ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ’ਚ ਸਜ਼ਾ ਅਤੇ ਜ਼ਮਾਨਤ ਕੋਈ ਦੱਸ ਰਿਹਾ ਸਹੀ-ਤਾਂ ਕੋਈ ਗ਼ਲਤ

03/24/2023 2:56:23 AM

ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ ਵੱਲੋਂ ਅਡਾਨੀ ਸਮੂਹ ਦੇ ਮਾਮਲੇ ਦੀ ਸੰਯੁਕਤ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ ਅਤੇ ਸੱਤਾ ਧਿਰ ਦੀ ਰਾਹੁਲ ਗਾਂਧੀ ਵੱਲੋਂ ਲੰਡਨ ’ਚ ਭਾਰਤ ਦੇ ਲੋਕਤੰਤਰ ਬਾਰੇ ਦਿੱਤੇ ਬਿਆਨ ’ਤੇ ਮੁਆਫ਼ੀ ਮੰਗਣ ਦੀ ਮੰਗ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ’ਚ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਕੰਮਕਾਜ ਠੱਪ ਹੈ।

ਅਜਿਹੇ ਮਾਹੌਲ ਦੇ ਦਰਮਿਆਨ 23 ਮਾਰਚ ਨੂੰ ਗੁਜਰਾਤ ’ਚ ਸੂਰਤ ਦੀ ਸੈਸ਼ਨਜ਼ ਕੋਰਟ ਨੇ ਰਾਹੁਲ ਗਾਂਧੀ ਨੂੰ ਕਰਨਾਟਕ ਦੇ ਕੋਲਾਰ ’ਚ 13 ਅਪ੍ਰੈਲ, 2019 ਨੂੰ ਇਕ ਚੋਣ ਰੈਲੀ ’ਚ ਦਿੱਤੇ ਭਾਸ਼ਣ ਨੂੰ ਲੈ ਕੇ ਭਾਜਪਾ ਵਿਧਾਇਕ ਪੁਰਣੇਸ਼ ਮੋਦੀ ਵੱਲੋਂ ਦਾਇਰ ਅਪਰਾਧਿਕ ਮਾਣਹਾਨੀ ਦੇ ਕੇਸ ’ਚ ਦੋਸ਼ੀ ਕਰਾਰ ਿਦੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ।

ਰਾਹੁਲ ਗਾਂਧੀ ਨੇ ਕਿਹਾ ਸੀ, ‘‘ਨੀਰਵ ਮੋਦੀ, ਲਲਿਤ ਮੋਦੀ, ਨਰਿੰਦਰ ਮੋਦੀ ਦਾ ਸਰਨੇਮ ਕਾਮਨ ਕਿਉਂ ਹੈ? ਸਾਰੇ ਚੋਰਾਂ ਦਾ ਸਰਨੇਮ ‘ਮੋਦੀ’ ਕਿਉਂ ਹੁੰਦਾ ਹੈ?’’

ਅਦਾਲਤ ਵੱਲੋਂ ਸਜ਼ਾ ਸੁਣਾਉਣ ਦੇ ਨਾਲ ਹੀ 30 ਦਿਨ ਲਈ ਸਜ਼ਾ ਨੂੰ ਸਸਪੈਂਡ ਕਰਦੇ ਹੋਏ ਰਾਹੁਲ ਗਾਂਧੀ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ। ਉਨ੍ਹਾਂ ਦੀ ਸਜ਼ਾ ਦੇ ਵਿਰੁੱਧ ਯੂਥ ਕਾਂਗਰਸ ਨੇ ਜਿੱਥੇ ਰੋਸ ਵਿਖਾਵੇ ਸ਼ੁਰੂ ਕਰ ਿਦੱਤੇ ਉੱਥੇ ਹੀ ਸੱਤਾ ਧਿਰ ਅਤੇ ਵਿਰੋਧੀ ਧਿਰ ’ਚ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ।

ਰਾਹੁਲ ਗਾਂਧੀ ਨੇ ਪਹਿਲੀ ਪ੍ਰਤੀਕਿਰਿਆ’ਚ ਕਿਹਾ, ‘‘ਮੇਰਾ ਧਰਮ ਸੱਚ-ਅਹਿੰਸਾ ’ਤੇ ਆਧਾਰਿਤ ਹੈ। ਸੱਚ ’ਚ ਭਗਵਾਨ ਹੈ ਅਤੇ ਅਹਿੰਸਾ ਉਸ ਨੂੰ ਹਾਸਲ ਕਰਨ ਦਾ ਸਾਧਨ।’’

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ‘‘ਸਾਨੂੰ ਸਭ ਪਹਿਲਾਂ ਤੋਂ ਹੀ ਪਤਾ ਸੀ। ਵਾਰ-ਵਾਰ ਜੱਜ ਬਦਲੇ ਜਾ ਰਹੇ ਸਨ। ਕਾਇਰ ਤਾਨਾਸ਼ਾਹ ਭਾਜਪਾ ਸਰਕਾਰ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਤੋਂ ਤਿਲਮਿਲਾਈ ਹੋਈ ਹੈ ਕਿਉਂਕਿ ਅਸੀਂ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਨੂੰ ਉਜਾਗਰ ਕਰ ਰਹੇ ਹਾਂ ਅਤੇ ਸੰਯੁਕਤ ਸੰਸਦੀ ਕਮੇਟੀ ਦੀ ਮੰਗ ਕਰ ਰਹੇ ਹਾਂ।’’

ਪ੍ਰਿਅੰਕਾ ਗਾਂਧੀ ਨੇ ਕਿਹਾ, ‘‘ਡਰੀ ਹੋਈ ਸੱਤਾ ਦੀ ਪੂਰੀ ਮਸ਼ੀਨਰੀ ਸਾਮ, ਦਾਮ, ਦੰਡ ਭੇਦ ਲਗਾ ਕੇ ਰਾਹੁਲ ਗਾਂਧੀ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰਾ ਭਰਾ ਨਾ ਕਦੀ ਡਰਿਆ ਹੈ, ਨਾ ਕਦੀ ਡਰੇਗਾ ਅਤੇ ਸੱਚ ਬੋਲਦਾ ਰਹੇਗਾ।’’

ਅਸ਼ੋਕ ਗਹਿਲੋਤ ਨੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਵੱਲੋਂ ਰਾਹੁਲ ਗਾਂਧੀ ਨੂੰ ਮੀਰ ਜਾਫਰ ਕਹਿਣ ਦੇੇ ਜਵਾਬ ’ਚ ਕਿਹਾ ਕਿ, ‘‘ਉਹ ਰਾਹੁਲ ਗਾਂਧੀ ਨੂੰ ਮੀਰ ਜਾਫਰ ਨਾਲ ਜੋੜਦੇ ਹਨ। ਉਨ੍ਹਾਂ ਨੂੰ ਇਸ ’ਤੇ ਸ਼ਰਮ ਆਉਣੀ ਚਾਹੀਦੀ ਹੈ। ਆਰ. ਐੱਸ. ਐੱਸ. ਨੇ ਮੀਰ ਜਾਫਰ ਦੀ ਭੂਮਿਕਾ ਨਿਭਾਈ ਅਤੇ ਦੇਸ਼ ਨੂੰ ਧੋਖਾ ਦਿੱਤਾ।’’

ਦਿਗਵਿਜੇ ਸਿੰਘ ਦੇ ਅਨੁਸਾਰ, ‘‘ਹੁਣ ਤਾਂ ਹਾਲਤ ਇਹ ਹੋ ਗਈ ਹੈ ਕਿ ਮੋਦੀ ਜੀ ਦਾ ਨਾਂ ਲੈਣ ਨਾਲ ਹੀ ਮਾਣਹਾਨੀ ਹੋ ਜਾਂਦੀ ਹੈ।’’ ਲੋਕ ਸਭਾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਦੇ ਅਨੁਸਾਰ, ‘‘ਰਾਹੁਲ ਨੇ ਮੋਦੀ ਸਰਨੇਮ ਵਾਲਾ ਿਬਆਨ ਕਿਸੇ ਦਾ ਨਿਰਾਦਰ ਕਰਨ ਲਈ ਨਹੀਂ ਦਿੱਤਾ ਸੀ ਅਜਿਹਾ ਬੋਲਣਾ ਅਪਰਾਧ ਨਹੀਂ ਹੈ।’’

‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ‘‘ਗੈਰ-ਭਾਜਪਾ ਨੇਤਾਵਾਂ ਅਤੇ ਪਾਰਟੀਆਂ ’ਤੇ ਮੁਕੱਦਮੇ ਕਰ ਕੇ ਉਨ੍ਹਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ। ਸਾਡੇ ਕਾਂਗਰਸ ਨਾਲ ਮਤਭੇਦ ਹਨ ਪਰ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਮੁਕੱਦਮੇ ’ਚ ਇਸ ਤਰ੍ਹਾਂ ਫਸਾਉਣਾ ਠੀਕ ਨਹੀਂ। ਜਨਤਾ ਤੇ ਵਿਰੋਧੀ ਪਾਰਟੀਆਂ ਦਾ ਕੰਮ ਹੈ ਸਵਾਲ ਪੁੱਛਣਾ। ਅਸੀਂ ਅਦਾਲਤ ਦਾ ਸਨਮਾਨ ਕਰਦੇ ਹਾਂ ਪਰ ਇਸ ਫੈਸਲੇ ਨਾਲ ਅਸਹਿਮਤ ਹਾਂ।’’

ਊਧਵ ਠਾਕਰੇ ਧੜੇ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਅਨੁਸਾਰ, ‘‘ਵਿਰੋਧੀ ਧਿਰ ਦੇ ਨੇਤਾਵਾਂ ਨੂੰ ਲਗਾਤਾਰ ਨਿਸ਼ਾਨਾ ਬਣਾਉਣਾ ਨਿੰਦਣਯੋਗ ਹੈ ਤੇ ਇਹ ਉਨ੍ਹਾਂ ਆਵਾਜ਼ਾਂ ਨੂੰ ਚੁੱਪ ਨਹੀਂ ਕਰਾ ਸਕਦਾ ਜੋ ਸਰਕਾਰ ਦੇ ਜੀ ਹਜ਼ੂਰ ਹੋਣ ਤੋਂ ਨਾਂਹ ਕਰਦੀਆਂ ਹਨ।’’

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (ਝਾਮੁਮੋ) ਦੇ ਅਨੁਸਾਰ, ‘‘ਗੈਰ-ਭਾਜਪਾ ਸਰਕਾਰਾਂ ਅਤੇ ਨੇਤਾਵਾਂ ਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।’’

ਦੂਜੇ ਪਾਸੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਦਾ ਕਹਿਣਾ ਹੈ ਕਿ ‘‘ਰਾਹੁਲ ਗਾਂਧੀ ਜੋ ਬੋਲਦੇ ਹਨ ਉਸ ਨਾਲ ਕਾਂਗਰਸ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ ਦੇਸ਼ ਨੂੰ ਵੀ ਨੁਕਸਾਨ ਹੁੰਦਾ ਹੈ। ਰਾਹੁਲ ਦੇ ਵਤੀਰੇ ਨਾਲ ਉਨ੍ਹਾਂ ਦੀ ਪਾਰਟੀ ਡੁੱਬ ਰਹੀ ਹੈ।’’

ਰਵੀਸ਼ੰਕਰ ਪ੍ਰਸਾਦ (ਭਾਜਪਾ) ਦੇ ਅਨੁਸਾਰ, ‘‘ਰਾਹੁਲ ਗਾਂਧੀ ਨੇ ‘ਮੋਦੀ’ ਸਰਨੇਮ ਦਾ ਨਿਰਾਦਰ ਕੀਤਾ ਹੈ। ਰਾਹੁਲ ਦੇਸ਼ ਦੀ ਜਨਤਾ ਅਤੇ ਜਨਤੰਤਰ ਦਾ ਨਿਰਾਦਰ ਕਰਦੇ ਹਨ। ਉਨ੍ਹਾਂ ’ਤੇ ਕਾਰਵਾਈ ਕਿਉਂ ਨਾ ਹੋਵੇ।’’

ਵਿਦੇਸ਼ ਅਤੇ ਸੱਭਿਆਚਾਰਕ ਮਾਮਲੇ ਰਾਜਮੰਤਰੀ ਮੀਨਾਕਸ਼ੀ ਲੇਖੀ ਨੇ ਵੀ ਕਿਹਾ ਹੈ ਕਿ ‘‘ਜਿਹੋ ਜਿਹਾ ਬੀਜੋਗੇ ਉਹੋ ਜਿਹਾ ਹੀ ਫਲ ਮਿਲੇਗਾ।’’

ਜੋ ਵੀ ਹੋਵੇ, ਰਾਹੁਲ ਨੂੰ ਸਜ਼ਾ ਸੁਣਾਏ ਜਾਣ ਦੇ ਬਾਅਦ ਉਨ੍ਹਾਂ ਦੀ ਸੰਸਦ ਦੀ ਮੈਂਬਰੀ ਖੁੱਸਣ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਪਰ ਉਹ ਸੈਸ਼ਨਜ਼ ਕੋਰਟ ਦੇ ਫੈਸਲੇ ਦੇ ਵਿਰੁੱਧ ਗੁਜਰਾਤ ਹਾਈਕੋਰਟ ’ਚ ਅਪੀਲ ਕਰਨਗੇ ਅਤੇ ਉੱਥੋਂ ਨਿਆਂ ਨਾ ਮਿਲਣ ’ਤੇ ਸੁਪਰੀਮ ਕੋਰਟ ’ਚ ਰਿਟ ਲਗਾਉਣਗੇ।

ਸਹੀ ਕੀ ਤੇ ਗਲਤ ਕੀ ਹੈ, ਇਸ ਦਾ ਫੈਸਲਾ ਤਾਂ ਉੱਚ ਅਦਾਲਤ ਹੀ ਕਰੇਗੀ ਤੇ ਉਦੋਂ ਤੱਕ ਲਈ ਲੋਕਾਂ ਨੂੰ ਉਡੀਕ ਕਰਨੀ ਹੋਵੇਗੀ।
-ਵਿਜੇ ਕੁਮਾਰ
 


Manoj

Content Editor

Related News