ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ‘ਬਣ ਰਹੀ ਹੈ ਇਕ ਡੁੱਬਦਾ ਜਹਾਜ਼’

01/23/2019 7:39:08 AM

ਮਹਿਬੂਬਾ ਮੁਫਤੀ ਹਮੇਸ਼ਾ ਆਪਣੇ ਪਿਤਾ ਮੁਫਤੀ ਮੁਹੰਮਦ ਸਈਦ ਦੇ ਮੋਢੇ ਨਾਲ ਮੋਢਾ ਜੋੜ  ਕੇ ਸਿਆਸਤ ’ਚ ਸਰਗਰਮ ਰਹੀ ਤੇ ਪਿਓ-ਧੀ ਨੇ 1999 ’ਚ ਮਿਲ ਕੇ ‘ਪੀਪਲਜ਼ ਡੈਮੋਕ੍ਰੇਟਿਕ ਪਾਰਟੀ’ (ਪੀ. ਡੀ. ਪੀ.) ਬਣਾਈ, ਜਿਸ ਦੀ ਹੁਣ ਉਹ ਪ੍ਰਧਾਨ ਹੈ। 
ਆਪਣੇ ਜੀਵਨ ’ਚ ਮੁਫਤੀ ਮੁਹੰਮਦ ਸਈਦ ਨੇ ਮਜ਼ਬੂਤੀ ਨਾਲ ਪਾਰਟੀ ’ਤੇ ਆਪਣਾ ਕੰਟਰੋਲ ਬਣਾਈ ਰੱਖਿਆ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਸਥਿਤੀ ਨਹੀਂ ਰਹੀ ਤੇ ਪਾਰਟੀ ਅਤੇ ਸਰਕਾਰ ਉੱਤੋਂ ਮਹਿਬੂਬਾ ਦੀ ਪਕੜ ਢਿੱਲੀ ਹੁੰਦੀ  ਗਈ। 
19 ਜੂਨ 2018 ਨੂੰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਤੇਜ਼ੀ ਨਾਲ ਬਦਲਦੀਅਾਂ ਘਟਨਾਵਾਂ ’ਚ ਪੀ. ਡੀ. ਪੀ. ਅੰਦਰ ਮਹਿਬੂਬਾ ਮੁਫਤੀ ਦੀ ਕਾਰਜਸ਼ੈਲੀ ਨੂੰ ਲੈ ਕੇ ਅਸਹਿਮਤੀ ਦੀਅਾਂ ਆਵਾਜ਼ਾਂ ਉੱਠਣ ਲੱਗੀਅਾਂ।
ਪੀ. ਡੀ. ਪੀ. ਦੀ ਬਦਹਾਲੀ ਲਈ ਮਹਿਬੂਬਾ ਦੀਅਾਂ ਨੀਤੀਅਾਂ ਨੂੰ ਜ਼ਿੰਮੇਵਾਰ ਕਰਾਰ ਦਿੰਦਿਅਾਂ ਪੀ. ਡੀ. ਪੀ. ਦੇ ਕਈ ਸੀਨੀਅਰ ਆਗੂਅਾਂ ਨੇ ਮਹਿਬੂਬਾ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਤੇ ਜੂਨ ’ਚ ਮਹਿਬੂਬਾ ਦੀ ਸਰਕਾਰ ਡਿੱਗਣ ਤੋਂ ਬਾਅਦ ਹੁਣ ਤਕ ਸਾਬਕਾ ਮੰਤਰੀਅਾਂ, ਵਿਧਾਇਕਾਂ ਅਤੇ ਸੀਨੀਅਰ ਆਗੂਅਾਂ ਸਮੇਤ ਕਈ  ਆਗੂ ਪਾਰਟੀ ਛੱਡ ਚੁੱਕੇ ਹਨ। 
ਇਨ੍ਹਾਂ ’ਚ ਇਮਰਾਨ ਰਜ਼ਾ ਅੰਸਾਰੀ, ਆਬਿਦ ਅੰਸਾਰੀ, ਮੁਹੰਮਦ ਅੱਬਾਸ ਵਾਨੀ, ਡਾ. ਹਸੀਬ ਦ੍ਰਾਬੂ, ਬਸ਼ਾਰਤ ਬੁਖਾਰੀ ਅਤੇ ਸੈਂਟਰਲ ਕਸ਼ਮੀਰ ’ਚ ਪਾਰਟੀ ਦਾ ਖਾਸ ਚਿਹਰਾ ਸਮਝੇ ਜਾਣ ਵਾਲੇ ਜਾਵੇਦ ਮੁਸਤਫਾ ਮੀਰ ਆਦਿ ਮੁੱਖ ਹਨ। 
ਜ਼ਿਕਰਯੋਗ ਹੈ ਕਿ 2014 ਦੀਅਾਂ ਚੋਣਾਂ ’ਚ 87 ਮੈਂਬਰੀ ਜੰਮੂ-ਕਸ਼ਮੀਰ ਵਿਧਾਨ ਸਭਾ ’ਚ 28 ਸੀਟਾਂ ਜਿੱਤ ਕੇ ਪੀ. ਡੀ. ਪੀ. ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ ਪਰ ਰਾਜਪਾਲ ਮਲਿਕ ਵਲੋਂ ਵਿਧਾਨ ਸਭਾ ਭੰਗ ਕਰਨ ਤੋਂ ਬਾਅਦ ਪੀ. ਡੀ. ਪੀ. ’ਚੋਂ ਨੇਤਾਵਾਂ ਦੇ ਪਲਾਇਨ ਦਾ ਸਿਲਸਿਲਾ ਤੇਜ਼ ਹੋਇਆ ਹੈ, ਜੋ ਹੁਣ ਰੁਕਣ ਦਾ ਨਾਂ ਨਹੀਂ ਲੈ ਰਿਹਾ। 
ਪੀ. ਡੀ. ਪੀ. ਦਾ ‘ਥਿੰਕ ਟੈਂਕ’ ਮੰਨੇ ਜਾਣ ਵਾਲੇ ਸਾਬਕਾ ਵਿੱਤ ਮੰਤਰੀ ਹਸੀਬ ਦ੍ਰਾਬੂ ਨੇ 6 ਦਸੰਬਰ 2018 ਨੂੰ ਪਾਰਟੀ ਤੋਂ ਅਸਤੀਫਾ ਦਿੱਤਾ ਅਤੇ ਉਸ ਤੋਂ 2 ਦਿਨਾਂ ਬਾਅਦ ਹੀ 8 ਦਸੰਬਰ ਨੂੰ ਸਾਬਕਾ ਵਿਧਾਇਕ ਆਬਿਦ ਅੰਸਾਰੀ ਨੇ ਵੀ ਪਾਰਟੀ ਛੱਡ ਦਿੱਤੀ। 
ਇਸ ਮੌਕੇ ਆਬਿਦ ਅੰਸਾਰੀ ਨੇ ਖੁੱਲ੍ਹ ਕੇ ਕਿਹਾ : ‘‘ਪਾਰਟੀ ਨੇ ਸੂਬੇ ਦੇ ਲੋਕਾਂ ਨੂੰ ਨੀਚਾ ਦਿਖਾਇਆ ਹੈ, ਇਸ ਲਈ ਮੈਂ ਇਸ ਦੇ ਝੂਠ ਅਤੇ ਛਲ ਦਾ ਹਿੱਸਾ ਨਹੀਂ ਰਹਿਣਾ ਚਾਹੁੰਦਾ।’’
11 ਦਸੰਬਰ ਨੂੰ ਤੰਗਮਰਗ ਤੋਂ ਪੀ. ਡੀ. ਪੀ. ਦੇ ਸਾਬਕਾ ਵਿਧਾਇਕ ਅੱਬਾਸ ਵਾਨੀ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਤੇ ਅਗਲੇ ਹੀ ਦਿਨ 12 ਦਸੰਬਰ ਨੂੰ ਉੱਤਰੀ ਕਸ਼ਮੀਰ ਦੇ ਉੜੀ ਚੋਣ ਹਲਕੇ ਤੋਂ ਪੀ. ਡੀ. ਪੀ. ਦੇ ਸੀਨੀਅਰ ਆਗੂ ਅਤੇ ਸੂਬਾ ਸਕੱਤਰ ਰਾਜਾ ਏਜ਼ਾਜ਼ ਅਲੀ ਖਾਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। 
5 ਜਨਵਰੀ 2019 ਨੂੰ ਪੀ. ਡੀ. ਪੀ. ਦੇ ਸੀਨੀਅਰ ਆਗੂ ਜਾਵੇਦ ਮੁਸਤਫਾ ਮੀਰ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ, ਜੋ ਮਹਿਬੂਬਾ ਸਰਕਾਰ ਡਿੱਗਣ ਤੋਂ ਬਾਅਦ ਪਾਰਟੀ ਛੱਡਣ ਵਾਲੇ ਚੌਥੇ ਮੰਤਰੀ ਹਨ। ਉਨ੍ਹਾਂ ਤੋਂ ਇਲਾਵਾ 2 ਸਾਬਕਾ ਵਿਧਾਇਕ ਵੀ ਪਾਰਟੀ ਛੱਡ ਚੁੱਕੇ ਹਨ। 
ਇਹੋ ਨਹੀਂ, ਪਾਰਟੀ ’ਚ ਮਚੀ ਉਥਲ-ਪੁਥਲ ਦਰਮਿਆਨ 19 ਜਨਵਰੀ ਨੂੰ ਅਮੀਰਾ ਕਦਲ ਚੋਣ ਹਲਕੇ ਤੋਂ ਸਾਬਕਾ ਵਿਧਾਇਕ ਅਲਤਾਫ ਬੁਖਾਰੀ ਨੂੰ ਪੀ. ਡੀ. ਪੀ. ਵਲੋਂ ਕੱਢੇ ਜਾਣ ਤੋਂ ਬਾਅਦ ਇਸ ਚੋਣ ਹਲਕੇ ਦੇ ਜ਼ੋਨਲ ਪ੍ਰਧਾਨ ਮੁਹੰਮਦ ਅਸ਼ਰਫ ਡਾਰ ਨੇ ਵੀ 20 ਜਨਵਰੀ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ।
ਇਸ ਤੋਂ ਬਾਅਦ ਤਾਂ ਪਾਰਟੀ ’ਚ ਅਸਤੀਫੇ ਦੇਣ ਵਾਲਿਅਾਂ ਦੀ ਲਾਈਨ ਹੀ ਲੱਗ ਗਈ ਅਤੇ ਅਮੀਰਾ ਕਦਲ ਜ਼ੋਨ ਕਮੇਟੀ ’ਚ ਜਨਰਲ ਅਤੇ ਨਿਯੁਕਤ ਸਾਰੇ ਮੈਂਬਰਾਂ ਨੇ ਪੀ. ਡੀ. ਪੀ. ਤੋਂ ਅਸਤੀਫਾ ਦੇ ਦਿੱਤਾ। 
ਅਸਤੀਫਾ ਦੇਣ ਵਾਲਿਅਾਂ ’ਚ ਹਾਜੀ ਅਲੀ ਮੁਹੰਮਦ ਬਗਵ (ਉਪ-ਜ਼ੋਨਲ ਪ੍ਰਧਾਨ), ਸ਼ੇਖ ਸੱਜਾਦ (ਉਪ-ਪ੍ਰਧਾਨ), ਹਿਲਾਲ ਅਹਿਮਦ ਤਾਂਤਰੇ (ਜਨਰਲ ਸਕੱਤਰ), ਅਮਾਨੁੱਲਾ ਸ਼ਾਹ (ਅਾਯੋਜਨ ਸਕੱਤਰ), ਇਮਰਾਨ ਅਲੀ (ਪ੍ਰਚਾਰ ਸਕੱਤਰ) ਤੇ ਬਸ਼ੀਰ ਅਹਿਮਦ ਲੋਨ (ਖਜ਼ਾਨਚੀ) ਸ਼ਾਮਿਲ ਹਨ। 
ਇਸ ਦਰਮਿਆਨ ਸ਼੍ਰੀਨਗਰ ਦੇ ਹੱਬਾ ਕਦਲ ਵਿਧਾਨ ਸਭਾ ਹਲਕੇ ਦੇ ਇੰਚਾਰਜ ਮੁਦੱਸਰ ਅਮੀਨ ਖਾਨ ਨੇ ਵੀ ਪੀ. ਡੀ. ਪੀ. ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਹੱਬਾ ਕਦਲ ਤੋਂ ਪਾਰਟੀ ਦੇ ਜ਼ੋਨਲ ਪ੍ਰਧਾਨ ਜਿਲਾਨੀ ਕੁਮਾਰ ਨੇ ਵੀ ਅਸਤੀਫਾ ਦੇ ਦਿੱਤਾ ਹੈ। 
ਪਾਰਟੀ ਛੱਡਣ ਵਾਲੇ ਆਗੂਅਾਂ ਨੇ ਜਿਥੇ ਮਹਿਬੂਬਾ ਮੁਫਤੀ ’ਤੇ ਪਰਿਵਾਰਪ੍ਰਸਤੀ ਦੇ ਦੋਸ਼ ਲਾਏ ਹਨ, ਉਥੇ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੁਫਤੀ ਮੁਹੰਮਦ ਸਈਦ ਦੀ ਮੌਤ ਤੋਂ ਬਾਅਦ ਪਾਰਟੀ ’ਚ ਜੋ ਹਾਲਾਤ ਹਨ, ਉਨ੍ਹਾਂ ਤੋਂ ਸਾਫ ਹੈ ਕਿ ਹੁਣ ਪਾਰਟੀ ਮੁਫਤੀ ਸਾਹਿਬ ਦੇ ਸਿਧਾਂਤਾਂ ’ਤੇ ਨਹੀਂ ਚੱਲ ਰਹੀ ਅਤੇ ਪਾਰਟੀ ’ਚ ਜ਼ਮੀਨ ਨਾਲ ਜੁੜੇ ਅਸਲੀ ਨੇਤਾਵਾਂ ਦੀ ਥਾਂ ਚਾਪਲੂਸਾਂ ਦਾ ਬੋਲਬਾਲਾ ਹੋ ਗਿਆ ਹੈ। 
ਸਪੱਸ਼ਟ ਤੌਰ ’ਤੇ ਮਹਿਬੂਬਾ ਦੀਅਾਂ ਪਰਿਵਾਰਪ੍ਰਸਤੀ ਵਾਲੀਅਾਂ ਨੀਤੀਅਾਂ ਅਤੇ ਹੋਰ ਕਾਰਨਾਂ ਕਰਕੇ ਪਾਰਟੀ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰ ਰਹੀ ਹੈ। ਜੇ ਇੰਝ ਹੀ ਚੱਲਦਾ ਰਿਹਾ ਤਾਂ ਇਸ ਨੂੰ ਬਚਾਉਣਾ ਮਹਿਬੂਬਾ ਲਈ ਸੌਖਾ ਨਹੀਂ ਹੋਵੇਗਾ।    –ਵਿਜੇ ਕੁਮਾਰ


Related News