ਪੰਜਾਬ ਦੀਆਂ ਜੇਲਾਂ ’ਚ ਫੁਲਬਾਡੀ ਸਕੈਨਰ ਲਾਉਣ ਦਾ ਦੇਰ ਨਾਲ ਲਿਆ ਗਿਆ ਸਹੀ ਫੈਸਲਾ
Friday, Dec 22, 2023 - 06:07 AM (IST)
ਪੰਜਾਬ ਦੀਆਂ ਜੇਲਾਂ ’ਚ ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਕੈਦੀ ਆਪਣੇ ਸਰੀਰ ਦੇ ਅੰਦਰ ਲੁਕੋ ਕੇ ਜਾਂ ਜੇਲ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਜੇਲਾਂ ਦੇ ਅੰਦਰ ਪਾਬੰਦੀਸ਼ੁਦਾ ਸਾਮਾਨ ਲਿਜਾਣ ’ਚ ਸਫਲ ਹੋ ਜਾਂਦੇ ਹਨ ਜਿਨ੍ਹਾਂ ਨੂੰ ਕਈ ਵਾਰ ਜਾਂਚ ਦੌਰਾਨ ਫੜਨਾ ਮੁਸ਼ਕਲ ਹੁੰਦਾ ਹੈ।
ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦਿਆਂ ਹੁਣ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ 26 ਜੇਲਾਂ, ਜਿਨ੍ਹਾਂ ’ਚ 10 ਸੈਂਟਰਲ, 10 ਜ਼ਿਲਾ ਅਤੇ 6 ਸਬ ਅਤੇ ਮਹਿਲਾ ਜੇਲਾਂ ਸ਼ਾਮਲ ਹਨ, ’ਚ ਫੁਲਬਾਡੀ ਸਕੈਨਰ ਲਾਉਣ ਦੀ ਯੋਜਨਾ ਬਣਾਈ ਹੈ।
ਪੰਜਾਬ ਦਾ ਇਹ ਪਾਇਲਟ ਪ੍ਰਾਜੈਕਟ ਹੈ। ਇਸ ਤੋਂ ਪਹਿਲਾਂ ਗੁਜਰਾਤ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੀਆਂ ਜੇਲਾਂ ’ਚ ਫੁਲਬਾਡੀ ਸਕੈਨਰ ਲਾਏ ਗਏ ਹਨ।
ਵਰਨਣਯੋਗ ਹੈ ਕਿ ਇਕ ਫੁਲਬਾਡੀ ਸਕੈਨਰ ’ਤੇ ਲਗਭਗ 1.50 ਕਰੋੜ ਦੀ ਲਾਗਤ ਆਉਂਦੀ ਹੈ ਅਤੇ ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ 26 ਜੇਲਾਂ ’ਚ ਇਨ੍ਹਾਂ ਨੂੰ ਲਾਉਣ ’ਤੇ ਲਗਭਗ 39 ਕਰੋੜ ਰੁਪਏ ਖਰਚਾ ਆਵੇਗਾ।
ਕਿਉਂਕਿ ਸੂਬੇ ਦੀਆਂ ਜੇਲਾਂ ’ਚ ਪਿਛਲੀਆਂ ਕਈ ਸਰਕਾਰਾਂ ਦੇ ਸਮੇਂ ਤੋਂ ਹੀ ਬਾਡੀ ਸਕੈਨਰ ਲਾਉਣ ਦੀ ਯੋਜਨਾ ਲਟਕਦੀ ਆ ਰਹੀ ਹੈ। ਇਸ ਲਈ ਸਾਡੇ ਵਿਚਾਰ ’ਚ ਜੇ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਦਿੱਤਾ ਹੁੰਦਾ ਤਾਂ ਮੌਜੂਦਾ ਸਰਕਾਰ ਨੂੰ ਇਨ੍ਹਾਂ ’ਤੇ ਇਕੱਠਿਆਂ 39 ਕਰੋੜ ਰੁਪਏ ਖਰਚ ਕਰਨ ਦੀ ਨੌਬਤ ਨਾ ਆਉਂਦੀ ਅਤੇ ਇਹ ਰਕਮ ਸੂਬੇ ਦੇ ਵਿਕਾਸ ’ਤੇ ਖਰਚ ਕੀਤੀ ਜਾ ਸਕਦੀ ਸੀ।
- ਵਿਜੇ ਕੁਮਾਰ