‘ਅੰਗਦਾਨੀ ਮ੍ਰਿਤਕਾਂ’ ਦਾ ‘ਤਿਰੰਗੇ ’ਚ ਲਪੇਟ ਕੇ’ ਅੰਤਿਮ ਸੰਸਕਾਰ ਕਰੇਗੀ ‘ਓਡਿਸ਼ਾ ਸਰਕਾਰ’

Sunday, Feb 18, 2024 - 05:56 AM (IST)

‘ਅੰਗਦਾਨੀ ਮ੍ਰਿਤਕਾਂ’ ਦਾ ‘ਤਿਰੰਗੇ ’ਚ ਲਪੇਟ ਕੇ’ ਅੰਤਿਮ ਸੰਸਕਾਰ ਕਰੇਗੀ ‘ਓਡਿਸ਼ਾ ਸਰਕਾਰ’

‘ਬ੍ਰੇਨ ਡੈੱਡ’ ਜਾਂ ਮਰ ਚੁੱਕੇ ਵਿਅਕਤੀ ਕੋਲੋਂ ਚਮੜੀ, ਲਿਵਰ, ਕਿਡਨੀ, ਦਿਲ, ਫੇਫੜੇ, ਅੱਖਾਂ ਦੀਆਂ ਪੁਤਲੀਆਂ, ਦਿਲ ਦੇ ਵਾਲਵ ਆਦਿ ਦੇ ‘ਦਾਨ’ ਨਾਲ ਜ਼ਿੰਦਗੀ ਤੇ ਮੌਤ ਦਰਮਿਆਨ ਝੂਲ ਰਹੇ ਕਈ ਲੋੜਵੰਦ ਰੋਗੀਆਂ ਨੂੰ ਜੀਵਨ ਦਾਨ ਮਿਲ ਸਕਦਾ ਹੈ।

ਜਿਊਂਦਾ ਿਵਅਕਤੀ ਵੀ ਆਪਣੀ ਇਕ ਕਿਡਨੀ ਅਤੇ ਲਿਵਰ ਦਾ ਕੁਝ ਹਿੱਸਾ ਦਾਨ ਕਰ ਸਕਦਾ ਹੈ। ਲਿਵਰ ਇਕ ਅਜਿਹਾ ਅੰਗ ਹੈ ਜੋ ਕੁਝ ਸਮੇਂ ’ਚ ਹੀ ਆਪਣੇ ਪੁਰਾਣੇ ਆਕਾਰ ’ਚ ਵਾਪਸ ਆ ਜਾਂਦਾ ਹੈ ਅਤੇ ਅੰਗਦਾਤਾ ਨੂੰ ਕੋਈ ਖਾਸ ਸਮੱਸਿਆ ਨਹੀਂ ਹੁੰਦੀ।

ਭਾਰਤ ’ਚ ਹਰ ਸਾਲ 3 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਪ੍ਰਾਣ ਬਚਾਉਣ ਲਈ ਦੂਜੇ ਵਿਅਕਤੀਆਂ ਤੋਂ ਅੰਗ ਲੈਣ ਦੀ ਲੋੜ ਹੁੰਦੀ ਹੈ ਪਰ ਇਸ ਦੀ ਤੁਲਨਾ ’ਚ ਬੇਹੱਦ ਘੱਟ ਅੰਗਦਾਤਾ ਮਿਲਣ ਕਾਰਨ ਹਰ ਦਿਨ ਔਸਤਨ 20 ਲੋਕਾਂ ਦੀ ਮੌਤ ਹੋ ਰਹੀ ਹੈ।

ਉਦਾਹਰਣ ਵਜੋਂ ਦੇਸ਼ ’ਚ ਹਰ ਸਾਲ ਲਗਭਗ 2 ਲੱਖ ਲੋਕਾਂ ਨੂੰ ਕਿਡਨੀ ਟ੍ਰਾਂਸਪਲਾਂਟ ਦੀ ਲੋੜ ਹੁੰਦੀ ਹੈ ਪਰ ਹਰ ਸਾਲ ਸਿਰਫ 10,000 ਕਿਡਨੀ ਰੋਗੀਆਂ ਦਾ ਹੀ ਟ੍ਰਾਂਸਪਲਾਂਟ ਹੁੰਦਾ ਹੈ। ਵਰਣਨਯੋਗ ਹੈ ਕਿ ਸਰੀਰ ’ਚ 2 ਕਿਡਨੀਆਂ ਹੁੰਦੀਆਂ ਹਨ, ਜਿਨ੍ਹਾਂ ’ਚੋਂ ਇਕ ਕਿਡਨੀ ਦਾ ਦਾਨ ਕਰ ਕੇ ਵਿਅਕਤੀ ਸੁਖਦ ਜੀਵਨ ਜੀ ਸਕਦਾ ਹੈ।

ਭਾਰਤ ’ਚ ਅੰਗਦਾਨ ਦੀ ਦਰ ਸਾਲ 2019 ’ਚ ਪ੍ਰਤੀ 10 ਲੱਖ ਦੀ ਆਬਾਦੀ ’ਤੇ 0.52 ਸੀ ਜੋ 2021 ’ਚ ਘੱਟ ਕੇ 0.4 ਰਹਿ ਗਈ, ਜਦਕਿ ਅਮਰੀਕਾ ’ਚ ਇਹ ਦਰ ਸਭ ਤੋਂ ਵੱਧ ਹੈ। ਉੱਥੇ ਹਰ 10 ਲੱਖ ਲੋਕਾਂ ’ਤੇ 41 ਲੋਕਾਂ ਦੇ ਅੰਗਦਾਨ ਕੀਤੇ ਜਾਂਦੇ ਹਨ। ਇਕ ਅਧਿਐਨ ਅਨੁਸਾਰ ਭਾਰਤ ’ਚ ਹਰ 5 ਜਿਊਂਦੇ ਅੰਗਦਾਨੀਆਂ ’ਚੋਂ 4 ਔਰਤਾਂ ਹੁੰਦੀਆਂ ਹਨ ਅਤੇ ਪ੍ਰਾਪਤਕਰਤਿਆਂ ’ਚ ਹਰ 5 ’ਚੋਂ 4 ਮਰਦ ਹੁੰਦੇ ਹਨ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ’ਚ 85 ਫੀਸਦੀ ਅੰਗਦਾਨ ਜਿਊਂਦੇ ਦਾਨੀ ਵੱਲੋਂ ਹੁੰਦਾ ਹੈ। ਮ੍ਰਿਤਕਾਂ ਦੇ ਅੰਗਦਾਨ ਦੀ ਗਿਣਤੀ ਬਹੁਤ ਘੱਟ ਹੈ। ਸੰਭਵ ਤੌਰ ’ਤੇ ਇਸੇ ਸਥਿਤੀ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਦੇ ਸਾਲ 2024 ਦੇ ਪਹਿਲੇ ਐਪੀਸੋਡ ’ਚ ਕਿਹਾ ਸੀ ਕਿ ‘‘ਮੈਡੀਕਲ ਸਾਇੰਸ ਦੇ ਇਸ ਦੌਰ ’ਚ ਅੱਜ ਅੰਗਦਾਨ ਕਿਸੇ ਲੋੜਵੰਦ ਨੂੰ ਜੀਵਨ ਦੇਣ ਦਾ ਇਕ ਬਹੁਤ ਵੱਡਾ ਮਾਧਿਅਮ ਬਣ ਚੁੱਕਾ ਹੈ।’’

ਦੇਸ਼ ’ਚ ਅੰਗਦਾਨੀਆਂ ਦੀ ਭਾਰੀ ਕਮੀ ਨੂੰ ਦੇਖਦੇ ਹੋਏ ਹੀ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ 15 ਫਰਵਰੀ, 2024 ਨੂੰ ਅੰਗਦਾਨੀਆਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਕਰਨ ਅਤੇ ਅੰਗਦਾਨੀ ਦੇ ਪਰਿਵਾਰ ਨੂੰ 5 ਲੱਖ ਰੁਪਏ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।

ਇਸ ਦੇ ਤਹਿਤ ਮ੍ਰਿਤਕ ਦੇ ਅੰਤਿਮ ਸੰਸਕਾਰ ਦਾ ਪੂਰਾ ਪ੍ਰਬੰਧ ਓਡਿਸ਼ਾ ਸਰਕਾਰ ਕਰੇਗੀ, ਜਿਸ ’ਚ ਉਸ ਦੀ ਮ੍ਰਿਤਕ ਦੇਹ ਨੂੰ ਤਿਰੰਗੇ ’ਚ ਲਪੇਟ ਕੇ 21 ਤੋਪਾਂ ਦੀ ਸਲਾਮੀ ਦੇਣਾ ਵੀ ਸ਼ਾਮਲ ਹੈ। ਅਜਿਹਾ ਐਲਾਨ ਕਰਨ ਵਾਲਾ ਓਡਿਸ਼ਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਨਵੀਨ ਪਟਨਾਇਕ ਜੋ, ਹਰ ਸਾਲ 13 ਅਗਸਤ ਨੂੰ ‘ਵਿਸ਼ਵ ਅੰਗਦਾਨ ਦਿਵਸ’ ’ਤੇ ਅੰਗਦਾਤਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕਰਦੇ ਹਨ, ਦੇ ਅਨੁਸਾਰ ਸੂਬਾ ਸਰਕਾਰ ਦੀ ਇਸ ਪਹਿਲ ਦਾ ਮੰਤਵ ਅੰਗਦਾਨੀਆਂ ਵੱਲੋਂ ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਕੀਤੇ ਗਏ ਹੌਸਲੇ ਅਤੇ ਬਲਿਦਾਨ ਨੂੰ ਸਨਮਾਨ ਦੇਣਾ ਹੈ। ਇਸ ਨਾਲ ਸਮਾਜ ’ਚ ਅੰਗਦਾਨ ਪ੍ਰਤੀ ਲੋਕਾਂ ’ਚ ਜਾਗਰੂਕਤਾ ਪੈਦਾ ਹੋਵੇਗੀ ਅਤੇ ਵੱਧ ਲੋਕ ਅੰਗਦਾਨ ਲਈ ਅੱਗੇ ਆਉਣ ਨੂੰ ਪ੍ਰੇਰਿਤ ਹੋਣਗੇ।

ਨਵੀਨ ਪਟਨਾਇਕ ਦਾ ਇਹ ਵੀ ਕਹਿਣਾ ਹੈ ਕਿ, ‘‘ਅੰਗਦਾਨ ਇਕ ਮਹਾਨ ਕਾਰਜ ਹੈ ਅਤੇ ਜੋ ਲੋਕ ਅੰਗਦਾਨ ਕਰਨ ਦਾ ਹੌਸਲੇ ਭਰਿਆ ਫੈਸਲਾ ਲੈਂਦੇ ਹਨ ਉਹ ਕਈ ਲੋਕਾਂ ਦੀ ਜ਼ਿੰਦਗੀ ਬਚਾਉਣ ’ਚ ਅਹਿਮ ਯੋਗਦਾਨ ਵੀ ਪਾਉਂਦੇ ਹਨ।’’

ਅੰਗਦਾਨ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਓਡਿਸ਼ਾ ਸਰਕਾਰ ਨੇ 2019 ’ਚ ‘ਰਾਜਯ ਅੰਗ ਔਰ ਉੱਤਕ ਪ੍ਰਤਿਆਰੋਪਣ ਸੰਗਠਨ’ (ਸਟੇਟ ਆਰਗਨ ਐਂਡ ਟਿਸ਼ੂਜ਼ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ) ਦੀ ਸਥਾਪਨਾ ਕੀਤੀ ਸੀ।

ਉਨ੍ਹਾਂ ਨੇ 2020 ’ਚ ਅੰਗਦਾਤਿਆਂ ਦੇ ਪਰਿਵਾਰਾਂ ਲਈ ‘ਸੂਰਜ ਪੁਰਸਕਾਰ’ ਦੀ ਸ਼ੁਰੂਆਤ ਕੀਤੀ ਸੀ। ਇਹ ਪੁਰਸਕਾਰ ਗੰਜਮ ਜ਼ਿਲੇ ਦੇ ਨੌਜਵਾਨ ‘ਸੂਰਜ ਨੇਹਰਾ’ ਦੇ ਨਾਂ ’ਤੇ ਸ਼ੁਰੂ ਕੀਤਾ ਗਿਆ ਸੀ। ਉਹ ਸੂਰਤ ’ਚ ਇਕ ਸੜਕ ਹਾਦਸੇ ’ਚ ਗੰਭੀਰ ਜ਼ਖਮੀ ਹੋ ਗਏ ਸਨ।

ਉਨ੍ਹਾਂ ਦੇ ਇਲਾਜ ਦੌਰਾਨ ਡਾਕਟਰਾਂ ਵੱਲੋਂ ਉਨ੍ਹਾਂ ਨੂੰ ‘ਬ੍ਰੇਨ ਡੈੱਡ’ ਐਲਾਨੇ ਜਾਣ ਪਿੱਛੋਂ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੇ ਅੰਗਦਾਨ ਕਰਨ ਦਾ ਫੈਸਲਾ ਕੀਤਾ। ਸੂਰਜ ਦੇ ਦਿਲ, ਕਿਡਨੀ ਅਤੇ ਅੱਖਾਂ ਨੇ 6 ਹੋਰ ਲੋਕਾਂ ਨੂੰ ਜੀਵਨ ਦਾਨ ਦਿੱਤਾ ਸੀ।

ਓਡਿਸ਼ਾ ਸਰਕਾਰ ਦੀ ਉਕਤ ਪਹਿਲ ਸ਼ਲਾਘਾਯੋਗ ਹੈ ਜਿਸ ਨਾਲ ਕਈ ਲੋਕ ਅੰਗਦਾਨ ਲਈ ਪ੍ਰੇਰਿਤ ਹੋਣਗੇ। ਇਸ ਲਈ ਹੋਰ ਸੂਬਿਆਂ ’ਚ ਵੀ ਅੰਗਦਾਨ ਨੂੰ ਬੜ੍ਹਾਵਾ ਦੇਣ ਲਈ ਇਸ ਤਰ੍ਹਾਂ ਦੀ ਯੋਜਨਾ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਮੌਤ ਦੇ ਕੰਢੇ ਪਹੁੰਚੇ ਲੋਕਾਂ ਨੂੰ ਜ਼ਿੰਦਗੀ ਮਿਲ ਸਕੇ।

- ਵਿਜੇ ਕੁਮਾਰ


author

Anmol Tagra

Content Editor

Related News