ਬਲਾਤਕਾਰਾਂ ਦੀ ਹਨੇਰੀ ਨੂੰ ''ਬਤੰਗੜ'' ਕਹਿਣ ਵਾਲੇ ''ਸੱਤਾਧਾਰੀ''

04/24/2018 1:59:01 AM

ਇਨ੍ਹੀਂ ਦਿਨੀਂ ਦੇਸ਼ ਵਿਚ ਬਲਾਤਕਾਰਾਂ ਅਤੇ ਔਰਤਾਂ  ਤੇ ਬੱਚੀਆਂ ਵਿਰੁੱਧ ਹੋਰਨਾਂ ਅਪਰਾਧਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਰੋਜ਼ਾਨਾ ਘੱਟੋ-ਘੱਟ 107 ਬਲਾਤਕਾਰ ਹੁੰਦੇ ਹਨ ਅਤੇ 2016 ਦੇ ਅੰਕੜਿਆਂ ਮੁਤਾਬਿਕ ਰੋਜ਼ਾਨਾ 55 ਬੱਚੀਆਂ ਨਾਲ ਬਲਾਤਕਾਰ ਹੁੰਦਾ ਹੈ। 
ਇਸੇ ਕਾਰਨ ਜਿਥੇ ਕੇਂਦਰ ਸਰਕਾਰ ਬੱਚੀਆਂ ਨਾਲ ਬਲਾਤਕਾਰ ਦੇ ਮਾਮਲਿਆਂ 'ਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਸਬੰਧੀ ਆਰਡੀਨੈਂਸ ਲਿਆਉਣ ਲਈ ਮਜਬੂਰ ਹੋਈ ਹੈ, ਉਥੇ ਹੀ ਭਾਜਪਾ ਦੇ ਨੇਤਾ ਬਿਨਾਂ ਸੋਚੇ-ਸਮਝੇ ਬਿਆਨ ਦੇ ਕੇ ਨਿੱਤ ਨਵੇਂ ਵਿਵਾਦ ਖੜ੍ਹੇ ਕਰ ਰਹੇ ਹਨ। 
ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਨੇ 22 ਅਪ੍ਰੈਲ ਨੂੰ ਕਿਹਾ ਕਿ ''ਇੰਨੇ ਵੱਡੇ ਦੇਸ਼ ਵਿਚ ਜੇ ਬਲਾਤਕਾਰ ਦੀਆਂ ਇਕ-ਦੋ ਘਟਨਾਵਾਂ ਹੋ ਜਾਣ ਤਾਂ 'ਬਾਤ ਦਾ ਬਤੰਗੜ' ਨਹੀਂ ਬਣਾਉਣਾ ਚਾਹੀਦਾ। ਅਜਿਹੀਆਂ ਘਟਨਾਵਾਂ ਨੂੰ ਰੋਕਣਾ ਸੰਭਵ ਨਹੀਂ ਹੈ। ਇੰਨੇ ਵੱਡੇ ਦੇਸ਼ ਵਿਚ ਅਜਿਹੀਆਂ ਇਕ-ਦੋ ਘਟਨਾਵਾਂ 'ਤੇ ਹੰਗਾਮਾ ਕਰਨਾ ਸਹੀ ਨਹੀਂ ਹੈ।''
ਇਸੇ ਤਰ੍ਹਾਂ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ,''ਬੱਚੀਆਂ ਨਾਲ ਬਲਾਤਕਾਰ ਪਹਿਲਾਂ ਵੀ ਹੁੰਦੇ ਰਹੇ ਹਨ ਪਰ ਇਸ ਸਮੇਂ ਇਨ੍ਹਾਂ ਦਾ ਪ੍ਰਚਾਰ ਜ਼ਿਆਦਾ ਹੋ ਰਿਹਾ ਹੈ।''
ਸੰਤੋਸ਼ ਗੰਗਵਾਰ ਤੇ ਹੇਮਾ ਮਾਲਿਨੀ ਦੇ ਉਕਤ ਬਿਆਨਾਂ ਨੂੰ ਝੁਠਲਾਉਣ ਲਈ ਸਿਰਫ 2 ਦਿਨਾਂ ਵਿਚ ਸਾਹਮਣੇ ਆਈਆਂ ਬਲਾਤਕਾਰ ਦੀਆਂ ਚੰਦ ਘਟਨਾਵਾਂ ਹੀ ਕਾਫੀ ਹਨ :
* 21 ਅਪ੍ਰੈਲ ਨੂੰ ਕਰਨਾਲ ਦੇ ਨਵੇਲ ਪਿੰਡ ਵਿਚ 14 ਸਾਲਾ ਬੱਚੀ ਨਾਲ ਬਲਾਤਕਾਰ। 
—ਆਗਰਾ 'ਚ ਅਧਿਆਪਕ ਵਲੋਂ ਵਿਦਿਆਰਥਣ ਦਾ ਯੌਨ ਸ਼ੋਸ਼ਣ।
—ਯੂ. ਪੀ. ਦੇ ਰਾਮਪੁਰ ਵਿਚ 6 ਸਾਲਾ ਬੱਚੀ ਨਾਲ ਬਲਾਤਕਾਰ।
—ਬਟਾਲਾ 'ਚ 15 ਸਾਲਾ ਨਾਬਾਲਗਾ ਨਾਲ ਬਲਾਤਕਾਰ।
—ਫਿਰੋਜ਼ਾਬਾਦ 'ਚ ਅਗਵਾ ਤੋਂ ਬਾਅਦ 16 ਸਾਲਾ ਲੜਕੀ ਨਾਲ ਬਲਾਤਕਾਰ।
—ਮੁੰਬਈ ਵਿਚ ਇਕ ਔਰਤ ਵਲੋਂ ਕਰਨਾਟਕ ਦੇ ਡਾਕਟਰ 'ਤੇ ਬਲਾਤਕਾਰ ਦਾ  ਦੋਸ਼।
—ਬੰਗਾਲ ਦੇ ਰਾਏਗੰਜ ਵਿਚ ਦੂਜੀ ਜਮਾਤ ਦੀਆਂ 4 ਵਿਦਿਆਰਥਣਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਇਕ ਅਧਿਆਪਕ ਵਿਰੁੱਧ ਕੇਸ ਦਰਜ।
—ਹਿਸਾਰ 'ਚ 8 ਸਾਲਾ ਬੱਚੀ ਨਾਲ ਬਲਾਤਕਾਰ ਦੇ ਦੋਸ਼ ਹੇਠ ਚਾਚਾ ਕਾਬੂ।
* 22 ਅਪ੍ਰੈਲ ਨੂੰ ਗੁੜਗਾਓਂ 'ਚ ਗੁਆਂਢੀ ਨੌਜਵਾਨ ਵਿਰੁੱਧ 12 ਸਾਲਾ ਨਾਬਾਲਗਾ ਨਾਲ ਦੋ ਵਾਰ ਬਲਾਤਕਾਰ ਕਰਨ ਦੇ ਦੋਸ਼ ਹੇਠ ਕੇਸ ਦਰਜ।
—ਬਿਹਾਰ 'ਚ ਮੁਜ਼ੱਫਰਪੁਰ ਜ਼ਿਲੇ ਦੇ ਮੁਸਹਰੀ ਪਿੰਡ 'ਚ ਬਲਾਤਕਾਰ ਦੀ ਸ਼ਿਕਾਰ 9 ਸਾਲਾ ਨਾਬਾਲਗਾ ਦੀ ਲਾਸ਼ ਬਰਾਮਦ।
—ਪਾਨੀਪਤ ਦੇ ਇਕ ਪਿੰਡ ਤੋਂ ਅਗਵਾ ਮੁਟਿਆਰ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ ਹੇਠ 2 ਵਿਅਕਤੀ ਗ੍ਰਿਫਤਾਰ।
—ਸੀਤਾਮੜੀ 'ਚ 11 ਸਾਲਾ ਬੱਚੀ ਦੀ ਬਲਾਤਕਾਰ ਤੋਂ ਬਾਅਦ ਹੱਤਿਆ।
—ਅਲੀਗੜ੍ਹ 'ਚ ਜਗਰਾਤੇ ਦੌਰਾਨ 12 ਸਾਲਾ ਬੱਚੀ ਨਾਲ ਬਲਾਤਕਾਰ।
—ਆਗਰਾ 'ਚ ਅਗਵਾ ਤੋਂ ਬਾਅਦ ਲੜਕੀ ਨਾਲ ਬਲਾਤਕਾਰ।
—ਬਰੇਲੀ 'ਚ ਗੁਆਂਢੀ ਵਲੋਂ 5 ਸਾਲਾ ਬੱਚੀ ਨਾਲ ਬਲਾਤਕਾਰ।
—ਇੰਦੌਰ 'ਚ ਮੁਟਿਆਰ ਵਲੋਂ 2 ਨੌਜਵਾਨਾਂ 'ਤੇ ਰਾਹ ਜਾਂਦਿਆਂ ਸਕਰਟ ਖਿੱਚਣ ਦਾ ਦੋਸ਼।
ਅਸਲ ਵਿਚ 'ਊਲ-ਜਲੂਲ' ਬਿਆਨ ਦੇਣ ਦੀ ਸਾਡੇ ਨੇਤਾਵਾਂ ਨੂੰ ਆਦਤ ਜਿਹੀ ਪੈ ਗਈ ਹੈ ਅਤੇ ਬਾਅਦ ਵਿਚ ਉਹ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਉਨ੍ਹਾਂ ਦੇ ਬਿਆਨ ਨੂੰ ਮੀਡੀਆ ਨੇ ਗਲਤ ਢੰਗ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ ਹੈ। 
ਉਕਤ ਦੋਹਾਂ ਬਿਆਨਾਂ ਦੇ ਮਾਮਲਿਆਂ ਵਿਚ ਵੀ ਸੰਤੋਸ਼ ਗੰਗਵਾਰ ਅਤੇ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। 
17 ਸਤੰਬਰ 2014 ਨੂੰ ਵੀ ਹੇਮਾ ਮਾਲਿਨੀ ਵ੍ਰਿੰਦਾਵਨ ਦੀਆਂ ਵਿਧਵਾਵਾਂ ਦੇ ਸਬੰਧ ਵਿਚ ਘਟੀਆ ਇਤਰਾਜ਼ਯੋਗ ਬਿਆਨ ਦੇ ਕੇ ਵਿਵਾਦਾਂ ਵਿਚ ਆ ਚੁੱਕੀ ਹੈ, ਜਿਸ ਦੇ ਲਈ ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣਾ ਪਿਆ ਸੀ।
''ਵਿੰ੍ਰਦਾਵਨ ਦੀਆਂ ਵਿਧਵਾਵਾਂ ਕੋਲ ਵਧੀਆ ਬੈਂਕ ਬੈਲੇਂਸ ਹੁੰਦਾ ਹੈ, ਚੰਗੀ ਆਮਦਨ ਹੁੰਦੀ ਹੈ, ਵਧੀਆ ਬਿਸਤਰੇ ਹੁੰਦੇ ਹਨ ਪਰ ਉਹ ਆਦਤਨ ਭੀਖ ਮੰਗਦੀਆਂ ਹਨ।''
ਔਰਤਾਂ ਵਿਰੁੱਧ ਅਪਰਾਧਾਂ ਪ੍ਰਤੀ ਭਾਜਪਾ ਨੇਤਾਵਾਂ ਦੀ ਇਸੇ ਸੰਵੇਦਨਹੀਣਤਾ ਕਾਰਨ, ਜਿਨ੍ਹਾਂ ਵਿਚ ਇਸ ਦੇ ਘੱਟੋ-ਘੱਟ 20 ਨੇਤਾ ਵੀ ਦੋਸ਼ੀ ਪਾਏ ਗਏ ਹਨ, ਕਾਂਗਰਸੀ ਨੇਤਾ ਕਮਲਨਾਥ ਨੇ ਵਿਅੰਗ ਕਰਦਿਆਂ ਕਿਹਾ ਹੈ ਕਿ ''ਭਾਰਤੀ ਜਨਤਾ ਪਾਰਟੀ ਦਾ ਨਾਂ ਬਦਲ ਕੇ 'ਬਲਾਤਕਾਰ ਜਨਤਾ ਪਾਰਟੀ' ਰੱਖ ਦੇਣਾ ਚਾਹੀਦਾ ਹੈ।''
ਅਜਿਹੇ ਹੀ ਬਿਆਨਾਂ ਤੋਂ ਦੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਆਗੂਆਂ ਨੂੰ ਵਿਵਾਦਪੂਰਨ ਬਿਆਨ ਦੇ ਕੇ ਮੀਡੀਆ ਨੂੰ ਮਸਾਲਾ ਨਾ ਦੇਣ ਦੀ ਨਸੀਹਤ ਦਿੰਦਿਆਂ ਕਿਹਾ ਹੈ ਕਿ ''ਅਸੀਂ ਗਲਤੀ ਕਰਦੇ ਹਾਂ ਅਤੇ ਮੀਡੀਆ ਨੂੰ ਮਸਾਲਾ ਦਿੰਦੇ ਹਾਂ। ਕੈਮਰਾ ਦੇਖਦਿਆਂ ਹੀ ਅਸੀਂ ਬਿਆਨ ਦੇਣ ਲਈ ਉੱਛਲ ਪੈਂਦੇ ਹਾਂ, ਜਿਵੇਂ ਅਸੀਂ ਬਹੁਤ ਵੱਡੇ ਸਮਾਜ ਵਿਗਿਆਨੀ ਜਾਂ ਮਾਹਿਰ ਹੋਈਏ ਅਤੇ ਫਿਰ ਮੀਡੀਆ ਅਜਿਹੇ ਬਿਆਨਾਂ ਦਾ ਇਸਤੇਮਾਲ ਕਰਦਾ ਹੈ। ਇਹ ਮੀਡੀਆ ਦੀ ਗਲਤੀ ਨਹੀਂ ਹੈ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਪਹਿਲਾਂ ਵੀ ਪਾਰਟੀ ਆਗੂਆਂ ਨੂੰ ਵਿਵਾਦਪੂਰਨ ਬਿਆਨ ਨਾ ਦੇਣ ਦੀ ਨਸੀਹਤ ਦੇ ਚੁੱਕੇ ਹਨ, ਜਿਸ ਦਾ ਕੋਈ ਅਸਰ ਦਿਖਾਈ ਨਹੀਂ ਦਿੰਦਾ। ਹੁਣ ਤਾਂ ਸਮਾਂ ਹੀ ਦੱਸੇਗਾ ਕਿ ਪ੍ਰਧਾਨ ਮੰਤਰੀ ਦੀ ਨਸੀਹਤ 'ਤੇ ਪਾਰਟੀ ਆਗੂ ਕਿੰਨਾ ਕੁ ਅਮਲ ਕਰਦੇ ਹਨ ਤਾਂ ਕਿ ਪਾਰਟੀ ਦੀਆਂ ਮੁਸ਼ਕਿਲਾਂ ਨਾ ਵਧਣ।                                                  
—ਵਿਜੇ ਕੁਮਾਰ


Vijay Kumar Chopra

Chief Editor

Related News