... ਹੁਣ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਹੋਣਗੀਆਂ
Monday, Jan 18, 2021 - 02:23 AM (IST)

ਵਾਸ਼ਿੰਗਟਨ ਡੀ. ਸੀ. ਪਹਿਲਾਂ ਤੋਂ ਹੀ ਐਮਰਜੈਂਸੀ ਦੀ ਸਥਿਤੀ ’ਚ ਹੈ, ਉਥੇ ਹੀ ਅਮਰੀਕਾ ਦੇ 50 ਸੂਬੇ ਵੀ ਅਲਰਟ ’ਤੇ ਹਨ ਫਿਰ ਵੀ ਜੋਅ ਬਾਈਡੇਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ’ਚ ਡੋਨਾਲਡ ਟਰੰਪ ਦੀ ਥਾਂ ਲੈਣਗੇ। ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਦੁਨੀਆ ਦੀਆਂ ਨਜ਼ਰਾਂ ਉਨ੍ਹਾਂ ਅਤੇ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਰਹਿਣਗੀਆਂ। ਇਕ ਪਾਸੇ ਜਿਥੇ ਅਮਰੀਕਾ ਦੇ ਨਾਗਰਿਕ ਉਨ੍ਹਾਂ ਤੋਂ ਕੋਰੋਨਾ ਮਹਾਮਾਰੀ ਨਾਲ ਨਜਿੱਠਣ, ਸ਼ਾਂਤੀ ਅਤੇ ਆਰਥਿਕ ਹਾਲਾਤ ’ਚ ਸੁਧਾਰ ਦੀਆਂ ਉਮੀਦਾਂ ਲਗਾਈ ਬੈਠੇ ਹਨ ਤਾਂ ਦੂਸਰੇ ਪਾਸੇ ਉਨ੍ਹਾਂ ਤੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨੇ ਉਮੀਦਾਂ ਵੀ ਲਗਾਈਆਂ ਹੋਈਆਂ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸ਼ੁਰੂ ਕੀਤੀ ਗਈ ਟ੍ਰੇਡਵਾਰ ਨੂੰ ਚੀਨ ਖਤਮ ਕਰਨਾ ਚਾਹੁੰਦਾ ਹੈ ਅਤੇ ਅਮਰੀਕਾ ਵਲੋਂ ਚੀਨੀ ਵਸਤੂਆਂ ’ਤੇ ਲਗਾਏ ਗਏ ਪਾਬੰਦੀਆਂ ਅਤੇ ਟੈਕਸਾਂ ’ਚ ਕਮੀ ਦੇ ਇਲਾਵਾ ਚੀਨ ਦੀ ਟੈਕ ਕੰਪਨੀ ਹੁਆਵੇ ਤੋਂ ਪਾਬੰਦੀ ਹਟਵਾਉਣੀ ਚਾਹੁੰਦਾ ਹੈ।
ਚੀਨ ਕਲਾਈਮੇਟ ਚੇਂਜ ਅਤੇ ਕੋਰੋਨਾ ਮਹਾਮਾਰੀ ਦੇ ਮਾਮਲੇ ’ਚ ਵੀ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰਨ ਦਾ ਚਾਹਵਾਨ ਹੈ। ਇਸ ਦੇ ਇਲਾਵਾ ਚੀਨ ਨੂੰ ਉਮੀਦ ਹੈ ਕਿ ਉਸ ਦੀ ਅੰਦਰੂਨੀ ਰਾਸ਼ਟਰੀ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੇ ਮਾਮਲੇ ’ਚ ‘ਜੋਅ ਬਾਈਡੇਨ’ ਦਾ ਪ੍ਰਸ਼ਾਸਨ ਉਸ ਦੇ ਹਿੱਤ ’ਚ ਵਧੇਰੇ ਪ੍ਰਭਾਵੀ ਭੂਮਿਕਾ ਨਿਭਾਏਗਾ।
ਮਿਡਲ ਈਸਟ ਨਾਲ ਜੁੜੇ ਦੇਸ਼ ਬਾਈਡੇਨ ਪ੍ਰਸ਼ਾਸਨ ਤੋਂ ਖਾੜੀ ਦੇਸ਼ਾਂ ਦੇ ਦਰਮਿਆਨ ਸਬੰਧਾਂ ਦੇ ਸੁਧਾਰ ਦੀ ਦਿਸ਼ਾ ’ਚ ਵੱਧ ਕੰਮ ਕਰਨ ਦੀ ਆਸ ਕਰ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ‘ਜੋਅ ਬਾਈਡੇਨ’ ਦੀ ਅਗਵਾਈ ’ਚ ਅਮਰੀਕਾ ਖਾੜੀ ਦੇਸ਼ਾਂ ਦੇ ਆਪਸੀ ਸਬੰਧਾਂ ਦੇ ਸੁਧਾਰ ਦੀ ਦਿਸ਼ਾ ’ਚ ਬਿਲਕੁਲ ਉਹੋ ਜਿਹੇ ਹੀ ਕਦਮ ਚੁੱਕੇਗਾ ਜਿਵੇਂ ਉਸ ਨੇ ਇਸਰਾਈਲ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਦੇ ਸੰਬੰਧਾਂ ਨੂੰ ਲੈ ਕੇ ਚੁੱਕੇ ਹਨ।
ਖਾੜੀ ਦੇ ਕੁਝ ਦੇਸ਼ਾਂ ਨੂੰ ਖਦਸ਼ਾ ਹੈ ਕਿ ‘ਜੋਅ ਬਾਈਡੇਨ’ 2015 ਦੇ ਈਰਾਨ ਪਰਮਾਣੂ ਸਮਝੌਤੇ ਦੀ ਦਿਸ਼ਾ ’ਚ ਅੱਗੇ ਵਧ ਸਕਦੇ ਹਨ। ਉਨ੍ਹਾਂ ਨੂੰ ਆਸ ਹੈ ਕਿ ਇਸ ਦਿਸ਼ਾ ’ਚ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਉਹ ਹੋਰਨਾਂ ਦੇਸ਼ਾਂ ਦੇ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਭਰੋਸੇ ’ਚ ਜ਼ਰੂਰ ਲੈਣਗੇ। ਇਸ ਦੇ ਇਲਾਵਾ ਇਨ੍ਹਾਂ ਦੇਸ਼ਾਂ ਨੂੰ ਯਮਨ ਅਤੇ ਸੀਰੀਆ ’ਚ ਮਨੁੱਖੀ ਹੱਕਾਂ ਅਤੇ ਸ਼ਰਨਾਰਥੀਆਂ ਦੇ ਮਾਮਲੇ ’ਚ ਵੀ ਬਾਈਡੇਨ ਪ੍ਰਸ਼ਾਸਨ ਵਲੋਂ ਹਾਂ-ਪੱਖੀ ਭੂਮਿਕਾ ਨਿਭਾਏ ਜਾਣ ਦੀ ਆਸ ਹੈ।
ਮੈਕਸੀਕੋ ਨੂੰ ਉਮੀਦ ਹੈ ਕਿ ‘ਜੋਅ ਬਾਈਡੇਨ’ ਮੈਕਸੀਕੋ ਦੇ ਨਾਗਰਿਕਾਂ ਲਈ ਇਮੀਗ੍ਰੇਸ਼ਨ ਨੀਤੀ ’ਚ ਤਬਦੀਲੀ ਕਰਕੇ ਉਨ੍ਹਾਂ ਨੂੰ ਰਾਹਤ ਦੇਣਗੇ। ਮੌਜੂਦਾ ਨੀਤੀਆਂ ਦੇ ਅਨੁਸਾਰ ਅਮਰੀਕਾ ’ਚ ਪਨਾਹ ਲੈਣ ਦੇ ਚਾਹਵਾਨ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੀਆਂ ਅਰਜ਼ੀਆਂ ਦੇ ਨਿਪਟਾਰੇ ਤਕ ਅਮਰੀਕੀ ਸਰਹੱਦ ’ਤੇ ਸਥਿਤ ਮੈਕਸੀਕੋ ਦੇ ਖਤਰਨਾਕ ਇਲਾਕਿਆਂ ’ਚ ਰਹਿਣਾ ਪੈਂਦਾ ਹੈ।
ਲੈਟਿਨ ਅਮਰੀਕਾ ਦੇ ਨਾਗਰਿਕਾਂ ਨੂੰ ਆਸ ਹੈ ਕਿ ਬਾਈਡੇਨ ਵੈਂਜ਼ੁਏਲਾ ’ਚ ਨਿਕੋਲਸ ਮੇਂਦਰੋ ਦੇ ਵਿਰੁੱਧ ਸਖਤ ਪਾਬੰਦੀ ਲਗਾਉਣਗੇ। ਇਸ ਦੇ ਨਾਲ ਹੀ ਇਥੋਂ ਦੇ ਨਾਗਰਿਕਾਂ ਦੀਆਂ ਨਜ਼ਰਾਂ ਇਸ ਗੱਲ ’ਤੇ ਵੀ ਹਨ ਕਿ ਬਾਈਡੇਨ ਟਰੰਪ ਦੇ ਕੱਟੜ ਸਮਰਥਕ ਸਮਝੇ ਜਾਂਦੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਈਲ ਬੋਲਸਨਾਰੋ ਦੇ ਨਾਲ ਕਿਸ ਤਰੀਕੇ ਨਾਲ ਡੀਲ ਕਰਦੇ ਹਨ।
ਹਾਲਾਂਕਿ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਾਰਿਆਂ ਦੀਆਂ ਉਮੀਦਾਂ ’ਤੇ ਖਰੇ ਉਤਰਨਾ ‘ਜੋਅ ਬਾਈਡੇਨ’ ਲਈ ਇੰਨਾ ਸੌਖਾ ਨਹੀਂ ਹੋਵੇਗਾ।