ਨਹੀਂ ਰੁਕ ਰਿਹਾ ਦੇਸ਼ ’ਚ ਨਕਲੀ ਨੋਟਾਂ ਦਾ ਘਿਨੌਣਾ ਕਾਰੋਬਾਰ
Sunday, Dec 29, 2019 - 01:21 AM (IST)

ਸਰਕਾਰ ਨੇ ਕਾਲਾ ਧਨ ਕਢਵਾਉਣ ਅਤੇ ਨਕਲੀ ਕਰੰਸੀ ਖਤਮ ਕਰਨ ਲਈ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਕੇ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ। ਬਿਨਾਂ ਤਿਆਰੀ ਦੇ ਲਾਗੂ ਕੀਤੀ ਗਈ ਨੋਟਬੰਦੀ ਨਾਲ ਜਿਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ, ਉਥੇ ਹੀ ਜਾਅਲੀ ਕਰੰਸੀ ਦਾ ਧੰਦਾ ਵੀ ਨਹੀਂ ਰੁਕਿਆ।
ਬੀਤੀ 20 ਅਤੇ 23 ਦਸੰਬਰ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 54 ਲੱਖ ਰੁਪਏ ਦੇ 2000, 500 ਅਤੇ 100 ਰੁਪਏ ਮੁੱਲ ਵਾਲੇ ਜਾਅਲੀ ਨੋਟਾਂ ਤੋਂ ਇਲਾਵਾ 1 ਕਰੋੜ ਤੋਂ ਵੱਧ ਦੇ ਡਾਲਰ, 2 ਪਿਸਤੌਲ ਅਤੇ 4 ਕਾਰਤੂਸ ਜ਼ਬਤ ਕੀਤੇ।
ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਜਾਅਲੀ ਕਰੰਸੀ ਦਾ ਧੰਦਾ ਚਲਾਉਣ ਵਾਲੇ ਇਸ ਗਿਰੋਹ ਦੇ ਮੈਂਬਰਾਂ ਦੀ ਪਛਾਣ ਦਾਨਿਸ਼ ਮਲਿਕ (ਮੁਸਤਫਾਬਾਦ), ਤਵਰੇਜ ਅਹਿਮਦ (ਲਕਸ਼ਮੀ ਨਗਰ), ਸ਼ੋਏਬ ਮਲਿਕ (ਸਲੀਮਪੁਰ), ਰਘੁਰਾਜ ਸਿੰਘ (ਬੁਲੰਦਸ਼ਹਿਰ) ਅਤੇ ਦਿੱਲੀ ਯੂਨੀਵਰਸਿਟੀ ਦੇ ਗ੍ਰੈਜੂਏਟ ਉਸਮਾਨ ਅੰਸਾਰੀ (ਦਰਿਆਗੰਜ) ਦੇ ਰੂਪ ਵਿਚ ਹੋਈ ਹੈ।
ਇਸੇ ਤਰ੍ਹਾਂ 25 ਦਸੰਬਰ ਨੂੰ ਪੰਜਾਬ ਵਿਚ ਨਾਭਾ ਜ਼ਿਲੇ ਦੇ ਪਿੰਡ ਰੋਹਟੀ ਬਸਤਾ ਸਿੰਘ ਵਿਚ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਛਾਪਾ ਮਾਰ ਕੇ ਨਕਲੀ ਨੋਟ ਬਣਾਉਣ ਵਾਲੇ 3 ਮੁਲਜ਼ਮਾਂ ਸਾਬਰ ਖਾਨ ਉਰਫ ਗੋਗੀ ਖਾਨ ਉਰਫ ਗੋਗੀ ਸਿੰਘ, ਅਵਤਾਰ ਸਿੰਘ ਅਤੇ ਸਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 2000 ਰੁਪਏ ਵਾਲੇ 98 ਹਜ਼ਾਰ ਰੁਪਏ ਦੇ 49 ਨਕਲੀ ਨੋਟ ਕਬਜ਼ੇ ਵਿਚ ਲਏ।
ਗੋਗੀ ਦੇ ਘਰੋਂ ਕੰਪਿਊਟਰ, ਲੈਪਟਾਪ, ਫੋਟੋਸਟੇਟ ਮਸ਼ੀਨ, ਸੀ. ਪੀ. ਯੂ., ਯੂ. ਪੀ. ਐੱਸ., ਨਕਲੀ ਨੋਟ ਬਣਾਉਣ ਵਾਲੀ ਡਾਈ ਅਤੇ ਹੋਰ ਕਾਫੀ ਸਾਮਾਨ ਵੀ ਕਬਜ਼ੇ ਵਿਚ ਲਿਆ ਗਿਆ ਹੈ। ਪੁਲਸ ਅਨੁਸਾਰ ਇਹ ਗਿਰੋਹ ਕਾਫੀ ਸਮੇਂ ਤੋਂ ਨਕਲੀ ਨੋਟ ਬਣਾਉਣ ਦਾ ਧੰਦਾ ਕਰ ਰਿਹਾ ਸੀ। ਗੋਗੀ ਦਾ ਗਿਰੋਹ ਇਹ ਨਕਲੀ ਕਰੰਸੀ ਲੁਧਿਆਣਾ ਵਿਚ ਚਲਾਉਂਦਾ ਸੀ।
ਸਿਰਫ ਇਕ ਹਫਤੇ ਵਿਚ ਉੱਤਰ ਭਾਰਤ ਵਿਚ ਹੀ ਜਾਅਲੀ ਨੋਟ ਬਣਾਉਣ ਵਾਲੇ ਦੋ ਗਿਰੋਹਾਂ ਦਾ ਫੜਿਆ ਜਾਣਾ ਪ੍ਰਮਾਣ ਹੈ ਕਿ ਸਥਿਤੀ ਕਿੰਨੀ ਗੰਭੀਰ ਹੈ, ਜਦਕਿ ਆਈ. ਬੀ. ਦੇ ਅਨੁਸਾਰ ਪਹਿਲਾਂ ਹੀ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਨਕਲੀ ਨੋਟਾਂ ਦੀ ਖੇਪ ਨੇਪਾਲ ਅਤੇ ਪੱਛਮੀ ਬੰਗਾਲ ਦੇ ਰਸਤੇ ਭਾਰਤ ਵਿਚ ਆ ਰਹੀ ਹੈ ਅਤੇ ਸਰਹੱਦ ਪਾਰ ਅਜੇ ਵੀ ਨਕਲੀ ਭਾਰਤੀ ਕਰੰਸੀ ਛਾਪਣ ਵਾਲੇ ਕਾਰਖਾਨੇ ਕੰਮ ਕਰ ਰਹੇ ਹਨ।
ਨਕਲੀ ਕਰੰਸੀ ਦੇ ਰੂਪ ਵਿਚ ਸਮਾਨਾਂਤਰ ਅਰਥ ਵਿਵਸਥਾ ਚਲਾਉਣਾ ਦੇਸ਼ਧ੍ਰੋਹ ਤੋਂ ਘੱਟ ਨਹੀਂ ਹੈ। ਇਸ ਲਈ ਕੇਂਦਰ ਸਰਕਾਰ ਨਕਲੀ ਕਰੰਸੀ ਦੇ ਵਪਾਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੀ ਵਿਵਸਥਾ ਕਰ ਕੇ ਜਿੰਨੀ ਜਲਦੀ ਇਸ ’ਤੇ ਲਗਾਮ ਲਾ ਸਕੇਗੀ, ਦੇਸ਼ ਦੀ ਅਰਥ ਵਿਵਸਥਾ ਲਈ ਓਨਾ ਹੀ ਚੰਗਾ ਹੋਵੇਗਾ।
–ਵਿਜੇ ਕੁਮਾਰ