ਸੜਕ ਹਾਦਸਿਆਂ ’ਚ ਮਾਰੇ ਜਾ ਰਹੇ ਤੀਰਥ ਯਾਤਰੀ

05/23/2023 3:42:07 AM

ਭਾਰਤ ਵਿਚ ਤੀਰਥ ਯਾਤਰਾਵਾਂ ਅਨੇਕਤਾ ਵਿਚ ਏਕਤਾ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਦੇਸ਼ ਦੇ ਕੋਨੇ-ਕੋਨੇ ਵਿਚ ਸਥਿਤ ਧਰਮ ਸਥਾਨਾਂ ਦੀ ਯਾਤਰਾ ’ਤੇ ਪਰਿਵਾਰਾਂ ਸਮੇਤ ਸ਼ਰਧਾਲੂ ਜਾਂਦੇ ਰਹਿੰਦੇ ਹਨ ਪਰ ਵਾਹਨਾਂ ਵਿਚ ਲੋਕਾਂ ਨੂੰ ਹੱਦ ਤੋਂ ਵਧ ਗਿਣਤੀ ਵਿਚ ਬਿਠਾਉਣ ਅਤੇ ਤੇਜ਼ ਰਫਤਾਰ ਕਾਰਨ ਵਾਹਨ ਹਾਦਸਿਆਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਰੇ ਜਾ ਰਹੇ ਹਨ।

ਇਨ੍ਹਾਂ ਦੀਆਂ ਸਿਰਫ 2 ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠ ਦਿੱਤੀਆਂ ਜਾ ਰਹੀਆਂ ਹਨ -

* 23 ਮਾਰਚ ਨੂੰ ਚੰਪਾਵਤ (ਉੱਤਰਾਖੰਡ) ਦੇ ‘ਪੂਰਣਾਗਿਰੀ ਮੇਲੇ’ ਵਿਚ ਇਕ ਬੱਸ ਰਾਹੀਂ ਕੁਚਲੇ ਜਾਣ ਨਾਲ 5 ਸ਼ਰਧਾਲੂਆਂ ਦੀ ਮੌਤ ਅਤੇ 8 ਹੋਰ ਜ਼ਖਮੀ ਹੋ ਗਏ।

* 31 ਮਾਰਚ ਨੂੰ ਸਤਨਾ (ਮੱਧ ਪ੍ਰਦੇਸ਼) ਵਿਚ ਮਾਂ ਸ਼ਾਰਦਾ ਦੇ ਦਰਸ਼ਨ ਕਰ ਕੇ ਆਪਣੇ ਘਰਾਂ ਨੂੰ ਪਰਤ ਰਹੇ 30 ਸ਼ਰਧਾਲੂਆਂ ਨਾਲ ਭਰੀ ਟ੍ਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਜਾਣ ਨਾਲ 2 ਸ਼ਰਧਾਲੂਆਂ ਦੀ ਮੌਤ ਅਤੇ 19 ਹੋਰ ਜ਼ਖਮੀ ਹੋ ਗਏ।

* 15 ਅਪ੍ਰੈਲ ਨੂੰ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਦੇ ਅਜਮਤਪੁਰ ਪਿੰਡ ਵਿਚ ਭਾਗਵਤ ਕਥਾ ਸੁਣਨ ਜਾ ਰਹੇ ਸ਼ਰਧਾਲੂਆਂ ਨਾਲ ਭਰੀਆਂ 2 ਟ੍ਰੈਕਟਰ-ਟਰਾਲੀਆਂ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿਚ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਤੋੜ ਕੇ ਨਦੀ ਵਿਚ ਜਾ ਡਿੱਗੀਆਂ, ਜਿਸ ਨਾਲ 23 ਸ਼ਰਧਾਲੂਆਂ ਦੀ ਮੌਤ ਅਤੇ ਡੇਢ ਦਰਜਨ ਤੋਂ ਵੱਧ ਜ਼ਖਮੀ ਹੋ ਗਏ।

* 21 ਮਈ ਨੂੰ ਮਾਂ ਵੈਸ਼ਣੋ ਦੇਵੀ (ਜੰਮੂ-ਕਸ਼ਮੀਰ) ਦੇ ਦਰਸ਼ਨ ਕਰ ਕੇ ਰਾਜਸਥਾਨ ਪਰਤ ਰਹੇ ਸ਼ਰਧਾਲੂਆਂ ਦੀ ਬੱਸ ‘ਮੂਰੀ’ ਖੇਤਰ ਵਿਚ ਪਲਟ ਜਾਣ ਨਾਲ ਇਕ ਔਰਤ ਦੀ ਮੌਤ ਹੋ ਗਈ।

* 21 ਮਈ ਨੂੰ ਹੀ ਗੜ੍ਹਸ਼ੰਕਰ (ਪੰਜਾਬ) ਦੇ ਬੀਤ ਇਲਾਕੇ ਵਿਚ ਸਥਿਤ ਤਪ ਸਥਾਨ ਸ੍ਰੀ ਖੁਰਾਲਗੜ੍ਹ ਵਿਚ ਮੱਥਾ ਟੇਕਣ ਜਾ ਰਹੇ 40 ਸ਼ਰਧਾਲੂਆਂ ਨਾਲ ਭਰੀ ਟ੍ਰੈਕਟਰ-ਟਰਾਲੀ ਬੇਕਾਬੂ ਹੋ ਕੇ 100 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ ਨਾਲ 3 ਔਰਤਾਂ ਦੀ ਮੌਤ ਅਤੇ 31 ਹੋਰ ਸ਼ਰਧਾਲੂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਅਜਿਹੀਆਂ ਘਟਨਾਵਾਂ ਨਾ ਹੋਣ, ਇਸ ਦੇ ਲਈ ਜਿਥੇ ਆਵਾਜਾਈ ਲਈ ਟ੍ਰੈਕਟਰ-ਟਰਾਲੀਆਂ ਦੇ ਇਸਤੇਮਾਲ ’ਤੇ ਰੋਕ ਲਗਾਉਣ ਦੀ ਲੋੜ ਹੈ, ਉਥੇ ਹੀ ਬੱਸਾਂ ਅਤੇ ਹੋਰ ਵਾਹਨਾਂ ਦੀ ਰਫਤਾਰ ਸੀਮਾ ਆਦਿ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ।

–ਵਿਜੇ ਕੁਮਾਰ


Anmol Tagra

Content Editor

Related News