‘ਜਿਸਕਾ ਕਾਮ ਉਸੀ ਕੋ ਸਾਜੇ’ ਨਿਤਿਨ ਗਡਕਰੀ ਨੇ ਕਹੀ ਪਤੇ ਦੀ ਗੱਲ
Saturday, Sep 17, 2022 - 02:44 AM (IST)
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਭਾਜਪਾ ਦੇ ਸਪੱਸ਼ਟਵਾਦੀ ਨੇਤਾਵਾਂ ’ਚੋਂ ਇਕ ਹਨ, ਜੋ ਆਪਣੇ ਕੰਮ ਦਾ ਪ੍ਰਚਾਰ ਕਰਨ ਦੀ ਬਜਾਏ ਚੁੱਪਚਾਪ ਕੰਮ ਕਰਨ ’ਚ ਯਕੀਨ ਰੱਖਦੇ ਹਨ। ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਸਹਿਯੋਗੀ ਹੀ ਨਹੀਂ, ਵਿਰੋਧੀ ਪਾਰਟੀਆਂ ਦੇ ਨੇਤਾ ਵੀ ਕਰਦੇ ਹਨ। ਮਣੀਪੁਰ ਤੋਂ ਭਾਜਪਾ ਸੰਸਦ ਮੈਂਬਰ ਟਾਪਿਰ ਗਾਓ ਨੇ 21 ਮਾਰਚ 2022 ਨੂੰ ਕਿਹਾ, ‘‘ਗਡਕਰੀ ਹਨ ਤਾਂ ਸੰਭਵ ਹੈ। ਉਹ ਮੱਕੜੀ ਦੇ ਜਾਲ ਵਾਂਗ ਦੇਸ਼ ’ਚ ਸੜਕਾਂ ਦਾ ਜਾਲ ਵਿਛਾ ਰਹੇ ਹਨ। ਇਸ ਲਈ ਮੈਂ ਉਨ੍ਹਾਂ ਦਾ ਨਾਂ ‘ਸਪਾਈਡਰਮੈਨ’ ਰੱਖ ਦਿੱਤਾ ਹੈ।’’
ਸ਼੍ਰੀ ਨਿਤਿਨ ਗਡਕਰੀ ਜਿੱਥੇ ਦੂਜਿਆਂ ਦੇ ਗੁਣ ਦੱਸਣ ’ਚ ਝਿਜਕ ਨਹੀਂ ਕਰਦੇ, ਉਥੇ ਹੀ ਆਪਣੀ ਕਮਜ਼ੋਰੀ ਵੀ ਖੁੱਲ੍ਹੇ ਦਿਲ ਨਾਲ ਪ੍ਰਵਾਨ ਕਰਦੇ ਹਨ। ਇਸ ਦੀ ਇਕ ਮਿਸਾਲ ਉਨ੍ਹਾਂ ਨੇ ਬੀਤੇ 8 ਸਤੰਬਰ ਨੂੰ ਬੇਂਗਲੁਰੂ ’ਚ ਇਕ ਕਾਨਫਰੰਸ ‘ਮੰਥਨ-ਆਈਡੀਆਜ਼ ਆਫ ਐਕਸ਼ਨ’ ’ਚ ਪੇਸ਼ ਕੀਤੀ। ਇਸ ’ਚ ਭਾਸ਼ਣ ਦਿੰਦੇ ਹੋਏ ਉਨ੍ਹਾਂ ਨੇ ਇਕ ਕਿੱਸਾ ਆਪਣੇ ਹੰਕਾਰ ਦਾ ਹੀ ਸੁਣਾ ਦਿੱਤਾ ਅਤੇ ਕਿਹਾ :
‘‘ਕਦੀ-ਕਦੀ ਛੋਟੇ ਲੋਕਾਂ ਤੋਂ ਵੀ ਕੁਝ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਕਿਉਂਕਿ ਚੰਗੀਆਂ ਗੱਲਾਂ ’ਤੇ ਕਿਸੇ ਦਾ ਪੇਟੈਂਟ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਮੈਂ ਮੰਤਰੀ ਹਾਂ, ਮੈਨੂੰ ਕੌਣ ਸਿਖਾ ਸਕਦਾ ਹੈ ਪਰ ਅਜਿਹਾ ਨਹੀਂ ਹੁੰਦਾ।’’
‘‘ਮੈਨੂੰ ਅਜੇ ਵੀ ਬਹੁਤ ਸਾਰੀਆਂ ਚੀਜ਼ਾਂ ਪਤਾ ਹੀ ਨਹੀਂ ਹਨ। ਮੈਨੂੰ ਅਜੇ ਸਮਝ ’ਚ ਨਹੀਂ ਆਉਂਦਾ ਕਿ ਲੋਕ ਮੈਨੂੰ ‘ਰੋਡ ਐਕਸਪਰਟ’ ਕਿਉਂ ਬੋਲਦੇ ਹਨ। ਉਹ ਕਹਿੰਦੇ ਹਨ ਕਿ ਮੈਂ ਬੜਾ ਕੰਮ ਕੀਤਾ ਹੈ।’’
‘‘ਮੈਂ ਆਪਣੇ ਘਰ ’ਚ ਕੰਟ੍ਰੈਕਟਰ ਬਣਿਆ ਸੀ। ਸਾਡਾ ਮਿੱਟੀ ਦਾ ਘਰ ਸੀ ਬੜਾ ਵੱਡਾ, ਮੈਂ ਆਰਕੀਟੈਕਟ ਨੂੰ ਕੱਢ ਦਿੱਤਾ। ਉਸ ਸਮੇਂ ਮੈਂ ਮੁੰਬਈ ’ਚ ਫਲਾਈਓਵਰ, ਵਰਲੀ-ਬਾਂਦਰਾ ਸੀ ਲਿੰਕ, ਐਕਸਪ੍ਰੈੱਸ ਹਾਈਵੇ ਬਣਾਇਆ ਸੀ ਤਾਂ ਮੈਨੂੰ ਵੀ ਬੜਾ ਹੰਕਾਰ ਹੋ ਗਿਆ ਸੀ ਕਿ ਮੈਨੂੰ ਸਭ ਸਮਝ ਆ ਗਿਆ ਹੈ।’’
‘‘ਇਹੀ ਮੰਨ ਕੇ ਮੈਂ ਆਪਣੇ ਮਨ ਤੋਂ ਘਰ ਨੂੰ ਡਿਜ਼ਾਈਨ ਕੀਤਾ। ਬਾਅਦ ’ਚ ਮੇਰੇ ਬੈੱਡਰੂਮ ’ਚ ਪਲੰਘ ਦੇ ਸਾਹਮਣੇ ਪਿੱਲਰ ਆ ਗਿਆ। ਉਦੋਂ ਮੈਨੂੰ ਪਤਾ ਲੱਗਾ ਕਿ ਜੇਕਰ ਮੈਂ ਕੰਟ੍ਰੈਕਟਰ ਦੀ ਗੱਲ ਮੰਨ ਲੈਂਦਾ ਤਾਂ ਠੀਕ ਹੁੰਦਾ, ਮੈਂ ਗਲਤੀ ਕੀਤੀ।’’
ਨਿਤਿਨ ਗਡਕਰੀ ਨੇ ਉਕਤ ਮੰਨ ਲੈਣ ’ਚ ਆਪਣੀ ਇਕ ਪਲ ਦੀ ਭੁੱਲ ਵੱਲ ਇਸ਼ਾਰਾ ਕੀਤਾ ਹੈ ਪਰ ਇਹ ਗੱਲ ਸਾਡੇ ਸਭ ’ਤੇ ਲਾਗੂ ਹੁੰਦੀ ਹੈ ਕਿਉਂਕਿ ਅਕਸਰ ਸਾਡੇ ’ਚੋਂ ਕਈ ਲੋਕ ਅਜਿਹੇ ਕੰਮਾਂ ’ਚ ਆਪਣੀ ਲੱਤ ਅੜਾਉਣੀ ਆਪਣਾ ਫਰਜ਼ ਸਮਝਦੇ ਹਨ ਜੋ ਸਾਡੇ ਵੱਸ ’ਚ ਨਹੀਂ ਹੁੰਦੇ, ਇਸ ਲਈ ਕਿਹਾ ਗਿਆ ਹੈ ਕਿ ‘ਜਿਸਕਾ ਕਾਮ ਉਸੀ ਕੋ ਸਾਜੇ ਓਰ ਕਰੇ ਤੋ ਡੰਡਾ ਬਾਜੇ।’’
ਜੇਕਰ ਉਨ੍ਹਾਂ ਦੇ ਇਸ ਮੰਨ ਲੈਣ ਨਾਲ ਦੂਜੇ ਵੱਡੇ ਲੋਕ ਵੀ ਕੁਝ ਸਬਕ ਲੈਣ ਤਾਂ ਉਨ੍ਹਾਂ ਦਾ ਵੀ ਭਲਾ ਹੋ ਸਕਦਾ ਹੈ।
-ਵਿਜੇ ਕੁਮਾਰ