ਹੁਣ ਥਾਣਿਆਂ ’ਚ ਵੀ ਪੁਲਸ ’ਤੇ ਹਮਲੇ ਕਰਨ ਲੱਗੇ ਅਪਰਾਧੀ
Thursday, Sep 14, 2023 - 01:59 AM (IST)

ਅੱਜ ਦੇਸ਼ ’ਚ ਅਪਰਾਧੀਆਂ ਦੇ ਵਧਦੇ ਹੌਸਲਿਆਂ ਨੇ ਕਾਨੂੰਨ-ਵਿਵਸਥਾ ਲਈ ਵੱਡੀ ਸਮੱਸਿਆ ਪੈਦਾ ਕਰ ਦਿੱਤੀ ਹੈ। ਹਾਲਤ ਇਹ ਹੋ ਗਈ ਹੈ ਕਿ ਹੁਣ ਤਾਂ ਅਪਰਾਧੀ ਤੱਤਾਂ ਨੇ ਪੁਲਸ ਥਾਣਿਆਂ ’ਚ ਹੀ ਪੁਲਸ ਮੁਲਾਜ਼ਮਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।
11 ਸਤੰਬਰ ਨੂੰ ਗਿੱਦੜਬਾਹਾ (ਪੰਜਾਬ) ’ਚ ਕਿਸੇ ਝਗੜੇ ਦੇ ਨਿਪਟਾਰੇ ਲਈ ਪੁਲਸ ਨੇ ਦੋ ਧਿਰਾਂ ਨੂੰ ਥਾਣੇ ’ਚ ਬੁਲਾਇਆ। ਪੁਲਸ ਜਦ ਦੋਵਾਂ ਧਿਰਾਂ ਦੀ ਗੱਲ ਸੁਣ ਰਹੀ ਸੀ ਤਾਂ ਇਸ ਦਰਮਿਆਨ ਦੋਵਾਂ ’ਚ ਬਹਿਸ ਹੋਣ ਲੱਗੀ ਅਤੇ ਦੋਵੇਂ ਧਿਰਾਂ ਤੈਸ਼ ’ਚ ਆ ਗਈਆਂ। ਪੁਲਸ ਮੁਲਾਜ਼ਮਾਂ ਨੇ ਦੋਵਾਂ ਧਿਰਾਂ ਨੂੰ ਬਹਿਸ ਕਰਨ ਤੋਂ ਰੋਕਿਆ ਤਾਂ ਸੂਰਜ ਕੁਮਾਰ ਵਾਲੀ ਧਿਰ ਨੇ ਪੁਲਸ ਪਾਰਟੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਰੋਹਿਤ ਕੁਮਾਰ ਨੇ ਸਿਪਾਹੀ ਮਨਪ੍ਰੀਤ ਸਿੰਘ ਨੂੰ ਧੱਕਾ ਦਿੱਤਾ ਅਤੇ ਆਪਣੇ ਮੂੰਹ ਨਾਲ ਉਸ ਦੇ ਖੱਬੇ ਹੱਥ ਦੀ ਪਹਿਲੀ ਉਂਗਲੀ ਨੂੰ ਕੱਟ ਦਿੱਤਾ। ਫਿਰ ਮਨੂ ਰਾਣੀ ਨੇ ਉਸ ਦੀ ਵਰਦੀ ਨੂੰ ਹੱਥ ਪਾਇਆ, ਜਿਸ ਨਾਲ ਉਸ ਦੀ ਵਰਦੀ ਦਾ ਖੱਬਾ ਫਲੈਪਰ ਅਤੇ ਵ੍ਹਿਸਲ ਦੀ ਡੋਰੀ ਟੁੱਟ ਗਈ। ਇਸੇ ਦੌਰਾਨ ਸੰਤਰੀ ਡਿਊਟੀ ’ਤੇ ਤਾਇਨਾਤ ਜਸਕਰਨ ਸਿੰਘ ਉਨ੍ਹਾਂ ਨੂੰ ਬਚਾਉਣ ਲਈ ਪੁੱਜਾ ਤਾਂ ਸੂਰਜ ਕੁਮਾਰ ਨੇ ਉਸ ਦੀ ਸ਼ਰਟ ਦੇ ਬਟਨ ਤੋੜ ਦਿੱਤੇ।
ਇਸੇ ਬਹਿਸ ’ਚ ਸ਼ਿਵਾ ਨੇ ਅੱਧੀ ਇੱਟ ਚੁੱਕ ਕੇ ਸਿਪਾਹੀ ਮਨਪ੍ਰੀਤ ਸਿੰਘ ਦੇ ਖੱਬੇ ਮੋਢੇ ’ਤੇ ਮਾਰੀ ਅਤੇ ਸੁਸ਼ਮਾ ਦੇਵੀ ਨੇ ਇਕ ਰੋੜਾ ਚੁੱਕ ਕੇ ਉਸ ਦੇ ਹੱਥ ’ਤੇ ਮਾਰਿਆ। ਜਦ ਸਿਪਾਹੀ ਮਨਦੀਪ ਸਿੰਘ ਉਨ੍ਹਾਂ ਨੂੰ ਬਚਾਉਣ ਲੱਗਾ ਤਾਂ ਤਿਲਕ ਰਾਜ ਨੇ ਥਾਣੇ ’ਚ ਪਏ ਡੰਡੇ ਨਾਲ ਹੀ ਉਸ ਦੀ ਸੱਜੀ ਬਾਂਹ ’ਤੇ ਵਾਰ ਕਰ ਦਿੱਤਾ।
ਉਕਤ ਘਟਨਾ ਤੋਂ ਸਪੱਸ਼ਟ ਹੈ ਕਿ ਅੱਜ ਸਮਾਜ ਵਿਰੋਧੀ ਤੱਤਾਂ ਦੇ ਹੌਸਲੇ ਕਿਸ ਤਰ੍ਹਾਂ ਵਧ ਗਏ ਹਨ। ਜੇ ਅਜਿਹੇ ਤੱਤਾਂ ਨੂੰ ਸਖਤੀ ਨਾਲ ਨਾ ਰੋਕਿਆ ਗਿਆ ਤਾਂ ਇਨ੍ਹਾਂ ’ਤੇ ਕਾਬੂ ਪਾਉਣਾ ਪੁਲਸ ਲਈ ਮੁਸ਼ਕਲ ਹੋ ਜਾਵੇਗਾ।
ਜਦ ਪੁਲਸ ਥਾਣਿਆਂ ’ਚ ਪੁਲਸ ਹੀ ਸੁਰੱਖਿਅਤ ਨਹੀਂ ਹੈ ਤਾਂ ਸੜਕਾਂ ’ਤੇ ਅਪਰਾਧੀ ਤੱਤਾਂ ਹੱਥੋਂ ਆਮ ਆਦਮੀ ਦੀ ਸੁਰੱਖਿਆ ਲਈ ਕਿੰਨੀ ਉਮੀਦ ਕੀਤੀ ਜਾ ਸਕਦੀ ਹੈ।
-ਵਿਜੇ ਕੁਮਾਰ