ਪਾਕਿਸਤਾਨੀ ਸਿਆਸਤਦਾਨਾਂ ਅਤੇ ਮੌਲਾਨਿਆਂ ਦੇ ਹਾਸੋਹੀਣੇ ਬਿਆਨ

06/28/2020 3:13:29 AM

ਸਾਰੀ ਦੁਨੀਆ ਨੂੰ ਗੋਡਿਆਂ ’ਤੇ ਲਿਆ ਦੇਣ ਵਾਲੀ ‘ਕੋਰੋਨਾ’ ਮਹਾਮਾਰੀ ਨਾਲ ਜੂਝ ਰਹੇ ਸਾਰੇ ਦੇਸ਼ਾਂ ਦੀ ਕੋਸ਼ਿਸ਼ ਹੈ ਕਿ ਕਿਵੇਂ ਉਹ ਆਪਣੇ ਨਾਗਰਿਕਾਂ ਅਤੇ ਅਰਥਵਿਵਸਥਾਵਾਂ ਦੀ ਰੱਖਿਆ ਇਸ ਬਹੁਤ ਇਨਫੈਕਟਿਡ ਰੋਗ ਤੋਂ ਕਰ ਸਕਣ। ਪਾਕਿਸਤਾਨ ’ਚ ਵੀ ਇਹ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਪਰ ਇਸ ਮਹਾਮਾਰੀ ਨੂੰ ਲੈ ਕੇ ਉਥੋਂ ਦੇ ਸਿਆਸਤਦਾਨਾਂ ਤੋਂ ਲੈ ਕੇ ਮੌਲਾਨਿਆਂ ਤਕ ਅਜਿਹੇ-ਅਜਿਹੇ ਹਾਸੋਹੀਣੇ ਬਿਆਨ ਦੇ ਰਹੇ ਹਨ, ਜਿਸ ਨਾਲ ਇਸ ਸਮੱਸਿਆ ਬਾਰੇ ਉਨ੍ਹਾਂ ਦੀ ਬੁੱਧੀ ’ਤੇ ਸਵਾਲ ਖੜ੍ਹੇ ਹੋ ਜਾਂਦੇ ਹਨ।

* 30 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਅਤੇ ਤਬਲੀਗੀ ਜਮਾਤ ਦੇ ਪ੍ਰਭਾਵਸ਼ਾਲੀ ਮੌਲਾਨਾ ਤਾਰਿਕ ਜਮੀਲ ਨੇ ਦਾਅਵਾ ਕੀਤਾ ਕਿ, ‘‘ਔਰਤਾਂ ’ਚ ਵਧਦੀ ਨੰਗੇਜ, ਅਸ਼ਲੀਲਤਾ ਅਤੇ ਬੇਹਯਾਈ (ਬੇਸ਼ਰਮੀ) ਦੇ ਕਾਰਨ ਇਹ ਬੀਮਾਰੀ ਅੱਲ੍ਹਾ ਦੇ ਗੁੱਸੇ ਦੇ ਰੂਪ ’ਚ ਫੈਲ ਰਹੀ ਹੈ।’’

(ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਪਾਕਿਸਤਾਨੀ ਮੌਲਾਨਿਆਂ ਨੇ ਕਿਸੇ ਮਹਾਮਾਰੀ ਲਈ ਨਾਰੀ ਜਾਤੀ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਤੋਂ ਪਹਿਲੇ ਵੀ ਹੜ੍ਹ, ਭੂਚਾਲ ਅਤੇ ਸੁਨਾਮੀ ਵਰਗੀਆਂ ਆਫਤਾਂ ਲਈ ਉਹ ਨਾਰੀ ਜਾਤੀ ਨੂੰ ਹੀ ਜ਼ਿੰਮੇਵਾਰ ਠਹਿਰਾ ਚੁੱਕੇ ਹਨ।)

* 21 ਜੂਨ ਨੂੰ ਪਾਕਿਸਤਾਨ ਦੀ ਪੌਣਪਾਣੀ ਤਬਦੀਲੀ ਮੰਤਰੀ ‘ਜਰਤਾਜ ਗੁਲ ਵਜੀਰ’ ਨੇ ਕਿਹਾ, ‘‘ਕੋਵਿਡ 19 ਦਾ ਅਰਥ ਹੈ ਕਿ ਇਸ ਦੇ 19 ਟਿਕਾਣੇ ਹਨ, ਜੋ ਕਿਸੇ ਵੀ ਇਲਾਕੇ ਦੇ ਲੋਕਾਂ ਨੂੰ 19 ਵੱਖ-ਵੱਖ ਤਰੀਕਿਆਂ ਨਾਲ ਫੜ ਸਕਦਾ ਹੈ।’’

ਇਸ ਤੋਂ ਕੁਝ ਦਿਨ ਪਹਿਲੇ ਇਸ ਜਨਾਬ ਨੇ ਕਿਹਾ ਸੀ ਕਿ ‘‘ਸਿਰਫ ਕੋਰੋਨਾ ਨਾਲ ਇਨਫੈਕਟਿਡ ਲੋਕਾਂ ਨੂੰ ਹੀ ਮਾਸਕ ਲਾਉਣਾ ਚਾਹੀਦਾ ਤਾਂ ਕਿ ਦੂਜੇ ਲੋਕਾਂ ਨੂੰ ਇਨਫੈਕਸ਼ਨ ਹੋਣ ਤੋਂ ਬਚਾਇਆ ਜਾ ਸਕੇ।’’

ਇਹੀ ਨਹੀਂ ਇਕ ਵਾਰ ਉਨ੍ਹਾਂ ਨੇ ਪਾਕਿਸਤਾਨ ’ਚ ‘ਚੰਗੇ’ ਮੀਂਹ ਲਈ ਇਮਰਾਨ ਸਰਕਾਰ ਦੀ ਤਾਰੀਫ ਕੀਤੀ ਸੀ, ਜਦੋਂਕਿ ਅਸਲ ’ਚ ਉਸ ਭਿਆਨਕ ਮੀਂਹ ਨਾਲ ਪਾਕਿਸਤਾਨ ’ਚ ਜਾਨ-ਮਾਲ ਦੀ ਭਾਰੀ ਤਬਾਹੀ ਹੋਈ ਸੀ।

ਫਿਲਹਾਲ, ਇਸ ਸਮੇਂ ਜਦੋਂ ਸਾਰੀ ਦੁਨੀਆ ਦੇ ਵਿਗਿਆਨੀ ਕੋਰੋਨਾ ਦੀ ਦਵਾਈ ਲੱਭਣ ਲਈ ਜੀਅ-ਜਾਨ ਨਾਲ ਜੁਟੇ ਹੋਏ ਹਨ, ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਸੰਸਦ ਮੈਂਬਰ ਰਿਆਜ ਫਾਟਿਆਨਾ ਨੇ ਤਾਂ 24 ਜੂਨ ਨੂੰ ਇਸ ਤੋਂ ਬਚਾਅ ਦੀ ‘ਅਸਰਦਾਰ ਦਵਾਈ’ ਦੱਸ ਵੀ ਦਿੱਤੀ ਕਿ :

*‘‘ਟਿੱਡੀਆਂ ਖਾਣ ਨਾਲ ਵਿਅਕਤੀ ਦੇ ਸਰੀਰ ’ਚ ਇਮਨਿਊਟੀ ਵਧਦੀ ਹੈ। ਇਸ ਲਈ ਪਾਕਿਸਤਾਨ ਸਰਕਾਰ ਲੋਕਾਂ ਨੂੰ ਟਿੱਡੀਆਂ ਖਾਣ ਦੀ ਮਨਜ਼ੂਰੀ ਦੇ ਦੇਵੇ। ਅਜਿਹਾ ਕਰਕੇ ਪਾਕਿਸਤਾਨੀ ਖੁਦ ਹੀ ਕੋਰੋਨਾ ਵਾਇਰਸ ਨੂੰ ਖਤਮ ਕਰ ਦੇਣਗੇ।’’

ਨਿਸ਼ਚਿਤ ਤੌਰ ’ਤੇ ਪਾਕਿਸਤਾਨ ਦੇ ਸਿਆਸਤਦਾਨਾਂ ਅਤੇ ਮੌਲਾਨਿਆਂ ਵਲੋਂ ਕੋਰੋਨਾ ਦੇ ਸਬੰਧ ’ਚ ਇਹ ਟਿੱਪਣੀਆਂ ਹਾਸੋਹੀਣੀਆਂ ਹੀ ਨਹੀਂ ਮੂਰਖਤਾਪੂਰਨ ਵੀ ਹਨ, ਜਿਸ ਦੇਸ਼ ਦੇ ਸਿਆਸਤਦਾਨ ਅਤੇ ਮੌਲਾਨੇ ਇਕ ਵਿਸ਼ਵ ਵਿਆਪੀ ਮਹਾਮਾਰੀ ਦੇ ਬਾਰੇ ’ਚ ਅਜਿਹੇ-ਅਜਿਹੇ ਵਿਚਾਰ ਰੱਖਦੇ ਹਨ। ਉਸ ਦਾ ਤਾਂ ਅੱਲ੍ਹਾ ਹੀ ਮਾਲਕ ਹੈ।

–ਵਿਜੇ ਕੁਮਾਰ


Bharat Thapa

Content Editor

Related News