ਹੁਣ ਇਜ਼ਰਾਈਲ ਦੀ ਨਿਆਪਾਲਿਕਾ ਖਤਰੇ ’ਚ
Sunday, Mar 26, 2023 - 11:58 PM (IST)

ਕੁਝ ਸਾਲ ਪਹਿਲਾਂ ਤੱਕ ਇਹ ਮੰਨਿਆ ਜਾਂਦਾ ਸੀ ਕਿ ਏਸ਼ੀਆ ’ਚ ਚਾਰ ਵੱਡੇ ਲੋਕਤੰਤਰ ਹਨ-ਤੁਰਕੀ, ਇਜ਼ਰਾਈਲ, ਭਾਰਤ ਅਤੇ ਜਾਪਾਨ ਪਰ 10 ਸਾਲ ਪਹਿਲਾਂ ਐਰਦੋਗਾਨ ਦੇ ਸ਼ਾਸਨ ਦੇ ਅਧੀਨ ਆਉਣ ਦੇ ਬਾਅਦ ਤੁਰਕੀ ਤਾਨਾਸ਼ਾਹੀ ’ਚ ਬਦਲ ਚੁੱਕਾ ਹੈ ਅਤੇ 1948 ’ਚ ਹੋਂਦ ’ਚ ਆਉਣ ਵਾਲਾ ਪੜ੍ਹੇ-ਲਿਖੇ ਅਤੇ ਮਜ਼ਬੂਤ ਲੋਕਤੰਤਰੀ ਵਿਚਾਰਧਾਰਾ ਦੇ ਲੋਕਾਂ ਅਤੇ ਵੱਡੀ ਗਿਣਤੀ ’ਚ ਨੋਬੇਲ ਪੁਰਸਕਾਰ ਜੇਤੂਆਂ ਦਾ ਦੇਸ਼ ਇਜ਼ਰਾਈਲ ਵੀ ਕੁਝ ਉਸੇ ਵੱਲ ਵਧ ਰਿਹਾ ਲੱਗਦਾ ਹੈ।
ਇਜ਼ਰਾਈਲ ਇਕ ਅਜਿਹਾ ਦੇਸ਼ ਹੈ ਜਿਸਨੇ ਆਪਣਾ ਨਿਰਮਾਣ ਖੁਦ ਕੀਤਾ ਹੈ। ਇਸ ਦੇ ਨੇਤਾਵਾਂ ਨੇ ਆਪਣੇ ਨੇੜੇ-ਤੇੜੇ ਹਮਲਾਵਰਪੁਣੇ ਦਾ ਵਾਤਾਵਰਣ ਖਤਮ ਕਰਨ ਲਈ ਸਾਊਦੀ ਅਰਬ, ਕਤਰ, ਯੂ. ਏ. ਈ., ਈਰਾਨ ਅਤੇ ਮਿਸਰ ਤੱਕ ਨਾਲ ਸਮਝੌਤਾ ਕੀਤਾ ਪਰ ਹੁਣ ਉੱਥੇ ਵੀ ਅੰਦਰੂਨੀ ਖਿੱਚੋਤਾਣ ਅਤੇ ਟਕਰਾਅ ਦਾ ਵਾਤਾਵਰਣ ਬਣ ਗਿਆ ਹੈ।
ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਬੇਂਜਾਮਿਨ ਨੇਤਨਯਾਹੂ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ ਜਿਸ ਤੋਂ ਖੁਦ ਨੂੰ ਬਚਾਉਣ ਜਾਂ ਪੂਰੇ ਦੇਸ਼ ਦੀ ਸ਼ਕਲ ਬਦਲਣ ਲਈ ਆਪਣੇ ਦੇਸ਼ ਦੀ ਨਿਆਪਾਲਿਕਾ ਨੂੰ ਹੀ ਬਦਲਣ ’ਤੇ ਉਤਾਰੂ ਹੋ ਗਏ ਹਨ। ਨੇਤਨਯਾਹੂ ਚਾਹੁੰਦੇ ਹਨ ਕਿ ਨਿਆਪਾਲਿਕਾ ਲਈ ਜੱਜਾਂ ਦੀ ਚੋਣ ਲਈ 11 ਜੱਜਾਂ ਦਾ ਇਕ ਪੈਨਲ ਬਣਾਇਆ ਜਾਵੇ ਜਿਨ੍ਹਾਂ ’ਚੋਂ 7 ਜੱਜ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਹੋਣ ਜੋ ਇਹ ਫੈਸਲਾ ਕਰਨ ਕਿ ਕਿਸ ਨੂੰ ਜੱਜ ਬਣਾਉਣਾ ਹੈ ਅਤੇ ਕਿਸ ਨੂੰ ਨਹੀਂ।
ਇਸੇ ਮਕਸਦ ਨਾਲ 24 ਮਾਰਚ ਨੂੰ ਉਨ੍ਹਾਂ ਦੀ ਸਰਕਾਰ ਨੇ ਕਈ ਤਜਵੀਜ਼ਤ ਵਿਵਾਦਿਤ ਬਿੱਲਾਂ ’ਚੋਂ ਇਕ ਬਿੱਲ ਪਾਸ ਕਰ ਦਿੱਤਾ ਜਿਸ ਦੇ ਅਨੁਸਾਰ ਹੁਣ ਦੇਸ਼ ਦੀ ਸੁਪਰੀਮ ਕੋਰਟ ਪ੍ਰਧਾਨ ਮੰਤਰੀ ਨੂੰ ਅਯੋਗ ਕਰਾਰ ਦੇ ਕੇ ਉਸ ਦੇ ਅਹੁਦੇ ਤੋਂ ਨਹੀਂ ਹਟਾ ਸਕੇਗੀ ਅਤੇ ਸਿਰਫ ਸਰੀਰਕ ਅਤੇ ਦਿਮਾਗੀ ਤੌਰ ’ਤੇ ਅਸਮਰੱਥ ਹੋਣ ’ਤੇ ਹੀ ਉਸ ਨੂੰ ਆਰਜ਼ੀ ਤੌਰ ’ਤੇ ਹਟਾਇਆ ਜਾ ਸਕੇਗਾ ਅਤੇ ਉਹ ਵੀ ਤਿੰਨ ਚੌਥਾਈ ਸੰਸਦ ਮੈਂਬਰਾਂ ਦਾ ਸਮਰਥਨ ਹੋਣ ’ਤੇ।
ਨਵੇਂ ਕਾਨੂੰਨ ਰਾਹੀਂ ਪ੍ਰਧਾਨ ਮੰਤਰੀ ’ਤੇ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਅਣਢੁੱਕਵੇਂ ਸਮਝੇ ਜਾਣ ’ਤੇ ਕਾਨੂੰਨੀ ਬਦਲਾਅ ਕੀਤਾ ਜਾ ਸਕੇਗਾ। ਨਿਆਇਕ ਨਿਯੁਕਤੀਆਂ ਦੇ ਇਲਾਵਾ ਇਸ ’ਚ ਸੰਸਦ ਨੂੰ ਇਹ ਅਧਿਕਾਰ ਵੀ ਮਿਲ ਗਿਆ ਹੈ ਕਿ ਪਸੰਦ ਨਾ ਆਉਣ ’ਤੇ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟ ਵੀ ਸਕੇਗੀ। ਨੇਤਨਯਾਹੂ ਵਲੋਂ ਕੀਤੇ ਜਾ ਰਹੇ ਬਦਲਾਵਾਂ ਦੇ ਵਿਰੁੱਧ ਭਾਰੀ ਰੋਸ ਵਿਖਾਵੇ ਹੋ ਰਹੇ ਹਨ ਅਤੇ ਦੇਸ਼ ਦੀ 90 ਲੱਖ ਆਬਾਦੀ ’ਚੋਂ 5 ਲੱਖ ਲੋਕ ਇਸ ਰੋਸ ਵਿਖਾਵੇ ’ਚ ਸ਼ਾਮਲ ਹਨ ਜੋ 1982 ਤੋਂ ਬਾਅਦ ਇਜ਼ਰਾਈਲ ’ਚ ਹੋਣ ਵਾਲਾ ਸਭ ਤੋਂ ਵੱਡਾ ਰੋਸ ਵਿਖਾਵਾ ਹੈ।
ਇਸ ਰੋਸ ਵਿਖਾਵੇ ’ਚ ਦੇਸ਼ ਦੀ ਫੌਜ ਵੀ ਸ਼ਾਮਲ ਹੈ ਜਿਸ ਦਾ ਕਹਿਣਾ ਹੈ ਕਿ ਅਸੀਂ ਨਿਆਪਾਲਿਕਾ ’ਤੇ ਹੱਥ ਪਾਉਣ ਵਾਲੇ ਦੇਸ਼ ਦੀ ਸੁਰੱਖਿਆ ਕਿਉਂ ਕਰੀਏ? ਇਜ਼ਰਾਈਲ ’ਚ ਨੇਤਨਯਾਹੂ ਵੱਲੋਂ ਨਿਆਪਾਲਿਕਾ ਨੂੰ ਕਬਜ਼ੇ ’ਚ ਲੈੈਣ ਦੀ ਕੋਸ਼ਿਸ਼ ਦੇ ਵਿਰੁੱਧ ਇਹ ਅੰਦੋਲਨ ਬੜਾ ਵੱਡਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਭਾਵੀ ਘਟਨਾਕ੍ਰਮ ਕੀ ਰੂਪ ਧਾਰਨ ਕਰਦਾ ਹੈ।