ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਨਵੀਂ ਸਵੇਰ,  ‘ਇਸਰੋ’ ਦੇ ਸਹਿਯੋਗ ਨਾਲ ਸ਼ੁਰੂ ਹੋਇਆ ਮਿਸ਼ਨ ‘ਪ੍ਰਾਰੰਭ’

Saturday, Nov 19, 2022 - 02:47 AM (IST)

ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਨਵੀਂ ਸਵੇਰ,  ‘ਇਸਰੋ’ ਦੇ ਸਹਿਯੋਗ ਨਾਲ ਸ਼ੁਰੂ ਹੋਇਆ ਮਿਸ਼ਨ ‘ਪ੍ਰਾਰੰਭ’

ਭਾਰਤੀ ਪੁਲਾੜ ਖੋਜ ਸੰਸਥਾਨ ‘ਇਸਰੋ’ ਦੇਸ਼ ’ਚ ਪੁਲਾੜ ਪ੍ਰੋਗਰਾਮ ਨੂੰ ਲਗਾਤਾਰ ਨਵੀਆਂ ਬੁਲੰਦੀਆਂ ’ਤੇ ਲਿਜਾ ਰਿਹਾ ਹੈ ਅਤੇ ਹੁਣ ਇਸ ਨੇ ਆਪਣੀ ਮੁਹਿੰਮ ’ਚ ਨਿੱਜੀ ਕੰਪਨੀਆਂ ਨੂੰ ਵੀ ਜੋੜ ਲਿਆ ਹੈ। ਇਸੇ ਸਿਲਸਿਲੇ ’ਚ 18 ਨਵੰਬਰ ਨੂੰ ਸਵੇਰੇ 11.30 ਵਜੇ ਦੇਸ਼ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ-ਐੱਸ’  ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ‘ਸਤੀਸ਼ ਧਵਨ ਪੁਲਾੜ ਕੇਂਦਰ’ ਤੋਂ ਲਾਂਚ ਕਰਕੇ ‘ਇਸਰੋ’ ਨੇ ਭਾਰਤ ’ਚ ਇਕ ਨਵੇਂ ਪੁਲਾੜ ਯੁੱਗ ਦੀ ਸ਼ੁਰੂਆਤ ਕੀਤੀ।  ਭਾਰਤ ਦੇ ਮਹਾਨ ਵਿਗਿਆਨੀ ਅਤੇ ਇਸਰੋ ਦੇ ਸੰਸਥਾਪਕ ਡਾ. ਵਿਕਰਮ ਸਾਰਾਭਾਈ ਦੇ ਨਾਂ ’ਤੇ ਇਸ ਰਾਕੇਟ ਦਾ ਨਾਂ ‘ਵਿਕਰਮ-ਐੱਸ’ ਰੱਖਿਆ ਗਿਆ ਹੈ। 

ਦੇਸ਼ ’ਚ ਕਿਸੇ ਨਿੱਜੀ ਕੰਪਨੀ ਦੇ ਕੋਲ ਲਾਂਚ ਪੈਡ ਨਾ ਹੋਣ ਦੇ ਕਾਰਨ ਇਸ ਰਾਕੇਟ ਨੂੰ ਇਸਰੋ ਦੇ ਰਾਹੀਂ ਲਾਂਚ ਕੀਤਾ ਗਿਆ ਅਤੇ ਇਸ ਮਿਸ਼ਨ ਨੂੰ ਇਸ ਨੇ ‘ਪ੍ਰਾਰੰਭ’ ਨਾਂ ਦਿੱਤਾ ਹੈ। ਇਸ ਰਾਕੇਟ ਨੂੰ 15 ਨਵੰਬਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਉਸ ਦਿਨ ਮੌਸਮ ਖਰਾਬ ਹੋਣ ਦੇ ਕਾਰਨ ਇਸ ਨੂੰ 18 ਨਵੰਬਰ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। 545 ਕਿਲੋ ਵਜ਼ਨੀ ਅਤੇ 0.375 ਮੀਟਰ ਵਿਆਸ ਦਾ 6 ਮੀਟਰ ਲੰਬਾ ਇਹ ਰਾਕੇਟ ਆਵਾਜ਼ ਦੀ ਰਫਤਾਰ ਨਾਲੋਂ 5 ਗੁਣਾ ਵੱਧ ਤੇਜ਼ ਭਾਵ ਹਾਈਪਰਸੋਨਿਕ ਰਫਤਾਰ ਨਾਲ ਇਕ ਵਿਦੇਸ਼ੀ ਅਤੇ  2 ਘਰੇਲੂ ਕੰਪਨੀਆਂ ਦੇ ਤਿੰਨ ਉਪਗ੍ਰਹਿ ਆਪਣੇ ਨਾਲ ਲੈ ਕੇ ਪੁਲਾੜ ਵੱਲ ਗਿਆ। ਪੂਰੀ ਤਰ੍ਹਾਂ ਕਾਰਬਨ ਫਾਈਬਰ ਨਾਲ ਤਿਆਰ ਦੁਨੀਆ ਦਾ ਇਹ ਪਹਿਲਾ ‘ਆਲ ਕੰਪਜ਼ਿਟ’ ਰਾਕੇਟ ਹੈ ਭਾਵ ਇਸ ਵਿਚ ਧਾਤੂ ਦੀ ਵਰਤੋਂ ਘੱਟ ਕੀਤੀ ਗਈ ਹੈ। ਇਸ ਦੀ ਮੁੜਨ ਦੀ ਸਮਰੱਥਾ ਨੂੰ ਸੰਭਾਲਣ ਦੇ ਲਈ ਇਸ ਵਿਚ ਆਮ ਇੰਜਣਾਂ ਦੀ ਤੁਲਨਾ ਵਿਚ ਵੱਧ ਭਰੋਸੇਯੋਗ ਥ੍ਰੀ ਡੀ ਪ੍ਰਿੰਟਡ ਸਾਲੇਡ ਥ੍ਰਸਟਰਸ ਯੁਕਤ ਕ੍ਰਾਯੋਜੋਨਿਕ ਇੰਜਣ ਲਾਏ ਗਏ ਹਨ।

ਇਸ ਵਿਚ ਆਮ ਈਂਧਨ ਦੀ ਥਾਂ ’ਤੇ ਕਫਾਇਤੀ ਅਤੇ ਪ੍ਰਦੂਸ਼ਣ ਮੁਕਤ ਠੋਸ ਈਂਧਨ ਦੀ ਵਰਤੋਂ ਕੀਤੀ ਗਈ ਹੈ। ਰਾਕੇਟ ਨੇ ਆਪਣੇ ਨਾਲ ਲੈ ਕੇ ਜਾਣ ਵਾਲੇ ਤਿੰਨਾਂ ਉਪਗ੍ਰਹਿਆਂ ਨੂੰ ਪੁਲਾੜ ਪੰਧ ’ਚ ਸਥਾਪਿਤ ਕਰ ਦਿੱਤਾ। ਇਹ 89.5 ਕਿਲੋਮੀਟਰ ਦੀ ਉੱਚਾਈ ’ਤੇ ਪਹੁੰਚਿਆ ਅਤੇ 121.2 ਕਿਲੋਮੀਟਰ ਦੀ ਦੂਰੀ ਤੈਅ ਕੀਤੀ (ਜਿਹੋ ਜਿਹੀ ਕਿ ‘ਸਕਾਈਰੂਟ ਏਅਰੋਸਪੇਸ’ ਨੇ ਯੋਜਨਾ ਬਣਾਈ ਸੀ)। ‘ਭਾਰਤੀ ਰਾਸ਼ਟਰੀ ਪੁਲਾੜ ਪ੍ਰਮੋਸ਼ਨ ਅਤੇ ਪ੍ਰਸ਼ਾਸਕੀ ਕੇਂਦਰ’ (ਇਨ ਸਪੇਸ) ਦੇ ਮੁਖੀ ਪਵਨ ਗੋਇਨਕਾ ਨੇ ‘ਸਕਾਈਰੂਟ’ ਨੂੰ ਰਾਕੇਟ ਲਾਂਚਿੰਗ ਦੇ ਲਈ ਅਧਿਕਾਰਤ ਕੀਤੀ ਜਾਣ ਵਾਲੀ ਪਹਿਲੀ ਭਾਰਤੀ ਕੰਪਨੀ ਬਣਨ ’ਤੇ ਵਧਾਈ ਦਿੰਦੇ ਹੋਏ ਇਸ ਨੂੰ ਭਾਰਤ ’ਚ ਪੁਲਾੜ ਦੇ ਖੇਤਰ ’ਚ ਕਦਮ ਰੱਖਣ ਜਾ ਰਹੇ ਨਿੱਜੀ ਖੇਤਰ ਦੇ ਲਈ ਵੱਡੀ ਛਾਲ ਅਤੇ ਨਵੀਂ ਸ਼ੁਰੂਆਤ ਦੱਸਿਆ ਹੈ ਜਿਸ ਦੀ ਇਸ ਮੁਹਿੰਮ ਵਿਚ ਇਸਰੋ ਨੇ ਮਦਦ ਕੀਤੀ ਹੈ।

‘ਇਸਰੋ’ ਦੇ ਮੁਖੀ ਡਾ. ਐੱਸ. ਸੋਮਨਾਥ ਅਤੇ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਜਿਤੇਂਦਰ ਸਿੰਘ ਦੇਸ਼ ਦੀ ਪਹਿਲੀ ਨਿੱਜੀ ਲਾਂਚਿੰਗ ਦੇ ਗਵਾਹ ਬਣੇ। ਸ਼੍ਰੀ ਜਿਤੇਂਦਰ ਸਿੰਘ ਨੇ ਇਸ ਨੂੰ ਦੇਸ਼ ਦੇ ਪੁਲਾੜ ਪ੍ਰੋਗਰਾਮ ਦੀ ਨਵੀਂ ਸ਼ੁਰੂਆਤ ਅਤੇ ਨਵੀਂ ਸਵੇਰ ਕਰਾਰ ਦਿੱਤਾ ਅਤੇ ਕਿਹਾ ਕਿ ‘‘ਇਸਰੋ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਭਾਰਤ ਨੇ ਪਹਿਲੇ ਨਿੱਜੀ ਰਾਕੇਟ ਦੀ ਲਾਂਚਿੰਗ ਕਰਕੇ ਇਤਿਹਾਸ ਰਚਿਆ ਹੈ।’’ ਮਾਹਿਰਾਂ ਦੇ ਅਨੁਸਾਰ ਇਸ ਪ੍ਰੀਖਣ ਦੇ ਨਾਲ ਹੀ ਭਾਰਤ ਨਿੱਜੀ ਪੁਲਾੜ ਕੰਪਨੀਆਂ ਵੱਲੋਂ ਰਾਕੇਟ ਲਾਂਚਿੰਗ ਦੇ ਮਾਮਲੇ ’ਚ ਵਿਸ਼ਵ ਦੇ ਮੋਹਰੀ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ।

ਇਸ ਨਾਲ ਫਿਲਹਾਲ ਪੁਲਾੜ ਸੈਰ-ਸਪਾਟੇ ਦੇ ਦਰਵਾਜ਼ੇ ਤਾਂ ਨਹੀਂ ਖੁੱਲ੍ਹਣਗੇ ਅਤੇ ਇਸ ਵਿਚ ਅਜੇ ਘੱਟ ਤੋਂ ਘੱਟ 5 ਤੋਂ 10 ਸਾਲ ਹੋਰ ਲੱਗ ਸਕਦੇ ਹਨ ਪਰ ‘ਇਸਰੋ’ ਇਸ ’ਤੇ ਕੰਮ ਕਰ ਰਿਹਾ ਹੈ ਅਤੇ ਭਵਿੱਖ ਵਿਚ ਅਜਿਹਾ ਸੰਭਵ ਹੋ ਸਕਦਾ ਹੈ ਜਿਸ ਦੇ ਲਈ ਨਿੱਜੀ ਕੰਪਨੀਆਂ ਦੇ ਨਾਲ ਮਿਲ ਕੇ ‘ਇਸਰੋ’  ਵੱਲੋਂ ਪੁਲਾੜ ਮਿਸ਼ਨ ਸ਼ੁਰੂ ਕੀਤਾ ਗਿਆ ਹੈ।

ਵਰਨਣਯੋਗ ਹੈ ਕਿ ਅਮਰੀਕੀ ਉਦਯੋਗਪਤੀ ਐਲਨ ਮਸਕ ਵੱਲੋਂ ਆਪਣੀ ਕੰਪਨੀ ‘ਸਪੇਸ ਐਕਸ’ ਦੇ ਰਾਹੀਂ ਸ਼ੁਰੂ ਕੀਤੇ ਗਏ ਪੁਲਾੜ ਮਿਸ਼ਨ ਵਾਂਗ ਇਸੇ ਤਰ੍ਹਾਂ ਦੇ ਮਿਸ਼ਨ ਭਾਰਤ ’ਚ ਸ਼ੁਰੂ ਹੋਣ ਦੀ ਸੰਭਾਵਨਾ ’ਤੇ ਵੀ ਚਰਚਾ ਪ੍ਰਾਰੰਭ ਹੋ ਗਈ ਹੈ। ਫਿਲਹਾਲ ਵਰਜਿਨ ਆਰਬਿਟ, ਸਪੇਸਐਕਸ, ਬਲਿਊ ਓਰਿਜਨ ਵਰਗੀਆਂ ਵੱਡੀਆਂ ਕੰਪਨੀਆਂ ਹੀ ਸਪੇਸ ਟੂਰਿਜ਼ਮ ਅਤੇ ਕਾਰਗੋ ਫੈਸਿਲਿਟੀ ਪੁਲਾੜ ਤੱਕ ਪਹੁੰਚ ਰਹੀਆਂ  ਹਨ।

ਦੇਸ਼ ਵਿਚ ਸਿਰਫ ‘ਸਕਾਈਰੂਟ ਏਅਰੋ ਸਪੇਸ’ ਹੀ ਰਾਕੇਟ ਬਣਾਉਣ ਵਾਲੀ ਇਕੋ-ਇਕ ਕੰਪਨੀ ਨਹੀਂ ਹੈ। ਇਸ ਦੇ ਇਲਾਵਾ ‘ਅਗਨੀਕੁਲ ਕਾਸਮਾਸ’ ਅਤੇ ‘ਬੇਲਾਟ੍ਰਿਕਸ ਏਅਰੋਸਪੇਸ’ ਨਾਂ ਦੀਆਂ ਕੰਪਨੀਆਂ ਵੀ ਇਸ ਖੇਤਰ ’ਚ ਸਰਗਰਮ ਹਨ ਅਤੇ ਇਹ ਵੀ ਵੱਖ-ਵੱਖ ਪੱਧਰਾਂ ’ਤੇ ਆਪਣੇ ਰਾਕੇਟਾਂ ਦੇ ਪ੍ਰੀਖਣ ਕਰ ਰਹੀਆਂ ਹਨ। ਇਸ ਲਈ ਭਵਿੱਖ ਵਿਚ ਇਸ ਦਿਸ਼ਾ ਵਿਚ ਭਾਰਤੀ ਪੁਲਾੜ ਉਦਯੋਗ ਦੇ ਨਵੀਆਂ ਬੁਲੰਦੀਆਂ ’ਤੇ ਪਹੁੰਚਣ ਦੀ ਪ੍ਰਬਲ ਸੰਭਾਵਨਾ ਹੈ।    

-ਵਿਜੇ ਕੁਮਾਰ


author

Mandeep Singh

Content Editor

Related News