‘ਭਾਰਤ ਦੇ ਸੜਕ ਮੰਤਰੀ’ ‘ਨਿਤਿਨ ਗਡਕਰੀ ਦਾ ਸ਼ਲਾਘਾਯੋਗ ਕਦਮ’
Friday, Oct 16, 2020 - 02:11 AM (IST)

ਦੇਸ਼ ਦੇ ਸਾਰੇ ਸੂਬਿਅਾਂ ਨੂੰ ਜੋੜ ਕੇ ਰੱਖਣਾ ਅਤੇ ਉਸ ਨੂੰ ਆਪਣਾ ਸਮਝਣਾ ਹਰੇਕ ਕੇਂਦਰ ਸਰਕਾਰ ਦਾ ਸਰਵਉੱਚ ਕੰਮ ਹੈ ਅਤੇ ਇਸ ਮਾਮਲੇ ’ਚ ਸਾਡੇ ਦੇਸ਼ ਦੇ ਕੁਝ ਪ੍ਰਧਾਨ ਮੰਤਰੀਅਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ।
ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਜਿਥੇ ਦੇਸ਼ ’ਚ ਡੈਮਾਂ ਆਦਿ ਦੀ ਉਸਾਰੀ ਦੀ ਸ਼ੁਰੂਆਤ ਕਰਵਾ ਕੇ ਆਧੁਨਿਕ ਭਾਰਤ ਦੀ ਨੀਂਹ ਰੱਖੀ, ਉਥੇ ਗ੍ਰਹਿ ਮੰਤਰੀ ਦੇ ਰੂਪ ’ਚ ਸਰਦਾਰ ਵੱਲਭ ਭਾਈ ਪਟੇਲ ਨੇ ਦੇਸ਼ ਦੀਅਾਂ 600 ਤੋਂ ਵੱਧ ਰਿਆਸਤਾਂ ਦਾ ਭਾਰਤ ’ਚ ਏਕੀਕਰਨ ਕਰ ਕੇ ਏਕਤਾ ਅਤੇ ਅਖੰਡਤਾ ਨੂੰ ਉਤਸ਼ਾਹਿਤ ਕੀਤਾ।
ਸ਼ਾਸਤਰੀ ਜੀ ਨੇ ਪਾਕਿਸਤਾਨ ਦੇ ਵਿਰੁੱਧ ਫੈਸਲਾਕੁੰਨ ਜੰਗ ਲੜ ਕੇ ਦੇਸ਼ ਦਾ ਸਨਮਾਨ ਵਧਾਇਆ, ਰਾਜੀਵ ਗਾਂਧੀ ਨੇ ਦੇਸ਼ ’ਚ ਡਿਜੀਟਲ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਅਤੇ ਨਰਸਿਮ੍ਹਾ ਰਾਓ ਦੇਸ਼ ’ਚ ਆਰਥਿਕ ਸੁਧਾਰ ਲਿਆਏ।
ਅਟਲ ਬਿਹਾਰੀ ਵਾਜਪਾਈ ਨੇ ਦੇਸ਼ ਦੀਅਾਂ 26 ਵਿਰੋਧੀ ਪਾਰਟੀਅਾਂ ਨੂੰ ਜੋੜ ਕੇ ਰਾਜਗ ਗਠਜੋੜ ਮਜ਼ਬੂਤ ਕੀਤਾ ਅਤੇ 6 ਸਾਲ ਤੱਕ ਸ਼ਾਸਨ ਕੀਤਾ। ਉਨ੍ਹਾਂ ਨੇ ਦੇਸ਼ ’ਚ ਨਦੀਅਾਂ ਅਤੇ ਸੜਕਾਂ ਨੂੰ ਜੋੜਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਵਾਜਪਾਈ ਜੀ ਦੀ ਸ਼ਖਸੀਅਤ ’ਚ ਕੁਝ ਅਜਿਹੀ ਖਿੱਚ ਸੀ ਕਿ ਜਦੋਂ ਕਦੀ ਵੀ ਉਹ ਜਲੰਧਰ ਆਉਂਦੇ ਤਾਂ ਮੈਂ ਸਾਰਾ ਕੰਮ ਛੱਡ ਕੇ ਉਨ੍ਹਾਂ ਦਾ ਭਾਸ਼ਣ ਸੁਣਨ ਜਾਂਦਾ ਅਤੇ ਉਥੇ ਜ਼ਮੀਨ ’ਤੇ ਬੈਠ ਕੇ ਪੂਰਾ ਭਾਸ਼ਣ ਸੁਣਦਾ।
ਵਾਜਪਾਈ ਨੇ ਚੋਣ ਲੜੀ ਅਤੇ ਹਾਰ ਗਏ ਪਰ ਬਾਅਦ ’ਚ 26 ਵਿਰੋਧੀ ਪਾਰਟੀਅਾਂ ਨੂੰ ਨਾਲ ਲੈ ਕੇ ਭਾਜਪਾ ਦੀ ਅਗਵਾਈ ’ਚ ਰਾਜਗ ਗਠਜੋੜ ਕਾਇਮ ਕੀਤਾ ਅਤੇ ਪਹਿਲੀ ਵਾਰ ਸਰਕਾਰ ਬਣਾਈ।
ਉਹ ਹਰ ਵਿਰੋਧੀ ਨੇਤਾ ਦੇ ਚੰਗੇ ਕੰਮ ਦੀ ਸ਼ਲਾਘਾ ਕਰਦੇ ਅਤੇ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ 1971 ’ਚ ਬੰਗਲਾਦੇਸ਼ ਨੂੰ ਪਾਕਿਸਤਾਨ ਦੇ ਕਬਜ਼ੇ ’ਚੋਂ ਆਜ਼ਾਦ ਕਰਵਾਇਆ ਸੀ ਤਾਂ ਉਨ੍ਹਾਂ ਨੇ ਇੰਦਰਾ ਗਾਂਧੀ ਦੀ ਤੁਲਨਾ ‘ਦੁਰਗਾ’ ਨਾਲ ਕੀਤੀ ਸੀ।
ਇਕ ਵਾਰ ਮੈਂ ਪ੍ਰਧਾਨ ਮੰਤਰੀ ਵਾਜਪਾਈ ਜੀ ਨੂੰ ਮਿਲਣ ਗਿਆ ਅਤੇ ਉਨ੍ਹਾਂ ਨਾਲ ਭਾਜਪਾ ਵਲੋਂ ਦਿੱਤੇ ਗਏ ‘ਇੰਡੀਆ ਸ਼ਾਈਨਿੰਗ’ ਬਾਰੇ ਚਰਚਾ ਕੀਤੀ ਤਾਂ ਉਨ੍ਹਾਂ ਨੇ ਕਿਹਾ, ‘‘ਇਹ ਪੂਰੀ ਤਰ੍ਹਾਂ ਗਲਤ ਹੈ। ਇਹ ਲੋਕ ਪਾਰਟੀ ਨੂੰ ਮਰਵਾਉਣਗੇ ਅਤੇ ਮੇਰੀ ਪਾਰਟੀ ਦੇ ਲੋਕਾਂ ਨੇ ਇਹ ਨਾਅਰਾ ਐਵੇਂ ਹੀ ਉਛਾਲ ਦਿੱਤਾ ਹੈ। ਅਜੇ ਤਾਂ ਮੈਂ ਕੰਮ ਸ਼ੁਰੂ ਹ ੀ ਕੀਤਾ ਹੈ। ਸੜਕਾਂ ਜੋੜਨੀਅਾਂ ਹਨ ਅਤੇ ਨਦੀਅਾਂ ਜੋੜਨੀਅਾਂ ਹਨ।’’
ਸ਼੍ਰੀ ਵਾਜਪਾਈ ਦਾ ਕਥਨ ਸੱਚ ਸਿੱਧ ਹੋਇਆ। 2004 ਦੀਅਾਂ ਚੋਣਾਂ ’ਚ ਭਾਜਪਾ ਦਾ ‘ਇੰਡੀਆ ਸ਼ਾਈਨਿੰਗ’ ਦਾ ਨਾਅਰਾ ਨਾ ਚੱਲ ਸਕਿਆ ਅਤੇ ਰਾਜਗ ਨੂੰ ਹਰਾ ਕੇ ਸਰਦਾਰ ਮਨਮੋਹਨ ਸਿੰਘ ਦੀ ਅਗਵਾਈ ’ਚ ਕਾਂਗਰਸ ਵਾਲੀ ਯੂ. ਪੀ. ਏ. ਦੀ ਸਰਕਾਰ ਸੱਤਾ ’ਚ ਆਈ।
ਸ਼੍ਰੀ ਵਾਜਪਾਈ ਮਨਾਲੀ (ਹਿਮਾਚਲ) ’ਚ ਛੁੱਟੀਅਾਂ ਬਿਤਾਉਣ ਜਾਇਆ ਕਰਦੇ ਅਤੇ ਨਾਲ-ਨਾਲ ਸਰਕਾਰੀ ਕੰਮਕਾਜ ਨਿਪਟਾਉਂਦੇ। ਇਕ ਪ੍ਰਵਾਸ ਦੇ ਦੌਰਾਨ ਉਨ੍ਹਾਂ ਨੂੰ ਕੁਝ ਬਜ਼ੁਰਗ ਜੋ ਅੰਗਰੇਜ਼ਾਂ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਪੈਨਸ਼ਨ ਲੈ ਰਹੇ ਸਨ, ਮਿਲਣ ਆਏ।
ਉਨ੍ਹਾਂ ਨੇ ਸ਼੍ਰੀ ਵਾਜਪਾਈ ਨੂੰ ਮਨਾਲੀ ਤੋਂ ਅੱਗੇ ਰੋਹਤਾਂਗ ਦੱਰੇ ਤੱਕ ਜਾਣ ਦੇ ਲਈ ਮੁਸ਼ਕਲਾਂ ਦੱਸੀਆਂ। ਗੱਲ ਸੁਣ ਕੇ ਸ਼੍ਰੀ ਵਾਜਪਾਈ ਨੇ ਕਿਹਾ-ਹੱਲ ਹੋ ਜਾਵੇਗਾ ਅਤੇ ਇਸ ਤਰ੍ਹਾਂ ਰੋਹਤਾਂਗ ਦੱਰੇ ਤੱਕ 9.02 ਕਿਲੋਮੀਟਰ ਲੰਬੀ ਸੁਰੰਗ ਦੀ ਉਸਾਰੀ ਦਾ ਫੈਸਲਾ 3 ਜੂਨ 2003 ਨੂੰ ਲਿਆ ਗਿਆ।
ਇਸ ਦਾ ਨੀਂਹ ਪੱਥਰ 28 ਜੂਨ 2010 ਨੂੰ ‘ਸੋਨੀਆ ਗਾਂਧੀ’ ਨੇ ਰੱਖਿਆ ਅਤੇ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 3 ਅਕਤੂਬਰ ਨੂੰ ਕੀਤਾ।
2019 ’ਚ ਇਸ ਦਾ ਨਾਂ ‘ਅਟਲ ਟਨਲ’ ਰੱਖਣ ਦਾ ਫੈਸਲਾ ਲਿਆ ਗਿਆ। ਅਟਲ ਜੀ ਤਾਂ ਸੁਰੰਗ ਦਾ ਨਾਂ ਕੁਝ ਹੋਰ ਰੱਖਣਾ ਚਾਹੁੰਦੇ ਸਨ ਪਰ ਇਲਾਕਾ ਵਾਸੀ ਇਹੀ ਨਾਂ ਰੱਖਣ ਲਈ ਡਟ ਗਏ। ਇਸ ਟਨਲ ਦੇ ਬਣ ਜਾਣ ਦੇ ਨਤੀਜੇ ਵਜੋਂ ਜਿਥੇ ਮਨਾਲੀ ਤੋਂ ਅੱਗੇ ਯਾਤਰਾ ਸੁਖਾਲੀ ਅਤੇ ਛੋਟੀ ਹੋ ਗਈ ਹੈ ਉਥੇ ਇਸ ਨਾਲ ਸੈਰ-ਸਪਾਟਾ ਨੂੰ ਵੀ ਹੁਲਾਰਾ ਮਿਲਣਾ ਸ਼ੁਰੂ ਹੈ।
ਸ਼੍ਰੀ ਵਾਜਪਾਈ ਦੇ ਕਿਰਪਾਪਾਤਰ ਸਾਬਕਾ ਭਾਜਪਾ ਪ੍ਰਧਾਨ ਅਤੇ ਮੌਜੂਦਾ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੋਂ ਮੈਂ ਪ੍ਰਭਾਵਿਤ ਰਿਹਾ ਹਾਂ ਜਿਨ੍ਹਾਂ ਨੇ ਪਹਿਲਾਂ ਮਹਾਰਾਸ਼ਟਰ ’ਚ ਲੋਕ ਨਿਰਮਾਣ ਮੰਤਰੀ, ਫਿਰ ਕੇਂਦਰ ’ਚ ਸੜਕੀ ਆਵਾਜਾਈ ਮੰਤਰੀ ਰਹਿੰਦੇ ਹੋਏ ਦੇਸ਼ ਦੇ ਵੱਖ-ਵੱਖ ਹਿੱਸਿਅਾਂ ’ਚ ਸੜਕਾਂ ਦਾ ਜਾਲ ਅਤੇ ਪੁਲ ਆਦਿ ਵਿਛਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਮੇਰੇ ਉਨ੍ਹਾਂ ਦੇ ਨੇੜੇ ਆਉਣ ਦੀ ਦਿਲਚਸਪ ਕਹਾਣੀ ਹੈ। ਪੰਜਾਬ ’ਚ ਅੱਤਵਾਦ ਦੇ ਕਾਲੇ ਦੌਰ ’ਚ ਜਦੋਂ ਇਥੇ ਕੋਈ ਵੀ ਆਉਣ ਤੋਂ ਕਤਰਾਉਂਦਾ ਸੀ, ਮਹਾਰਾਸ਼ਟਰ ਦੇ ਪੁਣੇ ’ਚ ‘ਸਰਹੱਦ’ ਨਾਮਕ ਸੰਸਥਾ ਚਲਾਉਣ ਵਾਲੇ ਸ਼੍ਰੀ ਸੰਜੇ ਨਹਾਰ ਬਾਬਾ ਆਮਟੇ ਦੇ ਨਾਲ ਪੰਜਾਬ ਆਏ ਜਿਨ੍ਹਾਂ ਨੂੰ ਜਲੰਧਰ ਦੇ ਐੱਸ. ਐੱਸ. ਪੀ. ਸ਼੍ਰੀ ਵਿਰਕ ਨੇ ਸੁਰੱਖਿਆ ਮੁਹੱਈਆ ਕੀਤੀ।
ਸ਼੍ਰੀ ਸੰਜੇ ਨਹਾਰ ਅਤੇ ਬਾਬਾ ਆਮਟੇ ਪੰਜਾਬ ਦੇ ਵੱਖ-ਵੱਖ ਹਿੱਸਿਅਾਂ ’ਚ ਘੁੰਮੇ ਅਤੇ ਉਹ ਕਸ਼ਮੀਰ ਵੀ ਗਏ। ਉਨ੍ਹਾਂ ਨੇ ਅੱਤਵਾਦ ਪੀੜਤ ਪਰਿਵਾਰਾਂ ਤੇ ਹੋਰਨਾਂ ਲੋਕਾਂ ਲਈ ਪੁਣੇ ’ਚ ਫ੍ਰੀ ਸਕੂਲ ਖੋਲ੍ਹਿਆ ਅਤੇ ਉਨ੍ਹਾਂ ਦਾ ਖਾਣ-ਪੀਣ ਆਦਿ ਦਾ ਪ੍ਰਬੰਧ ਅਤੇ ਬਾਅਦ ਵਿਚ ਉਨ੍ਹਾਂ ਨੂੰ ਉਥੇ ਰੋਜ਼ਗਾਰ ਵੀ ਦਿਵਾ ਰਹੇ ਹਨ। ਸ਼੍ਰੀ ਨਹਾਰ ਦੇ ਇਨ੍ਹਾਂ ਕਾਰਜਾਂ ਨੂੰ ਦੇਖ ਕੇ ਮੇਰਾ ਉਨ੍ਹਾਂ ਨਾਲ ਲਗਾਅ ਵਧ ਗਿਆ। ਮੈਂ ਕਿਹਾ ਨਿਤਿਨ ਗਡਕਰੀ ਮੈਨੂੰ ਚੰਗੇ ਲੱਗਦੇ ਹਨ ਕੀ ਉਹ ‘ਸ਼ਹੀਦ ਪਰਿਵਾਰ ਫੰਡ ਸਮਾਰੋਹ’ ਵਿਚ ਅੱਤਵਾਦ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡਣ ਆ ਸਕਦੇ ਹਨ?
ਸ਼੍ਰੀ ਨਹਾਰ ਦੇ ਗਡਕਰੀ ਜੀ ਨਾਲ ਗੱਲ ਕਰਨ ’ਤੇ ਉਨ੍ਹਾਂ ਨੇ ਕਿਹਾ, ‘‘ਮੈਂ ‘ਸ਼ਹੀਦ ਪਰਿਵਾਰ ਫੰਡ ਸਮਾਰੋਹ’ ਵਿਚ ਜ਼ਰੂਰ ਜਾਵਾਂਗਾ ਅਤੇ ਤੁਸੀਂ ਵੀ ਮੇਰੇ ਨਾਲ ਜਾਣਾ ਹੈ।’’ ਅਗਲੇ ਹੀ ਦਿਨ ਮੈਨੂੰ ਗਡਕਰੀ ਜੀ ਦਾ ਫੋਨ ਆਇਆ, ‘‘ਮੈਂ ਨਿਤਿਨ ਗਡਕਰੀ ਬੋਲ ਰਿਹਾ ਹਾਂ। ਅੱਜ ਦੇ ਬਾਅਦ ਤੁਸੀਂ ਮੈਨੂੰ ਕਿਸੇ ਕੋਲੋਂ ਫੋਨ ਨਹੀਂ ਕਰਵਾਉਣਾ। ਮੈਂ ਤੁਹਾਡੇ ਸਮਾਰੋਹ ’ਚ ਪਹੁੰਚ ਰਿਹਾ ਹਾਂ।’’ ਨਿਤਿਨ ਗਡਕਰੀ 2-3-2010 ਨੂੰ ਸਮਾਰੋਹ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਹੀ ਸਮਾਰੋਹ ਵਾਲੀ ਥਾਂ ’ਤੇ ਆ ਗਏ।
ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਅੱਤਵਾਦ ਪੀੜਤਾਂ ਨੂੰ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ, ਹਰ ਪਾਸੇ ਨਜ਼ਰਾਂ ਘੁਮਾਈਆਂ ਅਤੇ ਆਏ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਰਾਹਤ ਸਮੱਗਰੀ ਦੇਖ ਕੇ ਬੋਲੇ, ‘‘ਮੈਂ ਖੁਦ ਆਪਣੇ ਹੱਥਾਂ ਨਾਲ ਸਾਰਿਅਾਂ ਨੂੰ ਵੰਡਾਂਗਾ ਅਤੇ ਸਭ ਤੋਂ ਪਹਿਲਾਂ ਮੈਂ ਭਾਸ਼ਣ ਦੇਵਾਂਗਾ।’’
ਸਮਾਰੋਹ ਦੇ ਬਾਅਦ ਪਰਿਵਾਰ ਦੇ ਨਾਲ ਖਾਣਾ ਖਾਧਾ ਅਤੇ ਸਭ ਦੇ ਨਾਲ ਫੋਟੋਅਾਂ ਖਿਚਵਾਈਅਾਂ ਅਤੇ ਕਹਿਣ ਲੱਗੇ, ‘‘ਤੁਸੀਂ ਥੱਕ ਗਏ ਹੋ, ਆਰਾਮ ਕਰੋ, ਮੈਂ ਵੀ ਹੁਣ ਜਾ ਰਿਹਾ ਹਾਂ।’’ ਸ਼੍ਰੀ ਗਡਕਰੀ ਨੇ ਜਿਸ ਤਰ੍ਹਾਂ ਮਹਾਰਾਸ਼ਟਰ ’ਚ ਸੜਕਾਂ ਦਾ ਜਾਲ ਵਿਛਾਇਆ, ਉਸ ਨੂੰ ਦੇਖਦੇ ਹੋਏ ਅੱਜ ਉਹੀ ਵਿਭਾਗ ਮੋਦੀ ਜੀ ਨੇ ਉਨ੍ਹਾਂ ਨੂੰ ਦਿੱਤਾ ਹੈ ਜਿਥੇ ਉਹ ਵਧੀਆ ਕੰਮ ਕਰ ਰਹੇ ਹਨ ਤਾਂ ਕਿ ਦੇਸ਼ ਜਲਦੀ ਤਰੱਕੀ ਕਰੇ ਅਤੇ ਜਨਤਾ ਨੂੰ ਲਾਭ ਮਿਲੇ।
ਇਸੇ ਲੜੀ ’ਚ ਹੁਣ 15 ਅਕਤੂਬਰ ਨੂੰ ਕਾਰਗਿਲ ਨੂੰ ਕਸ਼ਮੀਰ ਨਾਲ ਜੋੜਨ ਵਾਲੀ ਜੰਗੀ ਮਹੱਤਵ ਦੀ 14.15 ਕਿਲੋਮੀਟਰ ਦੀ ਲੰਬੀ ਜੋਜਿਲਾ ਟਨਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਉਨ੍ਹਾਂ ਨੇ ਪਹਿਲੇ ਧਮਾਕੇ ਦੇ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਬਟਨ ਦਬਾ ਕੇ ਕੀਤੀ।
ਇਸ ਨੂੰ ਏਸ਼ੀਆ ਦੀ ਦ ੋ ਦਿਸ਼ਾ ਵਾਲੀ ਸਭ ਤੋਂ ਲੰਬੀ ਟਨਲ ਕਿਹਾ ਜਾ ਰਿਹਾ ਹੈ ਜਿਸ ਦੇ ਪੂਰੀ ਹੋ ਜਾਣ ’ਤੇ ਲੱਦਾਖ ਦੀ ਰਾਜਧਾਨੀ ਲੇਹ ਤੋਂ ਸ੍ਰੀਨਗਰ ਦੇ ਸਫਰ ’ਚ ਤਿੰਨ ਘੰਟੇ ਦਾ ਸਮਾਂ ਲੱਗੇਗਾ, ਜਦਕਿ ਹੁਣ ਸਾਲ ਦੇ 6 ਮਹੀਨੇ ਭਾਰੀ ਬਰਫਬਾਰੀ ਹੋਣ ਦੇ ਕਾਰਨ ਐੱਨ. ਐੱਚ.-1 ਭਾਵ ਸ੍ਰੀਨਗਰ-ਕਾਰਗਿਲ-ਲੇਹ ਰਾਸ਼ਟਰੀ ਰਾਜਮਾਰਗ ਬੰਦ ਰਹਿੰਦਾ ਹੈ।
ਹੁਣ ਜਦਕਿ ਜੋਜਿਲਾ ਟਨਲ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ ਅਸੀਂ ਹੁਣੇ ਬਣੀ ‘ਅਟਲ ਟਨਲ’ ਦੇ ਸਬੰਧ ’ਚ ਕੇਂਦਰ ਸਰਕਾਰ ਨੂੰ ਇਕ ਸੁਝਾਅ ਦੇਣਾ ਚਾਹੁੰਦੇ ਹਾਂ ਕਿ ਮਨਾਲੀ ਸਥਿਤ ਅਟਲ ਟਨਲ ਦੇ ਨਾਲ ਇਕ ਟਨਲ ਵਧਾਉਣ ਦੀ ਬਜਾਏ ਜੇਕਰ ਪਹਿਲਾਂ ਬਣੀ ‘ਅਟਲ ਟਨਲ’ ’ਚ ਉਸੇ ਲੈਵਲ ਦੀ ਰੇਲਵੇ ਲਾਈਨ ਪਾ ਦਿੱਤੀ ਜਾਵੇ ਤਾਂ ਨਾ ਸਿਰਫ ਇਕ ਹੋਰ ਸੁਰੰਗ ਬਣਾਉਣ ’ਤੇ ਹੋਣ ਵਾਲਾ ਖਰਚ ਬਚੇਗਾ ਸਗੋਂ ਦੂਸਰੀ ਟਨਲ ਨੂੰ ਬਣਾਉਣ ਦੀ ਲੋੜ ਨਹੀਂ ਪਵੇਗੀ ਅਤੇ ਕੰਮ ਵੀ ਜਲਦੀ ਹੋ ਜਾਵੇਗਾ।
ਇਥੋਂ ਕੁਝ ਸਮਾਂ ਕਾਰਾਂ-ਬੱਸਾਂ ਰੋਕ ਕੇ ਰੇਲਗੱਡੀਅਾਂ ਲੰਘਾਈਆਂ ਜਾ ਸਕਦੀਅਾਂ ਹਨ ਜਿਸ ਤਰ੍ਹਾਂ ਲੰਦਨ ਬ੍ਰਿਜ ਨੂੰ ਬੰਦ ਕਰ ਕੇ ਸਮੁੰਦਰੀ ਜਹਾਜ਼ਾਂ ਨੂੰ ਲੰਘਾਇਆ ਜਾਂਦਾ ਹੈ। ਜੇਕਰ ਗਡਕਰੀ ਠੀਕ ਸਮਝਣ ਤਾਂ ਇਸ ਸੁਝਾਅ ’ਤੇ ਤੁਰੰਤ ਅਮਲ ਕਰਨ ਜਿਸ ਨਾਲ ਦੇਸ਼ ਦਾ ਧਨ ਬਚੇਗਾ ਤੇ ਜਨਤਾ ਨੂੰ ਲਾਭ ਹੋਵੇ, ਸੈਰ-ਸਪਾਟਾ ਵਧੇ ਜਿਸ ਦੇ ਲਈ ਉਹ ਹਮੇਸ਼ਾ ਯਾਦ ਰੱਖੇ ਜਾਣਗੇ ਅਤੇ ਉਨ੍ਹਾਂ ਦਾ ਇਹ ਦੇਸ਼ ’ਤੇ ਵੱਡਾ ਅਹਿਸਾਨ ਹੋਵੇਗਾ।
–ਵਿਜੇ ਕੁਮਾਰ