ਪੰਜਾਬ ’ਚ ਵਿਗੜ ਰਹੀ ਕਾਨੂੰਨ-ਵਿਵਸਥਾ ਲੋਕਾਂ ’ਚ ਲਗਾਤਾਰ ਵਧ ਰਿਹਾ ਡਰ

09/19/2018 3:18:22 AM

ਪੰਜਾਬ ’ਚ ਜਿਥੇ ਰੋਜ਼ਾਨਾ ਨਸ਼ਿਅਾਂ ਕਾਰਨ ਇਕ ਮੌਤ ਹੋ ਰਹੀ ਹੈ, ਉਥੇ ਹੀ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਅਤੇ ਕਤਲ, ਵੱਢ-ਟੁੱਕ, ਲੁੱਟ-ਮਾਰ, ਅਗ਼ਵਾ ਆਦਿ ਦੀਅਾਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ। 
ਸਿਰਫ ਇਕ ਹਫਤੇ ’ਚ ਹੀ ਪੰਜਾਬ ਦੇ ਬਰਨਾਲਾ, ਨਵਾਂਸ਼ਹਿਰ, ਗੁਰਦਾਸਪੁਰ, ਮੋਗਾ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ, ਪਠਾਨਕੋਟ, ਸੰਗਰੂਰ, ਜਲੰਧਰ, ਹੁਸ਼ਿਆਰ, ਪਟਿਆਲਾ, ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ ਅਤੇ ਫਿਰੋਜ਼ਪੁਰ ਜ਼ਿਲਿਅਾਂ ’ਚ ਡਕੈਤੀ, ਸਨੈਚਿੰਗ, ਅਗ਼ਵਾ ਤੇ ਚੋਰੀ ਦੀਅਾਂ 126 ਤੋਂ ਜ਼ਿਆਦਾ ਤੇ ਕਤਲ ਦੀਅਾਂ 10 ਘਟਨਾਵਾਂ ਹੋਈਅਾਂ ਹਨ। 
ਕਾਨੂੰਨ-ਵਿਵਸਥਾ ਦੀ ਵਿਗੜ ਰਹੀ ਸਥਿਤੀ ਦਾ ਸਭ ਤੋਂ ਵੱਡਾ ਸਬੂਤ ਹੈ 14 ਸਤੰਬਰ ਨੂੰ ਜਲੰਧਰ ਦੇ ਭੀੜ-ਭੜੱਕੇ ਵਾਲੇ ਇਲਾਕੇ ਮਕਸੂਦਾਂ ’ਚ ਸਥਿਤ ਪੁਲਸ ਥਾਣੇ ’ਚ ਸ਼ਾਮ ਨੂੰ 7.40 ਵਜੇ ਹੋਏ ਚਾਰ ਬੰਬ ਧਮਾਕੇ, ਜਿਨ੍ਹਾਂ ’ਚ ਐੱਸ. ਐੱਚ. ਓ. ਸਮੇਤ 3 ਮੁਲਾਜ਼ਮ ਜ਼ਖ਼ਮੀ ਹੋ ਗਏ।
ਜਿਥੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ‘ਭਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ’ ਨੇ ਲਈ ਹੈ, ਉਥੇ ਹੀ ਪੰਜਾਬ ਪੁਲਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਅਨੁਸਾਰ ਇਹ ਅੱਤਵਾਦੀ ਹਮਲਾ ਨਹੀਂ ਹੈ ਪਰ ਧਮਾਕੇ ’ਚ ਵਰਤੀ ਗਈ ਸਮੱਗਰੀ ਬਾਰੇ ਰਹੱਸ ਅਜੇ ਵੀ ਕਾਇਮ ਹੈ। 
ਇਨ੍ਹਾਂ ਧਮਾਕਿਅਾਂ ਦੀ ਗੂੰਜ ਅਜੇ ਮਿਟੀ ਵੀ ਨਹੀਂ ਸੀ ਕਿ ਅਗਲੇ ਦਿਨ 15 ਸਤੰਬਰ ਨੂੰ ਅੰਮ੍ਰਿਤਸਰ ’ਚ ਸਥਿਤ ਬੇਹੱਦ ਭੀੜ-ਭੜੱਕੇ ਵਾਲੀ ਸੋਨੇ ਦੀ ਮੰਡੀ ਗੁਰੂ ਬਾਜ਼ਾਰ ’ਚ 7 ਹਥਿਆਰਬੰਦ ਨਕਾਬਪੋਸ਼ ਲੁਟੇਰੇ ਹਥਿਆਰਾਂ ਦੇ ਦਮ ’ਤੇ 7  ਮਿੰਟਾਂ ’ਚ ਇਕ ਜੌਹਰੀ ਦੀ ਦੁਕਾਨ ਤੋਂ 3.20 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਲੁੱਟਣ ਤੋਂ ਇਲਾਵਾ ਸੀ. ਸੀ. ਟੀ. ਵੀ. ਕੈਮਰਿਅਾਂ ਨਾਲ ਜੁੜੀ ਡੀ. ਵੀ. ਆਰ. ਵੀ ਉਖਾੜ ਕੇ ਪੈਦਲ ਹੀ ਫਰਾਰ ਹੋ ਗਏ। 
ਉਨ੍ਹਾਂ ਨੇ ਹਵਾ ’ਚ 1 ਦਰਜਨ ਦੇ ਲੱਗਭਗ ਫਾਇਰ ਵੀ ਕੀਤੇ, ਜਿਸ ਕਾਰਨ ਸਾਰੇ ਡਰ ਗਏ ਤੇ ਕਿਸੇ ਨੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਕੀਤਾ। ਜੌਹਰੀ ਦੀ  ਦੁਕਾਨ  ’ਚ ਪਹਿਲਾਂ ਇਕ ਵਿਅਕਤੀ ਨੇ ਆ ਕੇ ਸੋਨੇ ਦੀ ਚੇਨ ਤੇ ਮੁੰਦਰੀ ਦਿਖਾਉਣ ਲਈ ਕਿਹਾ ਤੇ ਜਿਵੇਂ ਹੀ ਸੇਲਜ਼ਮੈਨ ਨੇ ਉਸ ਨੂੰ ਪੁੱਛਿਆ ਕਿ ਕੀ ਬਾਹਰ ਖੜ੍ਹੇ ਲੋਕ ਉਸੇ ਦੇ ਬੰਦੇ ਹਨ ਤਾਂ ਉਸ ਨੇ ਦਲੇਰੀ ਨਾਲ ਕਿਹਾ ਕਿ ਹਾਂ, ਮੇਰੇ ਹੀ ਬੰਦੇ ਹਨ। 
 ਇੰਨਾ ਕਹਿੰਦਿਅਾਂ ਹੀ ਉਸ ਨੇ ਪਿਸਤੌਲ ਤਾਣ ਦਿੱਤੀ ਤੇ ਆਪਣੇ ਸਾਥੀਅਾਂ ਨੂੰ ਅੰਦਰ ਬੁਲਾ ਕੇ ਦੁਕਾਨ ਦੇ ਸ਼ਟਰ ਬੰਦ ਕਰ ਕੇ ਫਟਾਫਟ ਦੁਕਾਨ ’ਚ ਪਏ ਗਹਿਣੇ ਅਤੇ ਤਿਜੌਰੀ ’ਚ ਪਏ  4 ਲੱਖ ਰੁਪਏ ਵੀ ਥੈਲਿਅਾਂ ’ਚ ਭਰ ਕੇ ਲੈ ਗਏ। 
ਜ਼ਿਕਰਯੋਗ ਹੈ ਕਿ ਗੁਰੂ ਬਾਜ਼ਾਰ ’ਚ ਸੜਕ ਦੀ ਚੌੜਾਈ ਸਿਰਫ 15 ਫੁੱਟ ਦੇ ਲੱਗਭਗ ਹੈ ਤੇ ਅੱਧੀ ਤੋਂ ਜ਼ਿਆਦਾ ਸੜਕ ’ਤੇ ਗੱਡੀਅਾਂ ਖੜ੍ਹੀਅਾਂ ਰਹਿਣ ਕਰਕੇ ਉਥੋਂ ਫਰਾਰ ਹੋਣਾ ਬਹੁਤ ਜੋਖਮ ਭਰਿਆ ਹੈ। 
ਅਤੇ ਹੁਣ ਉਸ ਤੋਂ ਇਕ ਦਿਨ ਬਾਅਦ ਹੀ 17 ਸਤੰਬਰ ਨੂੰ ਜਲੰਧਰ ’ਚ ਦਕੋਹਾ ਦੇ ਸ਼੍ਰੀ ਸਨਾਤਨ ਧਰਮ ਮੰਦਰ ਵਾਲੀ ਗਲੀ ’ਚ ਲੁਟੇਰਿਅਾਂ ਨੇ ਘਰ ਦੀ ਛੱਤ ਉਤੋਂ ਅੰਦਰ ਦਾਖਲ ਹੋ ਕੇ ਲੱਗਭਗ 10 ਮਹੀਨੇ ਪਹਿਲਾਂ ਪੀ. ਏ. ਪੀ. ’ਚ ਏ. ਆਈ. ਜੀ. ਦੇ ਅਹੁਦੇ ’ਤੇ ਟਰਾਂਸਫਰ ਹੋ ਕੇ ਆਏ ਸਰੀਨ ਕੁਮਾਰ ਪ੍ਰਭਾਕਰ ਦੀ ਮਾਂ ਸ਼ੀਲਾ ਰਾਣੀ ਪ੍ਰਭਾਕਰ (80) ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। 
ਉਹ ਸਵ. ਇੰਸਪੈਕਟਰ ਰੋਸ਼ਨ ਲਾਲ ਪ੍ਰਭਾਕਰ, ਜਿਨ੍ਹਾਂ ਨੂੰ 20 ਮਈ 1987 ਨੂੰ ਅੱਤਵਾਦੀਅਾਂ ਨੇ ਸ਼ਹੀਦ ਕਰ ਦਿੱਤਾ ਸੀ, ਦੀ ਪਤਨੀ ਸੀ। ਲੁਟੇਰੇ ਸ਼੍ਰੀਮਤੀ ਸ਼ੀਲਾ ਰਾਣੀ ਦੇ ਕੰਨਾਂ ਦੀਅਾਂ ਵਾਲੀਅਾਂ, ਹੱਥ ’ਚੋਂ ਮੁੰਦਰੀ ਤੇ ਸੋਨੇ-ਚਾਂਦੀ ਦੀਅਾਂ ਚੂੜੀਅਾਂ ਉਤਾਰ ਕੇ ਉਸੇ ਰਸਤਿਓਂ ਫਰਾਰ ਹੋ ਗਏ, ਜਿਸ  ਰਸਤਿਓਂ ਆਏ ਸਨ। 
ਪੰਜਾਬ ’ਚ ਕਈ ਜਗ੍ਹਾ ਐੱਸ. ਪੀ. ਕ੍ਰਾਈਮ ਅਤੇ ਐੱਸ. ਪੀ. ਵਿਜੀਲੈਂਸ ਰਹਿ ਚੁੱਕੇ ਸਰੀਨ ਕੁਮਾਰ ਪ੍ਰਭਾਕਰ ਦੀ ਮਾਂ ਸ਼੍ਰੀਮਤੀ ਸ਼ੀਲਾ ਰਾਣੀ ਘਰ ’ਚ ਇਕੱਲੀ ਹੀ ਰਹਿੰਦੀ ਸੀ। ਉਨ੍ਹਾਂ ਦਾ ਦੂਜਾ ਬੇਟਾ ਨਵੀਨ ਕੁਮਾਰ ਪ੍ਰਭਾਕਰ ਸਬ-ਇੰਸਪੈਕਟਰ ਹੈ, ਜਦਕਿ ਬੇਟੀ ਦੀਪਿਕਾ ਕਾਲੀਆ ਨਹਿਰੀ ਵਿਭਾਗ ’ਚ ਪਟਵਾਰੀ ਹੈ, ਜੋ ਨੇੜੇ ਹੀ ਅਰਮਾਨ ਨਗਰ ’ਚ ਰਹਿੰਦੀ ਹੈ। 
ਐਤਵਾਰ ਨੂੰ ਉਹ ਆਪਣੀ ਮਾਂ ਨੂੰ ਮਿਲ ਕੇ ਆਈ ਸੀ। ਸ਼੍ਰੀਮਤੀ ਸ਼ੀਲਾ ਰਾਣੀ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਦਿਲ ਆਪਣੇ ਘਰ ’ਚ ਹੀ ਲੱਗਦਾ ਹੈ, ਇਸ ਲਈ ਉਹ ਆਪਣੇ ਬੇਟਿਅਾਂ ਤੇ ਬੇਟੀ ਕੋਲ ਜ਼ਿਆਦਾ ਨਾ ਰਹਿ ਕੇ ਦਕੋਹਾ ’ਚ ਇਕੱਲੀ ਰਹਿੰਦੀ ਸੀ। 
ਅਜੇ ਇਹ ਲੇਖ ਲਿਖਿਆ ਹੀ ਜਾ ਰਿਹਾ ਸੀ ਕਿ ਟਾਂਡਾ ਦੇ ਗੰਨ ਹਾਊਸ ’ਚ ਗੋਲੀਅਾਂ ਚੱਲਣ ਨਾਲ ਅੈੱਨ. ਆਰ. ਆਈ. ਔਰਤ ਦੀ ਮੌਤ ਹੋ ਗਈ, ਜਿਸ ਦੇ ਸਬੰਧ ’ਚ ਗੰਨ ਹਾਊਸ ਦੇ ਮਾਲਕ ਦੇ ਬੇਟੇ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪੰਜਾਬ ’ਚ ਅਪਰਾਧੀ ਅਨਸਰਾਂ ਦੇ ਹੌਸਲੇ ਕਿੰਨੇ ਵਧ ਚੁੱਕੇ ਹਨ, ਜੋ ਪੁਲਸ ਪ੍ਰਸ਼ਾਸਨ ਦੇ  ਨਿਕੰਮੇਪਣ ਦਾ ਮੂੰਹ ਬੋਲਦਾ ਸਬੂਤ ਹੈ। ਇਸ ਗੱਲ ਨੂੰ ਇਸ ਤੱਥ ਨਾਲ ਵੀ ਬਲ ਮਿਲਦਾ ਹੈ ਕਿ ਪੰਜਾਬ ’ਚ ਜਿੰਨੀਅਾਂ ਵੀ ਵਾਰਦਾਤਾਂ ਹੋ ਰਹੀਅਾਂ ਹਨ, ਉਨ੍ਹਾਂ ’ਚ ਸ਼ਾਮਿਲ ਅਪਰਾਧੀਅਾਂ ਨੂੰ ਫੜਨ ’ਚ ਪੁਲਸ ਨੂੰ ਹੁਣ ਤਕ ਨਾਕਾਮੀ ਹੀ ਹੱਥ ਲੱਗੀ ਹੈ, ਜੋ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ।              

  –ਵਿਜੇ ਕੁਮਾਰ


Related News