ਨਕਸਲਵਾਦੀਆਂ ਵਲੋਂ ਸੁਰੱਖਿਆ ਬਲਾਂ ''ਤੇ ਲਗਾਤਾਰ ਹਮਲੇ ਜਾਰੀ

04/25/2017 7:14:49 AM

''ਨਕਸਲਵਾਦੀਆਂ'' ਦਾ ਖਰੂਦ ਬੰਗਾਲ ਦੇ ਪਿੰਡ ਨਕਸਲਬਾੜੀ ਤੋਂ ਸ਼ੁਰੂ ਹੋਇਆ। ਸ਼ੁਰੂ ਤੋਂ ਇਨ੍ਹਾਂ ਦੀ ਵਿਚਾਰਧਾਰਾ ਮਾਰਕਸਵਾਦੀ-ਲੈਨਿਨਵਾਦੀ ਸੀ, ਜੋ ਬਾਅਦ ''ਚ ਮਾਓਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਏ ਅਤੇ ਮਾਓਵਾਦੀਆਂ ਵਾਲੇ ਰਾਹ ''ਤੇ ਚੱਲ ਪਏ।
ਇਨ੍ਹਾਂ ਨੇ ਆਪਣੀ ਆਮਦਨ ਲਈ ਕਈ ਜਾਇਜ਼-ਨਾਜਾਇਜ਼ ਤਰੀਕੇ ਅਪਣਾਏ ਹੋਏ ਹਨ, ਜਿਸ ''ਚ ਛੱਤੀਸਗੜ੍ਹ ਦੇ ਬਸਤਰ ਜ਼ਿਲੇ ''ਚੋਂ ਵਿਦੇਸ਼ਾਂ ਨੂੰ ਬਰਾਮਦ ਕੀਤੇ ਜਾਣ ਵਾਲੇ ਲੋਹ ਖਣਿਜ ਦੀਆਂ ਵੈਗਨਾਂ ਨੂੰ ''ਲੁੱਟ ਕੇ'' ਕਰੋੜਾਂ ਰੁਪਏ ਕਮਾਉਣਾ ਵੀ ਸ਼ਾਮਿਲ ਹੈ।
ਕਿਰਦੂਲ ਤੋਂ ਹਰ ਰੋਜ਼ ਵਿਸ਼ਾਖਾਪਟਨਮ ਲਈ ਲੋਹ ਖਣਿਜ ਨਾਲ ਭਰੀਆਂ ਵੈਗਨਾਂ ਰਵਾਨਾ ਹੁੰਦੀਆਂ ਹਨ। ਨਕਸਲਵਾਦੀ ਗਿਰੋਹਾਂ ਦੇ ਮੈਂਬਰ ਟਰੈਕ ਤੋੜ ਕੇ ਵੈਗਨਾਂ ਨੂੰ ਪਲਟ ਦਿੰਦੇ ਹਨ, ਜਿਸ ਨਾਲ ਲੋਹ ਖਣਿਜ ਰੇਲ ਪੱਟੜੀਆਂ ਦੇ ਆਸ-ਪਾਸ ਖਿੱਲਰ ਜਾਂਦਾ ਹੈ।
ਮਾਫੀਆ ਦੇ ਬੰਦੇ ਇਸ ਨੂੰ ਚੁੱਕ ਕੇ ਬਾਜ਼ਾਰ ''ਚ ਵੇਚ ਦਿੰਦੇ ਹਨ ਤੇ ਇਸ ਦੀ ਵਿਕਰੀ ਤੋਂ ਮਿਲਣ ਵਾਲੇ ਕਰੋੜਾਂ ਰੁਪਏ ''ਚੋਂ ਨਕਸਲਵਾਦੀਆਂ ਦਾ ਹਿੱਸਾ ਉਨ੍ਹਾਂ ਕੋਲ ਪਹੁੰਚ ਜਾਂਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਨੁਸਾਰ ਸਾਡੇ ਦੇਸ਼ ''ਚ ਨਕਸਲਵਾਦ ਅੱਤਵਾਦ ਤੋਂ ਵੀ ਵੱਡਾ ਖਤਰਾ ਬਣ ਚੁੱਕਾ ਹੈ। ਇਹ ਇਸ ਸਮੇਂ ਨਾ ਸਿਰਫ ਸਰਕਾਰ ਵਿਰੁੱਧ ਅਸਿੱਧੀ ਜੰਗ ''ਚ ਲੱਗੇ ਹੋਏ ਹਨ ਸਗੋਂ ਕੰਗਾਰੂ ਅਦਾਲਤਾਂ ਲਾ ਕੇ ਮਨਮਰਜ਼ੀ ਨਾਲ ਫੈਸਲੇ ਵੀ ਸੁਣਾ ਰਹੇ ਹਨ, ਲੋਕਾਂ ਤੋਂ ਜ਼ਬਰਦਸਤੀ ਵਸੂਲੀ, ਲੁੱਟਮਾਰ ਤੇ ਹੱਤਿਆਵਾਂ ਕਰ ਰਹੇ ਹਨ। ਹੇਠਾਂ ਦਰਜ ਹਨ ਦੇਸ਼ ''ਚ ਲਗਾਤਾਰ ਜਾਰੀ ਨਕਸਲੀ ਹਿੰਸਾ ਦੀਆਂ ਕੁਝ ਤਾਜ਼ਾ ਮਿਸਾਲਾਂ :
* 11 ਮਾਰਚ ਨੂੰ ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ''ਚ ਨਕਸਲਵਾਦੀਆਂ ਦੇ ਹਮਲੇ ''ਚ ਸੀ. ਆਰ. ਪੀ. ਐੱਫ. ਦੇ 12 ਜਵਾਨ ਸ਼ਹੀਦ ਹੋਏ।
* 16 ਮਾਰਚ ਨੂੰ ਓਡਿਸ਼ਾ ਦੇ ਕਾਲਾਹਾਂਡੀ ਜ਼ਿਲੇ ''ਚ ਕਾਰਲਾਪਟ  ਪਿੰਡ ''ਚ 7 ਔਰਤਾਂ ਸਮੇਤ 20 ਦੇ ਲੱਗਭਗ ਹਥਿਆਰਬੰਦ ਨਕਸਲਵਾਦੀਆਂ ਨੇ ਰਾਤ ਦੇ ਸਮੇਂ ਘਰ ''ਚ ਸੁੱਤੇ ਪਏ ਤਿੰਨ ਦਿਹਾਤੀਆਂ ਨੂੰ ਜਗਾ ਕੇ ਉਨ੍ਹਾਂ ਨੂੰ ਅਗਵਾ ਕਰ ਲਿਆ।
* 19 ਮਾਰਚ ਨੂੰ ਝਾਰਖੰਡ ਦੇ ਗੁਮਲਾ ਜ਼ਿਲੇ ਦੇ ਪਾਲਕੋਠਾਨਾ ਖੇਤਰ ''ਚ ''ਝੁਤਰਾ'' ਨਾਮੀ ਇਕ ਵਿਅਕਤੀ ਨੂੰ ਸੂਹੀਆ ਹੋਣ ਦੇ ਸ਼ੱਕ ''ਚ ਗੋਲੀ ਮਾਰ ਦਿੱਤੀ। 
* 09 ਅਪ੍ਰੈਲ ਨੂੰ ਉਨ੍ਹਾਂ ਨੇ ਗੜ੍ਹਚਿਰੌਲੀ ਦੇ ਭਾਂਬਰਾਗੜ੍ਹ ''ਚ ਰਾਤ 9 ਵਜੇ ''ਲਾਲਸੂ'' ਨਾਮੀ ਵਿਅਕਤੀ ਨੂੰ ਫੜ ਕੇ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਮਾਰ ਦਿੱਤਾ।
* 13 ਅਪ੍ਰੈਲ ਨੂੰ ਇਨ੍ਹਾਂ ਨੇ ਬੀਜਾਪੁਰ ਜ਼ਿਲੇ ਦੇ ਚੌਖਨਪਾਲ ਪਿੰਡ ''ਚ ''ਚੈਤੂ ਉਈਕਾ'' ਨਾਮੀ ਦਿਹਾਤੀ ਨੂੰ ਲਾਠੀਆਂ-ਡੰਡਿਆਂ ਨਾਲ ਕੁੱਟਣ ਤੋਂ ਬਾਅਦ ਰੱਸੀ ਨਾਲ ਗਲਾ ਘੁੱਟ ਕੇ ਪੱਥਰ ਨਾਲ ਉਸ ਦਾ ਸਿਰ ਕੁਚਲ ਦਿੱਤਾ।
* 16 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲੇ ''ਚ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਮਾਓਵਾਦੀਆਂ ਵਲੋਂ ਅਰਨਪੁਰ-ਜਗਰਗੁੰਡਾ ਮਾਰਗ ਦੇ ਕੋਂਡਾ ਪਾਰਾ ''ਚ ਸੀ. ਆਰ. ਪੀ. ਐੱਫ. ਦੇ 231 ਬਟਾਲੀਅਨ ਕੈਂਪ ਨੂੰ ਉਡਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ।
* 16 ਅਪ੍ਰੈਲ ਨੂੰ ਹੀ ਬਿਹਾਰ ''ਚ ਗਯਾ ਦੇ ਬਾਂਕੇ ਬਾਜ਼ਾਰ ਖੇਤਰ ''ਚ ਗੋਜਨਾ ਪਿੰਡ ਨੇੜੇ ਐੱਸ. ਪੀ. ਓ. ਛੋਟੂ ਨੂੰ ਮਾਰ ਕੇ ਉਸ ਦੀਆਂ ਅੱਖਾਂ ਵੀ ਕੱਢ ਦਿੱਤੀਆਂ।
* 18 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ''ਚ ਮਾਓਵਾਦੀਆਂ ਹੱਥੋਂ ਮਾਰੀ ਗਈ ਮੁਟਿਆਰ ਦੀ ਲਾਸ਼ ਜਗਰਗੁੰਡਾ ਰਾਹਤ ਕੈਂਪ ''ਚ ਫਾਂਸੀ ''ਤੇ ਲਟਕਦੀ ਮਿਲੀ।
* 18 ਅਪ੍ਰੈਲ ਨੂੰ ਹੀ ਬਿਹਾਰ-ਝਾਰਖੰਡ ਦੇ ਸਰਹੱਦੀ ਇਲਾਕੇ ''ਚ ਮੁਖਬਰੀ ਦੇ ਸ਼ੱਕ ''ਚ ਨਕਸਲਵਾਦੀਆਂ ਨੇ ਸ਼ਿਵਨਾਥ ਯਾਦਵ ਅਤੇ ਉਸ ਦੇ ਬੇਟੇ ਗੁੱਡੂ ਨੂੰ ਮਾਰ ਦਿੱਤਾ।
ਅਤੇ ਹੁਣ 24 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲੇ ਦੇ ਬੇਹੱਦ ਸੰਘਣੇ ਜੰਗਲ ਵਾਲੇ ''ਚਿੰਤਾਗੁਫਾ'' ਇਲਾਕੇ ''ਚ, ਜਿਸ ਨੂੰ ''ਨਕਸਲਵਾਦੀਆਂ ਦੀ ਰਾਜਧਾਨੀ'' ਵਜੋਂ ਵੀ ਜਾਣਿਆ ਜਾਂਦਾ ਹੈ, 300 ਨਕਸਲਵਾਦੀਆਂ ਨੇ ਇਕ ਵੱਡੇ ਹਮਲੇ ''ਚ ਪੁਲਸ ਦੀ ਟੁਕੜੀ ''ਤੇ ਗੋਲੀਬਾਰੀ ਕਰ ਕੇ ਸੀ. ਆਰ. ਪੀ. ਐੱਫ. ਦੀ 74ਵੀਂ ਬਟਾਲੀਅਨ ਦੇ 25 ਜਵਾਨਾਂ ਨੂੰ ਸ਼ਹੀਦ ਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ, ਜਦਕਿ ਕੁਝ ਜਵਾਨ ਲਾਪਤਾ ਹਨ। ਨਕਸਲਵਾਦੀ ਉਨ੍ਹਾਂ ਦੇ ਹਥਿਆਰ ਵੀ ਲੁੱਟ ਕੇ ਲੈ ਗਏ।
ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਨਾ ਸਿਰਫ ਨਕਸਲਵਾਦੀਆਂ ਨੇ ਲੋਕਾਂ ਦੀ ਹੱਤਿਆ ਤੋਂ ਪਹਿਲਾਂ ਉਨ੍ਹਾਂ ਨੂੰ ਬੇਰਹਿਮੀ ਨਾਲ ਟਾਰਚਰ ਕਰਨ ਨੂੰ ਵੀ ਆਪਣੀ ਕਾਰਜਸ਼ੈਲੀ ਦਾ ਇਕ ਅਟੁੱਟ ਅੰਗ ਬਣਾ ਲਿਆ ਹੈ ਸਗੋਂ ਉਹ ਆਪਣੇ ਹਮਲਿਆਂ ''ਚ ਤੀਬਰਤਾ ਲਿਆਉਂਦੇ ਜਾ ਰਹੇ ਹਨ।
ਇਨ੍ਹਾਂ ਅੱਗੇ ਸਰਕਾਰ ਲਾਚਾਰ ਨਜ਼ਰ ਆਉਂਦੀ ਹੈ ਤੇ ਲਗਾਤਾਰ ਇਨ੍ਹਾਂ ਦੀਆਂ ਸਰਗਰਮੀਆਂ ਦਾ ਜਾਰੀ ਰਹਿਣਾ ਭਾਰਤੀ ਸੁਰੱਖਿਆ ਬਲਾਂ ਦੀ ਭੁੱਲ ਅਤੇ ਸਾਡੇ ਰਣਨੀਤੀ ਘਾੜਿਆਂ ਦੀਆਂ ਢਿੱਲੀਆਂ-ਮੱਠੀਆਂ ਨੀਤੀਆਂ ਦਾ ਹੀ ਨਤੀਜਾ ਹੈ।
ਨਕਸਲਵਾਦੀਆਂ ਪ੍ਰਤੀ ਵੀ ਸਾਡੀਆਂ ਕੇਂਦਰ ਤੇ ਸੂਬਾ ਸਰਕਾਰਾਂ ਲਗਾਤਾਰ ਆਪਣਾ ਸਟੈਂਡ ਬਦਲਦੀਆਂ ਰਹੀਆਂ ਹਨ ਅਤੇ ਇਕ ਆਮ ਬਹਾਨਾ ਇਹ ਹੈ ਕਿ ਕਾਨੂੰਨ ਵਿਵਸਥਾ ਸੂਬਿਆਂ ਦੀ ਸਮੱਸਿਆ ਹੈ, ਲਿਹਾਜ਼ਾ ਇਸ ਨਾਲ ਨਜਿੱਠਣ ਦਾ ਜ਼ਿੰਮਾ ਵੀ ਸੂਬਿਆਂ ਦਾ ਹੀ ਹੈ।
ਇਸ ਲਈ ਦੇਸ਼ ਨੂੰ ਇਨ੍ਹਾਂ ਦੇ ਲਗਾਤਾਰ ਵਧ ਰਹੇ ਖਤਰੇ ਤੋਂ ਮੁਕਤ ਕਰਵਾਉਣ ਲਈ ਮਾਓਵਾਦ ਤੋਂ ਪੀੜਤ ਇਲਾਕਿਆਂ ''ਚ ਵਿਕਾਸ ਦੀ ਰਫਤਾਰ ਤੇਜ਼ ਕਰਨ ਤੇ ਇਨ੍ਹਾਂ ਵਿਰੁੱਧ ਉਸੇ ਤਰ੍ਹਾਂ ਫੌਜੀ ਕਾਰਵਾਈ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਸ਼੍ਰੀਲੰਕਾ ਸਰਕਾਰ ਨੇ ਲਿੱਟੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰ ਕੇ 6 ਮਹੀਨਿਆਂ ''ਚ ਹੀ ਆਪਣੇ ਦੇਸ਼ ''ਚੋਂ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਸੀ।               
—ਵਿਜੇ ਕੁਮਾਰ


Vijay Kumar Chopra

Chief Editor

Related News