‘ਅੱਤਵਾਦੀ ਸਰਗਰਮੀਆਂ ਲਈ’ ‘ਨੇਪਾਲ ਦੀ ਧਰਤੀ ਦੀ ਹੋ ਰਹੀ ਵਰਤੋਂ’

03/03/2021 3:00:13 AM

ਦੁਨੀਆ ਦੇ ਇਕੋ-ਇਕ ਹਿੰਦੂ ਦੇਸ਼ ਅਤੇ ਆਪਣੇ ਨੇੜਲੇ ਗੁਆਂਢੀ ਨੇਪਾਲ ਨਾਲ ਸਾਡੇ ਸਦੀਆਂ ਤੋਂ ਡੂੰਘੇ ਸਬੰਧ ਚੱਲੇ ਆ ਰਹੇ ਹਨ। ਦੋਹਾਂ ਹੀ ਦੇਸ਼ਾਂ ਦੇ ਲੋਕਾਂ ਦਰਮਿਆਨ ‘ਰੋਟੀ ਤੇ ਬੇਟੀ’ ਦਾ ਰਿਸ਼ਤਾ ਹੈ। ਦੋਹਾਂ ਦੇਸ਼ਾਂ ਦੀ ਧਾਰਮਿਕ, ਸੰਸਕ੍ਰਿਤਕ, ਭਾਸ਼ਾਈ ਅਤੇ ਇਤਿਹਾਸਕ ਸਥਿਤੀ ’ਚ ਬਹੁਤ ਵਧੇਰੇ ਬਰਾਬਰੀ ਹੈ।

ਨੇਪਾਲ ’ਚ 2008 ’ਚ ਰਾਜਸ਼ਾਹੀ ਦੀ ਸਮਾਪਤੀ ਪਿੱਛੋਂ ਨਵਾਂ ਸੰਵਿਧਾਨ ਹੋਂਦ ’ਚ ਆਇਆ ਅਤੇ ਹੁਣ ਉੱਥੇ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਸਮਰਥਿਤ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ‘ਓਲੀ’ ਦੀ ਸਰਕਾਰ ਹੈ।

ਭਾਰਤ ਅਤੇ ਨੇਪਾਲ ਦੇ ਸਾਬਕਾ ਹੁਕਮਰਾਨਾਂ ਦਰਮਿਆਨ 1950 ’ਚ ਹੋਈ ‘ਸ਼ਾਂਤੀ ਅਤੇ ਮੈਤਰੀ ਸੰਧੀ’ ’ਚ ਕਿਹਾ ਗਿਆ ਸੀ ਕਿ ‘‘ਦੋਹਾਂ ਹੀ ਦੇਸ਼ਾਂ ਦੀਆਂ ਸਰਕਾਰਾਂ ਕਿਸੇ ਵਿਦੇਸ਼ੀ ਹਮਲਾਵਰ ਵੱਲੋਂ ਇਕ-ਦੂਜੇ ਦੀ ਰੱਖਿਆ ਨੂੰ ਪੈਦਾ ਖਤਰਾ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਦੋਹਾਂ ਹੀ ਦੇਸ਼ਾਂ ਦਰਮਿਆਨ ਸਬੰਧਾਂ ’ਚ ਕੁੜੱਤਣ ਪੈਦਾ ਕਰਨ ਵਾਲੇ ਕਾਰਨਾਂ ਸਬੰਧੀ ਇਕ-ਦੂਜੇ ਨੂੰ ਸੂਚਿਤ ਕਰਨਗੀਆਂ।’’

ਇਸ ਸੰਧੀ ਨਾਲ ਦੋਹਾਂ ਦੇਸ਼ਾਂ ’ਚ ‘ਵਿਸ਼ੇਸ਼’ ਸਬੰਧ ਮਜ਼ਬੂਤ ਹੋਏ ਸਨ ਜਿਸ ਅਨੁਸਾਰ ਭਾਰਤ ’ਚ ਰਹਿਣ ਵਾਲੇ ਨੇਪਾਲੀਆਂ ਨੂੰ ਆਪਣੇ ਦੇਸ਼ ਦੇ ਵਾਂਗ ਹੀ ਬਰਾਬਰੀ ਦਾ ਦਰਜਾ ਪ੍ਰਾਪਤ ਹੈ। ਭਾਰਤੀ ਫੌਜ ’ਚ ਨੇਪਾਲੀ ਭਾਈਚਾਰੇ ਦੇ ਲੋਕਾਂ ਲਈ ਵਿਸ਼ੇਸ਼ ਤੌਰ ’ਤੇ ਗਠਿਤ ‘ਗੋਰਖਾ ਰੈਜੀਮੈਂਟ’ ’ਚ ਅਜੇ ਵੀ ਗੋਰਖਿਆਂ ਦੀ ਭਰਤੀ ਕੀਤੀ ਜਾਂਦੀ ਹੈ ਪਰ ਪਾਕਿਸਤਾਨੀ ਅੱਤਵਾਦੀ ਭਾਰਤ ਵਿਰੋਧੀ ਸਰਗਰਮੀਆਂ ਲਈ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਨੇਪਾਲ ਦੀ ਧਰਤੀ ਦੀ ਵਰਤੋਂ ਕਰਦੇ ਆ ਰਹੇ ਹਨ ਅਤੇ ਉਥੋਂ ਦੀ ਸਰਕਾਰ ਮੌਨ ਹੈ।

ਇਸ ਦੀ ਪਹਿਲੀ ਉਦਾਹਰਣ 24 ਦਸੰਬਰ 1999 ਨੂੰ ਕੰਧਾਰ ਹਵਾਈ ਜਹਾਜ਼ ਅਗਵਾ ਕਾਂਡ ਹੈ ਜਦੋਂ ਅੱਤਵਾਦੀ 150 ਮੁਸਾਫਰਾਂ ਸਮੇਤ ਏਅਰ ਇੰਡੀਆ ਦੇ ਹਵਾਈ ਜਹਾਜ਼ ਨੂੰ ਕਾਠਮੰਡੂ ਹਵਾਈ ਅੱਡੇ ਤੋਂ ਅਗਵਾ ਕਰ ਕੇ ਅਫਗਾਨਿਸਤਾਨ ਦੇ ਕੰਧਾਰ ਸ਼ਹਿਰ ਲੈ ਗਏ ਅਤੇ ਚੁਣੌਤੀ ਦਿੱਤੀ ਕਿ ਭਾਰਤ ’ਚ ਬੰਦ ਅੱਤਵਾਦੀ ਮਸੂਦ ਅਜ਼ਹਰ ਅਤੇ 2 ਹੋਰਨਾਂ ਅੱਤਵਾਦੀਆਂ ਦੀ ਰਿਹਾਈ ਤੋਂ ਬਾਅਦ ਹੀ ਹਵਾਈ ਜਹਾਜ਼ ਨੂੰ ਛੱਡਿਆ ਜਾਵੇਗਾ।

ਅਗਵਾ ਹੋਏ ਮੁਸਾਫਰਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਦਦ ਦੀ ਅਪੀਲ ਕਰਨ ’ਤੇ ਸ਼੍ਰੀ ਵਾਜਪਾਈ ਨੇ ਅੱਤਵਾਦੀਆਂ ਦੀ ਮੰਗ ਪ੍ਰਵਾਨ ਕਰ ਕੇ ਉਸ ਵੇਲੇ ਦੇ ਵਿਦੇਸ਼ ਮੰਤਰੀ ਸ਼੍ਰੀ ਜਸਵੰਤ ਸਿੰਘ ਨੂੰ ਹਵਾਈ ਜਹਾਜ਼ ਛੁਡਵਾਉਣ ਲਈ ਉਕਤ ਅੱਤਵਾਦੀਆਂ ਨਾਲ ਕੰਧਾਰ ਭੇਜਿਆ ਸੀ।

ਉਸ ਪਿੱਛੋਂ 2013 ’ਚ ਯਾਸੀਨ ਭਟਕਲ ਸਮੇਤ ਇੰਡੀਅਨ ਮੁਜਾਹਿਦੀਨ (ਆਈ. ਐੱਮ.) ਦੇ ਦੋ ਚੋਟੀ ਦੇ ਅੱਤਵਾਦੀ ਨੇਪਾਲ ਦੇ ‘ਪੋਖਰਾ’ ਤੋਂ ਹੀ ਗ੍ਰਿਫਤਾਰ ਕੀਤੇ ਗਏ ਸਨ।

2019 ’ਚ ਸਾਹਮਣੇ ਆਏ ਨੇਪਾਲ ਦੇ ਕੇਂਦਰੀ ਬੈਂਕ ਨਾਲ ਜੁੜੇ ‘ਇੰਟਰਨੈਸ਼ਨਲ ਟੈਰਰ ਫੰਡਿੰਗ’ ਦੇ ਇਕ ਸਕੈਂਡਲ ਦੀ ਜਾਂਚ ਦੌਰਾਨ ਇਸ ’ਚ ਅਜਿਹੇ ਵਿਅਕਤੀ ਸ਼ਾਮਲ ਪਾਏ ਗਏ ਜਿਨ੍ਹਾਂ ’ਤੇ ਭਾਰਤ ’ਚ ਅੱਤਵਾਦੀ ਸਰਗਰਮੀਆਂ ਨੂੰ ਚਲਾਉਣ ਲਈ ਧਨ ਲਿਆਉਣ ਦਾ ਸ਼ੱਕ ਸੀ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਪੁਲਸ ਨੂੰ ਦੱਸਿਆ ਸੀ ਕਿ ਦੂਜੇ ਦੇਸ਼ਾਂ ਤੋਂ ਨੇਪਾਲ ਸਥਿਤ ਬੈਂਕਾਂ ’ਚ ਵੱਖ-ਵੱਖ ਖਾਤਾਧਾਰਕਾਂ ਦੇ ਖਾਤਿਆਂ ’ਚ ਰਕਮ ਭੇਜੀ ਜਾਂਦੀ ਅਤੇ ਉਹ ਉਨ੍ਹਾਂ ਖਾਤਾਧਾਰਕਾਂ ਨੂੰ 5 ਫੀਸਦੀ ਕਮਿਸ਼ਨ ਦਿੰਦੇ ਸਨ।

ਉਹ ਇਸ ਕਰੰਸੀ ਨੂੰ ਭਾਰਤੀ ਕਰੰਸੀ ’ਚ ਤਬਦੀਲ ਕਰ ਕੇ ਆਪਣੇ ‘ਹੈਂਡਲਰਾਂ’ ਨੂੰ ਸੌਂਪ ਦਿੰਦੇ ਸਨ ਅਤੇ ਇਸ ਦੇ ਬਦਲੇ ’ਚ ‘ਹੈਂਡਲਰ’ ਉਨ੍ਹਾਂ ਨੂੰ 6 ਫੀਸਦੀ ਕਮਿਸ਼ਨ ਦਿੰਦੇ ਸਨ। ਇਹ ‘ਹੈਂਡਲਰ’ ਇਹ ਰਕਮ ਕੋਰੀਅਰ ਰਾਹੀਂ ਭਾਰਤ ਭੇਜ ਦਿੰਦੇ ਸਨ ਜਿੱਥੇ ਇਸ ਨੂੰ ਭਾਰਤ ਵਿਰੋਧੀ ਸਰਗਰਮੀਆਂ ਲਈ ਵਰਤਿਆ ਜਾਂਦਾ ਸੀ।

ਨਵੰਬਰ 2019 ’ਚ ਅਮਰੀਕੀ ਵਿਦੇਸ਼ ਵਿਭਾਗ ਦੀ ‘ਕੰਟਰੀ ਰਿਪੋਰਟ ਆਨ ਟੈਰੇਰਿਜ਼ਮ- 2018’ ’ਚ ਕਿਹਾ ਗਿਆ ਕਿ ‘ਇੰਡੀਅਨ ਮੁਜਾਹਿਦੀਨ’ (ਆਈ. ਐੱਮ.) ਦੇ ‘ਲਸ਼ਕਰ-ਏ-ਤੋਇਬਾ’, ‘ਜੈਸ਼-ਏ-ਮੁਹੰਮਦ’ ਅਤੇ ‘ਹਰਕਤ-ਉਲ-ਜਹਾਦ-ਇਸਲਾਮੀ’ ਨਾਲ ਸਬੰਧ ਹਨ ਜੋ ਭਾਰਤ ’ਚ ਅੱਤਵਾਦੀ ਸਰਗਰਮੀਆਂ ਲਈ ਨੇਪਾਲ ਨੂੰ ਇਕ ਕੇਂਦਰ ਵਜੋਂ ਵਰਤ ਰਹੇ ਹਨ ਅਤੇ ਪਾਕਿਸਤਾਨ ਅਤੇ ਮੱਧ ਪੂਰਬ ਦੇ ਦੇਸ਼ਾਂ ਤੋਂ ਧਨ ਪ੍ਰਾਪਤ ਕਰ ਰਹੇ ਸ਼ੱਕੀ ਅੱਤਵਾਦੀਆਂ ਨੇ ਆਪਣੀਆਂ ਸਰਗਰਮੀਆਂ ਨੇਪਾਲ ਤੱਕ ਵਧਾ ਦਿੱਤੀਆਂ ਹਨ।

ਹੁਣ ਧਨ ਨੇਪਾਲ ਤੋਂ ਬਿਹਾਰ ਦੇ ਰਸਤੇ ਜੰਮੂ-ਕਸ਼ਮੀਰ ਭੇਜਿਆ ਜਾ ਰਿਹਾ ਹੈ ਅਤੇ ਇਸ ਧੰਦੇ ’ਚ ਬਿਹਾਰ ਦੇ ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਨੂੰ ਰਾਤੋ-ਰਾਤ ਅਮੀਰ ਬਣਾਉਣ ਦਾ ਲਾਲਚ ਦੇ ਕੇ ਕੋਰੀਅਰ ਬਣਾਇਆ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਐੱਸ. ਐੱਸ. ਬੀ. ਦੀ 52ਵੀਂ ਬਟਾਲੀਅਨ ਵੱਲੋਂ 1 ਲੱਖ 65 ਹਜ਼ਾਰ ਰੁਪਏ ਦੇ ਨਕਲੀ ਨੋਟਾਂ ਨਾਲ ਗ੍ਰਿਫਤਾਰ ਕੀਤੇ ਗਏ ਬਿਹਾਰ ਦੇ ਅਰਰੀਆ ਜ਼ਿਲੇ ਦੇ ਨੌਜਵਾਨ ਨੇ ਕੀਤਾ ਹੈ।

ਇਸ ਨੌਜਵਾਨ ਮੁਤਾਬਕ ਉਹ ਨੇਪਾਲ ਤੋਂ ਰੁਪਇਆਂ ਦੀ ਖੇਪ ਲਿਆ ਕੇ ਘਰ ’ਚ ਰੱਖਦਾ ਹੈ ਅਤੇ ਮੌਕਾ ਵੇਖ ਕੇ ਜੰਮੂ-ਕਸ਼ਮੀਰ ਪਹੁੰਚਾ ਦਿੰਦਾ ਹੈ। ਇਸ ਦੇ ਬਦਲੇ ’ਚ ਉਸ ਨੂੰ ਮੋਟੀ ਕਮਿਸ਼ਨ ਦਿੱਤੀ ਜਾਂਦੀ ਹੈ। ਇਸ ਨੌਜਵਾਨ ਦੇ ਘਰੋਂ ਜੰਮੂ-ਕਸ਼ਮੀਰ ਨਾਲ ਜੁੁੜੇ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਇਸ ਅਨੁਸਾਰ ਉਸ ਦੇ ਗਿਰੋਹ ’ਚ ਕਈ ਹੋਰ ਨੌਜਵਾਨ ਸ਼ਾਮਲ ਹਨ।

ਭਾਰਤ ’ਚ ਨਕਲੀ ਕਰੰਸੀ ਭੇਜਣ ਅਤੇ ਅੱਤਵਾਦੀ ਸਰਗਰਮੀਆਂ ਲਈ ਲੰਬੇ ਸਮੇਂ ਤੋਂ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਭਾਰਤ ਵਿਰੋਧੀ ਸਰਗਰਮੀਆਂ ਲਈ ਨੇਪਾਲ ਦੀ ਧਰਤੀ ਦੀ ਵਰਤੋਂ ਜਾਰੀ ਰਹਿਣੀ ਯਕੀਨੀ ਹੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਭਾਰਤ ਅਤੇ ਨੇਪਾਲ ਦੇ ਰਿਸ਼ਤੇ ਵਿਗੜ ਵੀ ਸਕਦੇ ਹਨ।

ਇਸ ਲਈ ਨੇਪਾਲ ਸਰਕਾਰ ਨੂੰ ਇਸ ਸਬੰਧੀ ਸਖਤੀ ਨਾਲ ਕਦਮ ਚੁੱਕ ਕੇ ਇਨ੍ਹਾਂ ’ਤੇ ਰੋਕ ਲਾਉਣੀ ਚਾਹੀਦੀ ਹੈ ਅਤੇ ਭਾਰਤ ਸਰਕਾਰ ਨੂੰ ਵੀ ਸਰਹੱਦ ’ਤੇ ਆਪਣੀ ਚੌਕਸੀ ਵਧਾਉਣੀ ਚਾਹੀਦੀ ਹੈ ਤਾਂ ਜੋ ਇਸ ਬੁਰਾਈ ’ਤੇ ਰੋਕ ਲੱਗੇ ਜਿਸ ਨਾਲ ਦੋਹਾਂ ਦੇਸ਼ਾਂ ਦੀ ਸ਼ਾਂਤੀ ਭੰਗ ਨਾ ਹੋਵੇ ਅਤੇ ਉਨ੍ਹਾਂ ਦੇ ਆਪਸੀ ਰਿਸ਼ਤੇ ਮਜ਼ਬੂਤ ਹੋਣ।

-ਵਿਜੇ ਕੁਮਾਰ


Bharat Thapa

Content Editor

Related News