ਅਦਾਲਤ ’ਚ ਵਕੀਲਾਂ ਦੀ ਆਪਸੀ ਟੱਕਰ, ਚੱਲੀਆਂ ਗੋਲੀਆਂ ਅਤੇ ਵਰ੍ਹੇ ਪੱਥਰ

Friday, Jul 07, 2023 - 03:41 AM (IST)

ਅਦਾਲਤ ’ਚ ਵਕੀਲਾਂ ਦੀ ਆਪਸੀ ਟੱਕਰ, ਚੱਲੀਆਂ ਗੋਲੀਆਂ ਅਤੇ ਵਰ੍ਹੇ ਪੱਥਰ

5 ਜੁਲਾਈ ਨੂੰ ਦਿੱਲੀ ਦੇ ‘ਤੀਸ ਹਜ਼ਾਰੀ ਅਦਾਲਤ’ ਕੰਪਲੈਕਸ ’ਚ ਚੈਂਬਰ ਦੇ ਝਗੜੇ ਨੂੰ ਲੈ ਕੇ ਉੱਥੋਂ ਦੀ ਬਾਰ ਕੌਂਸਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਨੀਸ਼ ਕੁਮਾਰ ਸ਼ਰਮਾ ਅਤੇ ਸਕੱਤਰ ਅਤੁਲ ਕੁਮਾਰ ਸ਼ਰਮਾ ਦੇ ਧੜਿਆਂ ਦਰਮਿਆਨ ਟੱਕਰ ਨੇ ਗੰਭੀਰ ਰੂਪ ਧਾਰਨ ਕਰ ਲਿਆ। ਇਸ ਦੌਰਾਨ ਚੈਂਬਰ ਨੰ. 433 ਦੇ ਨੇੜੇ ਲਗਭਗ 20 ਮਿੰਟ ਤੱਕ ਕਈ ਰਾਊਂਡ ਫਾਇਰਿੰਗ ਤੋਂ ਇਲਾਵਾ ਕਈ ਵਕੀਲਾਂ ਦਰਮਿਆਨ ਪੱਥਰਬਾਜ਼ੀ ਅਤੇ ਮਾਰਕੁੱਟ ਹੋਈ।

ਇਸ ਬਾਰੇ ਦਿੱਲੀ ਪੁਲਸ ਨੇ ਦੋਵਾਂ ਧਿਰਾਂ ਵੱਲੋਂ ਸ਼ਿਕਾਇਤ ਦਰਜ ਕਰ ਕੇ ਕੁਝ ਵਕੀਲਾਂ ਨੂੰ ਹਿਰਾਸਤ ’ਚ ਲਿਆ ਹੈ ਅਤੇ ‘ਦਿੱਲੀ ਬਾਰ ਐਸੋਸੀਏਸ਼ਨ’ ਨੇ ਘਟਨਾ ’ਚ ਸ਼ਾਮਲ ਵਕੀਲਾਂ ਦੇ ਲਾਇਸੰਸ ਪੂਰੀ ਜਾਂਚ ਹੋਣ ਤੱਕ ਸਸਪੈਂਡ ਕਰ ਦਿੱਤੇ ਹਨ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਕਿਸੇ ਆਪਸੀ ਝਗੜੇ ’ਚ ਅਦਾਲਤ ਕੰਪਲੈਕਸਾਂ ’ਚ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ ਪਰ ਇਹ ਅਜਿਹਾ ਪਹਿਲਾ ਮਾਮਲਾ ਹੈ ਜਿਸ ’ਚ ਵਕੀਲਾਂ ਦੇ 2 ਧੜਿਆਂ ਦੀ ਅਦਾਲਤ ’ਚ ਆਪਣਾ ਦਬਦਬਾ ਕਾਇਮ ਕਰਨ ਦੀ ਲਾਲਸਾ ਕਾਰਨ ਪੈਦਾ ਹੋਇਆ ਝਗੜਾ ਹਿੰਸਕ ਰੂਪ ਧਾਰਨ ਕਰ ਗਿਆ।

ਇਸੇ ਤਰ੍ਹਾਂ ਦੇ ਵਤੀਰੇ ’ਤੇ 21 ਜੂਨ, 2021 ਨੂੰ ਮਦਰਾਸ ਹਾਈ ਕੋਰਟ ਦੇ ਜਸਟਿਸ ‘ਐੱਮ. ਧੰਧਾਪਾਣੀ’ ਨੇ ਪੁਲਸ ਅਧਿਕਾਰੀਆਂ ਨੂੰ ਜਨਤਕ ਤੌਰ ’ਤੇ ਡਰਾਉਣ-ਧਮਕਾਉਣ ਵਾਲੇ ਇਕ ਵਕੀਲ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਕਿਹਾ ਸੀ ਕਿ ‘‘ਵਕੀਲ ਕਾਨੂੰਨ ਤੋਂ ਉਪਰ ਨਹੀਂ ਹਨ ਅਤੇ ਉਨ੍ਹਾਂ ਦੇ ਬੇਕਾਬੂ ਆਚਰਨ ਕਾਰਨ ਨਿਆਂ ਨਾਲ ਜੁੜੀ ਬਰਾਦਰੀ ਨੂੰ ਅਪਮਾਨਿਤ ਕਰਨ ਵਾਲੇ ਵਕੀਲਾਂ ਵਿਰੁੱਧ ਬਾਰ ਕੌਂਸਲਾਂ ਨੂੰ ਖੁਦ ਕਾਰਵਾਈ ਕਰਨੀ ਚਾਹੀਦੀ ਹੈ।’’

ਦਿੱਲੀ ਦੇ ਅਦਾਲਤ ਕੰਪਲੈਕਸਾਂ ’ਚ ਗੋਲੀਬਾਰੀ ਦੀ ਪਹਿਲੀ ਘਟਨਾ 23 ਦਸੰਬਰ, 2015 ਨੂੰ ਕੜਕੜਡੂਮਾ ਅਦਾਲਤ ’ਚ ਹੋਈ ਸੀ, ਜਦੋਂ 4 ਨਾਬਾਲਿਗ ਹਮਲਾਵਰਾਂ ਨੇ ਗੋਲੀ ਚਲਾ ਕੇ ਗੈਂਗਸਟਰ ਮੁਹੰਮਦ ਇਰਫਾਨ ਅਤੇ ਇਕ ਸੁਰੱਖਿਆ ਮੁਲਾਜ਼ਮ ਨੂੰ ਜ਼ਖਮੀ ਕਰ ਦਿੱਤਾ ਸੀ ਅਤੇ ਦਿੱਲੀ ਦੀਆਂ ਅਦਾਲਤਾਂ ’ਚ ਉਕਤ ਘਟਨਾ ਨਾਲ ਸ਼ੁਰੂ ਹੋਈਆਂ ਹਿੰਸਾ ਦੀਆਂ ਘਟਨਾਵਾਂ ਅੱਜ ਤਕ ਜਾਰੀ ਹਨ ਜੋ ਹੇਠਾਂ ਦਰਜ ਹਨ :-

* 21 ਅਪ੍ਰੈਲ, 2023 ਨੂੰ ਸਾਕੇਤ ਅਦਾਲਤ ਦੀ ਕੋਰਟ ਨੰਬਰ 3 ਦੇ ਬਾਹਰ ਇਕ ਔਰਤ ’ਤੇ ਇਕ ਵਕੀਲ ਨੇ ਪੈਸਿਆਂ ਦੇ ਝਗੜੇ ਕਾਰਨ ਗੋਲੀ ਚਲਾ ਦਿੱਤੀ।

* 3 ਦਸੰਬਰ, 2022 ਨੂੰ ਕੜਕੜਡੂਮਾ ਅਦਾਲਤ ਦੇ ਗੇਟ ਨੰਬਰ 4 ’ਤੇ ਹਵਾਈ ਫਾਇਰਿੰਗ ਕਰ ਕੇ ਅਰਮਾਨ ਨਾਂ ਦੇ ਗੈਂਗਸਟਰ ਨੇ ਦਹਿਸ਼ਤ ਫੈਲਾ ਦਿੱਤੀ।

* 22 ਅਪ੍ਰੈਲ, 2022 ਨੂੰ ਰੋਹਿਣੀ ਅਦਾਲਤ ਕੰਪਲੈਕਸ ’ਚ ਸੁਰੱਖਿਆ ਜਾਂਚ ਦੌਰਾਨ ਇਕ ਵਕੀਲ ਅਤੇ ਕਾਂਸਟੇਬਲ ਵਿਚਾਲੇ ਬਹਿਸ ਦੇ ਨਤੀਜੇ ਵਜੋਂ ਗੋਲੀ ਚੱਲ ਜਾਣ ਨਾਲ 2 ਵਕੀਲ ਜ਼ਖਮੀ ਹੋ ਗਏ।

* 9 ਦਸੰਬਰ, 2021 ਨੂੰ ਰੋਹਿਣੀ ਅਦਾਲਤ ਦੇ ਕੋਰਟ ਰੂਮ ਨੰਬਰ 102 ’ਚ ਇਕ ਕੇਸ ਦੀ ਸੁਣਵਾਈ ਦੌਰਾਨ ਕੱਚੇ ਬੰਬ ਨਾਲ ਧਮਾਕਾ ਕੀਤਾ ਗਿਆ।

* 13 ਜੁਲਾਈ, 2021 ਨੂੰ ਦੁਆਰਕਾ ਕੋਰਟ ਦੇ ਚੈਂਬਰ ਨੰਬਰ 444 ’ਚ ਰਾਤ ਦੇ ਸਮੇਂ ਹੋਈ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ।

* 24 ਸਤੰਬਰ, 2021 ਨੂੰ ਰੋਹਿਣੀ ਅਦਾਲਤ ’ਚ ਵਕੀਲਾਂ ਦੇ ਭੇਸ ’ਚ ਦਾਖਲ ਹੋਏ 2 ਸ਼ੂਟਰਾਂ ਨੇ ਗੋਲੀਆਂ ਚਲਾ ਕੇ ਗੈਂਗਸਟਰ ਜਤਿੰਦਰ ਮਾਨ ਗੋਗੀ ਨੂੰ ਮਾਰ ਸੁੱਟਿਆ।

* 3 ਨਵੰਬਰ, 2019 ਨੂੰ ‘ਤੀਸ ਹਜ਼ਾਰੀ ਅਦਾਲਤ’ ’ਚ ਪਾਰਕਿੰਗ ਦੇ ਝਗੜੇ ਨੂੰ ਲੈ ਕੇ ਪੁਲਸ ਮੁਲਾਜ਼ਮਾਂ ਤੇ ਵਕੀਲਾਂ ’ਚ ਝੜਪ ਦੌਰਾਨ ਚੱਲੀ ਗੋਲੀ ਇਕ ਵਕੀਲ ਨੂੰ ਲੱਗਣ ਕਾਰਨ ਭਾਰੀ ਬਖੇੜਾ ਖੜ੍ਹਾ ਹੋਇਆ ਸੀ।

ਦਿੱਲੀ ਦੀਆਂ ਅਦਾਲਤਾਂ ’ਚ ਸੁਰੱਖਿਆ ਨੂੰ ਲੈ ਕੇ ਅਕਸਰ ਸਵਾਲ ਉੱਠਦੇ ਰਹੇ ਹਨ। ਸਖਤ ਸੁਰੱਖਿਆ ਅਤੇ ਸਖਤ ਜਾਂਚ ਦੇ ਬਾਵਜੂਦ ਹਥਿਆਰ ਅੰਦਰ ਪਹੁੰਚ ਜਾਂਦੇ ਹਨ। ‘ਤੀਸ ਹਜ਼ਾਰੀ ਅਦਾਲਤ’ ’ਚ ਹੋਈ ਫਾਇਰਿੰਗ ਦੀ ਤਾਜ਼ਾ ਘਟਨਾ ’ਚ ਵੀ ਅਜਿਹਾ ਹੀ ਹੋਇਆ।

ਦੱਸਿਆ ਜਾਂਦਾ ਹੈ ਕਿ ਦਿੱਲੀ ਪੁਲਸ ਸੁਰੱਖਿਆ ਸਖਤ ਤਾਂ ਕਰਦੀ ਹੈ ਪਰ ਵਕੀਲਾਂ ਦੀ ਚੈਕਿੰਗ ਦੀ ਗੱਲ ਆਉਣ ’ਤੇ ਚੁੱਪ ਧਾਰ ਲਈ ਜਾਂਦੀ ਹੈ। ਵਕੀਲ ਹੋਣ ਜਾਂ ਉਨ੍ਹਾਂ ਦੀ ਡ੍ਰੈੱਸ ’ਚ ਕੋਈ ਵਿਅਕਤੀ, ਦਿੱਲੀ ਦੀਆਂ ਅਦਾਲਤਾਂ ’ਚ ਬਿਨਾਂ ਚੈਕਿੰਗ ਦਾਖਲ ਹੋ ਜਾਂਦੇ ਹਨ।

ਅਦਾਲਤ ਕੰਪਲੈਕਸਾਂ ’ਚ ਹਿੰਸਾ ਦੀਆਂ ਘਟਨਾਵਾਂ ਸੁਰੱਖਿਆ ਪ੍ਰਣਾਲੀ ’ਚ ਖਾਮੀਆਂ ਦੀਆਂ ਮੂੰਹ ਬੋਲਦੀਆਂ ਉਦਾਹਰਣਾਂ ਹਨ। ਲਿਹਾਜ਼ਾ ਇਸ ਨੂੰ ਰੋਕਣ ਲਈ ਅਦਾਲਤ ਕੰਪਲੈਕਸਾਂ ’ਚ ਸਹੀ ਸੁਰੱਖਿਆ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਲੋਕਾਂ ਦੀ ਸੁਰੱਖਿਆ ਖਤਰੇ ’ਚ ਨਾ ਪਵੇ।

-ਵਿਜੇ ਕੁਮਾਰ


author

Mukesh

Content Editor

Related News