ਇਕ ਸਰਿੰਜ-39 ਬੱਚਿਆਂ ਦਾ ਟੀਕਾਕਰਨ ਮੱਧ ਪ੍ਰਦੇਸ਼ ਸਿਹਤ ਵਿਭਾਗ ਦਾ ਕਾਰਨਾਮਾ

07/30/2022 12:52:33 AM

ਇਨ੍ਹੀਂ ਦਿਨੀਂ ਜਦਕਿ ਦੇਸ਼ ’ਚ ਬਾਲਗਾਂ ਦੇ ਨਾਲ-ਨਾਲ ਬੱਚਿਆਂ ਅਤੇ ਅੱਲ੍ਹੜਾਂ  ਦੇ ਕੋਰੋਨਾ ਤੋਂ ਬਚਾਅ ਦੇ ਲਈ ਟੀਕਾਕਰਨ ਜਾਰੀ ਹੈ, ਸਾਗਰ (ਮੱਧ ਪ੍ਰਦੇਸ਼) ਦੇ ਇਕ ਨਿੱਜੀ ਸਕੂਲ ’ਚ ਵਿਦਿਆਰਥੀਆਂ ਦੇ ਟੀਕਾਕਰਨ ’ਚ ਭਾਰੀ ਲਾਪ੍ਰਵਾਹੀ ਸਾਹਮਣੇ ਆਈ ਹੈ। ਉੱਥੇ ਜਿਤੇਂਦਰ ਅਹਿਰਵਾਰ ਨਾਂ ਦੇ ਇਕ ਵੈਕਸੀਨੇਟਰ, ਜੋ ਨਰਸਿੰਗ ਦੇ ਕੋਰਸ ਦਾ ਇਕ ਵਿਦਿਆਰਥੀ ਦੱਸਿਆ ਜਾਂਦਾ ਹੈ, ਨੇ 9ਵੀਂ ਤੋਂ 12ਵੀਂ ਜਮਾਤ ’ਚ ਪੜ੍ਹਨ ਵਾਲੇ 15  ਸਾਲ ਅਤੇ ਵੱਧ ਉਮਰ ਦੇ 39 ਬੱਚਿਆਂ ਦਾ ਇਕ ਹੀ ਸਰਿੰਜ ਨਾਲ ਟੀਕਾਕਰਨ ਕਰ ਦਿੱਤਾ ਜਿਸ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ  ਨਿਯਮਿਤ ਸਿਹਤ ਕਰਮਚਾਰੀਆਂ ਦੀ ਥਾਂ ’ਤੇ ਉਕਤ ਵਿਦਿਆਰਥੀ ਨੂੰ ਸੌਂਪੀ ਸੀ। 

 ਲੋਕਾਂ ਵੱਲੋਂ ਇਸ ਬਾਰੇ ਇਤਰਾਜ਼ ਕਰਨ ’ਤੇ ਉਸ ਵਿਦਿਆਰਥੀ ਨੇ ਮੰਨਿਆ ਕਿ ਉਸ ਨੇ ਇਕ ਹੀ ਸਰਿੰਜ ਨਾਲ ਕਈ ਬੱਚਿਆਂ ਨੂੰ ਟੀਕਾ ਲਗਾਇਆ ਹੈ। ਇਸ ਮਾਮਲੇ ’ਤੇ ਪਏ ਰੌਲ਼ੇ ਦੇ ਬਾਅਦ ਮੱਧ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਕਿਹਾ ਹੈ ਕਿ ਸਾਰੇ ਬੱਚੇ ਠੀਕ ਹਨ ਅਤੇ ਉਨ੍ਹਾਂ ਤੋਂ ਲਏ ਗਏ ਨਮੂਨਿਆਂ ’ਚ ਕਿਸੇ ਇਨਫੈਕਸ਼ਨ ਰੋਗ ਦਾ ਸੰਕੇਤ ਨਹੀਂ ਮਿਲਿਆ ਪਰ ਉਨ੍ਹਾਂ ਨੂੰ 28 ਦਿਨ ਤੱਕ ਡਾਕਟਰੀ ਨਿਗਰਾਨੀ ’ਚ ਰੱਖਿਆ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਇਨਫੈਕਟਿਡ ਸਰਿੰਜਾਂ ਨਾਲ ਹੋਰ ਵੀ ਕਈ ਰੋਗ 45 ਦਿਨਾਂ ’ਚ ਸਾਹਮਣੇ ਆ ਸਕਦੇ ਹਨ। ਇਨ੍ਹੀਂ  ਦਿਨੀਂ ਜਦਕਿ ਦੇਸ਼ ’ਚ ਦੁਬਾਰਾ ਕੋਰੋਨਾ ਦੇ ਵਧ ਰਹੇ ਪ੍ਰਕੋਪ ਤੋਂ ਬਚਾਅ ਦੇ ਲਈ ਟੀਕਾਕਰਨ  ਦੀ ਮਹਾਮੁਹਿੰਮ ਚਲਾਈ ਜਾ ਰਹੀ ਹੈ, ਅਜਿਹੇ ’ਚ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨੱਕ  ਹੇਠ ਇਕ ਵਿਦਿਆਰਥੀ ਵੱਲੋਂ ਇਕ ਹੀ ਸਰਿੰਜ ਨਾਲ 39 ਬੱਚਿਆਂ ਨੂੰ ਟੀਕਾ ਲਾ ਕੇ ਇਨਫੈਕਸ਼ਨ  ਦੇ ਜੋਖਮ ’ਚ ਪਾ ਦੇਣਾ ਗੰਭੀਰ ਲਾਪ੍ਰਵਾਹੀ ਹੈ।

ਬੇਸ਼ੱਕ ਪ੍ਰਸ਼ਾਸਨ ਨੇ ਜ਼ਿਲਾ ਵੈਕਸੀਨੇਸ਼ਨ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਇਲਾਵਾ ਸਬੰਧਤ ਵਿਦਿਆਰਥੀ, ਜੋ ਫਰਾਰ ਦੱਸਿਆ ਜਾਂਦਾ ਹੈ, ਦੇ ਵਿਰੁੱਧ ਪੁਲਸ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਪਰ ਇੰਨਾ ਹੀ ਕਾਫੀ ਨਹੀਂ ਹੈ। ਵਿਦਿਆਰਥੀ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋ ਸਕੇ ਕਿ ਜੇਕਰ ਉਨ੍ਹਾਂ ਦੇ ਇਸ ਕਾਰੇ ਦੇ ਕਾਰਨ  ਕੋਈ ਬੱਚਾ ਇਨਫੈਕਟਿਡ ਹੋ ਜਾਵੇ ਤਾਂ ਉਸ ਦੇ ਪਰਿਵਾਰ ਨਾਲ ਕਿੰਨਾ ਅਨਿਆਂ ਹੋ ਸਕਦਾ ਹੈ। 

-ਵਿਜੇ ਕੁਮਾਰ


Karan Kumar

Content Editor

Related News