ਵਿਧਾਇਕਾਂ ਦੀ ਸੁਰੱਖਿਆ ਲਈ ‘ਰਿਜ਼ਾਰਟ ਪਾਲੀਟਿਕਸ’ ਵਿਚ ਮਸ਼ਹੂਰ ਰਾਜਸਥਾਨ

03/17/2020 1:55:55 AM

ਦੇਸ਼ ਇਨ੍ਹੀਂ ਦਿਨੀਂ ਭਾਰੀ ਸਿਆਸੀ ਉਥਲ-ਪੁਥਲ ਦੇ ਦੌਰ ’ਚੋਂ ਲੰਘ ਰਿਹਾ ਹੈ। ਜਿਥੇ ਮੱਧ ਪ੍ਰਦੇਸ਼ ’ਚ ਸਰਕਾਰ ਨੂੰ ਬਚਾਉਣ ਅਤੇ ਡੇਗਣ ਦੇ ਮਾਮਲੇ ’ਤੇ ਕਾਂਗਰਸ ਅਤੇ ਭਾਜਪਾ ਦਰਮਿਆਨ ਰੱਸਾਕਸ਼ੀ ਜਾਰੀ ਹੈ, ਉਥੇ ਹੀ ਇਨ੍ਹਾਂ ਵਲੋਂ ਆਪਣੇ ਵਿਧਾਇਕਾਂ ਨੂੰ ਰਾਜਸਥਾਨ ਅਤੇ ਹਰਿਆਣਾ ’ਚ ਠਹਿਰਾਉਣ ਨਾਲ ‘ਰਿਜ਼ਾਰਟ ਪਾਲੀਟਿਕਸ’ ਚਰਚਾ ’ਚ ਆ ਗਈ ਹੈ। ਮਹਿਮਾਨ ਸਤਿਕਾਰ ਰਾਜਸਥਾਨ ਦੇ ਸੱਭਿਆਚਾਰ ਦੀ ਵਿਸ਼ੇਸ਼ਤਾ ਹੈ ਅਤੇ ਇਹ ਸਿਆਸੀ ਅਸਥਿਰਤਾ ਦੇ ਦੌਰਾਨ ਸਿਆਸੀ ਪਾਰਟੀਆਂ ਵਲੋਂ ਆਪਣੇ ਵਫਾਦਾਰਾਂ ਨੂੰ ਵਿਰੋਧੀਆਂ ਤੋਂ ਬਚਾ ਕੇ ਠਹਿਰਾਉਣ ਲਈ ਇਕ ਸੁਰੱਖਿਅਤ ਸਥਾਨ ਦੇ ਰੂਪ ’ਚ ਪ੍ਰਸਿੱਧ ਹੋ ਰਿਹਾ ਹੈ। ਕਾਂਗਰਸ ਅਤੇ ਭਾਜਪਾ ਦੋਵੇਂ ਹੀ ਆਪਣੇ ਮੈਂਬਰਾਂ ਨੂੰ ਇਕ ਥਾਂ ’ਤੇ ਰੱਖਣ ਲਈ ਜੈਪੁਰ ਨੂੰ ਸਭ ਤੋਂ ਵਧੀਆ ਸਥਾਨ ਦੇ ਰੂਪ ’ਚ ਦੇਖਦੇ ਹਨ। ਅਜੇ ਹਾਲ ਹੀ ’ਚ ਜੈਪੁਰ ਦੇ ਦੋ ਆਲੀਸ਼ਾਨ ਰਿਜ਼ਾਰਟਾਂ ’ਚ ਠਹਿਰਾਏ ਗਏ ਮੱਧ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕਾਂ ਨੇ ਸ਼ਾਨਦਾਰ ਮਹਿਮਾਨਨਿਵਾਜ਼ੀ ਦਾ ਅਨੰਦ ਲਿਆ ਅਤੇ ਕੁਝ ਹੀ ਮਹੀਨੇ ਪਹਿਲਾਂ ਨਵੰਬਰ 2019 ’ਚ ਮਹਾਰਾਸ਼ਟਰ ਦੇ ਕਾਂਗਰਸੀ ਵਿਧਾਇਕਾਂ ਨੂੰ ਵੀ ਜੈਪੁਰ ’ਚ ਹੀ ਠਹਿਰਾਇਆ ਗਿਆ ਸੀ, ਜਦੋਂ ਉਥੇ ਸੱਤਾ ਲਈ ਸੰਗਰਾਮ ਜਾਰੀ ਸੀ। ਰਾਜਸਥਾਨ ’ਚ ‘ਰਿਜ਼ਾਰਟ ਪਾਲੀਟਿਕਸ’ ਦੀ ਸ਼ੁਰੂਆਤ ਫਰਵਰੀ, 2005 ’ਚ ਹੋਈ, ਜਦੋਂ ਇਥੇ ਗੋਆ ਦੇ ਭਾਜਪਾ ਵਿਧਾਇਕਾਂ ਨੂੰ ਠਹਿਰਾਇਆ ਗਿਆ ਸੀ। ਉਸ ਸਮੇਂ ਰਾਜਸਥਾਨ ’ਚ ਵਸੁੰਧਰਾ ਰਾਜੇ (ਭਾਜਪਾ) ਮੁੱਖ ਮੰਤਰੀ ਸੀ ਅਤੇ ਗੋਆ ਦੀ ਮਨੋਹਰ ਪਾਰੀਕਰ (ਭਾਜਪਾ) ਸਰਕਾਰ ਨੂੰ ਬਰਖਾਸਤ ਕੀਤੇ ਜਾਣ ਤੋਂ ਬਾਅਦ ਭਾਜਪਾ ਨੇ ਸਦਨ ’ਚ ਬਹੁਮਤ ਪ੍ਰੀਖਣ ਤੋਂ ਪਹਿਲਾਂ ਆਪਣੇ ਸਾਬਕਾ ਵਿਧਾਇਕ ਇਥੇ ਠਹਿਰਾਏ ਸਨ। ਕੁਝ ਹੀ ਮਹੀਨਿਆਂ ਬਾਅਦ ਮਈ 2005 ’ਚ ਝਾਰਖੰਡ ਦੇ 37 ਭਾਜਪਾ, ਜਦ (ਯੂ) ਅਤੇ ਆਜ਼ਾਦ ਵਿਧਾਇਕਾਂ ਨੂੰ ਇਥੇ ਠਹਿਰਾਇਆ ਗਿਆ, ਜਦੋਂ ਸ਼ਿਬੂ ਸੋਰੇਨ ਅਤੇ ਅਰਜੁਨ ਮੁੰਡਾ (ਭਾਜਪਾ) ਦਰਮਿਆਨ ਭਰੋਸੇ ਦੀ ਵੋਟ ਦਾ ਪ੍ਰੀਖਣ ਹੋਣਾ ਸੀ। ਇਸ ’ਚ ਅਰਜੁਨ ਮੁੰਡਾ ਜੇਤੂ ਰਹੇ ਸਨ। ਫਿਰ ਮਾਰਚ 2016 ’ਚ ਵਸੁੰਧਰਾ ਰਾਜੇ ਦੇ ਦੂਜੇ ਕਾਰਜਕਾਲ ’ਚ ਰਾਜਸਥਾਨ ਨੇ ਉੱਤਰਾਖੰਡ ’ਚ ਬਹੁਮਤ ਪ੍ਰੀਖਣ ਤੋਂ ਪਹਿਲਾਂ 27 ਭਾਜਪਾ ਵਿਧਾਇਕਾਂ ਦੀ ਮੇਜ਼ਬਾਨੀ ਕੀਤੀ। ਭਾਜਪਾ ਹੋਵੇ ਜਾਂ ਕਾਂਗਰਸ, ਦੋਵੇਂ ਹੀ ਸਿਰਫ ਇਸ ਸ਼ਰਤ ਨਾਲ ਆਪਣੇ ਵਿਧਾਇਕਾਂ ਨੂੰ ਦੂਜੀਆਂ ਸੁਰੱਖਿਅਤ ਥਾਵਾਂ ’ਤੇ ਲਿਜਾ ਕੇ ਠਹਿਰਾਉਂਦੀਆਂ ਹਨ ਕਿ ਉਨ੍ਹਾਂ ਨੂੰ ਸੱਤਾ ’ਚ ਬਣੀਆਂ ਰਹਿਣ ਲਈ ਉਨ੍ਹਾਂ ਦਾ ਸਾਥ ਦੇਣਗੇ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕਾਂਗਰਸ ਦੇ ਚੁਣੇ ਹੋਏ ਿਰਜ਼ਾਰਟ ਭਾਜਪਾ ਵਲੋਂ ਚੁਣੇ ਹੋਏ ਰਿਜ਼ਾਰਟਾਂ ਦੇ ਮੁਕਾਬਲੇ ’ਚ ਜ਼ਿਆਦਾ ਵਿਸ਼ਾਲ ਹਨ। ਇਨ੍ਹਾਂ ਠਹਿਰਾਵਾਂ ਦੌਰਾਨ ਜਿਥੇ ਕੁਝ ਸੂਬਿਆਂ ਤੋਂ ਆਏ ਵਿਧਾਇਕਾਂ ਨੇ ਸ਼ਾਂਤ ਰਹਿਣਾ ਪਸੰਦ ਕੀਤਾ ਤਾਂ ਕੁਝ ਨੇ ਖੂਬ ਮੌਜ-ਮਸਤੀ, ਸੈਰ-ਸਪਾਟਾ ਅਤੇ ਸ਼ਾਪਿੰਗ ਕੀਤੀ। ਬਹਿਰਹਾਲ ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਅਗਲੀ ਵਾਰ ਰਾਜਸਥਾਨ ਨੂੰ ਕਿਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਦਾ ਹੈ।

–ਵਿਜੇ ਕੁਮਾਰ\\\\\\\\\\\\\\\


Bharat Thapa

Content Editor

Related News