ਸਟਾਫ ਦੀਆਂ ਲਾਪਰਵਾਹੀਆਂ ਬਣ ਸਕਦੀਆਂ ਹਨ ਰੇਲ ਹਾਦਸੇ ਦਾ ਕਾਰਨ
Tuesday, Feb 27, 2024 - 05:47 AM (IST)

ਭਾਰਤੀ ਰੇਲ ਏਸ਼ੀਆ ਦਾ ਦੂਜਾ ਵੱਡਾ ਰੇਲ ਨੈੱਟਵਰਕ ਅਤੇ ਇਸ ਦਾ ਵਿਸਥਾਰ ਕਰਦੇ ਹੋਏ ‘ਵੰਦੇ ਭਾਰਤ’ ਤੇ ਹੋਰ ਨਵੀਆਂ ਤੇਜ਼ ਰਫਤਾਰ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਲਗਾਤਾਰ ਹੋਣ ਵਾਲੀਆਂ ਛੋਟੀਆਂ-ਵੱਡੀਆਂ ਰੇਲ ਦੁਰਘਟਨਾਵਾਂ ਸੁਚੇਤ ਕਰ ਰਹੀਆਂ ਹਨ ਕਿ ਭਾਰਤੀ ਰੇਲ ਨੈੈੱਟਵਰਕ ’ਚ ਸਭ ਠੀਕ ਨਹੀਂ ਹੈ :-
* 7 ਦਸੰਬਰ, 2023 ਨੂੰ ਕਟਕ ਰੇਲਵੇ ਸਟੇਸ਼ਨ ’ਤੇ ਖੜ੍ਹੀ ਭੁਵਨੇਸ਼ਵਰ-ਹਾਵੜਾ ‘ਜਨ ਸ਼ਤਾਬਦੀ ਐਕਸਪ੍ਰੈੱਸ’ ਦੇ ਇਕ ਕੋਚ ’ਚ ਅੱਗ ਲੱਗ ਗਈ।
* 30 ਦਸੰਬਰ, 2023 ਨੂੰ ਬਿਹਾਰ ’ਚ ‘ਬੜਾ ਗੋਪਾਲ’ ਸਟੇਸ਼ਨ ਤੋਂ ਛਪਰਾ ਜਾ ਰਹੀ ਮਾਲ ਗੱਡੀ ਕਪਲਿੰਗ ਟੁੱਟਣ ਨਾਲ ਦੋ ਹਿੱਸਿਆਂ ’ਚ ਵੰਡੀ ਗਈ। ਇੰਜਣ ਸਮੇਤ ਇਸ ਦੇ 9 ਡੱਬੇ ਤਾਂ ‘ਗੋਲਡਨਗੰਜ’ ਪੁੱਜ ਗਏ ਅਤੇ 32 ਡੱਬੇ ‘ਬੜਾ ਗੋਪਾਲ’ ਸਟੇਸ਼ਨ ’ਤੇ ਹੀ ਰਹਿ ਗਏ।
* ਅਤੇ ਹੁਣ 25 ਫਰਵਰੀ, 2024 ਨੂੰ ਸਵੇਰੇ ਲਗਭਗ 7.15 ਵਜੇ ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ਤੋਂ ਪੱਥਰਾਂ ਨਾਲ ਲੱਦੀ ਮਾਲ ਗੱਡੀ ਬਿਨਾਂ ਡਰਾਈਵਰ ਅਤੇ ਗਾਰਡ ਦੇ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫਤਾਰ ਨਾਲ ਚੱਲ ਪਈ।
ਰੇਲਵੇ ਸੂਤਰਾਂ ਮੁਤਾਬਿਕ ਕਠੂਆ ਰੇਲਵੇ ਸਟੇਸ਼ਨ ’ਤੇ ਇਸ ਮਾਲ ਗੱਡੀ ਦੇ ਡਰਾਈਵਰ ਅਤੇ ਗਾਰਡ ਨੂੰ ਬਦਲਿਆ ਜਾਣਾ ਸੀ ਪਰ ਡਿਊਟੀ ਖਤਮ ਕਰ ਕੇ ਜਾਣ ਵਾਲੇ ਡਰਾਈਵਰ ਨੇ ਟ੍ਰੇਨ ਦੀ ਹੈਂਡਬਰੇਕ ਹੀ ਨਹੀਂ ਲਾਈ।
ਇਸ ਦੇ ਚੱਲ ਪੈਣ ਦੀ ਸੂਚਨਾ ਮਿਲਦਿਆਂ ਹੀ ਅੱਗੇ ਦੇ ਸਾਰੇ ਸਟੇਸ਼ਨਾਂ ਨੂੰ ਅਲਰਟ ਕਰ ਦੇਣ ਨਾਲ ਉਨ੍ਹਾਂ ਨੂੰ ਇਸ ਲਈ ਟਰੈਕ ਖਾਲੀ ਕਰਨ ਤੋਂ ਇਲਾਵਾ ਰਾਹ ’ਚ ਪੈਣ ਵਾਲੇ ਸਾਰੇ ਫਾਟਕ ਬੰਦ ਕਰਵਾ ਦਿੱਤੇ ਗਏ ਨਹੀਂ ਤਾਂ ਗੱਡੀ ਦੇ ਪਲਟਣ ਜਾਂ ਕੋਈ ਫਾਟਕ ਖੁੱਲ੍ਹਾ ਰਹਿਣ ਦੇ ਨਤੀਜੇ ਵਜੋਂ ਵੱਡੀ ਦੁਰਘਟਨਾ ਵੀ ਹੋ ਸਕਦੀ ਸੀ।
ਪਹਿਲਾਂ ਸੁਜਾਨਪੁਰ, ਪਠਾਨਕੋਟ ਕੈਂਟ, ਮੁਕੇਰੀਆਂ ਸਟੇਸ਼ਨ ’ਤੇ ਸਟਾਪ ਆਦਿ ਰੱਖ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲਤਾ ਨਹੀਂ ਮਿਲੀ। ਅਖੀਰ 1 ਘੰਟਾ 24 ਮਿੰਟ ਪਿੱਛੋਂ 8.37 ਵਜੇ ਲਗਭਗ 78 ਕਿਲੋਮੀਟਰ ਦੂਰ ‘ਉੱਚੀ ਬੱਸੀ’ ਰੇਲਵੇ ਸਟੇਸ਼ਨ ਨੇੜੇ ਟਰੈਕ ਨੰ. 2 ’ਤੇ ਇੱਟ-ਪੱਥਰ ਅਤੇ ਸਟਾਪਰ ਦੀ ਮਦਦ ਨਾਲ ਮਾਲ ਗੱਡੀ ਨੂੰ ਬੜੀ ਮੁਸ਼ਕਿਲ ਨਾਲ ਰੋਕਿਆ ਜਾ ਸਕਿਆ।
ਇਸ ਵਿਚਕਾਰ ਤਾਮਿਲਨਾਡੂ ਵਿਚ ਨੀਲਗਿਰੀ ਮਾਊਂਟੇਨ ਰੇਲਵੇ ਟ੍ਰੇਨ ਦੇ ਮੱਝ ਨਾਲ ਟਕਰਾਉਣ ਨਾਲ ਇਕ ਡੱਬੇ ਦੇ ਪਟੜੀ ਤੋਂ ਉੱਤਰਨ ਦੀ ਖਬਰ ਆ ਗਈ ਹੈ।
ਹਾਲਾਂਕਿ ਬਿਨਾਂ ਡਰਾਈਵਰ ਮਾਲ ਗੱਡੀ ਚੱਲਣ ਦੇ ਮਾਮਲੇ ’ਚ ਕਠੂਆ ਦੇ ਸਟੇਸ਼ਨ ਮਾਸਟਰ ਸਮੇਤ 6 ਅਧਿਕਾਰੀਆਂ/ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਉਕਤ ਸਾਰੀਆਂ ਦੁਰਘਟਨਾਵਾਂ ਤੋਂ ਸਪੱਸ਼ਟ ਹੈ ਕਿ ਰੇਲਵੇ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਲਿਆਉਣ ਅਤੇ ਇਸਨੂੰ ਚਲਾਉਣ ਵਾਲੇ ਸਟਾਫ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਨਹੀਂ ਤਾਂ ਕਦੀ ਵੀ ਕੋਈ ਛੋਟੀ ਜਿਹੀ ਅਣਗਹਿਲੀ ਕਿਸੇ ਵੱਡੀ ਦੁਰਘਟਨਾ ਦਾ ਰੂਪ ਵੀ ਲੈ ਸਕਦੀ ਹੈ।
–ਵਿਜੇ ਕੁਮਾਰ