀਆਂ ’ਚ ਉੱਚੇ ਅਹੁਦਿਆਂ ’ਤੇ ਕੰਮ ਕਰਦੇ ਸਨ।
ਇਨ੍ਹਾਂ ਸਾਰੇ ਲੋਕਾਂ ਦਾ ਖਰਚ ਇਨ੍ਹਾਂ ਦੀਆਂ ਕੰਪਨੀਆਂ ਚੁੱਕਦੀਆਂ ਸਨ ਅਤੇ ਸਾਨੂੰ ਜ਼ਿਆਦਾ ਕਿਰਾਇਆ ਮਿਲਦਾ ਸੀ ਪਰ ਹੁਣ ਇਹ ਸਾਰੇ ਲੋਕ ਚੀਨ ਛੱਡ ਕੇ ਜਾ ਚੁੱਕੇ ਹਨ ਅਤੇ ਇਨ੍ਹਾਂ ਦੀ ਥਾਂ ਲੈਣ ਵਾਲਾ ਕੋਈ ਵੀ ਨਹੀਂ ਹੈ। ਇਸ ਵਜ੍ਹਾ ਨਾਲ ਇਨ੍ਹਾਂ ਇਲਾਕਿਆਂ ’ਚ ਕਿਰਾਏ ਦੇ ਰੇਟ 30 ਫੀਸਦੀ ਤੱਕ ਘਟਾ ਦਿੱਤੇ ਗਏ ਹਨ ਪਰ ਫਿਰ ਵੀ ਕੋਈ ਰਹਿਣ ਨਹੀਂ ਆ ਰਿਹਾ। ਇਹ ਮਕਾਨ ਹੁਣ ਖਾਲੀ ਪਏ ਹੋਏ ਹਨ ਅਤੇ ਇਨ੍ਹਾਂ ਮਕਾਨਾਂ ਦੀ ਕੋਈ ਮੰਗ ਬਾਜ਼ਾਰ ’ਚ ਨਹੀਂ ਉੱਠ ਰਹੀ।
ਨੇਟੀਜ਼ ’ਚ ਛਾਪੀ ਗਈ ਇਕ ਰਿਪੋਰਟ ਅਨੁਸਾਰ ਮਾਰਚ ਦੇ ਮਹੀਨੇ ’ਚ ਕਿਰਾਏ ਦੇ ਰੇਟਾਂ ’ਚ ਬਹੁਤ ਜ਼ਿਆਦਾ ਗਿਰਾਵਟ ਪੂਰੇ ਚੀਨ ’ਚ ਦੇਖਣ ਨੂੰ ਮਿਲੀ ਸੀ। ਕਿਰਾਏ ਦੇ ਮਕਾਨ ਤੇਜ਼ੀ ਨਾਲ ਖਾਲੀ ਹੋਣ ਲੱਗੇ ਅਤੇ ਇਨ੍ਹਾਂ ਦੇ ਕਿਰਾਏ ’ਚ 20 ਫੀਸਦੀ ਦੀ ਕਮੀ ਦੇ ਬਾਵਜੂਦ ਇਹ ਮਕਾਨ ਕਿਰਾਏ ’ਤੇ ਨਹੀਂ ਚੜ੍ਹ ਰਹੇ। ਨੇਟੀਜ਼ ਨੇ ਅੱਗੇ ਦੱਸਿਆ ਕਿ ਇਸ ਦੇ ਨਾਲ-ਨਾਲ ਨਵੇਂ ਅਤੇ ਪੁਰਾਣੇ ਮਕਾਨਾਂ ਦੀਆਂ ਕੀਮਤਾਂ ਵੀ ਬਹੁਤ ਤੇਜ਼ੀ ਨਾਲ ਡਿੱਗੀਆਂ ਹਨ। ਬਾਵਜੂਦ ਇਸ ਦੇ ਇਨ੍ਹਾਂ ਮਕਾਨਾਂ ਨੂੰ ਕੋਈ ਖਰੀਦਦਾਰ ਨਹੀਂ ਮਿਲ ਰਿਹਾ ਕਿਉਂਕਿ ਇਸ ਵੇਲੇ ਚੀਨੀ ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹਨ, ਪੈਸੇ ਕਮਾਉਣ ਦੇ ਉਨ੍ਹਾਂ ਦੇ ਸਾਰੇ ਰਾਹ ਬੰਦ ਦਿਖਾਈ ਦੇ ਰਹੇ ਹਨ। ਜਿਨ੍ਹਾਂ ਕੋਲ ਨੌਕਰੀਆਂ ਹਨ, ਉਨ੍ਹਾਂ ਦੀ ਤਨਖਾਹ ਨੂੰ 50 ਫੀਸਦੀ ਤੱਕ ਘੱਟ ਕਰ ਦਿੱਤਾ ਗਿਆ ਹੈ, ਉਨ੍ਹਾਂ ਅੰਦਰ ਸਵੈ-ਭਰੋਸਾ ਖਤਮ ਹੋ ਚੁੱਕਾ ਹੈ, ਵਪਾਰ ਖਤਮ ਹੋ ਗਿਆ ਹੈ। ਅਜਿਹੇ ’ਚ ਉਨ੍ਹਾਂ ਕੋਲ ਜੋ ਵੀ ਥੋੜ੍ਹੇ-ਬਹੁਤ ਪੈਸੇ ਬਚੇ ਹਨ ਉਹ ਲੋਕ ਉਨ੍ਹਾਂ ਪੈਸਿਆਂ ਨੂੰ ਬਹੁਤ ਸੋਚ-ਸਮਝ ਕੇ ਖਰਚ ਕਰ ਰਹੇ ਹਨ। ਇਸ ਦਾ ਪਹਿਲਾ ਅਸਰ ਮਕਾਨ ਦੇ ਕਿਰਾਏ ’ਚ ਦੇਖਣ ਨੂੰ ਮਿਲ ਰਿਹਾ ਹੈ।
ਫਾਇਨਾਂਸ਼ੀਅਲ ਟਾਈਮਜ਼ ਅਖਬਾਰ ਨੇ 5 ਮਈ ਨੂੰ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਚੀਨ ਦੇ ਕਈ ਤੀਜੀ ਅਤੇ ਚੌਥੀ ਸ਼੍ਰੇਣੀ ਦੇ ਸ਼ਹਿਰਾਂ ’ਚ ਮਕਾਨ ਦੇ ਕਿਰਾਏ ’ਚ ਬਹੁਤ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ ਗਿਰਾਵਟ ਸਾਲ 2021 ਦੀ ਦੂਸਰੀ ਛਮਾਹੀ ਤੋਂ ਦੇਖਣ ਨੂੰ ਮਿਲੀ ਅਤੇ ਅਗਲੇ ਪੂਰੇ ਸਾਲ 2022 ’ਚ ਵੀ ਜਾਰੀ ਰਹੀ। ਪੁਰਾਣੇ ਮਕਾਨਾਂ ਦੀਆਂ ਕੀਮਤਾਂ ’ਚ ਵੀ 20 ਤੋਂ 30 ਫੀਸਦੀ ਦੀ ਗਿਰਾਵਟ ਚੀਨ ਦੇ ਕਈ ਸ਼ਹਿਰਾਂ ’ਚ ਦੇਖਣ ਨੂੰ ਮਿਲੀ, ਉੱਥੇ ਹੀ ਕੁਝ ਦੂਜੇ ਸ਼ਹਿਰਾਂ ’ਚ ਇਨ੍ਹਾਂ ਦੀਆਂ ਕੀਮਤਾਂ ’ਚ 50 ਫੀਸਦੀ ਦੀ ਗਿਰਾਵਟ ਵੀ ਦੇਖਣ ਨੂੰ ਮਿਲੀ।
ਸਾਲ 2019 ’ਚ ਇਨ੍ਹਾਂ ਦੀਆਂ ਕੀਮਤਾਂ ਆਪਣੀ ਬੁਲੰਦੀ ’ਤੇ ਸਨ ਪਰ ਇਸ ਦੇ ਬਾਅਦ ਮਕਾਨਾਂ ਦੀਆਂ ਕੀਮਤਾਂ ’ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ, ਜੋ ਅੱਜ ਵੀ ਜਾਰੀ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਅਰਬਾਂ ਯੂਆਨ ਦੀ ਜਾਇਦਾਦ ਪਿਛਲੇ 3 ਸਾਲਾਂ ’ਚ ਮਿੱਟੀ ਹੋ ਗਈ ਹੈ। ਜਿੰਨੇ ਬਿਲਡਰਾਂ ਨੇ ਇਨ੍ਹਾਂ ’ਚ ਆਪਣਾ ਪੈਸਾ ਲਾਇਆ ਸੀ ਉਹ ਸਭ ਅਰਥਵਿਵਸਥਾ ਦੀ ਭੇਟ ਚੜ੍ਹ ਗਿਆ।
ਆਪਣੀ ਅਰਥਵਿਵਸਥਾ ਨੂੰ ਫਿਰ ਤੋਂ ਪੱਟੜੀ ’ਤੇ ਲਿਆਉਣ ਲਈ ਸੀ. ਪੀ. ਸੀ. ਬਹੁਤ ਸਾਰਾ ਪੈਸਾ ਪ੍ਰਾਪਰਟੀ ਬਾਜ਼ਾਰ ’ਚ ਲਾ ਰਹੀ ਹੈ ਪਰ ਇਸ ਨਾਲ ਕੋਈ ਫਾਇਦਾ ਹੁੰਦਾ ਨਹੀਂ ਦਿਸ ਰਿਹਾ। ਚੀਨ ਨਾਲ ਅਮਰੀਕਾ ਦੀ ਰੱਸਾਕਸ਼ੀ ਅਤੇ ਚੀਨ ਦਾ ਅਮਰੀਕਾ ਪ੍ਰਤੀ ਹਮਲਾਵਰ ਰੁਖ ਹੋਣ ਦੇ ਨਾਲ ਹੀ ਚੀਨ ਵੱਲੋਂ ਖੁਫੀਆ ਕਾਨੂੰਨਾਂ ਦੇ ਕਾਰਨ ਢੇਰ ਸਾਰੀਆਂ ਵਿਦੇਸ਼ੀ ਕੰਪਨੀਆਂ ਚੀਨ ਛੱਡ ਕੇ ਜਾਣ ਨੂੰ ਮਜਬੂਰ ਹਨ।
ਉੱਥੇ ਹੀ 3 ਸਾਲਾਂ ਤੱਕ ਕੋਵਿਡ ਲਾਕਡਾਊਨ ਦੀ ਨੀਤੀ ਕਾਰਨ ਢੇਰ ਸਾਰੇ ਨਿੱਜੀ ਉਦਯੋਗ ਚੀਨ ’ਚ ਆਪਣਾ ਭਵਿੱਖ ਨਹੀਂ ਦੇਖ ਰਹੇ ਅਤੇ ਉਹ ਵੀ ਦੂਸਰੇ ਦੇਸ਼ਾਂ ਦਾ ਰੁਖ ਕਰ ਰਹੇ ਹਨ। ਅਜਿਹੇ ’ਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਸਿਰਫ ਖੋਖਲੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ।