ਪਾਕਿਸਤਾਨ ਦੀਆਂ ਚੋਣਾਂ ’ਚ ‘ਨਵਾਜ਼ ਸ਼ਰੀਫ ਦੀ ਜਿੱਤ’ ਅਤੇ ‘ਪ੍ਰਧਾਨ ਮੰਤਰੀ ਬਣਨਾ ਤੈਅ’

Saturday, Feb 03, 2024 - 05:50 AM (IST)

3 ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ‘ਪਾਕਿਸਤਾਨ ਮੁਸਲਿਮ ਲੀਗ-ਨਵਾਜ਼’ (ਪੀ. ਐੱਮ. ਐੱਲ.-ਐੱਨ) ਦੇ ਸੁਪਰੀਮੋ ਨਵਾਜ਼ ਸ਼ਰੀਫ 4 ਸਾਲ ਦੀ ਜਲਾਵਤਨੀ ਪਿੱਛੋਂ 21 ਅਕਤੂਬਰ, 2023 ਨੂੰ ਵਤਨ ਪਰਤੇ ਸਨ ਅਤੇ ਉਦੋਂ ਤੋਂ ਉਹ ਇਸ ਸਾਲ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਦੇਸ਼ ਦੀਆਂ ਸਿਆਸੀ ਸਰਗਰਮੀਆਂ ਦਾ ਕੇਂਦਰ ਬਣੇ ਹੋਏ ਹਨ।

ਪਾਕਿਸਤਾਨ ਆਉਣ ਦੇ ਨਾਲ ਹੀ ਦੇਸ਼ ਦੀਆਂ ਅਦਾਲਤਾਂ ਵੱਲੋਂ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਸਮੇਤ ਸਭ ਦੋਸ਼ਾਂ ਤੋਂ ਬਰੀ ਕਰਨ ਅਤੇ ਉਨ੍ਹਾਂ ’ਤੇ ਸਾਰੀ ਉਮਰ ਚੋਣ ਨਾ ਲੜਨ ਦੀ ਪਾਬੰਦੀ ਵੀ ਹਟਾਉਣ ਪਿੱਛੋਂ ਉਹ ਦੇਸ਼ ਦੀ ਚੋਣ ਸਿਆਸਤ ਵਿਚ ਸਰਗਰਮ ਹਨ।

19 ਦਸੰਬਰ, 2023 ਨੂੰ ਉਨ੍ਹਾਂ ਦੋਸ਼ ਲਾਇਆ ਕਿ ‘‘ਫੌਜ ਨੇ 2018 ਦੀਆਂ ਚੋਣਾਂ ਵਿਚ ਧਾਂਦਲੀ ਕਰ ਕੇ ਆਪਣੀ ਇਕ ਪਸੰਦ ਵਾਲੀ ਸਰਕਾਰ ਦੇਸ਼ ’ਤੇ ਠੋਸ ਦਿੱਤੀ ਅਤੇ 2014 ਤੋਂ 2017 ਤਕ ਫੌਜ ਦੀ ਕਮਾਂਡ ਸੰਭਾਲਣ ਵਾਲਿਆਂ ਨੇ ਦੇਸ਼ ਦੇ ਸੀਨੀਅਰ ਜੱਜਾਂ ਨੂੰ ਮਜਬੂਰ ਕਰ ਕੇ ਮੇਰੇ ਵਿਰੁੱਧ ਜ਼ਰੂਰੀ ਅਦਾਲਤੀ ਫੈਸਲੇ ਹਾਸਲ ਕੀਤੇ।’’

ਭਾਰਤ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ, ‘‘ਆਸ-ਪਾਸ ਦੇ ਦੇਸ਼ ਚੰਦਰਮਾ ’ਤੇ ਪਹੁੰਚ ਗਏ ਹਨ ਅਤੇ ਪਾਕਿਸਤਾਨ ਅਜੇ ਤਕ ਧਰਤੀ ਤੋਂ ਹੀ ਉੱਠ ਨਹੀਂ ਸਕਿਆ ਹੈ। ਸਾਡੇ ਦੇਸ਼ ਦੀਆਂ ਸਮੱਸਿਆਵਾਂ ਲਈ ਨਾ ਤਾਂ ਭਾਰਤ ਜ਼ਿੰਮੇਵਾਰ ਹੈ ਅਤੇ ਨਾ ਅਮਰੀਕਾ, ਅਸੀਂ ਅਾਪਣੇ ਪੈਰਾਂ ’ਤੇ ਖੁਦ ਕੁਹਾੜੀ ਮਾਰ ਲਈ ਹੈ।’’

2018 ਿਵਚ ਨਵਾਜ਼ ਸ਼ਰੀਫ ਦੀ ਸਰਕਾਰ ਨੂੰ ਬਰਤਰਫ ਕਰ ਕੇ ਜਦੋਂ ਫੌਜ ਦਾ ‘ਬਲਿਊ ਬੁਆਏ’ ਕਹਾਉਣ ਵਾਲੇ ਇਮਰਾਨ ਖਾਨ ਪ੍ਰਧਾਨ ਮੰਤਰੀ ਬਣੇ, ਉਦੋਂ ਇਹ ਕਿਹਾ ਗਿਆ ਸੀ ਕਿ ਇਮਰਾਨ ਦੀ ਤਾਜਪੋਸ਼ੀ ਵਿਚ ਫੌਜ ਦੀ ਵੱਡੀ ਭੂਮਿਕਾ ਰਹੀ ਸੀ ਪਰ ਇਮਰਾਨ ਦੇ ਇਹ ਕਹਿਣ ’ਤੇ ਕਿ ਆਈ. ਐੱਸ. ਆਈ. ਨੇ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ, ਫੌਜ ਨਾਲ ਉਨ੍ਹਾਂ ਦੀ ਨੇੜਤਾ ਕੁੜੱਤਣ ਵਿਚ ਬਦਲ ਗਈ।

ਫਿਰ 2022 ਵਿਚ ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਖੁੱਸ ਜਾਣ ਪਿੱਛੋਂ ਇਮਰਾਨ ਖਾਨ ਨੇ ਇਹ ਕਹਿ ਕੇ ਫੌਜ ਨਾਲ ਆਪਣੀ ਕੁੜੱਤਣ ਹੋਰ ਵਧਾ ਿਦੱਤੀ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਵਿਚ ਫੌਜ ਦੀ ਭੂਮਿਕਾ ਰਹੀ ਹੈ।

ਜਿਸ ਨਵਾਜ਼ ਸ਼ਰੀਫ ਦਾ ਸਿਆਸੀ ਕਰੀਅਰ ਲਗਭਗ ਖਤਮ ਹੋ ਗਿਆ ਲੱਗਦਾ ਸੀ, ਉਨ੍ਹਾਂ ਦੇ ਸਿਤਾਰੇ ਹੁਣ ਫਿਰ ਬੁਲੰਦੀ ’ਤੇ ਹਨ ਅਤੇ ਇਮਰਾਨ ਦਾ ਸਿਆਸੀ ਕਰੀਅਰ ਸੰਕਟ ਵਿਚ ਪੈ ਗਿਆ ਹੈ।

9 ਮਈ, 2023 ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਮਰਾਨ ਨੂੰ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਨ੍ਹਾਂ ਵਿਰੁੱਧ ਪੂਰੇ ਦੇਸ਼ ਵਿਚ ਤੋਸ਼ਾਖਾਨਾ, ਸੀਕ੍ਰੇਸੀ ਦੀ ਉਲੰਘਣਾ ਅਤੇ ਫੌਜੀ ਅਦਾਰਿਆਂ ’ਤੇ ਹਮਲੇ ਸਮੇਤ 170 ਮਾਮਲੇ ਦਰਜ ਹਨ।

ਇਮਰਾਨ ਦੀ ਪਾਰਟੀ 8 ਫਰਵਰੀ ਦੀਆਂ ਚੋਣਾਂ ਲਈ ਕੋਈ ਖਾਸ ਪ੍ਰਚਾਰ ਵੀ ਨਹੀਂ ਕਰ ਪਾ ਰਹੀ ਹੈ। ਉਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ‘ਬੱਲਾ’ ਵੀ ਜ਼ਬਤ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਪਾਰਟੀ ਦੇ 150 ਤੋਂ ਵੱਧ ਨੇਤਾ ਉਨ੍ਹਾਂ ਦਾ ਸਾਥ ਛੱਡ ਚੁੱਕੇ ਹਨ।

ਇਮਰਾਨ ਨੂੰ ਤਾਜ਼ਾ ਝਟਕਾ 31 ਜਨਵਰੀ ਨੂੰ ਲੱਗਾ, ਜਦੋਂ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ, ਦੋਵਾਂ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ ਅਦਾਲਤ ਵੱਲੋਂ 14-14 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ।

ਅਦਾਲਤ ਨੇ ਦੋਵਾਂ ’ਤੇ 10 ਸਾਲ ਤਕ ਕਿਸੇ ਵੀ ਸਰਕਾਰੀ ਅਹੁਦੇ ’ਤੇ ਰਹਿਣ ’ਤੇ ਪਾਬੰਦੀ ਲਾਉਣ ਤੋਂ ਇਲਾਵਾ ਦੋਵਾਂ ਨੂੰ ਹੀ ਵੱਖ-ਵੱਖ 78.70-78.70 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਇਨ੍ਹਾਂ ’ਤੇ ਵੱਖ-ਵੱਖ ਰਾਸ਼ਟਰ ਮੁਖੀਆਂ ਅਤੇ ਸ਼ਾਸਨ ਮੁਖੀਆਂ ਕੋਲੋਂ ਮਿਲੇ 108 ਤੋਹਫਿਆਂ ਵਿਚੋਂ ਕਰੋੜਾਂ ਰੁਪਏ ਦੀ ਕੀਮਤ ਦੇ 58 ਤੋਹਫੇ ਆਪਣੇ ਕੋਲ ਰੱਖ ਲੈਣ ਦਾ ਵੀ ਦੋਸ਼ ਹੈ।

ਇਸ ਤੋਂ ਇਕ ਦਿਨ ਪਹਿਲਾਂ ਹੀ 30 ਜਨਵਰੀ ਨੂੰ ਸੀਕ੍ਰੇਸੀ ਐਕਟ ਦੀ ਉਲੰਘਣਾ ਦੇ ਮਾਮਲੇ ’ਚ ਇਕ ਵਿਸ਼ੇਸ਼ ਅਦਾਲਤ ਨੇ ਇਮਰਾਨ ਖਾਨ ਨੂੰ 10 ਸਾਲ ਜੇਲ ਦੀ ਸਜ਼ਾ ਸੁਣਾਈ ਸੀ।

ਇਸ ਦੌਰਾਨ ਇਮਰਾਨ ਵੱਲੋਂ ਪੰਜਾਬ ਦੀਆਂ 2 ਨੈਸ਼ਨਲ ਅਸੰਬਲੀ ਸੀਟਾਂ ਤੋਂ ਉਨ੍ਹਾਂ ਦੀ ਨਾਮਜ਼ਦਗੀ ਨੂੰ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵੀ ਅਦਾਲਤ ਨੇ ਇਸ ਦੀਆਂ ਕਮੀਆਂ ਦੂਰ ਕਰਨ ਦੀ ਗੱਲ ਕਹਿ ਕੇ ਵਾਪਸ ਕਰ ਦਿੱਤੀ ਹੈ।

ਇਨ੍ਹਾਂ ਸਭ ਗੱਲਾਂ ਨਾਲ ਸੱਤਾ ਵਿਚ ਪਰਤਣ ਦੀਆਂ ਇਮਰਾਨ ਖਾਨ ਦੀਆਂ ਕੋਸ਼ਿਸ਼ਾਂ ਨੂੰ ਝਟਕੇ ’ਤੇ ਝਟਕੇ ਲੱਗ ਰਹੇ ਹਨ। ਹਾਲਾਂਕਿ ਪਾਕਿਸਤਾਨ ਵਿਚ ਚੋਣਾਂ ਅਤੇ ਉਨ੍ਹਾਂ ਦੇ ਨਤੀਜੇ ਆਉਣ ਵਿਚ ਕੁਝ ਸਮਾਂ ਹੈ ਪਰ ਮੌਜੂਦਾ ਹਾਲਾਤ ਸੰਕੇਤ ਦੇ ਰਹੇ ਹਨ ਕਿ ਨਵਾਜ਼ ਸ਼ਰੀਫ ਜਿੱਤ ਰਹੇ ਹਨ ਅਤੇ ਉਨ੍ਹਾਂ ਦਾ ਚੌਥੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ, ਜੋ ਭਾਰਤ ਲਈ ਚੰਗਾ ਹੀ ਹੋਵੇਗਾ।

-ਵਿਜੇ ਕੁਮਾਰ


Anmol Tagra

Content Editor

Related News