ਹੁਣ ਐੱਮ. ਟੈੱਕ ਅਤੇ ਬੀ. ਟੈੱਕ ਵਰਗੀਆਂ ਉੱਚੀਆਂ ਜਮਾਤਾਂ ਦੇ ਵਿਦਿਆਰਥੀ ਵੀ ਕਰਨ ਲੱਗੇ ਖੁਦਕੁਸ਼ੀ

Monday, Feb 19, 2024 - 05:23 AM (IST)

ਹੁਣ ਐੱਮ. ਟੈੱਕ ਅਤੇ ਬੀ. ਟੈੱਕ ਵਰਗੀਆਂ ਉੱਚੀਆਂ ਜਮਾਤਾਂ ਦੇ ਵਿਦਿਆਰਥੀ ਵੀ ਕਰਨ ਲੱਗੇ ਖੁਦਕੁਸ਼ੀ

ਪਿਛਲੇ ਕੁਝ ਸਮੇਂ ਦੌਰਾਨ ਵਿਦਿਆਰਥੀ-ਵਿਦਿਆਰਥਣਾਂ ’ਚ ਖੁਦਕੁਸ਼ੀ ਦੇ ਰੁਝਾਨ ’ਚ ਭਾਰੀ ਵਾਧਾ ਦੇਖਣ ’ਚ ਆ ਰਿਹਾ ਹੈ ਅਤੇ ਛੋਟੀਆਂ ਜਮਾਤਾਂ ਤੋਂ ਲੈ ਕੇ ਉੱਚੀਆਂ ਜਮਾਤਾਂ ਦੇ ਵਿਦਿਆਰਥੀ-ਵਿਦਿਆਰਥਣਾਂ ਵੀ ਵੱਖ-ਵੱਖ ਕਾਰਨਾਂ ਕਰ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਰਹੇ ਹਨ।

ਖੁਦਕੁਸ਼ੀ ਦੀ ਨਵੀਂ ਕੜੀ ’ਚ 16 ਫਰਵਰੀ ਨੂੰ ਦਿੱਲੀ ਆਈ. ਆਈ. ਟੀ. ਕੈਂਪਸ ਸਥਿਤ ਦ੍ਰੋਣਾਗਿਰਿ ਹੋਸਟਲ ’ਚ ਮਹਾਰਾਸ਼ਟਰ ਦੇ ਰਹਿਣ ਵਾਲੇ ਐੱਮ. ਟੈੱਕ ਫਾਈਨਲ ਯੀਅਰ ਦੇ ਵਿਦਿਆਰਥੀ ਸੰਜੇ ਨੇਰਕਰ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ।

ਸੰਜੇ ਨੇਰਕਰ ਦੇ ਪਰਿਵਾਰ ਵਾਲਿਆਂ ਨੇ ਆਪਣੇ ਫੋਨ ਕਾਲਾਂ ਦਾ ਜਵਾਬ ਨਾ ਮਿਲਣ ’ਤੇ ਹੋਸਟਲ ’ਚ ਸੰਜੇ ਦੇ ਦੋਸਤਾਂ ਨਾਲ ਸੰਪਰਕ ਕਰ ਕੇ ਪਤਾ ਕਰਨ ਨੂੰ ਕਿਹਾ, ਜਿਸ ਦੇ ਬਾਅਦ ਖੋਜ ਕਰਨ ’ਤੇ ਉਸ ਦੀ ਲਾਸ਼ ਹੋਸਟਲ ਦੇ ਕਮਰਾ ਨੰਬਰ 757 ’ਚ ਫਾਹੇ ਨਾਲ ਲਟਕਦੀ ਮਿਲੀ।

ਇਸ ਤੋਂ ਪਹਿਲਾਂ ਇਸੇ ਸਾਲ 21 ਜਨਵਰੀ ਨੂੰ ਮੇਰਠ ਦੇ ਕੰਕਰਖੇੜਾ ’ਚ ਰਹਿਣ ਵਾਲੇ ਅਤੇ ਆਈ. ਆਈ. ਟੀ. ਕਾਨਪੁਰ ’ਚ ਐਰੋਸਪੇਸ ਇੰਜੀਨੀਅਰਿੰਗ ’ਚ ਐੱਮ. ਟੈੱਕ ਕਰ ਰਹੇ ਵਿਕਾਸ ਮੀਣਾ ਨੇ ਹੋਟਲ ਦੇ ਕਮਰੇ ’ਚ ਮਫਲਰ ਦੇ ਸਹਾਰੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ।

ਦੱਸਿਆ ਜਾਂਦਾ ਹੈ ਕਿ ਵਿਕਾਸ ਮੀਣਾ ਨੂੰ ਟਰਮੀਨੇਟ ਕਰ ਦਿੱਤਾ ਗਿਆ ਸੀ ਜਿਸ ’ਤੇ ਉਸ ਦੇ ਪਿਤਾ ਨੇਮ ਚੰਦ ਮੀਣਾ ਨੇ ਕਿਹਾ ਸੀ ਕਿ ਉਸ ਨੂੰ ਟਰਮੀਨੇਟ ਕੀਤੇ ਜਾਣ ਦੀ ਸੂਚਨਾ ਉਨ੍ਹਾਂ ਲੋਕਾਂ ਨੂੰ ਕਿਉਂ ਨਹੀਂ ਦਿੱਤੀ ਗਈ। ਉਸ ਨੂੰ ਕਾਊਂਸਲਿੰਗ ਦੀ ਲੋੜ ਸੀ। ਨੇਮ ਚੰਦ ਮੀਣਾ ਨੇ ਇਹ ਦੋਸ਼ ਵੀ ਲਾਇਆ ਸੀ ਕਿ ਵਿਕਾਸ ਮੀਣਾ ਦਾ ਖੁਦਕੁਸ਼ੀ ਨੋਟ ਚੋਰੀ ਕਰ ਲਿਆ ਗਿਆ ਸੀ।

ਬੀਤੇ ਸਾਲ ਜੁਲਾਈ ’ਚ ਬੀ. ਟੈੱਕ ਦਾ ਇਕ ਵਿਦਿਆਰਥੀ ਆਯੂਸ਼ ਅਸ਼ਨਾ ਆਪਣੇ ਹੋਸਟਲ ਦੇ ਕਮਰੇ ’ਚ ਲਟਕਦਾ ਮਿਲਿਆ ਸੀ। ਸਤੰਬਰ 2023 ’ਚ ਮੈਥੇਮੈਟਿਕਸ ’ਚ ਬੀ. ਟੈੱਕ ਕਰ ਰਹੇ ਆਈ. ਆਈ. ਟੀ. ਦਿੱਲੀ ਦੇ ਵਿਦਿਆਰਥੀ ਅਨਿਲ ਕੁਮਾਰ ਨੇ ਅਤੇ ਨਵੰਬਰ ’ਚ ਆਈ. ਆਈ. ਟੀ. ਦਿੱਲੀ ’ਚ ਬੀ. ਟੈੱਕ ਫਾਈਨਲ ਯੀਅਰ ਦੇ ਇਕ ਵਿਦਿਆਰਥੀ ਨੇ ਆਪਣੇ ਘਰ ’ਚ ਖੁਦਕੁਸ਼ੀ ਕਰ ਲਈ ਸੀ।

ਅਜੇ ਤੱਕ ਤਾਂ ਆਈ. ਆਈ. ਟੀ. ਆਦਿ ਦੇ ਵਿਦਿਆਰਥੀ-ਵਿਦਿਆਰਥਣਾਂ ਹੀ ਖੁਦਕੁਸ਼ੀ ਕਰ ਰਹੇ ਸਨ ਪਰ ਹੁਣ ਐੱਮ. ਟੈੱਕ ਅਤੇ ਬੀ. ਟੈੱਕ ਵਰਗੀਆਂ ਉੱਚੀਆਂ ਜਮਾਤਾਂ ਦੇ ਵਿਦਿਆਰਥੀ ਆਪਣਾ ਕਾਰੋਬਾਰੀ ਕਰੀਅਰ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਪਣੀ ਜੀਵਨਲੀਲਾ ਖਤਮ ਕਰ ਰਹੇ ਹਨ ਅਤੇ ਸਭ ਤੋਂ ਵੱਧ ਦੁਖਦਾਈ ਦੀ ਗੱਲ ਇਹ ਹੈ ਕਿ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੀਆਂ ਖਬਰਾਂ ਮੀਡੀਆ ’ਚ ਆਉਣ ਦੇ ਬਾਵਜੂਦ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੋਈ ਠੋਸ ਨਿਵਾਰਕ ਕਦਮ ਨਹੀਂ ਚੁੱਕੇ ਜਾ ਰਹੇ।

ਅਜੇ ਕੁਝ ਸਮਾਂ ਪਹਿਲਾਂ ਰਾਜਸਥਾਨ ਸਰਕਾਰ ਨੇ ਕੋਟਾ ਦੇ ਕੋਚਿੰਗ ਸੈਂਟਰਾਂ ’ਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਜਾਣਨ ਦੇ ਲਈ ਉਨ੍ਹਾਂ ਨਾਲ ‘ਡਿਨਰ ਸੰਪਰਕ ਮੁਹਿੰਮ’ ਸ਼ੁਰੂ ਕੀਤੀ ਹੈ। ਅਜਿਹੇ ’ਚ ਸਾਰੇ ਸਿੱਖਿਆ ਸੰਸਥਾਨਾਂ ’ਚ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਅਤੇ ਉਨ੍ਹਾਂ ਨਾਲ ਕਾਊਂਸਲਿੰਗ ’ਤੇ ਲਗਾਤਾਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ।


author

Anmol Tagra

Content Editor

Related News