ਹੁਣ ''ਤੋਗੜੀਆ'' ਅਤੇ ''ਤਿਵਾੜੀ'' ਨੇ ਖੋਲ੍ਹਿਆ ਭਾਜਪਾ ਵਿਰੁੱਧ ''ਮੋਰਚਾ''

Wednesday, Jun 27, 2018 - 05:13 AM (IST)

ਜਿਵੇਂ ਕਿ ਅਸੀਂ ਸਮੇਂ-ਸਮੇਂ 'ਤੇ ਲਿਖਦੇ ਰਹਿੰਦੇ ਹਾਂ, ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦਾ ਬੇਸ਼ੱਕ ਹੀ ਦੇਸ਼ ਦੇ 21 ਸੂਬਿਆਂ 'ਤੇ ਰਾਜ ਹੈ ਪਰ ਇਹ ਤ੍ਰਾਸਦੀ ਹੀ ਹੈ ਕਿ ਪਾਰਟੀ 'ਚ ਸਭ ਠੀਕ ਨਹੀਂ ਹੈ ਤੇ ਇਸ 'ਚ ਨਾਰਾਜ਼ਗੀ ਦੇ ਸੰਕੇਤ ਲਗਾਤਾਰ ਮਿਲ ਰਹੇ ਹਨ। 
ਭਾਜਪਾ ਅਤੇ ਆਰ. ਐੱਸ. ਐੱਸ. ਦੇ ਸਹਿਯੋਗੀ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਸਾਬਕਾ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਅਤੇ ਫਾਇਰ ਬ੍ਰਾਂਡ ਹਿੰਦੂ ਨੇਤਾ ਵਜੋਂ ਪ੍ਰਸਿੱਧ ਡਾ. ਪ੍ਰਵੀਨ ਤੋਗੜੀਆ ਕਿਸੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਨੇੜੇ ਸਨ ਪਰ ਹੁਣ ਇਨ੍ਹਾਂ ਦੋਵਾਂ ਵਿਚਾਲੇ ਦੂਰੀਆਂ ਬਹੁਤ ਵਧ ਚੁੱਕੀਆਂ ਹਨ।
ਵਿਹਿਪ ਵਲੋਂ ਬੀਤੇ ਅਪ੍ਰੈਲ 'ਚ ਸੰਗਠਨ ਤੋਂ ਮੁਕਤ ਕਰ ਦਿੱਤੇ ਗਏ ਡਾ. ਤੋਗੜੀਆ ਨੇ 24 ਜੂਨ ਨੂੰ ਨਵੀਂ ਦਿੱਲੀ ਦੇ ਸਿਰੀ ਫੋਰਟ ਸਟੇਡੀਅਮ 'ਚ ਲਗਭਗ 5 ਹਜ਼ਾਰ ਵਰਕਰਾਂ ਦੀ ਮੌਜੂਦਗੀ 'ਚ ਵਿਹਿਪ ਦੀ ਸ਼ੈਲੀ 'ਤੇ ਹੀ 'ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ' ਦਾ ਗਠਨ ਕਰ ਕੇ ਆਰ. ਐੱਸ. ਐੱਸ. ਅਤੇ ਭਾਜਪਾ ਅੱਗੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਡਾ. ਤੋਗੜੀਆਂ ਨੇ ਕਿਹਾ, ''ਇਤਿਹਾਸ 'ਚ ਪਹਿਲੀ ਵਾਰ ਪੂਰਨ ਬਹੁਮਤ ਨਾਲ ਹਿੰਦੂਆਂ ਦੀ ਸਰਕਾਰ ਬਣੀ ਹੈ, ਜਿਸ ਦੇ ਪ੍ਰਧਾਨ ਮੰਤਰੀ ਤੋਂ ਅਸੀਂ ਮੰਗ ਕਰਦੇ ਹਾਂ ਕਿ ਅਯੁੱਧਿਆ, ਕਾਸ਼ੀ ਅਤੇ ਮਥੁਰਾ ਸਾਨੂੰ ਤਿੰਨੋਂ ਇਕੱਠੇ ਅਤੇ ਹੁਣੇ ਚਾਹੀਦੇ ਹਨ। ਇਸ ਦੇ ਲਈ ਸੰਸਦ 'ਚ ਕਾਨੂੰਨ ਬਣਾਉਣ ਨੂੰ ਲੈ ਕੇ ਦੇਸ਼ ਭਰ 'ਚ ਫੈਸਲਾਕੁੰਨ ਅੰਦੋਲਨ ਚਲਾਇਆ ਜਾਵੇਗਾ।''
ਉਨ੍ਹਾਂ ਨੇ ਆਉਣ ਵਾਲੇ ਅਕਤੂਬਰ ਮਹੀਨੇ 'ਚ ਆਪਣੇ ਸਿਆਸੀ ਫਰੰਟ ਦੇ ਗਠਨ ਦਾ ਐਲਾਨ ਕਰਨ ਦਾ ਇਸ਼ਾਰਾ ਦਿੰਦਿਆਂ 'ਅਬ ਕੀ ਬਾਰ, ਹਿੰਦੂਓਂ ਕੀ ਸਰਕਾਰ' ਨਾਅਰਾ ਦਿੱਤਾ ਤੇ ਲਖਨਊ ਤੋਂ ਅਯੁੱਧਿਆ ਤਕ ਮਾਰਚ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਨੌਜਵਾਨਾਂ ਦੀ ਬੇਰੋਜ਼ਗਾਰੀ ਨੂੰ ਲੈ ਕੇ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਇਨ੍ਹਾਂ ਮੁੱਦਿਆਂ 'ਤੇ ਅੰਦੋਲਨ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਮੋਦੀ ਸਰਕਾਰ 'ਤੇ ਰਾਮ ਮੰਦਿਰ ਦੇ ਮੁੱਦੇ 'ਤੇ ਵਾਅਦਾ-ਖਿਲਾਫੀ ਕਰਨ ਦਾ ਦੋਸ਼ ਵੀ ਲਾਇਆ।
ਇਸ ਤੋਂ ਅਗਲੇ ਹੀ ਦਿਨ 25 ਜੂਨ ਨੂੰ ਰਾਜਸਥਾਨ ਦੇ ਸੀਨੀਅਰ ਨਾਰਾਜ਼ ਭਾਜਪਾ ਵਿਧਾਇਕ ਘਣਸ਼ਿਆਮ ਤਿਵਾੜੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਇਹ ਕਹਿ ਕੇ ਧਮਾਕਾ ਕਰ ਦਿੱਤਾ ਕਿ :
''ਰਾਜਸਥਾਨ ਦੇ ਲੋਕਾਂ ਨੇ ਕਾਂਗਰਸ ਤੋਂ ਪ੍ਰੇਸ਼ਾਨ ਹੋ ਕੇ ਭਾਜਪਾ ਨੂੰ ਸੱਤਾ ਸੌਂਪੀ ਤੇ ਸੂਬੇ ਦੇ ਲੋਕਾਂ ਨੇ ਇਸ ਨੂੰ 25 ਲੋਕ ਸਭਾ ਸੀਟਾਂ 'ਤੇ ਜਿੱਤ ਦਿਵਾਈ ਪਰ ਅੱਜ ਸੂਬੇ ਦੇ ਲੋਕ ਆਪਣੇ ਲਏ ਫੈਸਲੇ 'ਤੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ।''
ਉਨ੍ਹਾਂ ਨੇ ਸੂਬੇ ਅਤੇ ਦੇਸ਼ 'ਚ 'ਅਣਐਲਾਨੀ ਐਮਰਜੈਂਸੀ' ਨਾਲ ਲੜਨ ਦਾ ਐਲਾਨ ਕਰਦਿਆਂ ਕਿਹਾ, ''ਇਹ ਅਣਐਲਾਨੀ ਐਮਰਜੈਂਸੀ ਅਸਲੀ ਐਮਰਜੈਂਸੀ ਤੋਂ ਵੀ ਜ਼ਿਆਦਾ ਖਤਰਨਾਕ ਹੈ। ਅੱਜ ਐਮਰਜੈਂਸੀ ਲਾਉਣੀ ਸੰਭਵ ਨਹੀਂ ਹੈ ਪਰ ਇਹ ਦੱਸਣਾ ਜ਼ਰੂਰੀ ਹੈ ਕਿ ਦੇਸ਼ ਪਿਛਲੇ 4 ਵਰ੍ਹਿਆਂ ਤੋਂ ਅਣਐਲਾਨੀ ਐਮਰਜੈਂਸੀ ਦੇ ਦੌਰ 'ਚੋਂ ਲੰਘ ਰਿਹਾ ਹੈ। ਮੈਂ ਇਸ ਅਣਐਲਾਨੀ ਐਮਰਜੈਂਸੀ ਵਿਰੁੱਧ ਆਵਾਜ਼ ਉਠਾਵਾਂਗਾ।''
ਜਿਵੇਂ ਕਿ ਇੰਨਾ ਹੀ ਕਾਫੀ ਨਹੀਂ ਸੀ, ਸ਼੍ਰੀ ਤਿਵਾੜੀ ਦੇ ਬੇਟੇ ਅਖਿਲੇਸ਼ ਨੇ ਰਾਜਸਥਾਨ 'ਚ ਆਪਣੀ ਵੱਖਰੀ 'ਭਾਰਤ ਵਾਹਿਨੀ ਪਾਰਟੀ' ਬਣਾਉਣ ਦਾ ਐਲਾਨ ਕਰ ਦਿੱਤਾ ਹੈ ਜੋ ਸ਼੍ਰੀ ਘਣਸ਼ਿਆਮ ਤਿਵਾੜੀ ਦੀ ਅਗਵਾਈ ਹੇਠ ਰਾਜਸਥਾਨ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ 'ਚ 200 ਸੀਟਾਂ 'ਤੇ ਚੋਣ ਲੜੇਗੀ। ਪਾਰਟੀ ਆਪਣੀ ਪਹਿਲੀ ਸੂਬਾ ਪੱਧਰੀ ਮੀਟਿੰਗ 3 ਜੁਲਾਈ ਨੂੰ ਜੈਪੁਰ 'ਚ ਕਰਨ ਜਾ ਰਹੀ ਹੈ, ਜਿਸ 'ਚ 2000 ਨੁਮਾਇੰਦੇ ਹਿੱਸਾ ਲੈਣਗੇ।
ਪਿਛਲੇ ਸਾਲ ਸ਼੍ਰੀ ਘਣਸ਼ਿਆਮ ਤਿਵਾੜੀ ਨੇ ਦੋਸ਼ ਲਾਇਆ ਸੀ ਕਿ ਭਾਜਪਾ ਮਾਫੀਆ ਸਰਗਣਿਆਂ ਤੇ ਚਾਪਲੂਸਾਂ ਦਾ ਅੱਡਾ ਬਣ ਚੁੱਕੀ ਹੈ ਅਤੇ ਸਮਰਪਿਤ, ਵਫਾਦਾਰ ਤੇ ਯੋਗ ਲੋਕਾਂ ਨੂੰ ਪਾਰਟੀ ਤੋਂ ਦੂਰ ਕੀਤਾ ਜਾ ਰਿਹਾ ਹੈ। 
ਸਭ ਨੂੰ ਪਤਾ ਹੈ ਕਿ ਕਾਫੀ ਸਮੇਂ ਤੋਂ ਪਾਰਟੀ 'ਚ ਬਗਾਵਤੀ ਸੁਰ ਰਹਿ-ਰਹਿ ਕੇ ਸੁਣਾਈ ਦੇ ਰਹੇ ਹਨ ਅਤੇ ਪਾਰਟੀ ਦੇ ਕਈ ਸੀਨੀਅਰ ਆਗੂ ਉਨ੍ਹਾਂ ਨਾਲ ਮਤਰੇਆ ਸਲੂਕ ਕੀਤੇ ਜਾਣ ਦਾ ਦੋਸ਼ ਲਾਉਂਦੇ ਆ ਰਹੇ ਹਨ, ਜਿਨ੍ਹਾਂ 'ਚ ਸਰਵਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਅਰੁਣ ਸ਼ੋਰੀ, ਸ਼ਤਰੂਘਨ ਸਿਨ੍ਹਾ ਤੇ ਯਸ਼ਵੰਤ ਸਿਨ੍ਹਾ ਆਦਿ ਸ਼ਾਮਲ ਹਨ।
ਸ਼੍ਰੀ ਯਸ਼ਵੰਤ ਸਿਨ੍ਹਾ ਨੇ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੂੰ ਜ਼ਾਹਿਰ ਕਰਨ ਲਈ ਇਸੇ ਸਾਲ 30 ਜਨਵਰੀ ਨੂੰ 'ਰਾਸ਼ਟਰ ਮੰਚ' ਨਾਮੀ ਗੈਰ-ਸਿਆਸੀ ਸੰਗਠਨ ਕਾਇਮ ਕਰਨ ਤੋਂ ਬਾਅਦ 21 ਅਪ੍ਰੈਲ ਨੂੰ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀ। 
ਇਹੋ ਨਹੀਂ, ਭਾਜਪਾ ਦੇ ਕਈ ਗੱਠਜੋੜ ਸਹਿਯੋਗੀ ਜਿਵੇਂ ਸ਼ਿਵ ਸੈਨਾ, ਜਨਤਾ ਦਲ (ਯੂ), ਤੇਦੇਪਾ ਆਦਿ ਵੀ ਇਸ ਤੋਂ ਨਾਰਾਜ਼ ਹਨ। ਸ਼ਿਵ ਸੈਨਾ ਆਗੂ ਊਧਵ ਠਾਕਰੇ ਤਾਂ ਭਾਜਪਾ ਨੂੰ 'ਸਨਕੀ ਖੂਨੀ' ਅਤੇ 'ਪਾਗਲ ਕਾਤਲ' ਤਕ ਦੱਸ ਚੁੱਕੇ ਹਨ।
ਅਜਿਹੀ ਸਥਿਤੀ 'ਚ ਹੁਣ ਜਦੋਂ ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵਿਰੋਧੀ ਪਾਰਟੀਆਂ ਦੇ ਯਤਨਾਂ ਨੂੰ ਦੇਖਦਿਆਂ ਭਾਜਪਾ ਲੀਡਰਸ਼ਿਪ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਆਪਣੇ ਨਾਰਾਜ਼ ਸਾਥੀਆਂ ਦੀਆਂ ਆਵਾਜ਼ਾਂ ਸੁਣ ਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰੇ ਅਤੇ ਉਨ੍ਹਾਂ ਸਾਰਿਆਂ ਨੂੰ ਨਾਲ ਲਵੇ, ਨਹੀਂ ਤਾਂ ਅਗਲੀਆਂ ਚੋਣਾਂ 'ਚ ਪਾਰਟੀ ਨੂੰ ਕੁਝ ਧੱਕਾ ਲੱਗਣਾ ਤੈਅ ਹੈ।                             —ਵਿਜੇ ਕੁਮਾਰ


Vijay Kumar Chopra

Chief Editor

Related News