ਸਵਾਰਥ ਦੀ ਖਾਤਿਰ ਦਲ ਬਦਲਣ ਵਾਲਿਆਂ ਬਾਰੇ ਨਿਤਿਨ ਗਡਕਰੀ ਦੀ ਸਹੀ ਸਲਾਹ

09/04/2019 1:38:26 AM

ਇਨ੍ਹੀਂ ਦਿਨੀਂ ਦੇਸ਼ ’ਚ ਵੱਖ-ਵੱਖ ਦਲਾਂ ਦੇ ਨੇਤਾਵਾਂ ’ਚ ਦਲ-ਬਦਲੀ ਦਾ ਰੁਝਾਨ ਜ਼ੋਰਾਂ ’ਤੇ ਹੈ। ਜਿਸ ਤਰ੍ਹਾਂ ਗੁੜ ਨੂੰ ਦੇਖ ਕੇ ਕੀੜੀਆਂ ਉਸ ਵੱਲ ਖਿੱਚੀਆਂ ਚਲੀਆਂ ਆਉਂਦੀਆਂ ਹਨ, ਉਸੇ ਤਰ੍ਹਾਂ ਅੱਜ ਆਪਣਾ ਦਲ ਛੱਡ ਕੇ ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ’ਚ ਆਉਣ ਵਾਲਿਆਂ ਦੀ ਇਕ ਦੌੜ ਜਿਹੀ ਲੱਗੀ ਹੋਈ ਹੈ, ਜਿਨ੍ਹਾਂ ਦਾ ਇਕੋ-ਇਕ ਉਦੇਸ਼ ਸਫਲਤਾ ਦੀ ਲਹਿਰ ’ਤੇ ਸਵਾਰ ਹੋ ਕੇ ਆਪਣੀ ਸੁਆਰਥ ਪੂਰਤੀ ਕਰਨਾ ਹੈ।

ਇਸ ਰੁਝਾਨ ਦੀ ਤੇਜ਼ੀ ਦਾ ਅਨੁਮਾਨ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਸਾਲ ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ ਦੇ 3 ਵੱਡੇ ਸੂਬਿਆਂ–ਹਰਿਆਣਾ, ਝਾਰਖੰਡ ਅਤੇ ਮਹਾਰਾਸ਼ਟਰ, ਜਿੱਥੇ ਇਸ ਸਾਲ ਚੋਣਾਂ ਹੋਣ ਵਾਲੀਆਂ ਹਨ, ਵਿਚ ਘੱਟੋ-ਘੱਟ 39 ਵੱਡੇ ਨੇਤਾ ਹੁਣ ਤਕ ਦਲ ਬਦਲੀ ਕਰ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਆਦਾ ਨੇਤਾ ਭਾਜਪਾ ਵਿਚ ਹੀ ਗਏ ਹਨ।

ਸਭ ਤੋਂ ਵੱਡਾ ਧਮਾਕਾ ਹਰਿਆਣਾ ’ਚ ਹੋਇਆ, ਜਿੱਥੇ ਇਕ-ਇਕ ਕਰ ਕੇ ਇਨੈਲੋ ਦੇ 10 ਵਿਧਾਇਕਾਂ ਸਮੇਤ 12 ਨੇਤਾ ਭਾਜਪਾ ’ਚ ਸ਼ਾਮਿਲ ਹੋ ਗਏ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਅਜੇ 2 ਸਤੰਬਰ ਨੂੰ ਹੀ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਵਿਧਾਇਕ ਅਬਦੁਲ ਸੱਤਾਰ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਵਿਚ ਸ਼ਾਮਿਲ ਹੋ ਗਏ।

ਅਸਲ ’ਚ ਨੇਤਾ ਸੱਤਾ ਦੇ ਮੋਹ ਵਿਚ ਹੀ ਆਪਣੀ ਮੂਲ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿਚ ਸ਼ਾਮਿਲ ਹੁੰਦੇ ਹਨ ਅਤੇ ਜਦੋਂ ਉਥੇ ਵੀ ਉਨ੍ਹਾਂ ਦੀ ਸੁਆਰਥ ਪੂਰਤੀ ਨਹੀਂ ਹੁੰਦੀ ਤਾਂ ਵਾਪਿਸ ਆਪਣੀ ਮੂਲ ਪਾਰਟੀ ਵਿਚ ਪਰਤਣ ਬਾਰੇ ਸੋਚਣ ਲੱਗਦੇ ਹਨ।

ਉਦਾਹਰਣ ਵਜੋਂ ਇਨ੍ਹੀਂ ਦਿਨੀਂ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਿਲ ਹੋਏ ਕੋਲਕਾਤਾ ਦੇ ਸਾਬਕਾ ਮੇਅਰ ਅਤੇ ਚਾਰ ਵਾਰ ਦੇ ਵਿਧਾਇਕ ਸੋਵਨ ਚੈਟਰਜੀ ਵਲੋਂ ‘ਲਗਾਤਾਰ ਅਪਮਾਨ ਤੋਂ ਤੰਗ ਆ ਕੇ’ ਭਾਜਪਾ ਛੱਡਣ ਅਤੇ ਤ੍ਰਿਣਮੂਲ ਕਾਂਗਰਸ ਵਿਚ ਵਾਪਿਸ ਪਰਤਣ ’ਤੇ ਵਿਚਾਰ ਕਰਨ ਦੀ ਚਰਚਾ ਸੁਣਾਈ ਦੇ ਰਹੀ ਹੈ। ਸੋਵਨ ਚੈਟਰਜੀ 14 ਅਗਸਤ ਨੂੰ ਆਪਣੀ ਨੇੜਲੀ ਸਹਿਯੋਗੀ ਬੈਸ਼ਾਖੀ ਬੈਨਰਜੀ ਦੇ ਨਾਲ ਭਾਜਪਾ ਵਿਚ ਸ਼ਾਮਿਲ ਹੋਏ ਸਨ।

ਸਿਰਫ ਸੱਤਾ ਲਈ ਕੀਤੀ ਜਾਣ ਵਾਲੀ ਦਲ ਬਦਲੀ ਦੇ ਰੁਝਾਨ ’ਤੇ ਟਿੱਪਣੀ ਕਰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 1 ਸਤੰਬਰ ਨੂੰ ਨਾਗਪੁਰ ’ਚ ਇਕ ਸਭਾ ਵਿਚ ਬੋਲਦੇ ਹੋਏ ਕਿਹਾ ਕਿ ‘‘ਨੇਤਾਵਾਂ ਨੂੰ ਆਪਣੀ ਵਿਚਾਰਧਾਰਾ ’ਤੇ ਟਿਕੇ ਰਹਿਣਾ ਚਾਹੀਦਾ ਹੈ ਅਤੇ ਪਾਰਟੀ ਬਦਲਣ ਤੋਂ ਬਚਣਾ ਚਾਹੀਦਾ ਹੈ।’’

ਗਡਕਰੀ ਨੇ ਕਿਹਾ, ‘‘ਨੇਤਾਵਾਂ ਨੂੰ ਸਪੱਸ਼ਟ ਤੌਰ ’ਤੇ ਰਾਜਨੀਤੀ ਦਾ ਅਰਥ ਸਮਝਣਾ ਚਾਹੀਦਾ ਹੈ। ਰਾਜਨੀਤੀ ਸਿਰਫ ਸੱਤਾ ਦੀ ਰਾਜਨੀਤੀ ਨਹੀਂ ਹੈ। ਮਹਾਤਮਾ ਗਾਂਧੀ, ਲੋਕਮਾਨਯ ਤਿਲਕ, ਪੰ. ਜਵਾਹਰ ਲਾਲ ਨਹਿਰੂ ਅਤੇ ਵੀਰ ਸਾਵਰਕਰ ਵਰਗੇ ਨੇਤਾ ਸੱਤਾ ਦੀ ਰਾਜਨੀਤੀ ਵਿਚ ਸ਼ਾਮਿਲ ਨਹੀਂ ਸਨ।’’

ਸ਼੍ਰੀ ਗਡਕਰੀ ਦੇ ਵਿਚਾਰਾਂ ਨਾਲ ਮਿਲਦੇ-ਜੁਲਦੇ ਵਿਚਾਰ ਹੀ ਬੀਤੀ 30 ਜੁਲਾਈ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਰਾਂਚੀ ’ਚ ਸੰਘ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਾਹਿਰ ਕੀਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ :

‘‘ਆਸ ਲੈ ਕੇ ਆਉਣ ਵਾਲਿਆਂ ਲਈ ਸੰਘ ’ਚ ਜਗ੍ਹਾ ਨਹੀਂ ਹੈ। ਸੇਵਾ ਅਤੇ ਸਮਰਪਣ ਦੀ ਭਾਵਨਾ ਲੈ ਕੇ ਆਉਣ ਵਾਲੇ ਹੀ ਇਥੇ ਟਿਕਦੇ ਹਨ। ਇਸ ਲਈ ਆਸ ਲੈ ਕੇ ਆਉਣ ਵਾਲਿਆਂ ਤੋਂ ਸਾਨੂੰ ਬਚਣ ਦੀ ਲੋੜ ਹੈ।’’

ਇਸ ਦੇ ਨਾਲ ਹੀ ਉਨ੍ਹਾਂ ਨੇ ਸੰਘ ਦੇ ਅਹੁਦੇਦਾਰਾਂ ਨੂੰ ਇਹ ਨਸੀਹਤ ਵੀ ਦਿੱਤੀ ਕਿ ਉਹ ਖ਼ੁਦ ਸਵੈਮ ਸੇਵਕਾਂ ਨੂੰ ਸੰਘ ’ਚ ਕੋਈ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਅਚਾਰ-ਵਿਚਾਰ, ਵਿਹਾਰ ਅਤੇ ਪਿਛਕੋੜ ਦੇ ਵਿਸ਼ੇ ’ਚ ਪੂਰੀ ਜਾਂਚ-ਪੜਤਾਲ ਕਰ ਲੈਣ। ਅਸਲ ਵਿਚ ਉਕਤ ਬਿਆਨ ਵਿਚ ਸ਼੍ਰੀ ਭਾਗਵਤ ਦਾ ਇਸ਼ਾਰਾ ਭਾਜਪਾ ਵੱਲ ਵੀ ਸੀ, ਜੋ ਸੰਘ ਦਾ ਹੀ ਇਕ ਅੰਗ ਹੈ ਅਤੇ ਜਿਸ ਦੇ ਨੇਤਾ ਉਕਤ ਮਾਪਦੰਡਾਂ ਨੂੰ ਪੂਰਾ ਕੀਤੇ ਬਿਨਾਂ ਅਤੇ ਦਲ ਬਦਲੂਆਂ ਦੀ ਵਿਚਾਰਧਾਰਾ ਅਤੇ ਨੀਤੀਆਂ ’ਤੇ ਧਿਆਨ ਦਿੱਤੇ ਬਿਨਾਂ ਹੀ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਬਾਹਾਂ ਫੈਲਾ ਕੇ ਪਾਰਟੀ ਵਿਚ ਸ਼ਾਮਿਲ ਕਰਦੇ ਜਾ ਰਹੇ ਹਨ।

ਇਸ ਲਿਹਾਜ਼ ਨਾਲ ਦੇਖੀਏ ਤਾਂ ਨਿਤਿਨ ਗਡਕਰੀ ਅਤੇ ਮੋਹਨ ਭਾਗਵਤ ਦੋਹਾਂ ਨੇ ਹੀ ਸੱਤਾ ਦੀ ਖਾਤਿਰ ਪਾਲ਼ਾ ਬਦਲਣ ਵਾਲਿਆਂ ਨੂੰ ਸਹੀ ਸਲਾਹ ਦਿੱਤੀ ਹੈ, ਉਥੇ ਹੀ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਵੀ ਬਿਨਾਂ ਸੋਚੇ-ਵਿਚਾਰੇ ਦਲ ਬਦਲੂਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਦੇ ਵਿਰੁੱਧ ਚਿਤਾਵਨੀ ਦਿੱਤੀ ਹੈ ਕਿਉਂਕਿ ਜੋ ਆਪਣੀ ਪਾਰਟੀ ਦਾ ਨਹੀਂ ਹੋਇਆ, ਉਹ ਕਿਸੇ ਦੂਜੀ ਪਾਰਟੀ ਦਾ ਕੀ ਹੋਵੇਗਾ ਅਤੇ ਉਸ ਨਾਲ ਕੀ ਵਫ਼ਾਦਾਰੀ ਨਿਭਾਏਗਾ!

ਲਿਹਾਜ਼ਾ ਰਾਜਨੀਤੀ ਨਾਲ ਜੁੜੇ ਕਿਸੇ ਵੀ ਵਿਅਕਤੀ ਲਈ ਆਪਣੀ ਮੂਲ ਪਾਰਟੀ ਦੇ ਨਾਲ ਜੁੜੇ ਰਹਿ ਕੇ ਜਨ ਕਲਿਆਣ ਦੇ ਕੰਮ ਕਰਨਾ ਹੀ ਉਚਿਤ ਹੈ ਕਿਉਂਕਿ ਦੂਜੀ ਪਾਰਟੀ ਵਿਚ ਜਾਣ ਨਾਲ ਉਸ ਦੀ ਵਿਚਾਰਕ ਪ੍ਰਤੀਬੱਧਤਾ ਅਤੇ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ ਅਤੇ ਉਸ ਦੀ ਸਥਿਤੀ ‘ਘਰ ਦੇ ਰਹੇ, ਨਾ ਘਾਟ ਦੇ’ ਵਾਲੀ ਹੋ ਜਾਂਦੀ ਹੈ।

–ਵਿਜੇ ਕੁਮਾਰ\\\


Bharat Thapa

Content Editor

Related News