‘ਸਰਕਾਰੀ ਨੌਕਰੀਆਂ ’ਚ ਗੰਭੀਰ ਫਰਜ਼ੀਵਾੜਾ’‘ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਲੋੜ’
Wednesday, Mar 24, 2021 - 03:14 AM (IST)

ਅੱਜ ਸਾਡਾ ਦੇਸ਼ ਘਪਲਿਆਂ ਦਾ ਦੇਸ਼ ਬਣ ਕੇ ਰਹਿ ਗਿਆ ਹੈ ਅਤੇ ਕੋਈ ਵੀ ਖੇਤਰ ਅਜਿਹਾ ਨਹੀਂ ਬਚਿਆ ਹੈ, ਜਿਸ ’ਚ ਕੋਈ ਨਾ ਕੋਈ ਘਪਲਾ ਜਾਂ ਹੇਰਾਫੇਰੀ ਨਾ ਹੋਈ ਹੋਵੇ। ਇਸ ਬੁਰਾਈ ਨੂੰ ਰੋਕਣ ’ਚ ਕੇਂਦਰ ਅਤੇ ਸੂਬਾਈ ਸਰਕਾਰਾਂ ਫੇਲ ਹੋ ਰਹੀਆਂ ਹਨ।
ਮੱਧ ਪ੍ਰਦੇਸ਼ ’ਚ 2012-13 ’ਚ ਹੋਏ ਬਹੁਚਰਚਿਤ ਵਿਆਪਮ (ਵਿਵਸਾਇਕ ਪ੍ਰੀਖਿਆ ਮੰਡਲ) ਘਪਲੇ ਨੇ ਲੱਖਾਂ ਨੌਜਵਾਨਾਂ ਦਾ ਭਵਿੱਖ ਚੌਪਟ ਕਰ ਦਿੱਤਾ, ਜਿਸ ’ਚ ਸਿੱਧੇ ਅਤੇ ਅਸਿੱਧੇ ਢੰਗ ਨਾਲ 45 ਲੋਕਾਂ ਦੀ ਮੌਤ ਹੋਈ ਸੀ ਅਤੇ ਅਜੇ ਤੱਕ ਇਸ ਮਾਮਲੇ ਦੀ ਜਾਂਚ ਲਟਕੀ ਹੋਈ ਹੈ।
ਸਰਕਾਰੀ ਨੌਕਰੀਆਂ ਜਾਂ ਰੋਜ਼ਗਾਰ ਦੇਣ ਦੇ ਨਾਂ ’ਤੇ ਕੀਤੀ ਜਾ ਰਹੀ ਹੇਰਾਫੇਰੀ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 5 ਮਾਰਚ ਨੂੰ ਆਂਧਰਾ ਪ੍ਰਦੇਸ਼ ’ਚ ਹੈਦਰਾਬਾਦ ਦੀ ਸਾਇਬਰਾਬਾਦ ਪੁਲਸ ਨੇ ਬੋਗਸ ਰੋਜ਼ਗਾਰ ਸਕੈਂਡਲ ਦਾ ਪਰਦਾਫਾਸ਼ ਕਰਦੇ ਹੋਏ ਫੇਸਬੁੱਕ ਅਤੇ ਵ੍ਹਟਸਐਪ ’ਤੇ ਨਕਲੀ ਅਕਾਊਂਟ ਬਣਾ ਕੇ ਭਾਰਤੀ ਰੇਲਵੇ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਨੌਜਵਾਨਾਂ ਨੂੰ ਠੱਗਣ ਵਾਲੇ ਗਿਰੋਹ ਦੇ 2 ਮੈਂਬਰਾਂ ਅਬਦੁਲ ਮਜੀਦ ਅਤੇ ਸਰਵੇਸ਼ ਸਾਹੂ ਨੂੰ ਫੜਿਆ। ਇਹ ਗਿਰੋਹ ਦਿੱਲੀ ਸਥਿਤ ਰੇਲਵੇ ਹੈੱਡਕੁਆਰਟਰ ’ਚ ਆਪਣੇ ਸੰਪਰਕਾਂ ਰਾਹੀਂ ਨਕਲੀ ਨਿਯੁਕਤੀ ਪੱਤਰ ਜਾਰੀ ਕਰਦਾ ਸੀ।
* 10 ਮਾਰਚ ਨੂੰ ਝਾਰਖੰਡ ਦੇ ਰਾਂਚੀ ਵਿਖੇ ਸੀ. ਬੀ. ਆਈ. ਨੇ ‘ਰਾਂਚੀ ਮਹਿਲਾ ਮਹਾਵਿਦਿਆਲਾ’ ’ਚ ਅੰਗਰੇਜ਼ੀ ਦੀ ਇਕ ਸਹਾਇਕ ਪ੍ਰੋਫੈਸਰ ‘ਮਮਤਾ ਕੇਰਕੇਟਾ’ ਨੂੰ ਮਹਾਵਿਦਿਆਲਾ ਦੇ ਲੈਕਚਰਾਰ ਭਰਤੀ ਕਰਨ ਦੇ ਇਕ ਪੁਰਾਣੇ ਸਕੈਂਡਲ ’ਚ ਸ਼ਮੂਲੀਅਤ ਸਬੰਧੀ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਸੀ. ਬੀ. ਆਈ. ਨੇ 69 ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਘਪਲੇ ’ਚ ਪ੍ਰੀਖਿਆ ਦੌਰਾਨ ਕੁਝ ਉਮੀਦਵਾਰਾਂ ਦੀਆਂ ਅੰਕ ਸੂਚੀਆਂ ’ਚ ਹੇਰਾਫੇਰੀ ਕੀਤੀ ਗਈ ਤਾਂ ਜੋ ਉਨ੍ਹਾਂ ਦੀ ਚੋਣ ਯਕੀਨੀ ਦਰਸਾਈ ਜਾ ਸਕੇ।
਼* 11 ਮਾਰਚ ਨੂੰ ਕਰਨਾਟਕ ਦੇ ਗ੍ਰਹਿ ਮੰਤਰੀ ਬਸਵਰਾਜ ਬੋਮਈ ਨੇ ‘ਨੌਕਰੀ ਦੇ ਬਦਲੇ ਸੈਕਸ’ ਮਾਮਲੇ ’ਚ ਭਾਜਪਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਰਮੇਸ਼ ਜਾਰਕੀਹੋਲੀ ਸਬੰਧੀ ਜਾਂਚ ਪੂਰੀ ਕਰਨ ਦਾ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ. ਨੂੰ ਹੁਕਮ ਦਿੱਤਾ)।
ਇਸ ਮਾਮਲੇ ਦੇ ਸਾਹਮਣੇ ਆਉਣ ਪਿੱਛੋਂ 3 ਮਾਰਚ ਨੂੰ ਜਾਰਕੀਹੋਲੀ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਇਤਰਾਜ਼ਯੋਗ ਵੀਡੀਓ ਦਿਖਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ।
ਇਹ ਸੈਕਸ ਟੇਪ ਕਰਨਾਟਕ ਦੇ ਇਕ ਨਿਊਜ਼ ਚੈਨਲ ਨੇ ਚਲਾਈ ਸੀ, ਜਿਸ ’ਚ ਉਨ੍ਹਾਂ ਨੂੰ ਕਥਿਤ ਤੌਰ ’ਤੇ ਇਕ ਔਰਤ ਨੂੰ ਗਾਲ੍ਹਾਂ ਕੱਢਦੇ ਹੋਏ ਅਤੇ ਸਰਕਾਰੀ ਨੌਕਰੀ ਦੇਣ ਦੇ ਬਦਲੇ ’ਚ ਉਸ ਨਾਲ ਸੈਕਸ ਸਬੰਧ ਬਣਾਉਣ ਦੀ ਮੰਗ ਕਰਦਿਆਂ ਦਿਖਾਇਆ ਗਿਆ ਸੀ।
* ਅਤੇ ਹੁਣ 22 ਮਾਰਚ ਨੂੰ ਫੌਜ ਦੇ ਜਵਾਨਾਂ ਦੀ ਭਰਤੀ ਨਾਲ ਜੁੜੇ ਮਾਮਲੇ ’ਚ ਮੈਡੀਕਲ ਟੈਸਟ ਦੌਰਾਨ ਫਰਜ਼ੀਵਾੜੇ ਦਾ ਖੁਲਾਸਾ ਹੋਣ ਪਿੱਛੋਂ ਸੀ. ਬੀ. ਆਈ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਆਈਆਂ ਇਨ੍ਹਾਂ ਰਿਪੋਰਟਾਂ ਮੁਤਾਬਕ ਹਰਿਆਣਾ ’ਚ ਤਾਇਨਾਤ ਫੌਜ ਦੇ ਇਕ ਡਾਕਟਰ ਨੂੰ ਜਵਾਨਾਂ ਦੇ ਮੈਡੀਕਲ ਟੈਸਟ ਕਰਵਾਉਣ ’ਚ ਧਾਂਦਲੀ ਕਰਨ ਲਈ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਫੌਜ ’ਚ ਭਰਤੀ ਕੀਤੇ ਗਏ ਲਗਭਗ 42 ਫੀਸਦੀ ਜਵਾਨ ਆਪਣਾ ਪਹਿਲਾ ਮੈਡੀਕਲ ਟੈਸਟ ਕਲੀਅਰ ਨਾ ਕਰਨ ਦੇ ਬਾਵਜੂਦ 1 ਮਹੀਨੇ ਬਾਅਦ ਆਯੋਜਿਤ ਹੋਣ ਵਾਲੇ ਰੀਵਿਊ ਮੈਡੀਕਲ ਬੋਰਡ ਤੱਕ ਪਹੁੰਚ ਗਏ।
ਇਨ੍ਹਾਂ ਭਰਤੀਆਂ ਲਈ ਵੱਡੀ ਗਿਣਤੀ ’ਚ ਉਮੀਦਵਾਰਾਂ ਨੂੰ ਸਮੀਖਿਆ ਮੈਡੀਕਲ ਬੋਰਡ ’ਚੋਂ ਲੰਘਣਾ ਪੈਂਦਾ ਹੈ। ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਨੇ ਸਬੰਧਤ ਅਧਿਕਾਰੀਆਂ ਨੂੰ ਨੈਤਿਕ ਮਰਿਆਦਾ ਅਤੇ ਵਿੱਤੀ ਗੜਬੜ ਦੇ ਮਾਮਲਿਆਂ ’ਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕਰਨ ਦੇ ਸਖਤ ਨਿਰਦੇਸ਼ ਦਿੱਤੇ।
ਇਹੀ ਨਹੀਂ, ਜਿੱਥੇ ਵੱਖ-ਵੱਖ ਨੌਕਰੀਆਂ ’ਚ ਭਰਤੀ ਲਈ ਫਰਜ਼ੀਵਾੜੇ ਦਾ ਸਹਾਰਾ ਲਏ ਜਾਣ ਦੇ ਮਾਮਲੇ ਫੜੇ ਜਾ ਰਹੇ ਹਨ, ਉੱਥੇ ਹੁਣ ਵਿਦੇਸ਼ਾਂ ’ਚ ਨੌਕਰੀ ਦੇ ਮੋਹ ਵਿਚ ਛੁੱਟੀ ਲੈ ਕੇ ਦੂਜੇ ਦੇਸ਼ਾਂ ’ਚ ਬੈਠੇ ਕੁਝ ਸਰਕਾਰੀ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜੋ ਸਰਕਾਰ ਵੱਲੋਂ ਨੋਟਿਸ ਭੇਜਣ ਦੇ ਬਾਵਜੂਦ ਵਤਨ ਪਰਤ ਕੇ ਡਿਊਟੀ ਜੁਆਇਨ ਨਹੀਂ ਕਰ ਰਹੇ।
ਇਸ ਸਬੰਧੀ 22 ਮਾਰਚ ਨੂੰ ਪਟਿਆਲਾ ਦੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਲੰਮੇ ਸਮੇਂ ਤੋਂ ਗੈਰਹਾਜ਼ਰ ਪੁਲਸ ਅਧਿਕਾਰੀਆਂ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕਰਦਿਆਂ ਉਨ੍ਹਾਂ ਵਿਰੁੱਧ ਵਿਭਾਗੀ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਡਿਸਮਿਸ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਲੰਮੇ ਸਮੇਂ ਤੋਂ ਗੈਰਹਾਜ਼ਰ ਸਰਕਾਰੀ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਖਤਮ ਕਰਨਾ ਇਕ ਚੰਗਾ ਕਦਮ ਹੈ ਪਰ ਦੇਸ਼ ਦੇ ਜਨਤਕ ਸੇਵਾ ਕਾਨੂੰਨ ’ਚ ਸੁਧਾਰ ਕਰ ਕੇ ਇਸ ’ਚ ਅਜਿਹੀ ਵਿਵਸਥਾ ਨੂੰ ਜੋੜੇ ਜਾਣ ਦੀ ਲੋੜ ਹੈ, ਜਿਸ ਰਾਹੀਂ ਸਰਕਾਰੀ ਮੁਲਾਜ਼ਮਾਂ ਦੀਆਂ ਸੇਵਾਵਾਂ ਇਕ ਮਿੱਥੀ ਮਿਆਦ ਪਿੱਛੋਂ ਡਿਊਟੀ ਤੋਂ ਗੈਰਹਾਜ਼ਰ ਰਹਿਣ ’ਤੇ ਆਪਣੇ ਆਪ ਹੀ ਖਤਮ ਹੋ ਜਾਣ।
ਇਸੇ ਤਰ੍ਹਾਂ ਨੌਕਰੀਆਂ ’ਚ ਫਰਜ਼ੀਵਾੜਾ ਕਰ ਕੇ ਬੇਰੋਜ਼ਗਾਰ ਨੌਜਵਾਨਾਂ ਨਾਲ ਧੋਖਾ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਲਈ ਵੀ ਫਾਸਟ ਟਰੈਕ ਅਦਾਲਤਾਂ ’ਚ ਮਾਮਲੇ ਨਿਪਟਾ ਕੇ ਉਨ੍ਹਾਂ ਨੂੰ ਤੁਰੰਤ ਸਖਤ ਸਜ਼ਾ ਦੇਣ ਦੀ ਲੋੜ ਹੈ।
-ਵਿਜੇ ਕੁਮਾਰ