ਸੁਪਰੀਮ ਕੋਰਟ ਨੇ ਵੀ ਹੁਣ ਕਿਹਾ ‘ਕੋਈ ਵੀ ਸਰਕਾਰੀ ਵਿਭਾਗ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ’

Sunday, Feb 26, 2023 - 01:15 AM (IST)

ਸੁਪਰੀਮ ਕੋਰਟ ਨੇ ਵੀ ਹੁਣ ਕਿਹਾ ‘ਕੋਈ ਵੀ ਸਰਕਾਰੀ ਵਿਭਾਗ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ’

ਦੇਸ਼ ’ਚ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਸਰਕਾਰੀ ਸੰਸਥਾਵਾਂ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਜਾਰੀ ਹੈ ਜਿਸ ਤੋਂ ਹੈਰਾਨੀ ਹੁੰਦੀ ਹੈ ਕਿ ਭ੍ਰਿਸ਼ਟਾਚਾਰ ’ਚ ਸ਼ਾਮਲ ਮੁਲਾਜ਼ਮ ਕਿੰਨੀ ਬੇਰਹਿਮੀ ਨਾਲ ਜਨਤਾ ਦਾ ਧਨ ਲੁੱਟ ਕੇ ਆਪਣੀਆਂ ਤਿਜੌਰੀਆਂ ਭਰ ਰਹੇ ਹਨ :

* 15 ਫਰਵਰੀ ਨੂੰ ਅਜਮੇਰ (ਰਾਜਸਥਾਨ) ’ਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਵਾਰਡ ਕੌਂਸਲਰ ਵੀਰੇਂਦਰ ਵਾਲੀਅਾ (ਭਾਜਪਾ) ਅਤੇ ਉਸਦੇ ਦਲਾਲ ‘ਰੋਸ਼ਨ ਚੀਤਾ’ ਨੂੰ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਰੰਗੇ ਹੱਥੀਂ ਫੜਿਆ।

* 18 ਫਰਵਰੀ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਰਿਸ਼ਵਤ ਲੈਣ ਦੇ ਦੋਸ਼ ’ਚ ਰੰਗੇ ਹੱਥੀਂ ਫੜੇ ਗਏ ਉੱਚ ਸਿੱਖਿਆ ਵਿਭਾਗ ਦੇ ਇਕ ਪ੍ਰਿੰਸੀਪਲ ਤਾਰਿਕ ਅਹਿਮਦ ਸ਼ਰਾਈ ਅਤੇ ਸਹਾਇਕ ਪ੍ਰੋਫੈਸਰ ਇਮਤਿਆਜ਼ ਗੁਲਖਾਨ ਨੂੰ ਮੁਅੱਤਲ ਕਰ ਦਿੱਤਾ।

* 20 ਫਰਵਰੀ ਨੂੰ ਭ੍ਰਿਸ਼ਟਾਚਾਰ ਵਿਰੋਧੀ ਟੀਮ ਨੇ ਟੋਂਕ (ਰਾਜਸਥਾਨ) ਨਗਰ ਕੌਂਸਲ ਕਮਿਸ਼ਨਰ ‘ਅਨੀਤਾ ਖੀਂਚੜ’ ਦੇ ਨਾਲ ਛਾਪਾ ਮਾਰ ਕੇ ਸ਼ਿਕਾਇਤਕਰਤਾ ਦੇ ਬਿੱਲਾਂ ਦੇ ਭੁਗਤਾਨ ਦੇ ਬਦਲੇ ’ਚ 1 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਜੂਨੀਅਰ ਕਲਰਕ ਮੁਹੰਮਦ ਸਲੀਮ ਅਤੇ ਸਫਾਈ ਕਰਮਚਾਰੀ ਓਮ ਦੇਵ ਨਾਗਰ ਨੂੰ ਗ੍ਰਿਫਤਾਰ ਕੀਤਾ।

* 21 ਫਰਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਵਿਭਾਗ ਨੇ ਸਹਾਰਨਪੁਰ (ਉੱਤਰ ਪ੍ਰਦੇਸ਼) ਸਦਰ ਤਹਿਸੀਲ ਦੇ ਇਕ ਕਰਮਚਾਰੀ ਨੂੰ ਸ਼ਿਕਾਇਤਕਰਤਾ ਕਿਸਾਨ ਕੋਲੋਂ ਜ਼ਮੀਨ ਦੀ ਪੈਮਾਇਸ਼ ਦੇ ਬਦਲੇ 5,000 ਰੁਪਏ ਰਿਸ਼ਵਤ ਲੈਂਦੇ ਕਾਬੂ ਕੀਤਾ।

* 21 ਫਰਵਰੀ ਨੂੰ ਹੀ ਕਰਨਾਟਕ ਲੋਕਾਯੁਕਤ ਨੇ ਮੇਂਗਲੁਰੂ ’ਚ ਪੰਚਾਇਤੀ ਰਾਜ ਵਿਭਾਗ ਦੇ ਇਕ ਸਹਾਇਕ ਇੰਜੀਨੀਅਰ ਨੂੰ ਸ਼ਿਕਾਇਤਕਰਤਾ ਦਾ ਬਿੱਲ ਪਾਸ ਕਰਨ ਦੇ ਇਵਜ਼ ’ਚ 8,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 22 ਫਰਵਰੀ ਨੂੰ ਪੰਜਾਬ ਵਿਜੀਲੈਂਸ ਵਿਭਾਗ ਨੇ ਫਿਰੋਜ਼ਪੁਰ (ਪੰਜਾਬ) ਵਿਚ ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੂੰ ਸ਼ਿਕਾਇਤਕਰਤਾ ਕੋਲੋੋਂ 10,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ।

* 22 ਫਰਵਰੀ ਨੂੰ ਹੀ ਪੰਚਕੂਲਾ (ਹਰਿਆਣਾ) ਵਿਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਥਾਣਾ ਸਦਰ ਨਰਵਾਣਾ ਵਿਚ ਮਾਲਖਾਨਾ ਇੰਚਾਰਜ ਸਬ ਇੰਸਪੈਕਟਰ ਨੇਕੀ ਰਾਮ ਨੂੰ ਵਿਸਰਾ ਰਿਪੋਰਟ ਦੇਣ ਦੇ ਇਵਜ਼ ਵਿਚ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ।

* 22 ਫਰਵਰੀ ਨੂੰ ਹੀ ਰਾਂਚੀ (ਝਾਰਖੰਡ) ਵਿਚ ਦਿਹਾਤੀ ਵਿਕਾਸ ਵਿਭਾਗ ਦੇ ਚੀਫ ਇੰਜੀਨੀਅਰ ਵੀਰੇਂਦਰ ਰਾਮ ਦੇ 24 ਟਿਕਾਣਿਆਂ ’ਤੇ ਛਾਪੇਮਾਰੀ ਵਿਚ 50 ਲੱਖ ਰੁਪਏ ਨਕਦ, ਕਰੋੜਾਂ ਰੁਪਿਆਂ ਦੇ ਨਿਵੇਸ਼ ਦੇ ਦਸਤਾਵੇਜ਼ ਅਤੇ 1.5 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਗਏ।

* 23 ਫਰਵਰੀ ਨੂੰ ਰਾਏਪੁਰ ਕਰਚੁਲਿਆਨਾ (ਮੱਧ ਪ੍ਰਦੇਸ਼) ਵਿਚ ‘ਉਮਰੀ’ ਤਹਿਸੀਲ ਦੇ ਪਟਵਾਰੀ ਸੁਰੇਸ਼ ਸ਼ੁਕਲਾ ਨੂੰ ਲੋਕਾਯੁਕਤ ਦੀ ਟੀਮ ਨੇ ਸ਼ਿਕਾਇਤਕਰਤਾ ਕੋਲੋਂ ਜ਼ਮੀਨ ਦੀ ਹੱਦਬੰਦੀ ਕਰਨ ਦੇ ਬਦਲੇ 3000 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।

* 24 ਫਰਵਰੀ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਵਿਚ ਕਰਮਚਾਰੀ ਰਾਜ ਬੀਮਾ ਨਿਗਮ ਦਾ ਕਲਰਕ ਸ਼ਿਕਾਇਤਕਰਤਾ ਦੀ ਰੁਕੀ ਹੋਈ ਤਨਖਾਹ ਦਾ ਪੈਸਾ ਦੇਣ ਦੇ ਇਵਜ਼ ਵਿਚ 5000 ਰੁਪਏ ਰਿਸ਼ਵਤ ਲੈਂਦਾ ਹੋਇਆ ਫੜਿਆ ਗਿਆ।

* 25 ਫਰਵਰੀ ਨੂੰ ਮਵਾਨਾ (ਉੱਤਰ ਪ੍ਰਦੇਸ਼) ਦੇ ਸਠਲਾ ਬਿਜਲੀ ਘਰ ਵਿਚ ਤਾਇਨਾਤ ਜੇ. ਈ. ‘ਤਿਓਜੀ ਤ੍ਰਿਪਾਠੀ’ ਨੂੰ ਪੀੜਤ ਕਿਸਾਨ ਦੀ ਸ਼ਿਕਾਇਤ ’ਤੇ 16,000 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ।

ਇਸੇ ਤਰ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਸੀ ਕਿ ‘‘ਭ੍ਰਿਸ਼ਟਾਚਾਰ ਨੇ ਲੋਕਤੰਤਰ ਦੇ ਦਿਲ ਨੂੰ ਲਹੂ-ਲੁਹਾਨ ਕਰ ਰੱਖਿਆ ਹੈ।’’

ਅਤੇ ਹੁਣ 24 ਫਰਵਰੀ, 2023 ਨੂੰ ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਜਸਟਿਸ ਕੇ. ਐੱਮ. ਜੋਸੇਫ ਅਤੇ ਜਸਟਿਸ ਬੀ. ਵੀ. ਨਾਗਰਤਨ ਨੇ ਇਕ ਲੋਕਹਿੱਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਮਹੱਤਵਪੂਰਨ ਟਿੱਪਣੀ ਕੀਤੀ ਕਿ, ‘‘ਭਾਰਤ ਵਿਚ ਆਮ ਆਦਮੀ ਭ੍ਰਿਸ਼ਟਾਚਾਰ ਤੋਂ ਪ੍ਰੇਸ਼ਾਨ ਹੈ ਅਤੇ ਸਾਰੇ ਪੱਧਰਾਂ ’ਤੇ ਜਵਾਬਦੇਹੀ ਤੈਅ ਕਰਨ ਦੀ ਲੋੜ ਹੈ। ਕਿਸੇ ਵੀ ਸਰਕਾਰੀ ਦਫਤਰ ਵਿਚ ਚਲੇ ਜਾਓ, ਤੁਸੀਂ ਖਰਾਬ ਅਨੁਭਵ ਦੇ ਬਿਨਾਂ ਬਾਹਰ ਨਹੀਂ ਆ ਸਕਦੇ।’’

ਮਾਣਯੋਗ ਜੱਜਾਂ ਨੇ ਪ੍ਰਮੁੱਖ ਨਿਆਮਾਹਿਰ ਨਾਨੀ ਪਾਲਕੀਵਾਲਾ ਲਿਖਿਤ ਪੁਸਤਕ ‘ਵੀ ਦਿ ਪੀਪਲ’ ਦਾ ਹਵਾਲਾ ਦਿੱਤਾ, ਜਿਸ ਿਵਚ ਲਿਖਿਆ ਹੈ ਕਿ, ‘‘ਜੇਕਰ ਤੁਸੀਂ ਅਸਲ ਵਿਚ ਉਹੋ ਜਿਹਾ ਦੇਸ਼ ਬਣਾਉਣਾ ਹੈ, ਜਿਸਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਨੂੰ ਆਪਣੀਆਂ ਮੂਲ ਕਦਰਾਂ-ਕੀਮਤਾਂ ਅਤੇ ਚਰਿੱਤਰ ਵੱਲ ਪਰਤਣਾ ਪਵੇਗਾ। ਅਜਿਹਾ ਕਰਨ ’ਤੇ ਹੀ ਸਾਡਾ ਦੇਸ਼ ਉਹੋ ਜਿਹਾ ਬਣ ਸਕੇਗਾ, ਜਿਸ ਦੇ ਲਈ ਅਸੀਂ ਯਤਨ ਕਰ ਰਹੇ ਹਾਂ। ਭਾਰਤ ਨੂੰ ਰਾਸ਼ਟਰ ਨਿਰਮਾਤਾਵਾਂ ਵਰਗੇ ਮਾਰਗਦਰਸ਼ਕਾਂ ਦੀ ਲੋੜ ਹੈ।’’

ਸੁਪਰੀਮ ਕੋਰਟ ਦੀ ਉਕਤ ਟਿੱਪਣੀ ਦੇ ਬਾਅਦ ਇਸ ਬਾਰੇ ਕਿਸੇ ਹੋਰ ਟਿੱਪਣੀ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਇਸ ਲਈ ਅਸੀਂ ਬਸ ਇੰਨਾ ਹੀ ਕਹਾਂਗੇ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸ਼ਾਮਲ ਲੋਕਾਂ ਨੂੰ ਭਾਵੇਂ ਉਹ ਕਿਸੇ ਵੀ ਅਹੁਦੇ ’ਤੇ ਬਿਰਾਜਮਾਨ ਕਿਉਂ ਨਾ ਹੋਣ, ਉਨ੍ਹਾਂ ਨੂੰ ਉਨ੍ਹਾਂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਜਲਦ ਤੋਂ ਜਲਦ ਨਿਪਟਾਰਾ ਕਰ ਕੇ ਸਖ਼ਤ ਤੋਂ ਸਖ਼ਤ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਅੰਜਾਮ ਤੋਂ ਦੂਜਿਆਂ ਨੂੰ ਵੀ ਨਸੀਹਤ ਮਿਲੇ।

-ਵਿਜੇ ਕੁਮਾਰ


author

Anmol Tagra

Content Editor

Related News